ਪੰਜਾਬੀ ਭਾਈਚਾਰਾ ਤੇ ਧਰਮ

ਪੰਜਾਬੀ ਭਾਈਚਾਰਾ ਤੇ ਧਰਮ

ਸਾਧੂ ਬਿਨਿੰਗ

ਵਿਅਕਤੀ ਦੀ ਪੱਧਰ ‘ਤੇ ਹਰ ਇਕ ਨੂੰ ਜੀਵਨ ਨਾਲ ਸਬੰਧਤ ਕਿਸੇ ਵੀ ਚੀਜ਼ ਬਾਰੇ ਆਪਣੀ ਮਨਮਰਜ਼ੀ ਦੇ ਵਿਚਾਰਾਂ ਨੂੰ ਮੰਨਣ ਜਾਂ ਰੱਦ ਕਰਨ ਦੀ ਪੂਰਨ ਆਜ਼ਾਦੀ ਹੋਣੀ ਚਾਹੀਦੀ ਹੈ, ਸਣੇ ਰੱਬ ਵਿਚ ਵਿਸ਼ਵਾਸ ਜਾਂ ਅਵਿਸ਼ਵਾਸ ਦੇ। ਜਦੋਂ ਸਮਾਜਿਕ, ਸਿਆਸੀ ਜਾਂ ਆਰਥਿਕ ਤਾਕਤ ਦੀ ਵਰਤੋਂ ਨਾਲ ਕੋਈ ਵਿਚਾਰ ਦੂਜਿਆਂ ਉੱਪਰ ਠੋਸਿਆ ਜਾਵੇ ਤਾਂ ਇਹ ਵਿਅਕਤੀਗੱਤ ਆਜ਼ਾਦੀ ਉੱਪਰ ਵੀ ਹਮਲਾ ਹੁੰਦਾ ਹੈ ਅਤੇ ਇਹ ਗੱਲ ਸਮੁੱਚੇ ਸਮਾਜ ਲਈ ਵੀ ਹਾਨੀਕਾਰਕ ਹੁੰਦੀ ਹੈ। ਪਰ ਇਸ ਨੂੰ ਇਕ ਹਮਲੇ ਵਜੋਂ ਦੇਖ ਸਕਣਾ ਜਾਂ ਸਮਾਜੀ ਨੁਕਸਾਨ ਵਜੋਂ ਦੇਖ ਸਕਣਾ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਕਿਸੇ ਸਮਾਜ ਦੇ ਵਿਅਕਤੀ ਆਜ਼ਾਦੀ ਨਾਲ ਸੋਚਣ ਯੋਗ ਹੋਣ।

ਬਰਤਾਨਵੀ ਸਾਮਰਾਜੀਆਂ ਦੇ ਭਾਰਤ ਛੱਡਣ ਤੋਂ ਬਾਅਦ ਭਗਤ ਸਿੰਘ ਦੀ ਸੋਚ ਰੱਖਣ ਵਾਲੇ ਅਗਾਂਹਵਧੂ ਲੋਕਾਂ ਅਤੇ ਜਵਾਹਰ ਲਾਲ ਨਹਿਰੂ ਵਰਗੇ ਕੁਝ ਚੇਤਨ ਲੋਕਾਂ ਦੀ ਇਹ ਮਨਸ਼ਾ ਜ਼ਰੂਰ ਰਹੀ ਹੋਵੇਗੀ ਕਿ ਧਰਮ ਤੇ ਸਿਆਸਤ ਨੂੰ ਵੱਖ ਵੱਖ ਰੱਖਿਆ ਜਾਵੇ। ਨਹਿਰੂ ਦਾ ਕਹਿਣਾ ਸੀ ਕਿ:
ਇਸ ਤਮਾਸ਼ੇ ਨੇ, ਜਿਹਨੂੰ ਧਰਮ ਕਿਹਾ ਜਾਂਦਾ ਹੈ, ਜਾਂ ਘੱਟੋ ਘੱਟ ਜਥੇਬੰਦ ਧਰਮ, ਭਾਰਤ ਅਤੇ ਹੋਰ ਥਾਵੀਂ, ਸਾਨੂੰ ਦਹਿਸ਼ਤ ਨਾਲ ਭਰ ਦਿੱਤਾ ਹੈ, ਅਤੇ ਮੈਂ ਇਹਨੂੰ ਅਕਸਰ ਹੀ ਨਿੰਦਿਆ ਹੈ ਅਤੇ ਇਸ ਦਾ ਮੁੱਢੋ ਸੁੱਢੋਂ ਸਫਾਇਆ ਕਰਨ ਦੀ ਇੱਛਾ ਹੈ

ਪਰ ਆਜ਼ਾਦ ਭਾਰਤ ਵਿਚ ਧਰਮ ਦਾ ਸਫਾਇਆ ਹੋਣ ਦੀ ਥਾਂ ਇਸ ਤੋਂ ਬਿਲਕੁਲ ਉਲਟ ਵਾਪਰਿਆ ਹੈ। ਇਸ ਵੇਲੇ ਸਾਰੇ ਭਾਰਤ ਵਿਚ ਤੇ ਖਾਸ ਕਰ ਪੰਜਾਬ ਵਿਚ, ਧਰਮ ਤੇ ਸਿਆਸਤ ਵਿਚ ਵਿੱਥ ਭਾਲਣੀ ਮੁਸ਼ਕਿਲ ਹੈ। ਧਰਮ ਏਨੇ ਸ਼ਕਤੀਸ਼ਾਲੀ ਹਨ ਕਿ ਇਸ ਬਾਰੇ ਅਲੋਚਨਾਤਮਿਕ ਨਜ਼ਰੀਆ ਰੱਖਣਾ ਕਿਸੇ ਲਈ ਸੰਭਵ ਨਹੀਂ। ਨਤੀਜੇ ਵਜੋਂ, ਸਿਆਸਤ ਨੂੰ ਧਰਮ ਤੋਂ ਵੱਖ ਕਰਕੇ ਦੇਖਣ ਦੀ ਯੋਗਤਾ ਤੇ ਖਾਹਿਸ਼ ਪੰਜਾਬੀਆਂ ਵਿੱਚੋਂ ਗਾਇਬ ਹੋ ਗਈ ਲਗਦੀ ਹੈ। ਧਰਮ ਬਾਰੇ ਬਹੁਤੀ ਚਰਚਾ ਇਸ ਨੁਕਤੇ ਤੋਂ ਕੀਤੀ ਜਾਂਦੀ ਹੈ ਕਿ ਇਸ ਨੂੰ ਕਿਸ ਤਰ੍ਹਾਂ ਬੇਹਤਰ ਬਣਾਇਆ ਜਾਵੇ ਨਾ ਕਿ ਵਿਗਿਆਨਕ ਨਜ਼ਰੀਏ ਨਾਲ ਇਸ ਦੀ ਸਾਰਥਿਕਤਾ ‘ਤੇ ਕਿੰਤੂ ਕੀਤਾ ਜਾਵੇ ਜਾਂ ਇਸ ਦੇ ਅਸਰ ਨੂੰ ਘਟਾਇਆ ਜਾਵੇ।

ਵਿਸ਼ੇਸ਼ ਕਰਕੇ ਇਹ ਗੱਲ ਕਈ ਵੱਖਰੇ ਕਾਰਨਾਂ ਵੱਸ ਪੰਜਾਬੀ ਭਾਈਚਾਰੇ ਵਿਚਲੇ ਸਿੱਖ ਧਰਮ ਨਾਲ ਸਬੰਧਤ ਲੇਖਕਾਂ ਤੇ ਬੁੱਧੀਜੀਵੀਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਧਰਮ ਦੇ ਆਮ ਤੌਰ ‘ਤੇ ਨਾਂਹ-ਪੱਖੀ ਰੋਲ ਨੂੰ ਮੰਨਦੇ ਹੋਏ ਉਹ ਸਿੱਖ ਧਰਮ ਬਾਰੇ ਦੂਜੇ ਧਰਮਾਂ ਨਾਲੋਂ ਵੱਖਰਾ ਮਹਿਸੂਸ ਕਰਦੇ ਹਨ। ਮੁਕਾਬਲਤਨ ਨਵਾਂ ਹੋਣ ਕਾਰਨ ਇਸ ਧਰਮ ਵਿਚ ਬਹੁਤ ਸਾਰੀ ਨਵੀਂ ਸਮਾਜਿਕ ਸੂਝ ਹੈ। ਇਸ ਦੀ ਸ਼ੁਰੂਆਤ ਸਥਾਪਤ ਧਰਮਾਂ – ਇਸਲਾਮ ਅਤੇ ਹਿੰਦੂ ਧਰਮ – ਦੀ ਅਲੋਚਨਾ ਵਿੱਚੋਂ ਹੋਈ ਹੋਣ ਕਰਕੇ ਇਸ ਵਿਚ ਅੰਧ ਵਿਸ਼ਵਾਸ ਤੇ ਪ੍ਰਮਾਮਤਮਾ ਤੱਕ ਪਹੁੰਚਣ ਸਬੰਧੀ ਬਹੁਤ ਸਾਰੀਆਂ ਰਸਮਾਂ ਰੀਤਾਂ ਦਾ ਖੰਡਨ ਕੀਤਾ ਗਿਆ ਹੈ; ਜਾਤ ਪਾਤ ਨੂੰ ਨਿੰਦਿਆ ਗਿਆ ਹੈ ਅਤੇ ਸਮਾਜਿਕ ਬਰਾਬਰਤਾ ਦੀ ਗੱਲ ਕੀਤੀ ਗਈ ਹੈ। ਇਸ ਅਲੋਚਨਾ ਦੇ ਅਧਾਰ ‘ਤੇ ਸਿੱਖ ਧਰਮ ਨਾਲ ਸਬੰਧਤ ਚਿੰਤਕ ਮਹਿਸੂਸ ਕਰਦੇ ਹਨ ਕਿ ਅਜੋਕੇ ਸਮਾਜ ਵਿਚਲੀਆਂ ਸਮਾਜਿਕ ਬਰਾਬਰੀ, ਵਿਗਿਆਨਕ ਪਹੁੰਚ ਤੇ ਲਿੰਗ ਬਰਾਬਰਤਾ ਵਰਗੀਆਂ ਚੰਗਿਆਈਆਂ ਇਸ ਧਰਮ ਵਿਚ ਪਹਿਲਾਂ ਹੀ ਮੌਜੂਦ ਹਨ ਅਤੇ ਮਸਲਾ ਸਿਰਫ ਉਨ੍ਹਾਂ ਉੱਪਰ ਨਾ ਚੱਲਣ ਦਾ ਹੈ। ਉਨ੍ਹਾਂ ਅਨੁਸਾਰ ਇਸ ਧਰਮ ਵਿਚ ਕੋਈ ਨੁਕਸ ਨਹੀਂ ਹੈ ਸਿਰਫ ਇਸ ਨੂੰ ਮੰਨਣ ਵਾਲੇ ਇਸ ਦੀ ਸਿੱਖਿਆ ਅਨੁਸਾਰ ਨਹੀਂ ਚਲਦੇ। ਵਿਗਿਆਨ ਦੀ ਕਸਵੱਟੀ ‘ਤੇ ਉਨ੍ਹਾਂ ਦੇ ਇਹ ਵਿਚਾਰ ਕਿੰਨੇ ਕੁ ਸਹੀ ਹਨ, ਇਸ ਦਾ ਨਿਰਨਾ ਕਰਨਾ ਅਜੇ ਬਾਕੀ ਹੈ। ਉਹ ਸਧਾਰਨ ਨੁਕਤੇ ਵਲ ਵੀ ਧਿਆਨ ਨਹੀਂ ਦਿੰਦੇ ਲਗਦੇ ਕਿ ਉਨ੍ਹਾਂ ਦਾ ਧਰਮ ਮਨੁੱਖਤਾ ਦਾ ਵੀ ਤੇ ਭਾਰਤ ਜਾਂ ਕਨੇਡਾ ਵਰਗੇ ਸਮਾਜਾਂ ਦਾ ਵੀ ਇਕ ਨਿੱਕਾ ਜਿਹਾ ਹਿੱਸਾ ਹੈ ਅਤੇ ਜੇ ਉਨ੍ਹਾਂ ਦੀ ਗੱਲ ਠੀਕ ਵੀ ਹੋਵੇ ਅਤੇ ਸੌ ਪ੍ਰਤੀਸ਼ੱਤ ਲੋਕ ਗੁਰਬਾਣੀ ਦੀ ਸਿੱਖਿਆ ਅਨੁਸਾਰ ਚੱਲਣ ਲੱਗ ਵੀ ਪੈਣ, ਜੋ ਕਿ ਮੌਜੂਦਾ ਆਰਥਿਕ ਢਾਂਚੇ ਵਿਚ ਸੰਭਵ ਨਹੀਂ ਜਾਪਦਾ, ਤਾਂ ਉਹ ਸਮਾਜ ਦੇ ਬਾਕੀ ਵੱਡੇ ਹਿੱਸੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਮੰਨਾਉਣਗੇ? ਕੀ ਉਹ ਵੀ ਦੂਜੇ ਧਰਮਾਂ ਵਲੋਂ ਆਪਣਾ ਅਸਰ ਰਸੂਖ ਵਧਾਉਣ ਲਈ ਵਰਤੇ ਗਏ ਹਿੰਸਕ ਤੌਰ ਤਰੀਕੇ ਅਪਨਾਉਣਗੇ?

ਅਜੋਕੇ ਸਮੇਂ ਵਿਚ ਪੰਜਾਬੀ ਸਮਾਜ ਅੰਦਰ ਧਰਮ ਦਾ ਦਾਬਾ ਇਸ ਕਦਰ ਹੈ ਕਿ ਰੱਬ ਦੀ ਹੋਂਦ ਤੋਂ ਇਨਕਾਰੀ ਵਾਸਤੇ ਵਰਤਿਆ ਜਾਂਦਾ ਸ਼ਬਦ – ਨਾਸਤਕ   – ਗਾਲ਼ ਦੇ ਬਰਾਬਰ ਹੈ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬ ਦੇ ਪਿੰਡਾਂ ‘ਚ ਸਵੇਰੇ ਸਵੇਰੇ ਵੱਜਦੇ ਲਾਊਡ ਸਪੀਕਰਾਂ ਤੋਂ ਲੈ ਕੇ ਸਰੀ, ਬਰੈਂਪਟਨ ਜਾਂ ਯੂਬਾਸਿਟੀ ਦੀਆਂ ਸੜਕਾਂ ‘ਤੇ ਨਿਕਲਦੇ ਨਗਰ ਕੀਰਤਨਾਂ ਤੱਕ, ਜਿੱਥੇ ਰੱਬ ਨੂੰ ਮੰਨਣ ਵਾਲੇ ਲੋਕਾਂ ਦੀਆਂ ਆਵਾਜ਼ਾਂ ਨਾਲ ਸਾਰਾ ਆਲਾ ਦੁਆਲਾ ਗੂੰਜਦਾ ਰਹਿੰਦਾ ਹੈ, ਉੱਥੇ ਰੱਬ ਦੀ ਹੋਂਦ ਤੋਂ ਇਨਕਾਰੀ ਆਵਾਜ਼ ਕਦੇ ਕਦੇ ਹੀ ਸੁਣਨ ਨੂੰ ਮਿਲਦੀ ਹੈ, ਉਹ ਵੀ ਤਰਕਸ਼ੀਲਾਂ ਵਰਗੇ ਜਥੇਬੰਦ ਸਮੂਹਾਂ ਵਲੋਂ। ਸਣੇ ਪੰਜਾਬੀ ਮੀਡੀਏ ਦੇ ਹਰ ਪਾਸੇ ਧਰਮ ਦਾ ਹੀ ਬੋਲਬਾਲਾ ਹੈ। ਪਰ ਇਹ ਹਮੇਸ਼ਾ ਇਸ ਤਰ੍ਹਾਂ ਨਹੀਂ ਸੀ। ਭਾਰਤੀ ਸਮਾਜ ਵਿਚ ਰੱਬ ਦੀ ਹੋਂਦ ਤੋਂ ਇਨਕਾਰੀ ਹੋਣ ਦੀ ਪ੍ਰਥਾ ਬਹੁਤ ਪੁਰਾਣੀ ਹੈ। ਦੇਬੀਪ੍ਰਸਾਦ ਚੱਟੋਪਾਧਿਆਏ ਅਨੁਸਾਰ:
“ਸਾਡੇ ਸਾਰੇ ਵੱਡੇ ਦਰਸ਼ਨਾਂ ਵਿੱਚੋਂ, ਸਿਰਫ ਵੇਦਾਂਤ (ਕੁਝ ਸ਼ਰਤਾਂ ਸਮੇਤ) ਅਤੇ ਵਿਸ਼ੇਸ਼ ਕਰਕੇ ਨਿਆਏ ਵੈਸ਼ਿਸਕ ਦੇ ਮਗਰਲੇ ਕਥਨ ਆਸਤਕ ਸਨ। ਇਸ ਦੇ ਮੁਕਾਬਲੇ, ਬੁੱਧ, ਜੈਨ, ਪੂਰਬ-ਮਿਮਾਸਾ, ਸਮੀਖਿਆ, ਲੋਕਾਇਤ ਅਤੇ ਨਿਆਏ ਵੈਸ਼ਿਸਕ ਆਪਣੇ ਮੁੱਢਲੇ ਰੂਪ ਵਿਚ ਸਾਰੇ ਦਰਸ਼ਨ ਹੀ ਨਾਸਤਕਤਾ ਵੱਲ ਪ੍ਰਤੀਬੱਧ ਸਨ। ਇਸ ਕਰਕੇ ਭਾਰਤੀ ਸੋਚ ਵਿਚ ਨਾਸਤਕਤਾ ਦੀ ਇਸ ਅਥਾਹ ਮਹੱਤਤਾ ‘ਤੇ ਕਿੰਤੂ ਤਾਂ ਹੀ ਕੀਤਾ ਜਾ ਸਕਦਾ ਹੈ ਜੇ ਇਸ ਦੀ ਪ੍ਰਤੀਨਿੱਧਤਾ ਕਰ ਰਹੇ ਵੱਡੀ ਗਿਣਤੀ ਭਾਰਤੀ ਦਾਰਸ਼ਨਿਕਾਂ ਨੂੰ ਅੱਖੋਂ ਉਹਲੇ ਕੀਤਾ ਜਾਵੇ।”

ਭਾਰਤੀ ਦਰਸ਼ਨ ਵਿਚਲੇ ਸੰਵਾਦ ਦੀ ਇਸ ਲੰਮੀ ਪ੍ਰੰਪਰਾ ਤੋਂ ਪੰਜਾਬੀ ਲੇਖਕ ਤੇ ਚਿੰਤਕ ਅਣਜਾਣ ਤਾਂ ਨਹੀਂ ਹੋ ਸਕਦੇ ਪਰ ਦਰਪੇਸ਼ ਸਥਿਤੀਆਂ ਵਿਚ ਇਸ ਨੂੰ ਮਹੱਤਵਪੂਰਨ ਸਮਝਣੋ ਜ਼ਰੂਰ ਹਟ ਗਏ ਜਾਪਦੇ ਹਨ। ਇਸ ਸਮੇਂ ਵੱਡੀ ਗਿਣਤੀ ਪੰਜਾਬੀਆਂ ਨੇ ਇਸ ਸਮੱਸਿਆ ਦੀ ਅਹਿਮੀਅਤ ਨੂੰ ਅੱਖੋਂ ਓਹਲੇ ਹੀ ਨਹੀਂ ਕੀਤਾ ਸਗੋਂ ਇਸ ਨੂੰ ਸਮੱਸਿਆ ਸਮਝਣਾ ਹੀ ਛੱਡ ਦਿੱਤਾ ਹੈ। ਸ਼ਾਇਦ ਪੰਜਾਬੀਆਂ ਨਾਲ ਜਪਾਨੀ ਕਹਾਵਤ ਵਰਗਾ ਕੁਝ ਵਾਪਰ ਗਿਆ ਹੈ ਕਿ ‘ਜੇ ਤੁਸੀਂ ਉਨ੍ਹਾਂ ਨੂੰ ਜਿੱਤ ਨਹੀਂ ਸਕਦੇ ਤਾਂ ਨਾਲ ਰਲ਼ ਜਾਓ’। ਏਥੇ ਇਕ ਹੋਰ ਗੱਲ ਦੀ ਸੰਭਾਵਨਾ ਜ਼ਿਆਦਾ ਨਜ਼ਰ ਆਉਂਦੀ ਹੈ ਕਿ ਕਾਫੀ ਗਿਣਤੀ ਪੰਜਾਬੀ ਲੇਖਕ ਤੇ ਬੁੱਧੀਜੀਵੀ ਨਾ ਤਾਂ ਰੱਬ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਧਰਮ ਨੂੰ ਸਮਾਜ ਲਈ ਲਾਹੇਵੰਦ ਸਮਝਦੇ ਹਨ। ਬਹੁਤ ਸਾਰੇ ਸਮਾਜਿਕ ਕਾਰਨਾਂ ਵੱਸ ਉਹ ਇਸ ਬਾਰੇ ਚੁੱਪ ਸਾਧੀ ਰੱਖਦੇ ਹਨ। ਏਥੇ ਬਰਤਾਨਵੀਂ ਦਾਰਸ਼ਨਿਕ ਤੇ ਅਰਥ ਸ਼ਾਸਤ੍ਰੀ ਜਾਹਨ ਸਟੂਰਟ ਮਿੱਲ ਦੀ ਉੱਨੀਵੀਂ ਸਦੀ ਦੇ ਬਰਤਾਨਵੀ ਸਮਾਜ ਬਾਰੇ ਕਹੀ ਗੱਲ ਸਹੀ ਮਹਿਸੂਸ ਹੁੰਦੀ ਹੈ: “ਦੁਨੀਆ ਹੈਰਾਨ ਹੋ ਜਾਵੇ ਜੇ ਇਸ ਨੂੰ ਇਹ ਪਤਾ ਚੱਲ ਜਾਵੇ ਕਿ ਇਸ ਦੇ ਸਭ ਤੋਂ ਰੌਸ਼ਨ ਨਗੀਨਿਆਂ ਵਿੱਚੋਂ, ਆਮ ਲੋਕਾਂ ਦੇ ਅੰਦਾਜ਼ੇ ਮੁਤਾਬਕ ਸਿਆਣੇ ਤੇ ਸਾਊਆਂ ਵਿੱਚੋਂ, ਕਿੰਨੀ ਵੱਡੀ ਤਾਦਾਦ ਧਰਮ ਬਾਰੇ ਪੂਰੀ ਤਰ੍ਹਾਂ ਸ਼ੱਕੀ ਹੈ।”

ਇਸ ਸਬੰਧ ਵਿਚ ਭਗਤ ਸਿੰਘ ਦਾ ਫਾਂਸੀ ਲੱਗਣ ਤੋਂ ਕੁਝ ਮਹੀਨੇ ਪਹਿਲਾਂ ਅਕਤੂਬਰ 1930 ਵਿਚ ਲਿਖਿਆ ਲੇਖ ‘ਮੈਂ ਨਾਸਤਕ ਕਿਉਂ ਹਾਂ’ ਅਜੇ ਵੀ ਪੰਜਾਬੀ ਵਿਚ ਸਭ ਤੋਂ ਵੱਧ ਜਾਣਿਆਂ ਜਾਂਦਾ ਹੈ। ਇਹ ਸੰਭਵ ਹੈ ਕਿ ਇਸ ਲੇਖ ਦੀ ਮਹੱਤਤਾ ਭਗਤ ਸਿੰਘ ਦੇ ਨਾਂ ਕਾਰਨ ਜ਼ਿਆਦਾ ਹੋਵੇ ਪਰ ਇਹ ਵੀ ਸਚਾਈ ਹੈ ਕਿ ਇਸ ਵਿਸ਼ੇ ‘ਤੇ ਇਸ ਨਾਲੋਂ ਵੱਧ ਸਪੱਸ਼ਟ, ਸਿੱਧੀ ਤੇ ਵਿਗਿਆਨਕ ਸੋਚ ਵਾਲੀ ਸ਼ਕਤੀਸ਼ਾਲੀ ਹੋਰ ਕੋਈ ਲਿਖਤ ਨਹੀਂ ਹੈ। ਜਿਸ ਤਰ੍ਹਾਂ ਬਰਤਾਨਵੀ ਚਿੰਤਕ ਬਰਟਰੈਂਡ ਰਸਲ ਵਲੋਂ 1927 ਵਿਚ ਦਿੱਤੇ ਭਾਸ਼ਨ, ‘ਮੈਂ ਈਸਾਈ ਕਿਉਂ ਨਹੀਂ’ ਜੋ ਬਾਅਦ ਵਿਚ ਲੇਖ ਦੇ ਰੂਪ ਵਿਚ ਪ੍ਰਕਾਸ਼ਤ ਹੋਇਆ, ਦੀ ਮਾਰ ਤੋਂ ਈਸਾਈ ਮੱਤ ਅਜੇ ਤੱਕ ਨਹੀਂ ਸੰਭਲ ਸਕਿਆ, ਇਸੇ ਤਰ੍ਹਾਂ ਭਗਤ ਸਿੰਘ ਦੇ ਇਸ ਇਕੱਲੇ ਲੇਖ ਨੇ ਪੰਜਾਬ ਦੇ ਧਾਰਮਿਕ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ। ਇਸ ਲਿਖਤ ਦੀ ਤਿੱਖੀ ਚੋਭ ਕਾਰਨ ਹੀ ਇਸ ਨੂੰ ਲੋਕਾਂ ਦੇ ਚੇਤੇ ‘ਚੋ ਮਿਟਾਉਣ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾ ਰਹੀ ਹੈ।

ਇਹ ਕਹਿਣਾ ਗਲਤ ਹੋਵੇਗਾ ਕਿ ਇਸ ਵਿਸ਼ੇ ‘ਤੇ ਪੰਜਾਬੀ ਵਿਚ ਲਿਖਿਆ ਹੀ ਨਹੀਂ ਗਿਆ। ਖੱਬੀ ਧਿਰ ਨਾਲ ਸਬੰਧਤ ਚਿੰਤਕ ਤੇ ਖਾਸ ਕਰ ਤਰਕਸ਼ੀਲ ਲਹਿਰ ਤੇ ਦਲਿਤ ਲਹਿਰ ਨਾਲ ਸਬੰਧਤ ਚਿੰਤਕਾਂ ਨੇ ਬਹੁਤ ਕੁਝ ਲਿਖਿਆ ਹੈ ਤੇ ਲਿਖ ਰਹੇ ਹਨ।  ਪਰ ਵੱਖਰੇ ਵੱਖਰੇ ਕਾਰਨਾਂ ਵੱਸ ਇਹ ਲਿਖਤਾਂ ਰੱਬ ਤੇ ਧਰਮ ਦੇ ਮਸਲੇ ‘ਤੇ ਸਿੱਧੀ ਚੋਟ ਕਰਨ ਤੋਂ ਅਕਸਰ ਕੰਨੀ ਹੀ ਨਹੀਂ ਕਤਰਾਉਂਦੀਆਂ ਸਗੋਂ ਇਹ ਪ੍ਰਭਾਵ ਛੱਡ ਜਾਂਦੀਆਂ ਹਨ ਕਿ ਧਰਮ ਸਮਾਜ ਲਈ ਲਾਹੇਵੰਦ ਸ਼ੈਅ ਹੈ। ਇਨ੍ਹਾਂ ਦਾ ਜ਼ਿਆਦਾ ਧਿਆਨ ਅੰਧ ਵਿਸ਼ਵਾਸ ਤੇ ਜਾਤ ਪਾਤ ਨਾਲ ਸਬੰਧਤ ਵਿਸ਼ਿਆ ਵਲ ਹੁੰਦਾ ਹੈ। ਆਸ ਇਹ ਕੀਤੀ ਜਾਂਦੀ ਹੈ ਕਿ ਲੋਕਾਂ ਦੇ ਰੱਬ ‘ਚ ਵਿਸ਼ਵਾਸ਼ ਤੇ ਧਰਮ ਦੇ ਅਸਰ ਸਬੰਧੀ ਗੱਲ ਕੀਤੇ ਬਿਨਾਂ ਹੀ, ਅੰਧ-ਵਿਸ਼ਵਾਸ਼ ਤੇ ਜਾਤ-ਪਾਤ ਵਰਗੇ ਮਸਲਿਆਂ ਦਾ ਹੱਲ ਲੱਭ ਲਿਆ ਜਾਵੇ। ਚਾਹੇ ਜਾਂ ਅਣਚਾਹੇ ਇਨ੍ਹਾਂ ਲਿਖਤਾਂ ਅਨੁਸਾਰ ਨੁਕਸ ਲੋਕਾਂ ਵਿਚ ਹੁੰਦਾ ਹੈ ਨਾ ਕਿ ਧਰਮਾਂ ਵਲੋਂ ਪ੍ਰਚਾਰੀ ਜਾਂਦੀ ਸੋਚ ਜਾਂ ਜੀਵਨ ਸੂਝ ਵਿਚ।

ਰੋਜ਼ੀ ਰੋਟੀ ਦੀ ਭਾਲ ਵਿਚ ਬਾਹਰ ਆਏ ਪੰਜਾਬੀਆਂ ਦੇ ਤਜਰਬੇ ‘ਚੋਂ ਨਿਕਲੀਆਂ ਗਦਰ ਲਹਿਰ ਵਰਗੀਆਂ ਸਿਆਸੀ ਸਰਗਰਮੀਆਂ ਦੇ ਅਸਰ ਵਜੋਂ ਪੰਜਾਬੀ ਸਾਹਿਤ ਵਿਚ ਵੀ ਵੀਹਵੀਂ ਸਦੀ ਦੇ ਸ਼ੁਰੂ ਤੋਂ ਸਮੁੱਚੀ ਮਨੁੱਖਤਾ ਦਾ ਫਿਕਰ ਕਰਨ ਵਾਲੀ ਅਗਾਂਹਵਧੂ ਸੁਰ ਭਾਰੂ ਰਹੀ। ਬੀਟੀ ਸਦੀ ਦe ਅੱਠਵੇਂ ਦਹਾਕੇ ਦੌਰਾਨ ਪੰਜਾਬੀਆਂ ਦੇ ਸੰਘਰਸ਼ਾਂ ਨੂੰ ਧਾਰਮਿਕ ਲੜਾਈ ਦਾ ਰੂਪ ਦਿੱਤੇ ਜਾਣ ਨਾਲ ‘ਤੇ ਦੁਨੀਆ ਦੀ ਪੱਧਰ ‘ਤੇ ਸੋਵੀਅਤ ਰੂਸ ਦੇ ਡਿੱਗਣ ਵਰਗੀਆਂ ਹੋਈਆਂ ਤਬਦੀਲੀਆਂ ਨਾਲ ਪੰਜਾਬੀ ਸਾਹਿਤ ਵਿਚ ਅਗਾਂਹਵਧੂ ਸੋਚ ਦੇ ਅਸਰ ਨੂੰ ਵੱਡੀ ਢਾਹ ਲੱਗੀ। ਨਤੀਜੇ ਵਜੋਂ, ਪੰਜਾਬੀ ਦਾ ਬਹੁਤਾ ਅਜੋਕਾ ਸਾਹਿਤ ਬਦਲ ਰਹੀਆਂ ਆਰਥਿਕ ਸਥਿਤੀਆਂ ਨੂੰ ਸਮਝਣ ਜਾਂ ਉਸ ਦੇ ਵਹਾਅ ਨੂੰ ਰੋਕਣ ਵਲ ਨਹੀਂ ਸਗੋਂ ਇਨ੍ਹਾਂ ਸਥਿਤੀਆਂ ਦੇ ਅਸਰ ਵਜੋਂ ਸਮਾਜਿਕ ਰਿਸ਼ਤਿਆਂ ਵਿਚ ਹੋ ਰਹੀ ਟੁੱਟ ਭੱਜ ਬਾਰੇ ਹੀ ਗੱਲ ਕਰਨ ਵੱਲ ਰੁਚਿਤ ਹੈ। ਇਹ ਆਪਣੇ ਆਪ ਵਿਚ ਵਧੀਆ ਗੱਲ ਹੈ ਜੋ ਇਹ ਦਰਸਾਉਂਦੀ ਹੈ ਕਿ ਪੰਜਾਬੀ ਲੇਖਕ ਆਪਣੇ ਸਮਾਜ ਨਾਲੋਂ ਟੁੱਟਾ ਹੋਇਆ ਨਹੀਂ। ਪਰ ਇਹ ਪੰਜਾਬੀ ਸਾਹਿਤ ਦੀ ਸੀਮਾ ਵੀ ਹੈ। ਸਿਰਫ ਪੰਜਾਬੀ ਸਾਹਿਤ ਪੜ੍ਹਨ ਵਾਲੇ ਪਾਠਕ ਦੀ ਮਨੁੱਖੀ ਤੇ ਸਮਾਜੀ ਵਿਕਾਸ ਬਾਰੇ ਸੂਝ ਵਧਣ ਦੇ ਘੱਟ ਮੌਕੇ ਹਨ। ਇਹ ਠੀਕ ਹੈ ਕਿ ਇਨ੍ਹਾਂ ਗੱਲਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਭੌਤਿਕ ਵਿਗਿਆਨ ਤੇ ਸਮਾਜਿਕ ਵਿਗਿਆਨ ਦੇ ਵਿਸ਼ਿਆਂ ਵਿਚ ਅਨੇਕਾਂ ਪੁਸਤਕਾਂ ਪੰਜਾਬੀ ਵਿਚ ਵੀ ਉਪਲੱਬਧ ਹੋਣਗੀਆਂ ਜਾਂ ਹਨ। ਪਰ ਆਮ ਪਾਠਕ ਅੰਦਰ ਮਨੁੱਖੀ ਸੂਝ ਨਾਲ ਸਬੰਧਤ ਵੱਖਰੇ ਵੱਖਰੇ ਪਹਿਲੂਆਂ ਬਾਰੇ ਜਾਨਣ ਦੀ ਖਾਹਿਸ਼ ਪੈਦਾ ਕਰਨੀ ਜਾਂ ਆਪਣੇ ਆਲੇ ਦੁਆਲੇ ਨੂੰ ਵੱਖਰੇ ਵੱਖਰੇ ਕੋਣਾਂ ਤੋਂ ਅਲੋਚਨਾਤਮਿਕ ਨਜ਼ਰੀਏ ਨਾਲ ਦੇਖਣ ਦੀ ਯੋਗਤਾ ਪੈਦਾ ਕਰਨੀ ਕਲਪਨਾਸ਼ੀਲ ਸਾਹਿਤ ਦੀ ਜ਼ਿੰਮੇਵਾਰੀ ਹੈ ਜਾਂ ਹੋਣੀ ਚਾਹੀਦੀ ਹੈ। ਪੰਜਾਬੀ ਸਾਹਿਤ ਨੇ ਪੰਜਾਬੀ ਪਾਠਕਾਂ ਲਈ, ਖਾਸ ਕਰ ਨੌਜਵਾਨ ਪੀੜ੍ਹੀ ਦੇ ਪਾਠਕਾਂ ਵਾਸਤੇ, ਧਰਮ, ਸਿਆਸਤ ਤੇ ਪੈਸੇ ਤੋਂ ਬਾਹਰ ਕੋਈ ਨਵੇਂ ਸੁਪਨੇ ਪੈਦਾ ਨਹੀਂ ਕੀਤੇ; ਕੋਈ ਨਾਇਕ ਪੈਦਾ ਨਹੀਂ ਕੀਤੇ। ਇਸ ਸਬੰਧ ਵਿਚ ਹੋਰ ਬਹੁਤ ਸਾਰੀਆਂ ਗੱਲਾਂ ਕੀਤੀ ਜਾ ਸਕਦੀਆਂ ਹਨ ਪਰ ਮੁੱਖ ਨੁਕਤਾ ਏਥੇ ਇਹੀ ਹੈ ਕਿ ਪੰਜਾਬੀ ਸਾਹਿਤ ਦੀ ਪਹੁੰਚ ਸਮਾਜਿਕ ਰਿਸ਼ਤਿਆਂ ਵਿਚਲੀ ਭੰਨਤੋੜ ਤੱਕ ਸੀਮਤ ਰਹਿੰਦੀ ਹੈ। ਲਗਦਾ ਹੈ ਕਿ ਆਮ ਪੰਜਾਬੀ ਬੰਦਾ ਹੀ ਨਹੀਂ ਸਗੋਂ ਪੰਜਾਬੀ ਲੇਖਕ ਵੀ ਗਿਆਨ ਵਿਗਿਆਨ ਨਾਲ ਸਬੰਧਤ ਲੋੜ ਜਿੰਨਾ ਨਹੀਂ ਪੜ੍ਹਦਾ। ਨਾ ਪੜ੍ਹਨ ਵਾਲੇ ਲੇਖਕ, ਨਾ ਪੜ੍ਹਨ ਵਾਲੇ ਆਮ ਲੋਕਾਂ ਨਾਲੋਂ, ਸਮਾਜ ਲਈ ਕਿਤੇ ਵੱਧ ਹਾਨੀਕਾਰਕ ਹਨ।

ਪੰਜਾਬੀ ਸਭਿਆਚਾਰਕ ਆਲੇ ਦੁਆਲੇ ਵਿਚ ਬਹੁਤ ਕੁਝ ਹੈ ਜਿਹੜਾ ਆਮ ਬੰਦੇ ਨੂੰ ਤੇ ਲੇਖਕ ਨੂੰ ਨਾਸਤਕਤਾ ਬਾਰੇ ਗੱਲ ਕਰਨ ਤੋਂ ਰੋਕਦਾ ਹੈ। ਪੰਜਾਬੀਆਂ ਦੀ ਆਮ ਸੂਝ ਇਹ ਕਹਿੰਦੀ ਹੈ ਕਿ ਦੂਜਿਆਂ ਦੇ ਕੰਮ ਵਿਚ ਦਖਲ ਨਾ ਦਿਓ – ‘ਮੌਲਾ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ?’ ਇਸ ਸਮਝ ਅਨੁਸਾਰ ਦੂਜਿਆਂ ਦੇ ਧਾਰਮਿਕ ਵਿਸ਼ਵਾਸ ਵਿਚ ਕਿਸੇ ਕਿਸਮ ਦਾ ਦਖਲ ਦੇਣਾ ਠੀਕ ਨਹੀਂ ਸਮਝਿਆ ਜਾਂਦਾ। ਸਗੋਂ ਇਸ ਤੋਂ ਉਲਟ ਆਮ ਪ੍ਰਚਾਰਿਆ ਇਹ ਜਾਂਦਾ ਹੈ ਕਿ ਹਰ ਧਰਮ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਣਾ ਚਾਹੀਦਾ ਹੈ। ਹਰ ਧਰਮ ਦਾ ਜਾਂ ਵੱਡਿਆਂ ਦਾ ਸਤਿਕਾਰ ਕਰਨਾ ਪੰਜਾਬੀ ਭਾਈਚਾਰੇ ਦਾ ਇਕ ਵਧੀਆ ਗੁਣ ਗਿਣਿਆਂ ਜਾਂਦਾ ਹੈ। ਪਰ ਇਸ ਵਿਚ ਸਮੱਸਿਆ ਵਾਲੀ ਗੱਲ ਇਹ ਹੈ ਕਿ ਇਸ ਸਤਿਕਾਰ ਵਿਚ ਕੋਈ ਸਵਾਲ ਜਾਂ ਕਿੰਤੂ ਕਰਨ ਦੀ ਸਖਤ ਮਨਾਹੀ ਸ਼ਾਮਲ ਹੈ। ਮਨੁੱਖੀ ਵਿਕਾਸ ਦਾ ਹੁਣ ਤੱਕ ਦਾ ਤਜਰਬਾ ਇਹ ਦੱਸਦਾ ਹੈ ਕਿ ਕਿੰਤੂ ਕੀਤੇ ਬਿਨਾਂ ਵਿਕਾਸ ਸੰਭਵ ਨਹੀਂ। ਪਰ ਪੰਜਾਬੀ ਸਮਾਜ ਵਿਚ ਵੱਡਿਆਂ ‘ਤੇ ਅਤੇ ਧਰਮ ‘ਤੇ ਕਦੇ ਕੋਈ ਕਿੰਤੂ ਨਾ ਕਰਨ ਦੀ ਸਿੱਖਿਆ ਬਚਪਨ ਤੋਂ ਹੀ ਘੋਟ ਘੋਟ ਕੇ ਬੰਦੇ ਅੰਦਰ ਬਿਠਾਈ ਜਾਂਦੀ ਹੈ।

ਇਸ ਦੇ ਨਾਲ ਹੀ ਪੰਜਾਬੀ ਮਾਨਸਿਕਤਾ ‘ਤੇ ਪਹਿਲਾਂ 1947 ਤੇ ਫੇਰ 1980ਵੇਂ ਦਹਾਕੇ ਦੌਰਾਨ ਧਰਮ ਦੇ ਨਾਂ ‘ਤੇ ਹੋਈ ਹਿੰਸਾ ਨੇ ਵੀ ਡੂੰਘਾ ਅਸਰ ਪਾਇਆ ਹੈ। ਪੰਜਾਬੀ ਮਨ ਇਸ ਅਸਰ ਥੱਲੇ ਅਚੇਤ ਹੀ ਧਰਮ ਤੇ ਰੱਬ ਦੇ ਮਸਲੇ ‘ਤੇ ਬਹਿਸ ਕਰਨ ਤੋਂ ਡਰਦਾ ਹੈ। ਪਰ ਇਹ ਕੋਈ ਸਿਹਤਮੰਦ ਸਥਿਤੀ ਨਹੀਂ ਹੈ। ਜਿੱਥੇ ਹਰ ਧਰਮ ਦੂਜੇ ਧਰਮਾਂ ਦਾ ਮਾਣ ਸਤਿਕਾਰ ਕਰਨ ਦੀ ਰੱਟ ਲਾਈ ਰੱਖਦਾ ਹੈ ਉੱਥੇ ਹੀ ਮੰਨਣ ਵਾਲਿਆਂ ਦੇ ਮਨਾਂ ਅੰਦਰ ਇਹ ਚੇਤਨਾ ਵੀ ਵਸਾਈ ਜਾਂਦੀ ਹੈ ਕਿ ਉਨ੍ਹਾਂ ਦਾ ਧਰਮ ਉੱਤਮ ਹੈ ਅਤੇ ਇਸ ਦੀ ਇਸ ਵਡਿਆਈ ਕਾਰਨ ਹੀ ਇਸ ਨੂੰ ਦੂਜੇ ਧਰਮਾਂ ਤੋਂ ਨਿਰੰਤਰ ਖਤਰਾ ਹੈ। ਹਰ ਧਰਮ ਹਰ ਵੇਲੇ ਇਸ ਆਪੇ ਸਿਰਜੇ ਖਤਰੇ ਤੋਂ ਬਚਾਅ ਕਰਨ ਲਈ ਆਪਣੇ ਕਿਲੇ ਪੱਕੇ ਕਰਦਾ ਰਹਿੰਦਾ ਹੈ। ਆਜ਼ਾਦ ਸੋਚ ਵਾਲੇ ਲੋਕਾਂ ਦੀ ਆਵਾਜ਼ ਵੀ ਇਸ ਬਾਹਰੀ ਖਤਰੇ ਦਾ ਹਿੱਸਾ ਬਣਾ ਕੇ ਪੇਸ਼ ਕੀਤੀ ਜਾਂਦੀ ਹੈ। ਸਿੱਖ ਧਰਮ ਨੂੰ ਖਤਰੇ ਦਾ ਝੰਡਾ ਲਹਿਰਾਉਣ ਵਾਲੇ ਲੋਕ ਆਜ਼ਾਦ ਖਿਆਲ ਖੱਬੀ ਲਹਿਰ ਦੇ ਲੋਕਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਹਨ ਅਤੇ ਅੱਸੀਵਿਆਂ ਦੌਰਾਨ ਇਸ ਸੋਚ ‘ਤੇ ਅਮਲ ਵੀ ਕਰਦੇ ਰਹੇ ਹਨ। ਇਸ ਸਥਿਤੀ ਦਾ ਨਤੀਜਾ ਇਹ ਹੈ ਕਿ ਆਜ਼ਾਦ ਸੋਚ ਰੱਖਣ ਵਾਲੇ ਬਹੁਤ ਘੱਟ ਚਿੰਤਕ ਤੇ ਲੇਖਕ ਲੋਕਾਂ ਦੇ ਰੱਬ ਵਿਚ ਵਿਸ਼ਵਾਸ ਜਾਂ ਧਰਮ ‘ਤੇ ਸਿੱਧੀ ਚੋਟ ਕਰਨ ਬਾਰੇ ਸੋਚਦੇ ਹਨ।

ਸਾਹਿਤ ਤੇ ਸਿਆਸਤ ਵਾਂਗ ਹੀ ਮੀਡੀਏ ਤੇ ਲੋਕ-ਸਭਿਆਚਾਰ ਜਾਂ ‘ਪਾਪੂਲਰ ਕਲਚਰ’ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੀ ਸੋਚ ਵਿਚ ਨਵੇਂ ਵਿਚਾਰਾਂ ਦਾ ਟੀਕਾ ਲਾਵੇ। ਪਰ ਹੋ ਇਸ ਤੋਂ ਉਲਟ ਰਿਹਾ ਹੈ। ਪੰਜਾਬੀ ਅਖਬਾਰਾਂ ਧਾਰਮਿਕ ਲੇਖਾਂ ਨਾਲ ਭਰੀਆਂ ਹੁੰਦੀਆਂ ਹਨ। ਇਹ ਲੇਖ ਮੁੱਖ ਤੌਰ ‘ਤੇ ਧਰਮ ਅਤੇ ਧਾਰਮਿਕ ਆਗੂਆਂ ਦੇ ਗੁਣ ਗਾਉਣ ਵਾਲੇ ਹੁੰਦੇ ਹਨ। ਰੱਬ ਵਿਚ ਵਿਸ਼ਵਾਸ ਦੀ ਜਾਂ ਧਰਮ ਦੀ ਅਲੋਚਨਾ ਨਾ ਮਾਤਰ ਹੀ ਦਿਸਦੀ ਹੈ। ਪੰਜਾਬੀ ਫਿਲਮ ਤੇ ਪੰਜਾਬੀ ਗੀਤ ਸੰਗੀਤ ਵਿਚ ਵਿਸ਼ੇਸ਼ ਕਰਕੇ ਧਰਮ ਦਾ ਅਸਰ ਪ੍ਰਤੱਖ ਦੇਖਿਆ ਜਾ ਸਕਦਾ ਹੈ। ਗੁਰਦਾਸ ਮਾਨ ਤੇ ਹਰਭਜਨ ਮਾਨ ਵਰਗੇ ਲੋਕਪ੍ਰੀਯ ਗਾਇਕ ਤੇ ਫਿਲਮੀ ਅਦਾਕਾਰਾਂ ਦੇ ਗੀਤ ਤੇ ਫਿਲਮਾਂ ਹੀ ਨਹੀਂ ਸਗੋਂ ਉਨ੍ਹਾਂ ਦੀ ਆਮ ਗੱਲਬਾਤ ਵੀ ਧਰਮ ਤੇ ਰੱਬ ਦੇ ਵੇਰਵਿਆਂ ਨਾਲ ਭਰੀ ਹੁੰਦੀ ਹੈ। ਸਾਰੇ ਵੱਡੇ ਵੱਡੇ ਗਾਇਕ ਆਪਣਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਗੀਤ ਗਾਉਂਦੇ ਹਨ ਤੇ ਧਾਰਮਿਕ ਲਿਬਾਸਾਂ ਵਿਚ ਤਸਵੀਰਾਂ ਵਾਲੀਆਂ ਸੀਡੀਆਂ ਤੇ ਐਲਬਮਾਂ ਕੱਢਦੇ ਹਨ। ਕਨੇਡਾ ਵਿਚ ਚਲਦੇ ਸਾਰੇ ਦੇ ਸਾਰੇ ਪੰਜਾਬੀ ਟੈਲੀਵਿਯਨ ਪ੍ਰੋਗਰਾਮ ਧਾਰਮਿਕ ਸ਼ਬਦ ਨਾਲ ਸ਼ੁਰੂ ਹੁੰਦੇ ਹਨ। ਜਿੱਥੇ ਹੋਰ ਬਹੁਤ ਸਾਰੇ ਸਮਾਜਾਂ ਵਿਚ ਗੀਤ ਸੰਗੀਤ ਕਈ ਵਾਰੀ ਵਿਦਰੋਹੀ ਲਹਿਰਾਂ ਨੂੰ ਸ਼ੁਰੂ ਕਰਨ ਤੇ ਲੋਕਾਂ ਵਿਚ ਮਸ਼ਹੂਰ ਕਰਨ ਵਿਚ ਵੱਡਾ ਯੋਗਦਾਨ ਪਾਉਂਦੇ ਹਨ ਉੱਥੇ ਅਜੋਕੇ ਸਮੇਂ ਪੰਜਾਬੀ ਗੀਤ ਸੰਗੀਤ ਸਿਰਫ ਜਾਤੀ ਮਸ਼ਹੂਰੀ ਤੇ ਪੈਸਾ ਕਮਾਉਣ ਤੱਕ ਹੀ ਸੀਮਤ ਹੈ। ਕੁਝ ਗਾਇਕ ਤੇ ਕਮੇਡੀਅਨ ਜਦੋਂ ਇਸ ਸਬੰਧ ਵਿਚ ਕੁਝ ਅਲੋਚਨਾਤਮਿਕ ਵੀ ਕਹਿੰਦੇ ਕਰਦੇ ਹਨ ਤਾਂ ਉਹ ਵੀ ਬਹੁਤੀ ਵਾਰੀ ਧਰਮ ਵਿਚ ਆਏ ਨਿਘਾਰ ਵੱਲ ਹੀ ਕੇਂਦਰਿਤ ਹੁੰਦਾ ਹੈ, ਖੁਦ ਧਰਮ ਦੇ ਨਾਂਹਪੱਖੀ ਕਿਰਦਾਰ ਵੱਲ ਨਹੀਂ। ਗਾਇਕਾਂ ਵਾਂਗ ਹੀ ਭੰਗੜਾ ਪਾਉਣ ਵਾਲੇ ਸਟੇਜ ‘ਤੇ ਚੜ੍ਹਨ ਵੇਲੇ ਪਹਿਲਾਂ ਮੱਥਾ ਟੇਕਦੇ ਹਨ। ਇਸੇ ਤਰ੍ਹਾਂ ਹਰ ਕਿਸਮ ਦੇ ਖਿਡਾਰੀ ਤੇ ਖਿਡਾਰੀਆਂ ਦੀਆਂ ਟੀਮਾਂ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂਅ ਲੈਣਾ ਜ਼ਰੂਰੀ ਸਮਝਦੇ ਹਨ। ਕਬੱਡੀ ਖਿਡਾਰੀ ਮੱਥਾ ਟੇਕ ਕੇ ਹੀ ਗਰਾਊਂਡ ਵਿਚ ਵੜਦੇ ਹਨ ਤੇ ਮੈਚ ਜਿੱਤਣ ਬਾਅਦ ਰੱਬ ਦਾ ਧੰਨਵਾਦ ਕਰਨ ਤੋਂ ਕਦੇ ਪਿੱਛੇ ਨਹੀਂ ਰਹਿੰਦੇ। ਬਹੁਤੇ ਪੰਜਾਬੀ ਤਾਂ ਗੰਭੀਰ ਜਾਂ ਗੈਰ-ਗੰਭੀਰ ਰੌਅ ‘ਚ ਸ਼ਰਾਬ ਪੀਣ ਵੇਲੇ ਵੀ ਪਹਿਲਾਂ ਰੱਬ ਨੂੰ ਧਿਆਉਂਦੇ ਦੇਖੇ ਜਾ ਸਕਦੇ ਹਨ।

ਸਦਾਚਾਰਕ ਪੱਖੋਂ ਰੱਬ ਦਾ ਡਰ ਤੇ ਧਰਮ ਦੀ ਲੋੜ ਵੀ ਪੰਜਾਬੀ ਸਮਾਜ ਵਿਚ ਇਕ ਅਟੱਲ ਸਚਾਈ ਵਜੋਂ ਲਈ ਜਾਂਦੀ ਹੈ। ਇਹ ਵਿਸ਼ਵਾਸ ਬਹੁਤ ਪੱਕਾ ਹੈ ਕਿ ਧਰਮ ਤੇ ਰੱਬ ਦੇ ਡਰ ਬਿਨਾਂ ਕੋਈ ਵੀ ਵਿਅਕਤੀ ਚੰਗਾ ਹੋ ਹੀ ਨਹੀਂ ਸਕਦਾ। ਪਰ ਵਿਗਿਆਨਕ ਦ੍ਰਿਸ਼ਟੀ ਨਾਲ ਦੇਖਿਆਂ ਇਹ ਵਿਚਾਰ ਇਕ ਅੰਧ ਵਿਸ਼ਵਾਸ ਤੋਂ ਵਾਧੂ ਨਹੀਂ। ਪੰਜਾਬੀ ਸਮਾਜ ਵਿਚ ਹੀ ਨਹੀਂ ਪੱਛਮੀ ਸਮਾਜਾਂ ਵਿਚ ਵੀ ਇਸ ਵਿਸ਼ਵਾਸ ਦਾ ਕਾਫੀ ਅਸਰ ਹੈ। ਬਹੁਤ ਸਾਰੇ ਚਿੰਤਕਾਂ ਨੇ (ਜਿਨ੍ਹਾਂ ਵਿਚ ਆਈਨਸਟਾਈਨ, ਬਰਟਰੈਂਡ ਰਸਲ ਤੇ ਰਿਚਰਡ ਡਾਕਿੰਨਜ਼ ਅਤੇ ਹੋਰ ਬਹੁਤ ਸਾਰੇ ਲੋਕਾਂ ਦਾ ਨਾਂਅ ਲਿਆ ਜਾ ਸਕਦਾ ਹੈ) ਇਸ ਨੂੰ ਵਿਗਿਆਨਕ ਨਜ਼ਰੀਏ ਨਾਲ ਰੱਦ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਮੂਹ ਵਿਚ ਵਿਚਰਨ ਲਈ ਇਨਸਾਨ ਵਿਚ ਕੁਦਰਤੀ ਲੋੜ ਵਜੋਂ ਚੰਗਿਆਈ ਦਾ ਮਾਦਾ ਹੁੰਦਾ ਹੈ। ਧਰਮ ਜਾਂ ਰੱਬ ਇਨਸਾਨ ਨੂੰ ਚੰਗਾ ਬਣਾਉਣ ਦੀ ਥਾਂ ਸਗੋਂ ਉਸ ਦੇ ਚੰਗਾ ਬਣਨ ਦੇ ਰਾਹ ਵਿਚ ਰੋੜਾ ਬਣਦੇ ਹਨ। ਹਰ ਧਾਰਮਿਕ ਬੰਦਾ ਆਪਣੇ ਨਜ਼ਰੀਏ ਨੂੰ ਠੀਕ ਠਹਿਰਾਉਂਦਾ ਹੈ ਤੇ ਦੂਜਿਆਂ ਦੇ ਨਜ਼ਰੀਏ ਨੂੰ ਗਲਤ ਹੀ ਨਹੀਂ ਸਗੋਂ ਆਪਣੇ ਨਾਲੋਂ ਘਟੀਆ ਵੀ ਸਮਝਦਾ ਹੈ। ਇਸ ਨਾਲ ਉਹ ਮਨੁੱਖਤਾ ਦੇ ਵੱਡੇ ਹਿੱਸੇ ਨੂੰ ਆਪਣੇ ਬਰਾਬਰ ਦਾ ਨਹੀਂ ਸਮਝਦਾ। ਅਜਿਹੇ ਇਨਸਾਨ ਨੂੰ ਕਿਸੇ ਵੀ ਪੱਖੋਂ ਚੰਗਾ ਨਹੀਂ ਕਿਹਾ ਜਾ ਸਕਦਾ। ਹਰ ਧਰਮ ਵਿਚ ਮੁੱਖ ਧਾਰਾ ਦੇ ਨਾਲ ਨਾਲ ਅਨੇਕਾਂ ਵੱਖਰੇ ਵੱਖਰੇ ਨਜ਼ਰੀਏ ਰੱਖਣ ਵਾਲੇ ਸਮੂਹ ਹੁੰਦੇ ਹਨ। ਉਦਾਹਰਨ ਵਜੋਂ, ਇਕ ਅੰਦਾਜ਼ੇ ਅਨੁਸਾਰ ਇਕੱਲੇ ਈਸਾਈ ਮੱਤ ਵਿਚ ਕੋਈ 34,000 ਵੱਖਰੇ ਵੱਖਰੇ ਨਜ਼ਰੀਏ ਰੱਖਣ ਵਾਲੇ ਸਮੂਹ ਹਨ ਜਿਹੜੇ ਆਪਣੇ ਮੁਕਾਬਲੇ ਦੂਜਿਆਂ ਨੂੰ ਗਲਤ ਸਮਝਦੇ ਹਨ। ਦੂਜੇ ਧਰਮਾਂ ਦਾ ਵੀ ਇਹੀ ਹਾਲ ਹੈ। ਇਨ੍ਹਾਂ ਧਰਮਾਂ ਦੀ ਮੁੱਖ ਧਾਰਾ ਜਾਂ ਸਾਰੇ ਸਮੂਹ ਦੂਜਿਆਂ ਨੂੰ ਕੁਰਾਹੇ ਪਈ ਸੰਪਰਦਾਇ ਜਾਂ ਕਲਟ ਸਮਝਦੀ ਹੈ। ਆਮ ਪਰਿਭਾਸ਼ਾ ਅਨੁਸਾਰ ਕਲਟ ਜਾਂ ਸੰਪਰਦਾਇ ਉਹ ਧਾਰਮਿਕ ਨਜ਼ਰੀਆ ਹੁੰਦਾ ਹੈ ਜਿਸ ਕੋਲ ਸਿਆਸੀ ਤਾਕਤ ਨਾ ਹੋਵੇ। ਸਿਆਸੀ ਤਾਕਤ ਹਥਿਆਉਣ ਲਈ ਹਰ ਸੰਪਰਦਾਇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ। ਇਸ ਪੱਖੋਂ ਦੇਖਿਆਂ ਧਰਮ ਇਨਸਾਨ ਨੂੰ ਚੰਗਾ ਬਣਾਉਣ ਦੀ ਥਾਂ ਸਗੋਂ ਮਾੜਾ ਬਣਾਉਣ ਦਾ ਕਾਰਜ ਕਰਦਾ ਹੈ।
ਸਦੀਆਂ ਤੋਂ ਚਲੀ ਆਉਂਦੀ ਆਰਥਿਕ ਤੇ ਸਮਾਜਿਕ ਅਸੁਰੱਖਿਆ ਤੇ ਗੁਲਾਮੀ ਦੇ ਅਸਰ ਕਾਰਨ ਬਹੁਤੇ ਭਾਰਤੀ ਤੇ ਪੰਜਾਬੀ ਲੋਕ ਜਿਸ ਤਰ੍ਹਾਂ ਵੀ ਸੰਭਵ ਹੋ ਸਕੇ ਆਪਣਾ Ḕਕੰਮ ਕੱਢਣਾ ਚਾਹੁੰਦੇ ਹਨḔ। ਭ੍ਰਿਸ਼ਟਾਚਾਰ ਉਨ੍ਹਾਂ ਦੇ ਜੀਵਨ ਦਾ ਅਟੁੱਟ ਹਿੱਸਾ ਹੋ ਗਿਆ ਹੈ। ਚੇਤਨ ਲੋਕਾਂ ਨੂੰ ਵੀ ਹਰ ਪਾਸੇ ਫੈਲਿਆ ਭ੍ਰਿਸ਼ਟਾਚਾਰ ਦਿੱਸਦਾ ਤਾਂ ਹੈ ਪਰ ਇਹ ਇਸ ਕਦਰ ਤੰਗ ਨਹੀਂ ਕਰਦਾ ਕਿ ਇਸ ਨੂੰ ਸਹਿਣ ਨਾ ਕਰ ਸਕਣ। ਆਮ ਪੰਜਾਬੀ ਲੋਕਾਂ ਵਿਚ ਸਮਾਜਿਕ ਸੂਝ ਤੇ ਜ਼ਿੰਮੇਵਾਰੀ ਦਾ ਅਹਿਸਾਸ ਬਹੁਤ ਘੱਟ ਨਜ਼ਰ ਆਉਂਦਾ ਹੈ।

ਨਾਸਤਿਕਤਾ ਬਾਰੇ ਗਲ ਕਰਨ ਦੀ ਕਿਉਂ ਲੋੜ ਹੈ?

ਅਜੋਕੀ ਦੁਨੀਆ ਦੇ ਜਿਹੜੇ ਸਮਾਜ ਧਰਮ ਨੂੰ ਸਿਆਸਤ ਤੋਂ ਅਤੇ ਵਿਦਿਆ ਵਰਗੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆ ਤੋਂ ਦੂਰ ਰੱਖਣ ਵਿਚ ਕਾਮਯਾਬ ਹਨ, ਉਹ ਨਿਰਸੰਦੇਹ ਮਨੁੱਖ ਦੇ ਰਹਿਣ ਲਈ ਬੇਹਤਰ ਹਨ। ਉਨ੍ਹਾਂ ਦੇ ਨਾਲ ਪੰਜਾਬੀ ਜਾਂ ਭਾਰਤੀ ਸਮਾਜ ਦਾ ਮੁਕਾਬਲਾ ਕਰਨ ‘ਤੇ ਫਰਕ ਸਾਫ ਨਜ਼ਰ ਆਉਂਦਾ ਹੈ। ਮਨੁੱਖ ਨੇ ਹੁਣ ਤੱਕ ਜੋ ਵਿਕਾਸ ਕੀਤਾ ਹੈ ਉਸ ਵਿਚ ਵਿਸ਼ੇਸ਼ ਕਰਕੇ ਵਿਗਿਆਨ ਨੇ ਪਿਛਲੇ ਤਿੰਨ ਚਾਰ ਸੌ ਸਾਲ ਵਿਚ ਵੱਡਾ ਰੋਲ ਨਿਭਾਇਆ ਹੈ, ਭਾਵੇਂ ਵੱਖਰੇ ਵੱਖਰੇ ਕਾਰਨਾਂ ਵੱਸ ਇਹ ਵਿਕਾਸ ਸਾਰੇ ਦਾ ਸਾਰਾ ਹਾਂ-ਪੱਖੀ ਨਹੀਂ ਹੈ। ਇਸ ਮਨੁੱਖੀ ਵਿਕਾਸ ਵਿਚ ਧਰਮ ਨੇ ਪੈਰ ਪੈਰ ‘ਤੇ ਵਿਗਿਆਨ ਨਾਲ ਆਢਾ ਲਾਉਣਾ ਹੈ। ਬਰਤਾਨਵੀਂ ਚਿੰਤਕ ਬਰਟਰੈਂਡ ਰੱਸਲ ਅਨੁਸਾਰ:
“ਚਾਰ ਸੌ ਸਾਲਾਂ ਵਿਚ ਵਿਗਿਆਨ ਦੇ ਵਾਧੇ ਨੇ ਹੌਲੀ ਹੌਲੀ ਮਨੁੱਖਾਂ ਨੂੰ ਦਿਖਾਇਆ ਹੈ ਕਿ ਕੁਦਰਤ ਦੇ ਵਰਤਾਰਿਆਂ ਬਾਰੇ ਕਿਸ ਤਰ੍ਹਾਂ ਗਿਆਨ ਹਾਸਿਲ ਕਰਨਾ ਹੈ ਅਤੇ ਕੁਦਰਤੀ ਸ਼ਕਤੀਆਂ ਉੱਪਰ ਕਿਸ ਤਰ੍ਹਾਂ ਸਰਦਾਰੀ ਕਾਇਮ ਕਰਨੀ ਹੈ, ਇਸ ਸਮੇਂ ਦੌਰਾਨ ਪਾਦਰੀਆਂ ਨੇ ਵਿਗਿਆਨ ਦੇ ਵੱਖਰੇ ਵੱਖਰੇ ਖੇਤਰਾਂ, ਤਾਰਾ-ਵਿਗਿਆਨ ਤੇ ਭੂ-ਵਿਗਿਆਨ ਵਿਚ, ਸਰੀਰ-ਰਚਨਾ-ਵਿਗਿਆਨ (ਅਨਾਟਮੀ) ਤੇ ਸਰੀਰ-ਕ੍ਰਿਆਵਿਗਿਆਨ (ਫਿਜ਼ੀਔਲੋਜੀ) ਵਿਚ, ਜੀਵ-ਵਿਗਿਆਨ ਤੇ ਮਨੋਵਿਗਿਆਨ ਵਿਚ ਅਤੇ ਸਮਾਜਿਕ ਵਿਗਿਆਨ ਵਿਰੁੱਧ ਹਾਰਨ ਵਾਲੀ ਲੜਾਈ ਲੜੀ ਹੈ। ਹਰ ਵਾਰੀ ਇਕ ਥਾਂ ਤੋਂ ਬਾਹਰ ਕੱਢੇ ਜਾਣ ‘ਤੇ ਉਨ੍ਹਾਂ ਦੂਜੀ ਥਾਂ ਮੋਰਚਾ ਲਾਇਆ। ਤਾਰਾ-ਵਿਗਿਆਨ ਵਿੱਚੋਂ ਭਾਂਜ ਖਾ ਕੇ ਉਨ੍ਹਾਂ ਭੂ-ਵਿਗਿਆਨ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੀ ਪੂਰੀ ਵਾਹ ਲਾਈ; ਉਨ੍ਹਾਂ ਨੇ ਜੀਵ-ਵਿਗਿਆਨ ਵਿਚ ਡਾਰਵਿਨ ਵਿਰੁੱਧ ਲੜਾਈ ਕੀਤੀ ਅਤੇ ਅਜੋਕੇ ਸਮੇਂ ਉਹ ਮਨੋਵਿਗਿਆਨ ਅਤੇ ਵਿਦਿਆ ਸਬੰਧੀ ਵਿਗਿਆਨਕ ਸਿਧਾਂਤਾਂ ਵਿਰੁੱਧ ਲੜਦੇ ਹਨ।”

ਸੋਲਵੀਂ ਸਤਾਰਵੀਂ ਸਦੀ ਦੌਰਾਨ ਧਰਤੀ ਸੂਰਜ ਦੁਆਲੇ ਘੁੰਮਦੀ ਹੋਣ ਦਾ ਦਾਅਵਾ ਕਰਨ ਵਾਲੇ ਗਲੀਲੀਓ ਨੂੰ ਸਜ਼ਾ ਦੇਣ ਬਦਲੇ ਰੋਮਨ ਕੈਥੋਲਿਕ ਪੋਪ ਨੇ ਹੁਣ 1992 ਵਿਚ ਇਸ ਗੱਲ ਦੀ ਮੁਆਫੀ ਮੰਗੀ ਹੈ। ਭਾਵੇਂ ਧਰਮ ਤੇ ਵਿਗਿਆਨ ਦੀ ਇਹ ਲੜਾਈ ਮੁੱਖ ਤੌਰ ‘ਤੇ ਯੂਰਪ ਵਿਚ ਹੋਈ ਪਰ ਇਸ ਦਾ ਫਾਇਦਾ ਸਾਰੀ ਦੁਨੀਆ ਨੂੰ ਹੋਇਆ ਤੇ ਹੋ ਰਿਹਾ ਹੈ; ਪੰਜਾਬੀ ਸਮਾਜ ਨੂੰ ਵੀ। ਪਰ ਪੰਜਾਬ ਵਿਚ ਜਿੱਥੇ ਵਿਗਿਆਨ ਨਾਲ ਪ੍ਰਾਪਤ ਹੋਈ ਹਰ ਸਹੂਲਤ ਨੂੰ ਤਾਂ ਵਰਤਿਆ ਜਾ ਰਿਹਾ ਹੈ ਉੱਥੇ ਆਮ ਜੀਵਨ ਵਿਚ ਵਿਗਿਆਨਕ ਵਿਚਾਰਾਂ ਜਾਂ ਤਰਕ ਨੂੰ ਅਪਨਾਉਣ ਤੋਂ ਕੰਨੀ ਕਤਰਾਈ ਜਾ ਰਹੀ ਹੈ। ਪੰਜਾਬੀ ਦੇ ਬਹੁ ਗਿਣਤੀ ਲੋਕ ਅਤੇ ਲੇਖਕ ਵੀ ਇਨ੍ਹਾਂ ਸਵਾਲਾਂ ਤੋਂ ਦੂਰ ਰਹਿੰਦੇ ਹਨ। ਉਹ ਸਮਝਦੇ ਹਨ ਕਿ ਹੋਰ ਬਹੁਤ ਸਾਰੇ ਮਸਲੇ ਹਨ ਜਿਨ੍ਹਾਂ ਬਾਰੇ ਲਿਖਿਆ ਵਿਚਾਰਿਆ ਜਾਣਾ ਚਾਹੀਦਾ ਹੈ। ਕਾਹਦੇ ਲਈ ਇਸ ਗੁੰਝਲਦਾਰ ਤੇ ਸ਼ਾਇਦ ‘ਖਤਰਨਾਕ’ ਝਮੇਲੇ ‘ਚ ਪਿਆ ਜਾਵੇ? ਕੀ ਇਸ ਬਿਨ੍ਹਾਂ ਸਰਦਾ ਨਹੀਂ? ਪਹਿਲਾਂ ਹੀ ਸਮਾਜ ਵਿਚ ਬੇਹੱਦ ਬੇਲੋੜੀਆਂ ਵੰਡੀਆਂ ਪਈਆਂ ਹੋਈਆਂ ਹਨ ਰੱਬ ਦੇ ਹੋਣ ਜਾਂ ਨਾ ਹੋਣ ਦੇ ਮਸਲੇ ‘ਤੇ ਹੋਰ ਝਮੇਲੇ ਕਿਉਂ ਖੜ੍ਹੇ ਕੀਤੇ ਜਾਣ। ਉਨ੍ਹਾਂ ਦੀ ਇਹ ਗੱਲ ਕੁਝ ਹੱਦ ਤੱਕ ਸਹੀ ਹੈ। ਪਰ ਮਸਲਾ ਇਹ ਹੈ ਕਿ ਸਾਡੇ ਸਮਾਜ ਦੀਆਂ ਬਹੁਤੀਆਂ ਸਮੱਸਿਆਵਾਂ ਜੋਂ ਲੰਮੇ ਸਮੇਂ ਤੋਂ ਸੁਧਰਨ ਵਿਚ ਨਹੀਂ ਆ ਰਹੀਆਂ, ਉਨ੍ਹਾਂ ਦੀ ਜੜ੍ਹ ਇਸ ਸਵਾਲ ਨਾਲ ਜੁੜੀ ਹੋਈ ਹੈ। ਜੇ ਅਸੀਂ ਸੱਚ ਮੁੱਚ ਗੰਭੀਰਤਾ ਨਾਲ ਇਸ ਗੱਲ ਦੀ ਖਾਹਿਸ਼ ਰੱਖਦੇ ਹਾਂ ਕਿ ਸਾਡਾ ਸਮਾਜ ਵੀ ਇਕ ਸਿਹਤਮੰਦ ਤੇ ਹੱਸਦਾ ਖੇਲਦਾ ਸਮਾਜ ਹੋਵੇ ਤਾਂ ਸਾਨੂੰ ਉਨ੍ਹਾਂ ਸਮਾਜਾਂ ਦਾ ਧਿਆਨ ਨਾਲ ਅਧਿਅਨ ਕਰਨ ਦੀ ਲੋੜ ਹੈ ਜਿੱਥੇ ਧਰਮ ਨੂੰ ਸਿਆਸਤ ਤੇ ਹੋਰ ਅਦਾਰਿਆਂ ਤੋਂ ਦੂਰੀ ‘ਤੇ ਰੱਖਿਆ ਗਿਆ ਹੈ।

ਪੰਜਾਬੀ ਭਾਈਚਾਰੇ ਨੂੰ ਭਾਵੇਂ ਇਕ ਵਿਕਾਸਸ਼ੀਲ ਅਧੁਨਿਕ ਸਨਅਤੀ ਸਮਾਜ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਦੁਨੀਆ ਦੇ ਇਸ ਸਥਿਤੀ ਵਿਚਲੇ ਹੋਰ ਬਹੁਤ ਸਾਰੇ ਸਮਾਜਾਂ ਤੋਂ ਕਈ ਪੱਖਾਂ ਤੋਂ ਵੱਖਰਾ ਹੈ। ਸਿੱਖ ਧਰਮ ਮੁਕਾਬਲਤਨ ਨਵਾਂ ਧਰਮ ਹੈ ਤੇ ਇਸ ਵਿਚ ਦੂਜੇ ਧਰਮਾਂ ਦੇ ਮੁਕਾਬਲੇ ਵਹਿਮਾਂ ਭਰਮਾਂ ਜਾਂ ਮਿੱਥਾਂ ਦਾ ਉਸ ਕਿਸਮ ਦਾ ਅਧਾਰ ਨਹੀਂ ਹੈ। ਲੋਕਾਂ ਦੇ ਮਨਾਂ ਉੱਪਰ ਧਰਮ ਦੀ ਪਕੜ ਵੀ ਦੂਜੇ ਸਮਾਜਾਂ ਜਿੰਨੀ ਪੱਕੀ ਨਹੀਂ ਹੈ। ਵੀਹਵੀਂ ਸਦੀ ਦੌਰਾਨ ਪੰਜਾਬ ਤੋਂ ਬਾਹਰ ਆਏ ਲੋਕਾਂ ਵਲੋਂ ਸਨਅਤੀ ਮੁਲਕਾਂ ਵਿਚ ਵਾਸ ਕਰਨ ਨਾਲ ਪੰਜਾਬ ਦੀ ਆਰਥਿਕਤਾ ਤੇ ਮਾਨਸਿਕਤਾ ‘ਤੇ ਪ੍ਰਤੱਖ ਅਸਰ ਪਏ ਹਨ। ਇਨ੍ਹਾਂ ਅਸਰਾਂ ਕਾਰਨ ਪੰਜਾਬੀ ਦੇ ਅਧੁਨਿਕ ਸਾਹਿਤ ਵਿਚ ਅਗਾਂਹਵਧੂ ਸੁਰ ਭਾਰੂ ਰਹੀ ਹੈ। ਪਰ ਇਸ ਦੇ ਬਾਵਜੂਦ, ਪਹਿਲਾਂ ਵਿਚਾਰੇ ਗਏ ਕਾਰਨਾਂ ਵੱਸ ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬੀਆਂ ਦੀ ਸੋਚ ਅੱਗੇ ਵਧਣ ਦੀ ਥਾਂ ਪਿਛਾਂਹ ਨੂੰ ਪਰਤਦੀ ਪ੍ਰਤੀਤ ਹੁੰਦੀ ਹੈ। ਜਿੱਥੇ ਪੰਜਾਬੀ ਭਾਈਚਾਰਾ ਜੀਵਨ ਦੇ ਬਹੁਤ ਸਾਰੇ ਪਹਿਲੂਆਂ ਵਿਚ ਦੁਨੀਆ ਦੇ ਬਾਕੀ ਭਾਈਚਾਰਿਆਂ ਦੇ ਬਰਾਬਰ ਖੜ੍ਹਦਾ ਹੈ ਉੱਥੇ ਬੌਧਿਕ ਪੱਖੋਂ ਇਸ ਦੀ ਗਰੀਬੀ ਸ਼ਰੇਆਮ ਨਜ਼ਰ ਆਉਂਦੀ ਹੈ, ਜਿਸ ਦਾ ਮੁੱਖ ਕਾਰਨ ਧਰਮ ਵਲਾਂ ਬੇਲੋੜਾ ਧਿਆਨ ਜਾਪਦਾ ਹੈ। ਧਰਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਇਸ ਕਿਸਮ ਦੀ ਖਾਹਿਸ਼ ਜਾਂ ਕੋਸ਼ਸ਼ ਹੋਣੀ ਚਾਹੀਦੀ ਹੈ। ਮਸਲਾ ਸਮਾਜ ਵਿਚ ਸੰਤੁਲਨ ਪੈਦਾ ਕਰਨ ਦਾ ਹੈ ਜੋ ਇਸ ਵੇਲੇ ਨਜ਼ਰ ਨਹੀਂ ਆ ਰਿਹਾ।

ਵਿਗਿਆਨਕ ਸੂਝ ਤੋਂ ਪਹਿਲਾਂ ਸੰਸਾਰ ਦੀ ਉਤਪਤੀ ਤੇ ਕੁਦਰਤੀ ਵਰਤਾਰਿਆਂ, ਮੀਂਹ/ਸੋਕਾ, ਬੱਦਲਾਂ ਦੀ ਗੜਕ, ਬਿਜਲੀ ਦੀ ਚਮਕ, ਹੜ੍ਹ, ਭੁਚਾਲ, ਜਨਮ, ਮੌਤ, ਮਨੁੱਖੀ ਸਰੀਰ ਨੂੰ ਲੱਗਦੀਆਂ ਬੀਮਾਰੀਆਂ ਆਦਿ ਬਾਰੇ ਜਾਨਣ ਦੀ ਖਾਹਿਸ਼ ਵਿੱਚੋਂ ਰੱਬ ਦੇ ਸੰਕਲਪ ਨੇ ਜਨਮ ਲਿਆ। ਮਨੁੱਖੀ ਸੋਚ ਦੇ ਵਿਕਾਸ ਦੇ ਇਕ ਪੜਾਅ ‘ਤੇ ਉਹਨੂੰ ਲੱਗਾ ਕਿ ਇਹ ਸਭ ਕੁਝ ਕੋਈ ਵੱਡੀ ਅਣਦਿਸਦੀ ਤਾਕਤ ਕਰ ਕਰਵਾ ਰਹੀ ਹੈ। ਇਸ ਤਾਕਤ ਨੂੰ ਉਹਨੇ ਰੱਬ ਦਾ ਨਾਂਅ ਦਿੱਤਾ। ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਉਹਨੇ ਇਸ ਤਾਕਤ ਨੂੰ ਖੁਸ਼ ਕਰਨ ਲਈ ਅਰਦਾਸ ਤੇ ਬਲ਼ੀ ਆਦਿ ਦੀਆਂ ਰਸਮਾਂ ਹੋਂਦ ਵਿਚ ਲਿਆਂਦੀਆਂ। ਰੱਬ ਦੀ ਖੁਸ਼ੀ ਤੇ ਕ੍ਰੋਪੀ ਦੇ ਅੰਦਾਜ਼ੇ ਲਾ ਕੇ ਉਸ ਦੀ ਮਰਜ਼ੀ ਅਨੁਸਾਰ ਚੱਲਣ ਲਈ ਕੁਝ ਨਿਯਮ ਕਾਇਮ ਕੀਤੇ। ਇਨ੍ਹਾਂ ਵਿਚਾਰਾਂ, ਰਸਮਾਂ ਤੇ ਨਿਯਮਾਂ ਦੇ ਸਮੂਹ ਨੂੰ ਧਰਮ ਦਾ ਨਾਂਅ ਦਿੱਤਾ। ਇਸ ਅਦਾਰੇ ਨੂੰ ਚਲਾਉਣ ਵਾਲੇ ਸਮਾਜ ਦੀ ਸਥਾਪਤੀ ਦਾ ਹਿੱਸਾ ਬਣੇ। ਸਥਾਪਤੀ ਸਮਾਜ ਵਿਚ ਸਦਾ ਤਾਕਤਵਰ ਲੋਕਾਂ ਦੇ ਹੱਕ ਵਿਚ ਭੁਗਤਦੀ ਹੈ ਜੋ ਗਿਣਤੀ ਵਿਚ ਥੋੜ੍ਹੇ ਹੁੰਦੇ ਹਨ ਤੇ ਬਹੁ ਗਿਣਤੀ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਸਥਾਪਤੀ ਵਿਰੁੱਧ ਜਥੇਬੰਦ ਹੋਣਾ ਪੈਂਦਾ ਹੈ। ਸਨਅਤੀ ਇੰਨਕਲਾਬ ਤੋਂ ਪਹਿਲਾਂ ਲੋਕਾਂ ਦੇ ਸੰਘਰਸ਼ਾਂ ਨੇ ਧਾਰਮਿਕ ਰੂਪ ਹੀ ਅਖਤਿਆਰ ਕੀਤੇ ਅਤੇ ਨਤੀਜੇ ਵਜੋਂ ਦੂਜੇ ਧਰਮ ਹੋਂਦ ਵਿਚ ਆਏ। ਈਸਾਈ ਮੱਤ ਵਿਚ ਪਰੋਟੈਸਟੈਂਟ ਲਹਿਰ ਤੇ ਭਾਰਤ ਵਿਚ ਸਿੱਖ ਲਹਿਰ ਇਸ ਦੀਆਂ ਉਦਾਹਰਨਾਂ ਕਹੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਇਹ ਅਮਲ ਚਲਦਾ ਰਿਹਾ ਹੈ ਤੇ ਹਰ ਧਰਮ ਆਪਣੀ ਸਮਾਜਿਕ ਸਥਿਤੀ ਕਾਇਮ ਰੱਖਣ ਲਈ ਸਥਾਪਤੀ ਦਾ ਹਿੱਸਾ ਬਣ ਕੇ ਨਵੇਂ ਵਿਚਾਰਾਂ ਦੀ ਵਿਰੋਧਤਾ ਵਿਚ ਡਟਦਾ ਰਿਹਾ। ਪਰ ਪਿਛਲੀਆਂ ਦੋ ਤਿੰਨ ਸਦੀਆਂ ਤੋਂ ਇਸ ਵਰਤਾਰੇ ਵਿਚ ਤਬਦੀਲੀ ਆਈ ਹੈ ਭਾਵੇਂ ਅਜੇ ਵੀ ਸਨਅਤੀ ਵਿਕਾਸ ਤੋਂ ਵਾਂਜੇ ਮੁਲਕਾਂ ਵਿਚ ਸਮਾਜਿਕ ਤਬਦੀਲੀ ਲਈ ਚਲਦੀਆਂ ਲਹਿਰਾਂ ਧਾਰਮਿਕ ਲਹਿਰਾਂ ਦਾ ਰੂਪ ਧਾਰ ਲੈਂਦੀਆਂ ਹਨ। ਇਹ ਲਹਿਰਾਂ ਕਈ ਵਾਰੀ ਨਵੇਂ ਧਰਮ ਨੂੰ ਜਨਮ ਦਿੰਦੀਆਂ ਹਨ ਅਤੇ ਕਈ ਵਾਰੀ ਪ੍ਰਚਲਤ ਧਰਮਾਂ ਦੇ ਆਪਸੀ ਟਕਰਾਅ ਦਾ ਰੂਪ ਅਖਤਿਆਰ ਕਰਦੀਆਂ ਹਨ। ਉਦਾਹਰਨ ਵਜੋਂ, ਪੰਜਾਬ ਦੇ ਜਨ ਜੀਵਨ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅੱਸੀਵਿਆਂ ਦੌਰਾਨ ਧਾਰਮਿਕ ਰੰਗਤ ਚਾੜ ਦੇਣੀ ਜਾਂ ਦਲਿਤ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਤਰਕਵਾਦੀ ਪਹੁੰਚ ਨਾਲ ਕੋਈ ਵੱਡੀ ਲਹਿਰ ਉਸਾਰਨ ਦੀ ਥਾਂ ਦੱਬੇ ਕੁਚਲੇ ਲੋਕਾਂ ਦਾ ਵੱਖਰੇ ਵੱਖਰੇ ਧਰਮਾਂ ਵਲ ਰੁਚਿਤ ਹੋਣਾ।

ਇਸ ਸਭ ਕਾਸੇ ਦਾ ਅਸਰ ਇਹ ਹੁੰਦਾ ਹੈ ਕਿ ਧਰਮ ਦੇ ਨਾਂ ‘ਤੇ ਸਮਾਜ ਦਾ ਸਮਾਂ ਤੇ ਸ਼ਕਤੀ ਵੱਡੀ ਪੱਧਰ ‘ਤੇ ਨਸ਼ਟ ਹੁੰਦੇ ਹਨ ਪਰ ਪ੍ਰਾਪਤੀ ਤੇ ਨਾਂਅ ‘ਤੇ ਪੱਲੇ ਬਹੁਤਾ ਕੁਝ ਨਹੀਂ ਪੈਂਦਾ। ਇਤਿਹਾਸ ਦੀ ਧਿਆਨ ਨਾਲ ਛਾਣ ਬੀਣ ਕੀਤਿਆਂ ਜਾਪਦਾ ਹੈ ਕਿ ਧਰਮ ਵਿਅਕਤੀ ਦੀ ਪੱਧਰ ‘ਤੇ ਭਾਵੇਂ ਕਿਸੇ ਨੂੰ ਵਕਤੀ ਸੁੱਖ ਸ਼ਾਂਤੀ ਦਾ ਅਹਿਸਾਸ ਕਰਵਾਉਂਦਾ ਹੋਵੇ ਪਰ ਸਮਾਜਿਕ ਪੱਧਰ ‘ਤੇ ਇਸ ਦਾ ਰੋਲ ਨਾਂਹ-ਪੱਖੀ ਰਹਿੰਦਾ ਹੈ। ਆਮ ਪ੍ਰਚਲਤ ਸੂਝ ਦੇ ਉਲਟ ਇਹ ਸਮਾਜ ਵਿਚਲੇ ਵੱਖ ਵੱਖ ਹਿੱਸਿਆਂ ਨੂੰ ਜੋੜਦਾ ਨਹੀਂ ਸਗੋਂ ਤੋੜਦਾ ਹੈ। ਧਰਮ ਤੇ ਰੱਬ ਦੀ ਆੜ ਥੱਲੇ ਜਿਸ ਤਰ੍ਹਾਂ ਅਨੇਕਾਂ ਚਾਤਰ ਆਮ ਲੋਕਾਂ ਨੂੰ ਭਰਮਾਂ, ਭੁਲੇਖਿਆਂ ਵਿਚ ਪਾ ਕੇ ਉਨ੍ਹਾਂ ਦਾ ਆਰਥਿਕ ਤੇ ਕਾਮਿਕ ਸ਼ੋਸ਼ਣ ਕਰਦੇ ਹਨ ਉਹ ਕਿਸੇ ਵੀ ਸਮਾਜ ਲਈ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ। ਪੰਜਾਬੀ ਸਮਾਜ ਲਈ ਅਜੋਕੇ ਸਮੇਂ ਇਹ ਗੱਲ ਵਿਸ਼ੇਸ਼ ਤੌਰ ‘ਤੇ ਫਿਕਰ ਕਰਨ ਵਾਲੀ ਹੈ। ਪੰਜਾਬੀ ਅਖਬਾਰਾਂ ਦਾ ਬਹੁਤਾ ਹਿੱਸਾ ਔਲਾਦ ਬਖਸ਼ਣ ਵਾਲੇ ਜਾਂ ਹਰ ਸਮੱਸਿਆ ਦਾ ਸ਼ਰਤੀਆ ਇਲਾਜ ਕਰਨ ਵਾਲੇ ਜੋਤਸ਼ੀਆਂ, ਪੀਰਾਂ, ਗੁਰੂਆਂ ਦੇ ਇਸ਼ਤਿਹਾਰਾਂ ਨਾਲ ਭਰਿਆ ਹੁੰਦਾ ਹੈ।
ਇਕ ਖੁੱਲੀਆਂ ਅੱਖਾਂ ਵਾਲੇ ਚੇਤਨ ਵਿਅਕਤੀ ਤੇ ਖਾਸਕਰ ਲੇਖਕ ਦੀ ਕੀ ਅਜਿਹੇ ਸਮੇਂ ਕੋਈ ਜ਼ਿੰਮੇਵਾਰੀ ਹੈ? ਕੀ ਆਮ ਵਿਅਕਤੀ ਵਾਂਗ ਇਕ ਲੇਖਕ ਤੇ ਚਿੰਤਕ ਵੀ ਦੂਜੇ ਲੋਕਾਂ ਵਿਚ ਪਿਆਰੇ ਸਤਿਕਾਰੇ ਜਾਣ ਲਈ ਆਪਣੇ ਅੰਦਰ ਦੀ ਆਵਾਜ਼ ਨੂੰ ਜਾਂ ਜਾਣੀ ਜਾਂਦੀ ਸਚਾਈ ਨੂੰ ਦਬਾ ਰੱਖੇ? ਜਾਹਨ ਸਟੂਰਟ ਮਿੱਲ ਨੇ ਉੱਨੀਵੀਂ ਸਦੀ ਦੇ ਅੱਧ ਵਿਚ ਆਪਣੇ ਦੇਸਵਾਸੀਆਂ ਨੂੰ ਸੱਦਾ ਦਿੱਤਾ ਸੀ:
“ਉਨ੍ਹਾਂ ਸਾਰੇ ਵਿਅਕਤੀਆਂ ਦਾ ਫਰਜ਼ ਬਣਦਾ ਹੈ ਜਿਹੜੇ ਸੂਝ ਰੱਖਦੇ ਹੋਣ, ਅਤੇ ਬਾਲਗਾਂ ਵਾਲੇ ਵਿਚਾਰ ਵਟਾਂਦਰੇ ਤੋਂ ਬਾਅਦ ਆਪਣੀ ਤਸੱਲੀ ਕਰ ਚੁੱਕੇ ਹੋਣ ਕਿ ਮੌਜੂਦਾ ਰਾਵਾਂ ਸਿਰਫ ਝੂਠੀਆਂ ਹੀ ਨਹੀਂ ਸਗੋਂ ਨੁਕਸਾਨਦੇਹ ਵੀ ਹਨ, ਖਾਸ ਕਰਕੇ ਧਰਮ ਦੇ ਸਬੰਧ ਵਿਚ, ਹੁਣ ਸਮਾਂ ਆ ਗਿਆ ਹੈ ਕਿ ਉਹ ਦੱਸ ਦੇਣ ਕਿ ਉਹ ਧਰਮ ਨੂੰ ਛੱਡ ਚੁੱਕੇ ਹਨ।”

ਇਸ ਕਿਤਾਬ ਬਾਰੇ
ਪਿਛਲੇ ਦੋ ਤਿੰਨ ਦਹਾਕਿਆਂ ਦੌਰਾਨ ਪੰਜਾਬੀ ਵਿਚ ਬਹੁਤ ਸਾਰਾ ਅਜਿਹਾ ਸਾਹਿਤ ਛਪਿਆ ਹੈ ਜਿਸ ਦੇ ਅਧਿਅਨ ਨਾਲ ਸਮਾਜ ਨੂੰ ਤਰਕਵਾਦੀ ਲੀਹਾਂ ‘ਤੇ ਤੋਰਿਆ ਜਾ ਸਕਦਾ ਹੈ, ਵਿਸ਼ੇਸ਼ ਕਰਕੇ ਤਰਕਸ਼ੀਲ ਲਹਿਰ ਵਲੋਂ। ਇਹ ਹਥਲੀ ਕਿਤਾਬ ਵੀ ਇਸੇ ਤਰ੍ਹਾਂ ਦੀ ਇਕ ਹੋਰ ਕੋਸ਼ਸ਼ ਹੈ। ਜਿੱਥੇ ਨਾਸਤਿਕਤਾ, ਵਿਗਿਆਨਕ ਸੂਝ ਅਤੇ ਪਹੁੰਚ ਬਾਰੇ ਵੱਖ ਵੱਖ ਚਿੰਤਕਾਂ ਦੀਆਂ ਉਕਤੀਆਂ ਪਾਠਕ ਨੂੰ ਨਵੀਂ ਸੂਝ ਪ੍ਰਦਾਨ ਕਰਨਗੀਆਂ ਉੱਥੇ ਇਸ ਗੱਲ ਦੀ ਵੀ ਆਸ ਕੀਤੀ ਜਾਂਦੀ ਹੈ ਕਿ ਇਸ ਨਾਲ ਪੰਜਾਬੀ ਲੇਖਕਾਂ ਤੇ ਚਿੰਤਕਾਂ ਨੂੰ ਲੋੜੀਂਦਾ ਹੌਂਸਲਾ ਵੀ ਮਿਲੇ। ਇਸ ਸੰਗ੍ਰਹਿ ਵਿਚ ਮਹਾਤਮਾ ਬੁੱਧ ਤੋਂ ਲੈ ਕੇ ਦੁਨੀਆ ਭਰ ਦੇ ਉਨ੍ਹਾਂ ਦਾਰਸ਼ਨਿਕਾਂ, ਵਿਗਿਆਨੀਆਂ, ਕਵੀਆਂ, ਲੇਖਕਾਂ ਤੇ ਚਿੰਤਕਾਂ ਦੇ ਨਾਂਅ ਦਰਜ ਹਨ ਜਿਨ੍ਹਾਂ ਨੇ ਮਨੁੱਖੀ ਸੋਚ ਦੇ ਵਿਕਾਸ ਵਿਚ ਜ਼ਿਕਰਯੋਗ ਹਿੱਸਾ ਪਾਇਆ ਹੈ। ਇਨ੍ਹਾਂ ਵਿਚ ਅਨੇਕਾਂ ਅਜਿਹੇ ਹਨ ਜਿਨ੍ਹਾਂ ਨੂੰ ਆਪਣੇ ਵਿਚਾਰਾਂ ਬਦਲੇ ਆਪਣੇ ਜੀਵਨ ਤੱਕ ਦੀ ਅਹੂਤੀ ਵੀ ਦੇਣੀ ਪਈ। ਪਰ ਜੇ ਇਨ੍ਹਾਂ ਸੁਹਿਰਦ, ਬਹਾਦਰ ਤੇ ਸੂਝਵਾਨ ਲੋਕਾਂ ਨੇ ਇਹ ਹੌਂਸਲਾ ਨਾ ਦਿਖਾਇਆ ਹੁੰਦਾ ਤਾਂ ਮਨੁੱਖੀ ਸਮਾਜ ਵਿਚ ਹੋਇਆ ਵਿਕਾਸ ਕਿਆਸ ਨਹੀਂ ਕੀਤਾ ਜਾ ਸਕਦਾ। ਪੰਜਾਬੀ ਸਮਾਜ ਵਿਚਲੇ ਰੌਸ਼ਨ ਦਿਮਾਗ ਲੋਕਾਂ ਕੋਲੋਂ ਵੀ ਸਮਾਂ ਇਸ ਵੇਲੇ ਮੰਗ ਕਰ ਰਿਹਾ ਹੈ ਕਿ ਉਹ ਆਪਣੇ ਸਮਾਜ ਨੂੰ ਪਿਛਲੀਆਂ ਸਦੀਆਂ ਦੇ ਹਨੇਰਿਆਂ ਵਿੱਚੋਂ ਕੱਢ ਕੇ ਇੱਕੀਵੀਂ ਸਦੀ ਵਿਚ ਲਿਆਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ।
ਰੱਬ ਵਿਚ ਵਿਸ਼ਵਾਸ ਤੇ ਧਰਮ ਨਾਲ ਸਬੰਧਤ ਬੇਸ਼ੁਮਾਰ ਮਸਲੇ ਹਨ ਜਿਹੜੇ ਵਿਚਾਰ ਅਧੀਨ ਲਿਆਂਦੇ ਜਾਣੇ ਚਾਹੀਦੇ ਹਨ:
ਰੱਬ ਵਿਚ ਵਿਸ਼ਵਾਸ ਦੇ ਕਾਰਨ; ਵਿਸ਼ਵਾਸ ਦੇ ਨਾਂਹ-ਪੱਖੀ ਅਸਰ; ਧਰਮ ਤੇ ਵਿਗਿਆਨਕ ਪਹੁੰਚ; ਬੱਚੇ ਅਤੇ ਧਾਰਮਿਕ ਸਿੱਖਿਆ; ਧਰਮ ਤੇ ਸਦਾਚਾਰ; ਧਰਮ ਤੇ ਸਿਆਸਤ ਦੀ ਨੇੜਤਾ ਦੇ ਮਾਰੂ ਅਸਰ; ਧਰਮ ਤੇ ਰੱਬ ਦੇ ਨਾਂਅ ‘ਤੇ ਹੁਣ ਤੱਕ ਹੋਈ ਮਨੁੱਖੀ ਤਬਾਹੀ; ਅਜੋਕਾ ਤਕਨੀਕੀ ਯੁੱਗ ਅਤੇ ਧਰਮ; ਪੂੰਜੀਵਾਦੀ ਆਰਥਿਕ ਢਾਂਚੇ ਵਲੋਂ ਧਰਮ ਦੀ ਵਰਤੋਂ ਅਤੇ ਇਸ ਦੇ ਫੈਲਾਅ ਵਿਚ ਮੱਦਦ; ਧਾਰਮਿਕ ਗਤੀਵਿਧੀਆਂ ਵਿਚ ਨਸ਼ਟ ਹੋ ਰਿਹਾ ਸਮਾਂ ਤੇ ਸ਼ਕਤੀ; ਧਰਮ ਦੇ ਨਾਂਅ ‘ਤੇ ਹੁੰਦੇ ਦੰਗੇ; ਧਰਮ ਤੇ ਜਾਤ ਪਾਤ; ਧਰਮ ਅਤੇ ਔਰਤ ਦਾ ਸਥਾਨ ਤੇ ਸਥਿਤੀ; ਪੰਜਾਬੀਆਂ ਦੀ ਅਤੇ ਵਿਸ਼ੇਸ਼ ਕਰਕੇ ਪੰਜਾਬੀ ਬੁੱਧੀਜੀਵੀਆਂ ਦੀ ਬੌਧਿਕ ਗਰੀਬੀ; ਧਾਰਮਿਕ ਪ੍ਰਚਾਰ ਦੀ ਭਰਮਾਰ ਦੇ ਬਾਵਜੂਦ ਸਦਾਚਾਰਕ ਪੱਖੋਂ ਕੰਗਾਲੀ; ਨਾਸਤਿਕਤਾ ਦੀ ਲੋੜ; ਨਾਸਤਿਕ ਜੀਵਨ… ਆਦਿ।

ਧੰਨਵਾਦ
ਪਿਛਲੇ ਕੁਝ ਸਾਲਾਂ ਦੌਰਾਨ ਨਾਸਤਿਕਤਾ ਮੇਰੇ ਲਈ ਕਾਫੀ ਮਹੱਤਵਪੂਰਨ ਵਿਸ਼ਾ ਬਣਿਆਂ ਰਿਹਾ ਹੈ। ਮੇਰੇ ਬਹੁਤ ਸਾਰੇ ਦੋਸਤਾਂ ਨੇ ਸਮੇਂ ਸਮੇਂ ਮੇਰੇ ਵਿਚਾਰਾਂ ਨੂੰ ਸੁਣਿਆਂ ਹੈ, ਝੱਲਿਆ ਹੈ ਤੇ ਬੇਹੱਦ ਕੀਮਤੀ ਸੁਝਾਅ ਦਿੱਤੇ ਹਨ। ਇਨ੍ਹਾਂ ਵਿਚ ਸ਼ਾਮਲ ਹਨ: ਬਲਰਾਜ ਚੀਮਾ, ਸੁਖਵੰਤ ਹੁੰਦਲ, ਗੁਰਮੇਲ ਰਾਏ, ਅਜਮੇਰ ਰੋਡੇ, ਦਿਲਵਰ ਕੰਗ, ਮੇਰਾ ਛੋਟਾ ਵੀਰ ਪਾਲ ਬਿਨਿੰਗ, ਰਘਬੀਰ ਮੰਡ, ਹਰਪ੍ਰੀਤ ਸੇਖਾ ਨਵਦੀਪ ਸਿੱਧੂ ਤੇ ਹੋਰ ਬਹੁਤ ਸਾਰੇ ਦੋਸਤ। ਪਰ ਮੈਂ ਵਿਸ਼ੇਸ਼ ਤੌਰ ‘ਤੇ ਆਪਣੇ ਅਧਿਆਪਕ ਤੇ ਦੋਸਤ ਡਾਕਟਰ ਸਾਧੂ ਸਿੰਘ ਤੇ ਨਿੱਘੇ ਦੋਸਤ ਸੋਹਣ ਸਿੰਘ ਪੂਨੀ ਹੋਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੇ ਵਲੋਂ ਅਨੁਵਾਦ ਕੀਤੀਆਂ ਇਨ੍ਹਾਂ ਉਕਤੀਆਂ ਨੂੰ ਪੜ੍ਹ ਕੇ ਬਹੁਤ ਵੱਡਮੁੱਲੇ ਸੁਝਾਅ ਦਿੱਤੇ ਹਨ। ਏਥੇ ਇਹ ਗੱਲ ਕਹਿ ਦੇਣੀ ਵੀ ਜ਼ਰੂਰੀ ਹੈ ਕਿ ਇਹ ਮੇਰੇ ਦੋਸਤ ਮੇਰੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਨਹੀਂ ਹੁੰਦੇ। ਪਰ ਇਨ੍ਹਾਂ ਵਲੋਂ ਦਿਖਾਈ ਹਮਦਰਦੀ ਤੇ ਦਰਿਆਦਿਲੀ ਲਈ ਮੈਂ ਇਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ।
ਇਸ ਕੰਮ ਲਈ ਸਭ ਤੋਂ ਵੱਧ ਹੱਲਾਸ਼ੇਰੀ ਤੇ ਮੱਦਦ ਮੈਨੂੰ ਮੇਰੇ ਆਪਣੇ ਪਰਵਾਰ ਵਲੋਂ ਮਿਲੀ ਹੈ। ਮੇਰੀ ਜੀਵਨ ਸਾਥਣ ਜਗਦੀਸ਼, ਬੇਟਾ ਪ੍ਰੀਤ ਤੇ ਬੇਟੀ ਪ੍ਰੀਆ ਮੇਰੇ ਵਿਚਾਰਾਂ ਨਾਲ ਪੂਰੀ ਸਹਿਮਤੀ ਰੱਖਦੇ ਹਨ। ਇਸ ਕੰਮ ਲਈ ਇਨ੍ਹਾਂ ਦੀ ਪ੍ਰਵਾਨਗੀ ਮੇਰੇ ਲਈ ਬਹੁਤ ਮਹੱਤਵਪੂਰਨ ਹੈ। ਭਾਵੇਂ ਆਪਣਿਆਂ ਦਾ ਧੰਨਵਾਦ ਕਰਨ ਦੀ ਲੋੜ ਨਹੀਂ ਹੁੰਦੀ ਪਰ ਮੈਂ ਇਨ੍ਹਾਂ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ।
ਮੈਂ ਬਹੁਤ ਸਾਰੀਆਂ ਕਿਤਾਬਾਂ ਅਤੇ ਇੰਟਰਨੈੱਟ ਤੋਂ ਇਹ ਸਮੱਗਰੀ ਇਕੱਤਰ ਕੀਤੀ ਹੈ। ਮੈਂ ਧੰਨਵਾਦੀ ਹਾਂ ਉਨ੍ਹਾਂ ਸਾਰੇ ਸੁਹਿਰਦ ਲੋਕਾਂ ਦਾ ਜਿਨ੍ਹਾਂ ਨੇ ਸਮਾਂ ਤੇ ਸੂਝ ਲਾ ਕੇ ਇਹ ਸੋਮੇ ਤਿਆਰ ਕੀਤੇ ਹਨ।
ਸਾਧੂ ਬਿਨਿੰਗ

 

Advertisements

2 Responses to ਪੰਜਾਬੀ ਭਾਈਚਾਰਾ ਤੇ ਧਰਮ

  1. ਕੁਲਬੀਰ ਸਿੰਘ ਸ਼ੇਰਗਿੱਲ says:

    ਸਾਧੂ ਜੀ ਮੇਰੇ ਖਿਆਲ ਵਿਚ ਧਰਮ ਨੂੰ ਮੰਨਣ ਵਾਲੇ ਅਤੇ ਨਾ ਮੰਨਣ ਵਾਲੇ ਐਥਨੋਸੈਂਟਰਿਜ਼ਮ ਦੇ ਸ਼ਿਕਾਰ ਹੋ ਜਾਂਦੇ ਹਨ ਚਾਹੇ ਕੋਈ ਮੰਨੇ ਜਾਂ ਨਾ। ਇਸ ਮੁਤਾਬਕ ਇਨਸਾਨ ਆਪਣੇ ਗਰੁਪ, ਕੱਲਚਰ, ਵਿਸ਼ਵਾਸ, ਕਦਰਾਂ ਕੀਮਤਾਂ, ਲਿਖਤਾਂ ਜਾ ਬੋਲਾਂ ਨੂੰ ਹੀ ਵਧੀਆ ਤੇ ਉਤਮ ਸਮਝਦਾ ਹੈ ਅਤੇ ਦੁਸਰੇ ਦਾ ਸੱਭ ਕੁਝ ਆਪਣੇ ਤੋਂ ਘਟੀਆ ਜਾਂ ਨੀਵਾਂ। ਬਜਾਏ ਇਸ ਦੇ ਕਿ ਅਸੀਂ ਕਿਸੇ ਦੇ ਇਸ ਵਿਸ਼ਵਾਸ ਨਾਲ ਸਿੱਧੀ ਟੱਕਰ ਲਈਏ ਸਾਨੂੰ ਕੰਮ ਦੇ ਵਿਸ਼ੇ ਤੇ ਧਿਆਨ ਕੇਂਦਰਤ ਕਰਕੇ ਚੱਲਣਾ ਚਾਹੀਦਾ ਹੈ।

    • ਕੁਲਬੀਰ ਸਿੰਘ ਜੀ ਮੇਰੇ ਲੇਖ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
      ਮੈਂ ਤੁਹਾਡੀ ਗੱਲ ਸਮਝਦਾ ਹਾਂ ਪਰ ਤੁਹਾਡੇ ਨਾਲ ਸਹਿਮਤ ਨਹੀਂ। ਉਂਜ ਤਾਂ ਮੇਰੇ ਖਿਆਲ ਵਿਚ ਅਸੀਂ ਹਰ ਇਨਸਾਨ ਨੂੰ ਹੀ ਕਿਸੇ ਨਾ ਕਿਸੇ ਪੱਧਰ ‘ਤੇ ‘ਐਥਨੋਸੈਂਟਰਿਜ਼ਮ’ ਦਾ ਸ਼ਿਕਾਰ ਕਹਿ ਸਕਦੇ ਹਾਂ, ਪਰ ਫੇਰ ਵੀ ਕੁਝ ਫਰਕ ਜ਼ਰੂਰ ਹੁੰਦਾ ਹੈ। ਧਰਮ ਨੂੰ ਮੰਨਣ ਵਾਲੇ ਲੋਕਾਂ ਬਾਰੇ ਤਾਂ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਹੋਵੋਗੇ ਪਰ ਚੇਤਨ ਤੌਰ ‘ਤੇ ਨਾ ਮੰਨਣ ਵਾਲਿਆਂ (ਨਾਸਤਿਕ, ਸ਼ਾਂਕਾਵਾਦੀ …) ਬਾਰੇ ਇਹ ਗੱਲ ਆਮ ਨਹੀਂ ਕਹੀ ਜਾ ਸਕਦੀ। ਧਰਮ ਨੂੰ ਮੰਨਣ ਤੋਂ ਨਾਂਹ ਕਰਨ ਦਾ ਕਈ ਵਾਰ ਵੱਡਾ ਕਾਰਨ ਹੀ ਇਹ ਹੁੰਦਾ ਹੈ ਕਿ ਉਹ ਇਸ ਕਿਸਮ ਦੀ ਸੌੜੀ ਸੋਚ ਤੋਂ ਸੰਟੁਸ਼ਟ ਨਹੀਂ ਹੁੰਦੇ। ਮੈਂ ਜਿਨਿੰਆਂ ਕੁ ਵੀ ਨਾਸਤਿਕ ਲੋਕਾਂ ਬਾਰੇ ਪੜ੍ਹਿਆ ਜਾਣਿਆਂ ਹੈ ਮੈਨੂੰ ਉਨ੍ਹਾਂ ਵਿਚ ਸੌੜੀ ਸੋਚ ਨਹੀਂ ਦਿਸੀ ਸਗੋਂ ਇਸ ਬਾਰੇ ਉਹ ਸਾਰੇ ਹੀ ਵਿਸ਼ੇਸ਼ ਤੌਰ ‘ਤੇ ਚੇਤਨ ਹਨ।
      ਦੂਜੀ ਗੱਲ ‘ਸਿੱਧੀ ਟੱਕਰ’ ਲੈਣ ਵਾਲੀ ਵੀ ਪਹਿਲੀ ਨਜ਼ਰੇ ਬਹੁਤ ਨੇਕ ਪਹੁੰਚ ਜਾਪਦੀ ਹੈ ਪਰ ਧਿਆਨ ਨਾਲ ਸੋਚਿਆਂ, ਘੋਖਿਆਂ ਅਸੀਂ ਸ਼ਾਇਦ ਵੱਖਰੇ ਸਿੱਟੇ ‘ਤੇ ਪਹੁੰਚੀਏ। ਜੇ ਕੋਈ ਆਪਣੇ ਮਨ ਵਿਚ ਆਪਣੇ ਘਰ ਬੈਠ ਕੇ ਿਕਸੇ ਧਰਮ ਜਾਂ ਰੱਬ ਵਿਚ ਯਕੀਨ ਕਰਦਾ ਹੈ ਤਾਂ ਕਿਸੇ ਵੀ ਦੂਸਰੇ ਨੂੰ ਉਹਦੇ ਬਾਰੇ ਕਿੰਤੂ ਪਰੰਤੂ ਕਰਨ ਦਾ ਕੋਈ ਹੱਕ ਨਹੀਂ ਹੈ ਪਰ ਜੇ ਧਰਮ ਜਾਂ ਰੱਬ ਨੂੰ ਮੰਨਣ ਦਾ ਵਿਚਾਰ ਹਰ ਪਾਸਿਓਂ ਦੂਜਿਆਂ ਉੱਪਰ ਠੋਸਿਆਂ ਜਾਂਦਾ ਹੋਵੇ, ਜਿਸ ਤਰ੍ਹਾਂ ਕਿ ਹੁਣ ਹੈ, ਤਾਂ ਇਹ ਗੱਲ ਏਨੀ ਸਧਾਰਨ ਨਹੀਂ ਰਹਿ ਜਾਂਦੀ। ਪੱਛਮ ਦੇ ਲੋਕਾਂ ਦੀ ਕਾਮਯਾਬੀ ਤੇ ਸਾਡੇ ਏਥੇ ਚੰਗੇ ਜੀਵਨ ਦਾ ਮੁੱਖ ਕਾਰਨ ਇਹ ਹੈ ਿਕ ਲੰਮੀ ਜੱਦੋਜਿਹਦ ਦੇ ਨਤੀਜੇ ਵਜੋਂ ਹੁਣ ਧਰਮ ਨੂੰ ਸਟੇਟ ਤੋਂ ਕੁਝ ਹੱਦ ਤੱਕ ਪਰ੍ਹੇ ਰੱਖਿਆ ਜਾਂਦਾ ਹੈ। ਜੇ ਧਰਮ ਸਿਆਸੀ ਤਾਕਤ ਦਾ ਹਿੱਸਾ ਹੋਵੇ ( ਜਾਂ ਜਿਹਨਾਂ ਥਾਵਾਂ ਤੇ ਹੈ) ਉੱਥੇ ਦੂਜੇ ਧਰਮਾਂਂ ਜਾਂ ਸਭਿਆਚਾਰਾਂ ਨੂੰ ਕੋਈ ਸਤਿਕਾਰ ਨਹੀਂ ਮਿਲ ਸਕਦਾ।
      ਤੁਹਾਡਾ ਸੁਝਾਅ ‘ਕੰਮ ਦੇ ਵਿਸ਼ੇ ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ’ ਵੀ ਸੁਣਨ ਨੂੰ ਨੇਕ ਜਾਪਦਾ ਹੈ, ਜਿੱਦਾਂ ਆਪਣੀ ਪੰਜਾਬੀ ਦੀ ਕਹਾਵਤ ਹੈ – ਮੌਲਾ ਆਪਣੀ ਨਿਬੇੜ ਤੈਨੂੰ ਕਿਸੇ ਨਾਲ ਕੀ – ਪਰ ਇਹਦੇ ਨਾਲ ਵੀ ਸਹਿਮਤ ਹੋਣਾ ਸੰਭਵ ਨਹੀਂ। ਪੰਜਾਬੀ ਸਮਾਜ ਨੂੰ, ਪੰਜਾਬੀ ਬੋਲੀ ਨੂੰ , ਪੰਜਾਬੀ ਸਭਿਆਚਾਰ ਨੂੰ ਜਿੰਨਾ ਨੁਕਸਾਨ ਪੰਜਾਬੀਆਂ ਦਾ ਵੱਖਰੇ ਵੱਖਰੇ ਧਰਮਾਂ ਵਿਚ ਵੰਡੇ ਹੋਏ ਹੋਣ ਕਾਰਨ ਹੋਇਆ ਹੈ ਉਸ ਵਲ ਦੇਖ ਕੇ ਅਸੀਂ ਧਰਮ ਦੇ ਮਸਲੇ ਨੂੰ ਅੱਖੋਂ ਉਹਲੇ ਨਹੀਂ ਕਰ ਸਕਦੇ। ਭਾਵੇਂ ਸੁਖਾਵਾਂ ਨਾ ਹੋਵੇ ਪਰ ਸਾਨੂੰ ਇਹਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਹੀ ਪਵੇਗਾ। ਨਾਲ ਹੀ ਜੇ ਅਸੀਂ ਤੁਹਾਡੇ ਵਾਲੀ ਪਹੁੰਚ ਨੂੰ ਸਹੀ ਮੰਨ ਲਈਏ ਤਾਂ ਹੋਰ ਬਹੁਤ ਸਾਰੇ ਮਸਲੇ ਹਨ (ਜਾਤਪਾਤ, ਅਮੀਰ ਗਰੀਬ ਦਾ ਫਰਕ, ਅੌਰਤ ਮਰਦ ਵਿਚਲਾ ਫਰਕ ਆਦਿ) ਜਿਨ੍ਹਾਂ ਨੂੰ ਏਸੇ ਪਹੁੰਚ ਨਾਲ ਅੱਖੋਂ ਉਹਲੇ ਕੀਤਾ ਜਾ ਸਕਦਾ ਹੈ। ਹਾਂ ਜਿਸ ਵਿਅਕਤੀ ਨੇ ਚੇਤਨ ਜਾਂ ਅਚੇਤਨ ਇਹ ਫੈਸਲਾ ਕੀਤਾ ਹੋਇਆ ਹੋਵੇ ਕਿ ਉਹਨੇ ਸਿਰਫ ਆਪਣੇ ਜੀਵਨ ਨੂੰ ਆਪਣੇ ਆਪ ਜਾਂ ਆਪਣੇ ਪਰਵਾਰ ਤੱਕ ਹੀ ਸੀਮਤ ਰੱਖਣਾ ਹੈ ਤੇ ਬਾਹਰ ਵਾਪਰਦੀ ਕਿਸੇ ਵੀ ਹੋਰ ਗੱਲ ਬਾਰੇ ਕਿਸੇ ਕਿਸਮ ਦਾ ਵਾਸਤਾ ਨਹੀਂ ਰੱਖਣਾ ਤਾਂ ਉਹਨੂੰ ਤੁਸੀਂ ਕੁਝ ਨਹੀਂ ਕਹਿ ਸਕਦੇ। ਪਰ ਜੇ ਕੋਈ ਮਨੁੱਖਤਾ ਬਾਰੇ, ਸਮਾਜ ਬਾਰੇ, ਵਾਤਾਵਰਨ ਬਾਰੇ, ਆਰਥਿਕ ਨਾਬਰਾਬਰਤਾ ਬਾਰੇ, ਨਸਲ/ਬੋਲੀ ਆਦਿ ਅਧਾਰਤ ਵਿਤਕਰਿਆਂ ਬਾਰੇ, ਫਿਕਰ ਰੱਖਦਾ ਹੈ ਤਾਂ ਫੇਰ ਉਹਨੁੰ ਸਮਾਜ ਦੇ ਹਰ ਵਰਤਾਰੇ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕਰਨਾ ਪਵੇਗਾ ਕਿ ਕੋਈ ਚੀਜ਼ ਮਨੁੱਖ ਲਈ ਕਿੰਨੀ ਕੁ ਲਾਹੇਵੰਦ ਹੈ ਤੇ ਕਿੰਨੀ ਕਿ ਨੁਕਸਾਨ ਦੇਹ, ਸਣੇ ਧਰਮ ਦੇ।
      ਇਕ ਵਾਰ ਫੇਰ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋਗੇ।
      ਸਤਿਕਾਰ ਨਾਲ – ਸਾਧੂ ਬਿਨਿੰਗ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s