ਰਿਚਰਡ ਡਾਕਿੰਨਜ਼ ਰੱਬ ਦਾ ਭੁਲੇਖਾ (ਦਾ ਗੌਡ ਡਿਲਿਊਯਨ)
ਸਾਧੂ ਬਿਨਿੰਗ
ਪੱਛਮ ਵਿੱਚ ਨਾਸਤਿਕਤਾ ਦੇ ਹੱਕ ਵਿੱਚ ਬੋਲਣ ਵਾਲੀਆਂ ਬਹੁਤ ਸਾਰੀਆਂ ਆਵਾਜ਼ਾਂ ਪਿਛਲੇ ਕੁਝ ਵਰ੍ਹਿਆਂ ਤੋਂ ਉੱਚੀਆਂ ਹੋਈਆਂ ਹਨ। ਇਨ੍ਹਾਂ ਵਿੱਚੋਂ ਸੱਭ ਤੋਂ ਵੱਧ ਬੁਲੰਦ ਆਵਾਜ਼ ਇੰਗਲੈਂਡ ਦੇ ਵਿਗਿਆਨੀ ਰਿਚਰਡ ਡਾਕਿੰਨਜ਼ ਦੀ ਹੈ। ਉਹਦਾ ਵਿਚਾਰ ਹੈ ਕਿ ਰੱਬ ਦਾ ਭੁਲੇਖਾ ਮਨੁੱਖਤਾ ਲਈ ਬੇਹੱਦ ਹਾਨੀਕਾਰਕ ਹੈ ਅਤੇ ਇਸ ਤੋਂ ਜਿੰਨੀ ਛੇਤੀ ਹੋ ਸਕੇ ਪਿੱਛਾ ਛੁਡਾਇਆ ਜਾਣਾ ਚਾਹੀਦਾ ਹੈ। ਧਰਮ ਬਾਰੇ ਉਹ ਰੌਬਰਟ ਐਮ ਪਿਰਸਿਗ ਦੀ ਇਸ ਗੱਲ ਨਾਲ ਪੂਰੀ ਸਹਿਮਤੀ ਪ੍ਰਗਟ ਕਰਦਾ ਹੈ ਕਿ “ਜਦੋਂ ਇਕ ਬੰਦਾ ਕਿਸੇ ਭੁਲੇਖੇ ਦਾ ਸ਼ਿਕਾਰ ਹੁੰਦਾ ਹੈ ਤਾਂ ਉਹਨੂੰ ਪਾਗਲਪਨ ਕਿਹਾ ਜਾਂਦਾ ਹੈ। ਜਦੋਂ ਬਹੁਤ ਸਾਰੇ ਲੋਕ ਕਿਸੇ ਭੁਲੇਖੇ ਦਾ ਸ਼ਿਕਾਰ ਹੋਣ ਤਾਂ ਉਹਨੂੰ ਧਰਮ ਕਿਹਾ ਜਾਂਦਾ ਹੈ।”
ਰਿਚਰਡ ਡਾਕਿੰਨਜ਼ ਦੀ ਰੱਬ ਦਾ ਭੁਲੇਖਾ ਨਾਂ ਦੀ ਕਿਤਾਬ 2006 ਵਿੱਚ ਛਪੀ ਸੀ ਤੇ ਦਿਨਾਂ ਵਿੱਚ ਹੀ ਸੱਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਕਿਤਾਬਾਂ ਦੀ ਲਿਸਟ ਦੇ ਸਿਰੇ ‘ਤੇ ਜਾ ਪਹੁੰਚੀ। ਉਹ ਇਸ ਤੋਂ ਪਹਿਲਾਂ ਵੀ ਵਿਗਿਆਨ, ਖਾਸ ਕਰ ਡਾਰਵਿਨ ਦੀ ‘ਕੁਦਰਤੀ ਚੋਣ’ (ਨੈਚਰੁਲ ਸਿਲੈਕਸ਼ਨ) ਥਿਊਰੀ ਬਾਰੇ ਤੇ ਨਾਸਤਿਕਤਾ ਬਾਰੇ ਕਈ ਕਿਤਾਬਾਂ ਲਿਖ ਚੁੱਕਾ ਹੈ। ਆਪਣੀਆਂ ਪਹਿਲੀਆਂ ਕਿਤਾਬਾਂ ਬਾਰੇ ਉਹ ਕਹਿੰਦਾ ਹੈ ਕਿ “ਉਹ ਕਿਸੇ ਨੂੰ ਬਦਲਣ ਬਾਰੇ ਨਹੀਂ ਸਨ ਪਰ ਮੇਰੀ ਇਹ ਕਿਤਾਬ ਇਸੇ ਮਕਸਦ ਲਈ ਹੈ।” ਉਸ ਦੀ ਇਸ ਕਿਤਾਬ ਨਾਲ ਨਾਸਤਿਕਤਾ ਜਾਂ ਰੱਬ ਦੀ ਹੋਂਦ/ਅਣਹੋਂਦ ਬਾਰੇ ਸੰਵਾਦ ਇਕ ਵੱਖਰੀ ਉੱਚਾਈ ‘ਤੇ ਪਹੁੰਚ ਗਿਆ। ਇਹ ਸਰਗਰਮ ਚਰਚਾ ਦਾ ਮਾਹੌਲ ਸਿਰਜਣ ਵਿੱਚ ਸੈਮ ਹੈਰਿਸ, ਕਰਿਸਟੋਫਰ ਹਿਚਨਜ਼ ਤੇ ਡੈਨੀਅਲ ਡਿਨਿੱਟ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੀਆਂ ਆਵਾਜ਼ਾਂ ਵੀ ਰਲ਼ੀਆਂ ਹੋਈਆਂ ਹਨ। ਡਾਕਿੰਨਜ਼ ਦੀ ਕਿਤਾਬ ਵਾਂਗ ਹੀ ਹਿਚਨਜ਼ ਦੀ ‘ਗੌਡ ਇਜ਼ ਨਾਟ ਗਰੇਟ’ ਤੇ ਸੈਮ ਹੈਰਿਸ ਦੀਆਂ ‘ਇੰਡ ਆਫ ਫੇਥ’ ਤੇ ‘ਲੈਟਰ ਟੂ ਏ ਕਰਿਸੀਚੀਅਨ ਨੇਸ਼ਨ’ ਵੀ ਬਹੁਤ ਚਰਚਾ ਵਿੱਚ ਹਨ।
ਡਾਕਿੰਨਜ਼ ਵਿਗਿਆਨੀ ਅਤੇ ਆਪਣੀਆਂ ਲਿਖਤਾਂ ਵਿੱਚ ਸਖਤ ਧਰਮ ਵਿਰੋਧੀ ਹੋਣ ਦੇ ਨਾਲ ਨਾਲ ਆਪਣੇ ਵਿਚਾਰ ਲੋਕਾਂ ਵਿੱਚ ਫੈਲਾਉਣ ਲਈ ਸਰਗਰਮੀ ਨਾਲ ਕੰਮ ਵੀ ਕਰਦਾ ਹੈ। ਉਹਨੇ ‘ਰੂਟਸ ਆਫ ਆਲ ਈਵਲ’ ਨਾਂ ਦੀ ਮਸ਼ਹੂਰ ਦਸਤਾਵੇਜੀ ਫਿਲਮ ਵਰਗੀਆਂ ਫਿਲਮਾਂ ਵੀ ਬਣਾਈਆਂ ਹਨ ਤੇ ਲੰਡਨ ਦੀਆਂ ਬੱਸਾਂ ‘ਤੇ ਨਾਸਤਿਕਾਂ ਵਲੋਂ ਲਿਖਵਾਇਆ ਸੁਨੇਹਾ – ‘ਦੇਅਰ ਇਜ਼ ਪਰਾਬੇਬਲੀ ਨੋ ਗੌਡ, ਸੋ ਸਟਾਪ ਵਰੀਅਇੰਗ ਐਂਡ ਇਨਜੁਆਏ ਯੂਅਰ ਲਾਈਫ’ – ਸ਼ੁਰੂ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਲੰਡਨ ਤੋਂ ਸ਼ੁਰੂ ਹੋਈ ਨਾਸਤਿਕ ਇਸ਼ਤਿਹਾਰਾਂ ਦੀ ਇਹ ਲਹਿਰ ਦੁਨੀਆਂ ਦੇ ਕਈ ਹੋਰ ਮੁਲਕਾਂ ਦੇ ਸ਼ਹਿਰਾਂ ਵਿੱਚ ਵੀ ਫੈਲ ਰਹੀ ਹੈ। ਰੱਬ ਅਤੇ ਧਰਮ ਦੇ ਭੁਲੇਖੇ ਨੂੰ ਨਿਹਾਇਤ ਹੀ ਤਿੱਖੀ ਸੁਰ ਵਿੱਚ ਮਲੀਆ ਮੇਟ ਕਰਨ ਅਤੇ ਨਾਸਤਿਕਤਾ ਨੂੰ ਇਕ ਮੁਹਿੰਮ ਵਜੋਂ ਲੋਕਾਂ ਵਿੱਚ ਪ੍ਰਚਾਰਨ ਸਦਕਾ ਉਹ ਜਿੱਥੇ ਨਾਸਤਿਕਾਂ ਲਈ ਨਾਇਕ ਬਣਿਆ ਹੈ ਉੱਥੇ ਉਹ ਸ਼ੰਕਾਵਾਦੀ (ਐਗਨੌਸਟਿਕਜ਼) ਵਿਗਿਆਨੀਆਂ, ਚਿੰਤਕਾਂ ਤੇ ਖਾਸ ਕਰ ਇਸਾਈ ਧਰਮ ਦੇ ਚਿੰਤਕਾਂ ਲਈ ਨਫਰਤ ਦਾ ਪਾਤਰ ਵੀ ਬਣਿਆ ਹੈ। ਉਸ ਦੀ ਕਿਤਾਬ ਬਾਰੇ ਲਿਖੇ ਗਏ ਵੱਡੀ ਗਿਣਤੀ ਰੀਵੀਊ ਉਸ ਨੂੰ ਇਹ ਕਹਿ ਕੇ ਛੁਟਿਆਉਂਦੇ ਹਨ ਕਿ ਉਹਨੂੰ ਬਾਇਓਲਿਜੀ ਤੋਂ ਬਿਨਾਂ ਹੋਰ ਕਿਸੇ ਚੀਜ਼ ਬਾਰੇ ਕੁਝ ਪਤਾ ਹੀ ਨਹੀਂ, ਖਾਸ ਕਰ ਇਸਾਈ ਧਰਮ ਦੀ ਡੂੰਘੀ ਵਿਚਾਰਧਾਰਾ ਬਾਰੇ।
ਰੱਬ ਦਾ ਭੁਲੇਖਾ ਕਿਤਾਬ ਅਨੇਕਾਂ ਵੱਖਰੇ ਵੱਖਰੇ ਕੋਣਾਂ ਤੋਂ ਰੱਬ ਦੀ ਹੋਂਦ ਦੇ ਵਿਚਾਰ ਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਰੱਦ ਕਰਦੀ ਹੈ ਤੇ ਪਾਠਕ ਨੂੰ ਕਦਮ ਕਦਮ ‘ਤੇ ਆਪਣੇ ਅੰਦਰੋਂ ਇਸ ਸਭ ਤੋਂ ਵੱਡੇ ਭੁਲੇਖੇ ਨੂੰ ਕੱਢਣ ਲਈ ਸੁਝਾਅ ਦਿੰਦੀ ਹੈ। ਕਿਤਾਬ ਦੇ ਮੁੱਖਬੰਦ ਵਿੱਚ ਡਾਕਿੰਨਜ਼ ਇਸ ਦੇ ਮਕਸਦ ਬਾਰੇ ਕਹਿੰਦਾ ਹੈ: “ਇਹ (ਕਿਤਾਬ) ਬੁੱਧੀ ਨੂੰ ਉੱਚਾ ਚੁੱਕਣ ਬਾਰੇ ਹੈ – ਇਸ ਗੱਲ ਬਾਰੇ ਸੂਝ ਵਧਾਉਣ ਲਈ ਕਿ ਨਾਸਤਿਕ ਹੋਣਾ ਇਕ ਖੂਬਸੂਰਤ, ਬਹਾਦਰ ਤੇ ਵਾਸਤਵਿਕ ਖਾਹਿਸ਼ ਹੈ।“
ਉਹ ਸਿਪਨੋਜ਼ਾ, ਵਾਲਟੇਅਰ, ਡਿਡਰੋਟ, ਆਈਨਸਟਾਈਨ, ਹਾਕਿੰਗਜ਼ ਤੇ ਅਜਿਹੇ ਹੋਰ ਚਿੰਤਕਾਂ ਤੇ ਵਿਗਿਆਨੀਆਂ ਦੇ ਵਿਚਾਰਾਂ ਦੀ ਚਰਚਾ ਕਰਦਾ ਹੋਇਆ ਕਹਿੰਦਾ ਹੈ ਕਿ ਇਹ ਸਿਆਣੇ ਲੋਕ ਧਾਰਮਿਕ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਸੀ ਪਹੁੰਚਾਉਣੀ ਚਾਹੁੰਦੇ ਇਸ ਕਰਕੇ ਉਹ ਆਪਣੇ ਆਪ ਨੂੰ ਸਾਫ ਸਾਫ ਨਾਸਤਿਕ ਨਹੀਂ ਸਨ ਕਹਿੰਦੇ। ਇਹ ਲੋਕ ਬਹੁਤੀ ਵਾਰੀ ਆਪਣੀ ਗੱਲ ਕਰਨ ਲੱਗੇ ਸ਼ਬਦਾਵਲੀ ਵੀ ਧਾਰਮਿਕ ਲੋਕਾਂ ਵਾਲੀ ਹੀ ਵਰਤਦੇ ਸਨ। ਉਹ ਕਦੇ ਆਈਨਸਟਾਈਨ ਵਾਂਗ ਰੱਬ ਨੂੰ ਕੁਦਰਤ ਦੇ ਰੂਪ ਵਿੱਚ ਦੇਖਦੇ ਸਨ ਤੇ ਬਹੁਤੇ ਰੱਬ ਨੂੰ ਉਸ ਕਿਸਮ ਦਾ ਖਿਆਲਦੇ ਸਨ ਜਿਹੜਾ ਇਸਾਈਆਂ ਦੀ ਬਾਈਬਲ ਵਿਚਲੇ ਰੱਬ ਨਾਲ ਕਿਸੇ ਤਰ੍ਹਾਂ ਵੀ ਮੇਲ ਨਹੀਂ ਸੀ ਖਾਂਦਾ। ਉਨ੍ਹਾਂ ਦੇ ਵਿਚਾਰ ਵਿੱਚ ਰੱਬ ਕੋਈ ਅਰਦਾਸਾਂ ਸੁਣ ਕੇ ਬੁੱਤੀਆਂ ਸਾਰਨ ਵਾਲੀ ਸ਼ੈਅ ਨਹੀਂ ਤੇ ਨਾ ਹੀ ਉਹ ਕੋਈ ਖਾਹ ਮਖਾਹ ਡਰਾਉਣ ਧਮਕਾਉਣ ਵਾਲੀ ਸ਼ੈਅ ਹੈ। ਡਾਕਿੰਨਜ਼ ਦਾ ਕਹਿਣਾ ਹੈ ਕਿ ਜੇ ਇਨ੍ਹਾਂ ਚਿੰਤਕਾਂ ਦੇ ਵਿਚਾਰਾਂ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕੀਤੀ ਜਾਵੇ ਤਾਂ ਉਹ ਨਾਸਤਿਕ ਹੀ ਸਨ। ਇਸ ਪਹਿਲੇ ਕਾਂਡ ਦਾ ਨਾਂਅ ਉਸ ਨੇ ਬੜਾ ਢੁੱਕਵਾਂ ਰੱਖਿਆ ਹੈ ਜੋ ਆਈਨਸਟਾਈਨ ਦੇ ਕਥਨ ‘ਤੇ ਅਧਾਰਤ ਹੈ: ‘ਡੀਪਲੀ ਰਿਲਿਜਿਅਸ ਨਾਨਬਿਲੀਵਰ’। ਡਾਕਿੰਨਜ਼ ਸਮਝਦਾ ਹੈ ਕਿ ਧਾਰਮਿਕ ਲੋਕ ਆਪਣੇ ਮਕਸਦ ਲਈ ਇਨ੍ਹਾਂ ਚਿੰਤਕਾਂ ਦੇ ਵਿਚਾਰਾਂ ਦੀ ਗਲਤ ਵਰਤੋਂ ਕਰਦੇ ਹਨ। ਇਨ੍ਹਾਂ ਚਿੰਤਕਾਂ ਤੋਂ ਹਟ ਕੇ ਡਾਕਿੰਨਜ਼ ਦਾ ਆਪਣਾ ਵਿਚਾਰ ਹੈ ਕਿ ਧਰਮ ਅਸਲ ਵਿੱਚ ਕਿਸੇ ਵੀ ਸਤਿਕਾਰ ਦਾ ਹੱਕਦਾਰ ਨਹੀਂ ਹੈ। ਇਹ ਸਤਿਕਾਰ ਲੋਕਾਂ ਦੇ ਮਨਾਂ ਵਿੱਚ ਨਰਕ ਦਾ ਡਰ ਤੇ ਸਵਰਗ ਦਾ ਲਾਲਚ ਦੇ ਕੇ ਬਚਪਨ ਤੋਂ ਹੀ ਪੈਦਾ ਕੀਤਾ ਜਾਂਦਾ ਹੈ ਅਤੇ ਇਹ ਅਮਲ ਖਤਮ ਕੀਤਾ ਜਾਣਾ ਚਾਹੀਦਾ ਹੈ। ਆਪਣੀ ਸਾਰੀ ਕਿਤਾਬ ਵਿੱਚ ਉਹ ਵੱਖਰੇ ਵੱਖਰੇ ਤਰੀਕਿਆਂ ਨਾਲ ਮੁੱਖ ਤੌਰ ‘ਤੇ ਇਸੇ ਗੱਲ ‘ਤੇ ਜ਼ੋਰ ਦਿੰਦਾ ਹੈ। ਉਹ ਸਮਾਜ ਵਿੱਚ ਧਰਮ ਦੇ ਬਣੇ ਰੋਅਬ ਤੇ ਸਤਿਕਾਰਤ ਥਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਉਹਦਾ ਕਹਿਣਾ ਹੈ ਕਿ ਤੁਸੀਂ ਸਮਾਜ ਵਿੱਚ ਹੋਰ ਕਿਸੇ ਵੀ ਚੀਜ਼ ਸਬੰਧੀ ਕਿਸੇ ਤਰ੍ਹਾਂ ਦੇ ਵੀ ਵਿਚਾਰ ਦਰਸਾ ਸਕਦੇ ਹੋ ਪਰ ਧਰਮ ਬਾਰੇ ਕਿਸੇ ਕਿਸਮ ਦੀ ਵੀ ਅਲੋਚਨਾ ਸਹਿਣ ਨਹੀਂ ਕੀਤੀ ਜਾਂਦੀ। ਇਸ ਸਥਿਤੀ ਨੂੰ ਉਹ ਕਿਸੇ ਵੀ ਸਮਾਜ ਲਈ ਤੇ ਮਨੁੱਖਤਾ ਲਈ ਸਿਹਤਮੰਦ ਨਹੀਂ ਸਮਝਦਾ ਤੇ ਬਦਲਣਾ ਚਾਹੁੰਦਾ ਹੈ।
ਪਹਿਲਾਂ ਜ਼ਿਕਰ ‘ਚ ਆਏ ਦੂਜੇ ਲੇਖਕਾਂ ਵਾਂਗ ਡਾਕਿੰਨਜ਼ ਵੀ ਆਪਣੀ ਬਹੁਤੀ ਗੱਲਬਾਤ ਦਾ ਅਧਾਰ ਬਾਈਬਲ ਤੇ ਇਸਾਈਅਤ ਨੂੰ ਹੀ ਬਣਾਉਂਦਾ ਹੈ। ਇਹ ਸ਼ਾਇਦ ਸੁਭਾਵਕ ਵੀ ਹੈ। ਉਂਝ ਇਸ ਨਾਲ ਇਕ ਘਾਟ ਜ਼ਰੂਰ ਮਹਿਸੂਸ ਹੁੰਦੀ ਹੈ। ਉਦਾਹਰਨ ਵਜੋਂ, ਭਾਰਤ ਵਿੱਚ ਰੱਬ ‘ਚ ਯਕੀਨ ਦੇ ਨਾਲ ਨਾਲ ਸਦੀਆਂ ਤੋਂ ਹੀ ਇਸ ਦੇ ਵਿਰੋਧੀ ਵਿਚਾਰ ਵੀ ਚਲਦੇ ਰਹੇ ਹਨ। ਬਾਹਰਲੇ ਲੇਖਕ ਬੁੱਧ ਦਾ ਜ਼ਿਕਰ ਤਾਂ ਜ਼ਰੂਰ ਕਰਦੇ ਹਨ ਪਰ ਚਾਰਵਾਕ ਜਾਂ ਰੱਬ ਦੀ ਹੋਂਦ ਤੋਂ ਨਾਬਰ ਹੋਰ ਭਾਰਤੀ ਚਿੰਤਕਾਂ ਦਾ ਕਦੇ ਨਾਂ ਤੱਕ ਨਹੀਂ ਲੈਂਦੇ। ਨਾਸਤਿਕਤਾ ਬਾਰੇ ਆਪਣੀ ਮਹੱਤਵਪੂਰਨ ਕਿਤਾਬ ‘ਇੰਡੀਅਨ ਏਥੀਇਜ਼ਮ’ ਵਿਚ ਦੇਬੀਪ੍ਰਸਾਦ ਚੱਟੋਪਾਧਿਆਏ ਨਾਸਤਿਕਤਾ ਦੇ ਅਰਥ ਦੱਸਦਿਆਂ ਕਹਿੰਦਾ ਹੈ: “ਭਾਰਤੀ ਸੰਦਰਭ ਵਿਚ, ਰੱਬ ਨੂੰ ਇਸੇ ਸੁਨਿਸ਼ਚਿੱਤ ਭਾਵ (ਸਟਰਿਕਟ ਸੈਂਸ) ਨਾਲ ਹੀ ਸਮਝਿਆ ਜਾਣਾ ਚਾਹੀਦਾ ਹੈ ਕਿ ਉਹ ਦੁਨੀਆਂ ਨੂੰ ਸਿਰਜਣ ਵਾਲਾ ਤੇ ਇਸ ਦਾ ਸਦਾਚਾਰਕ ਮੁਖੀ (ਮੌਰਲ ਗਵਰਨਰ) ਹੈ ਅਤੇ ਆਸਤਿਕਤਾ ਦਾ ਅਰਥ ਇਸ ਨੂੰ ਮੰਨਣਾ ਹੈ। … ਤੇ ਇਸ ਸੁਨਿਸ਼ਚਿੱਤ ਭਾਵ ਅਨੁਸਾਰ ਭਾਰਤੀ ਦਾਰਸ਼ਨਿਕਾਂ ਦੀ ਵੱਡੀ ਗਿਣਤੀ ਨਾਸਤਿਕ ਸਨ। ਉਨ੍ਹਾਂ ਵਾਸਤੇ ਰੱਬ ਇਕ ਸਧਾਰਨ ਅੰਧਵਿਸ਼ਵਾਸ ਹੈ, ਇਕ ਖਾਲੀ ਮਨੌਤ, ਇਕ ਗਲਤ ਦਿਸ਼ਾਵੀ ਸਤਿਕਾਰ ਦਾ ਪਾਤਰ।” ਪਰ ਇਹ ਗੱਲ ਹੈਰਾਨੀ ਤੇ ਦਿਲਚਸਪੀ ਵਾਲੀ ਹੈ ਕਿ ਨਾਸਤਿਕਤਾ ਬਾਰੇ ਗੱਲ ਕਰਨ ਵਾਲੇ ਬਾਹਰਲੇ ਲੇਖਕ ਵੀ ਭਾਰਤ ਨੂੰ ਸਦਾ ਤੋਂ ਹੀ ਇਕ ਧਾਰਮਿਕ ਸਥਾਨ ਵਜੋਂ ਦੇਖਦੇ ਹਨ।
ਰਿਚਰਡ ਡਾਕਿੰਨਜ਼ ਆਪਣੀ ਗੱਲ ਪੁਰਾਣੀ ਬਾਈਬਲ ਜਾਂ ਓਲਡ ਟੈਸਟਾਮੈਂਟ ਤੋਂ ਸ਼ੁਰੂ ਕਰਦਾ ਹੈ ਕਿ ਉਸ ਵਿੱਚ ਚਿੱਤਰਿਆ ਰੱਬ “ਵਿਵਾਦਪੂਰਨ ਤੌਰ ‘ਤੇ ਹੁਣ ਤੱਕ ਦੇ ਸਾਰੇ ਕਾਲਪਨਿਕ ਸਾਹਿਤ ਵਿੱਚ ਸਭ ਤੋਂ ਵੱਧ ਨਾਗਵਾਰ ਕਿਰਦਾਰ ਹੈ: ਈਰਖਾਲੂ ਤੇ ਆਪਣੀ ਇਸ ਆਦਤ ‘ਤੇ ਮਾਣ ਕਰਨ ਵਾਲਾ; ਘਟੀਆ, ਬੇਇਨਸਾਫ, ਕਦੇ ਨਾ ਮੁਆਫ ਕਰਨ ਵਾਲਾ ਤੇ ਦੂਜਿਆਂ ਨੂੰ ਕਬਜ਼ੇ ‘ਚ ਰੱਖਣ ਵਾਲਾ ਜਨੂੰਨੀ; ਬਦਲੇਖੋਰਾ, ਦੂਜੇ ਫਿਰਕਿਆਂ ਦੇ ਖੂਨ ਦਾ ਪਿਆਸਾ; ਔਰਤ ਦੁਸ਼ਮਣ, ਸਮਲਿੰਗੀਆਂ ਨੂੰ ਨਫਰਤ ਕਰਨ ਵਾਲਾ, ਨਸਲਵਾਦੀ, ਨਵਜੰਮਿਆਂ ਦਾ ਕਾਤਲ, ਨਸਲਕੁਸ਼, ਪੁੱਤਰਮਾਰ, ਪਲੇਗ ਫੈਲਾਉਣ ਵਾਲਾ ਘਾਤਕ, ਅਹੰਕਾਰੀ, ਤਾਕਤਖੋਰਾ, ਕਰੂਰਤਾਪੂਰਨ ਸੰਭੋਗੀ, ਮਨਮਰਜੀ ਕਰਨ ਵਾਲਾ ਤੇ ਦੂਜਿਆਂ ਨੂੰ ਦੁੱਖ ਦੇਣ ਵਾਲਾ ਧੱਕੜ।” ਰੱਬ ‘ਚ ਯਕੀਨ ਕਰਨ ਵਾਲੇ ਕੁਝ ਇਸਾਈ ਇਹ ਕਹਿਣ ਦੀ ਕੋਸ਼ਸ਼ ਕਰਦੇ ਹਨ ਕਿ ਇਸ ਕਿਸਮ ਦੇ ਰੱਬ ਵਿੱਚ ਉਹ ਵੀ ਯਕੀਨ ਨਹੀਂ ਕਰਦੇ। ਡਾਕਿੰਨਜ਼ ਦਾ ਜਵਾਬ ਹੈ: “ਮੈਂ ਕਿਸੇ ਇਕ ਵਿਸ਼ੇਸ਼ ਰੱਬ ਜਾਂ ਰੱਬਾਂ ‘ਤੇ ਹਮਲਾ ਨਹੀਂ ਕਰ ਰਿਹਾ। ਮੈਂ ਤਾਂ ਰੱਬ ‘ਤੇ, ਹਰ ਰੱਬ ‘ਤੇ ਕਿਸੇ ‘ਤੇ ਵੀ ਤੇ ਹਰ ਕਿਸੇ ਕਰਾਮਾਤੀ (ਸੁਪਰਨੈਚੁਰਲ) ਚੀਜ਼ ਜਿੱਥੇ ਵੀ ਤੇ ਜਦੋਂ ਵੀ ਘੜੀ ਗਈ ਹੋਵੇ ਜਾਂ ਘੜੀ ਜਾਵੇਗੀ, ਉਸ ‘ਤੇ ਹਮਲਾ ਕਰ ਰਿਹਾ ਹਾਂ।”
ਰੱਬ ਦੇ ਮਨਘੜਤ ਵਿਚਾਰ ਨੂੰ ਡਾਕਿੰਨਜ਼ ਹਰ ਪੱਖ ਤੋਂ ਨੰਗਾ ਕਰਦਾ ਹੈ। ਉਹ ਅਜੋਕੇ ਸ਼ੰਕਾਵਾਦੀਆਂ ਤੇ ਹੋਰ ਅਜਿਹੇ ਅੱਧ-ਵਿਚਾਲੇ ਵਿਚਾਰ ਰੱਖਣ ਵਾਲੇ ਲੋਕਾਂ ਦੀ ਵੀ ਤਿੱਖੀ ਅਲੋਚਨਾ ਕਰਦਾ ਹੈ। ਬੀਮਾਰੀ ਜਾਂ ਕਿਸੇ ਹੋਰ ਆਫਤ ਸਮੇਂ ਪ੍ਰਮਾਤਮਾ ਅੱਗੇ ਕੀਤੀਆਂ ਅਰਦਾਸਾਂ ਦਾ ਵੀ ਉਹ ਵਿਸਥਾਰ ਵਿੱਚ ਪੋਲ ਖੋਲ੍ਹਦਾ ਹੈ। ਉਹ ਆਪਣਾ ਧਿਆਨ ਖਾਸ ਕਰ ਅਜੋਕੇ ਸਮੇਂ ਅਮਰੀਕਾ ਵਿੱਚ ਧਰਮ ਦੀ ਪਕੜ ਵੱਲ ਲਾਉਂਦਾ ਹੈ। ਜਿੱਥੇ ਅਮਰੀਕਾ ਨੂੰ ਸਥਾਪਤ ਕਰਨ ਵਾਲੇ -ਫਾਊਂਡਿੰਗ ਫਾਦਰਜ਼ – ਥੌਮਸ ਜੈਫਰਸਨ, ਜੇਮਜ਼ ਮੈਡਿਸਨ, ਜੌਹਨ ਐਡਮਜ਼ ਤੇ ਬੈਂਜਾਮਿਨ ਫਰੈਂਕਲਿਨ ਆਦਿ ਸੈਕੂਲਰ ਸੋਚ ਵਾਲੇ ਸਨ ਤੇ ਧਰਮ ਨੂੰ ਹਰ ਹੀਲੇ ਸਟੇਟ ਤੋਂ ਵੱਖ ਰੱਖਣਾ ਚਾਹੁੰਦੇ ਸਨ, ਅਜੋਕੀ ਸਿਆਸਤ ਇਸ ਤੋਂ ਉਲਟ ਦਿਸ਼ਾ ਵਲ ਚੱਲ ਰਹੀ ਹੈ। ਉਹ ਵੱਡੇ ਜੌਰਜ ਬੁੱਸ਼ ਦੀ ਉਦਾਹਰਨ ਦਿੰਦਾ ਹੈ। ਨਾਸਤਿਕਾਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਬੁੱਸ਼ ਨੇ ਕਿਹਾ:”ਨਹੀਂ, ਮੈਨੂੰ ਨਹੀਂ ਪਤਾ ਕਿ ਨਾਸਤਿਕਾਂ ਨੂੰ ਅਮਰੀਕਣ ਸ਼ਹਿਰੀ ਮੰਨਿਆ ਜਾਣਾ ਚਾਹੀਦਾ ਹੈ, ਨਾ ਹੀ ਉਹ ਦੇਸ਼ ਭਗਤ ਕਹਾ ਸਕਦੇ ਹਨ। ਪ੍ਰਮਾਤਮਾ ਦੀ ਛਤਰ-ਛਾਇਆ ਥੱਲੇ ਇਹ ਮੁਲਕ ਵਸਦਾ ਹੈ।” ਆਪਣੇ ਇਸ ਦੂਜੇ ਕਾਂਡ ਨੂੰ ਉਸ ਨੇ ਰੱਬ ਦੀ ਪਰਿਕਲਪਨਾ (ਗੌਡ ਹਿਪੋਥਿਸਿਸ) ਦਾ ਨਾਂਅ ਦਿੱਤਾ ਹੈ। ਇਸ ਕਾਂਡ ਵਿੱਚ ਵੀ ਤੇ ਕਈ ਹੋਰ ਥਾਵੀਂ ਵੀ ਉਹ ਵਿਗਿਆਨ ਦੇ ਕਈ ਏਨੇ ਗੂਹੜੇ ਵਿਚਾਰ ਪੇਸ਼ ਕਰਦਾ ਹੈ ਕਿ ਉਹ ਆਮ ਪਾਠਕ ਦੀ ਸਮਝ ਤੋਂ ਬਾਹਰ ਚਲੇ ਜਾਂਦੇ ਹਨ ਪਰ ਮੋਟੇ ਤੌਰ ‘ਤੇ ਉਹ ਕੀ ਕਹਿ ਰਿਹਾ ਹੈ ਇਸ ਬਾਰੇ ਕਦੇ ਕੋਈ ਭੁਲੇਖਾ ਪੈਦਾ ਨਹੀਂ ਹੁੰਦਾ।
ਡਾਕਿੰਨਜ਼ ਇਸਾਈਆਂ ਵਲੋਂ ਰੱਬ ਦੀ ਹੋਂਦ ਦੇ ਸਬੰਧ ਵਿੱਚ ਦਿੱਤੀਆਂ ਜਾਂਦੀਆਂ ਦਲੀਲਾਂ ਦੀ ਵਿਸਥਾਰ ਵਿੱਚ ਛਾਣਬੀਣ ਕਰਦਾ ਹੈ ਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ। ਕੁਝ ਲੋਕ ਕੁਦਰਤੀ ਸੁੰਦਰਤਾ ਨੂੰ ਦੇਖ ਕੇ ਕਹਿ ਦਿੰਦੇ ਹਨ ਕਿ ਇਹ ਰੱਬ ਨੇ ਪੈਦਾ ਕੀਤੀ ਹੈ। ਕੁਝ ਲੋਕ ਜਾਤੀ ਪੱਧਰ ‘ਤੇ ਹੋਏ ਤਜਰਬਿਆਂ ਨੂੰ ਅਧਾਰ ਬਣਾ ਕੇ ਸਿੱਧ ਕਰਨ ਦੀ ਕੋਸ਼ਸ਼ ਕਰਦੇ ਹਨ ਕਿ ਰੱਬ ਹੈ। ਡਾਕਿੰਨਜ਼ ਦਿਮਾਗ ਦੀ ਸੋਚਣ ਤੇ ਕਲਪਨਾ ਕਰਨ ਦੀ ਸ਼ਕਤੀ ਨੂੰ ਤਾਂ ਮੰਨਦਾ ਹੈ ਪਰ ਉਹਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਜਾਤੀ ਪੱਧਰ ‘ਤੇ ਕੋਈ ਤਜਰਬਾ ਹੋਇਆ ਹੋਵੇ ਉਹ ਤਾਂ ਅਜਿਹੀ ਗੱਲ ਮੰਨ ਲੈਣਗੇ ਪਰ ਜਿਨ੍ਹਾਂ ਨੂੰ ਨਹੀਂ ਹੋਇਆ ਉਹ ਕਿਸ ਅਧਾਰ ‘ਤੇ ਮੰਨਣ? ਉਦਾਹਰਨ ਵਜੋਂ, ਇਸਾਈ ਮੱਤ ਦੇ ਤੇਰਵੀਂ ਸਦੀ ਦੇ ਚਿੰਤਕ ਥੌਮਸ ਅਕੀਨਸ ਵਲੋਂ ਦਿੱਤੇ ਸਬੂਤਾਂ ਸਬੰਧੀ ਉਹਦਾ ਕਹਿਣਾ ਹੈ ਕਿ ਉਹ ਕੁਝ ਵੀ ਸਾਬਤ ਨਹੀਂ ਕਰਦੇ। ਅਕੀਨਸ ਦਾ ਵਿਚਾਰ ਸੀ ਕਿ ਹਰ ਚੀਜ਼ ਕਿਸੇ ਦੇ ਬਣਾਇਆਂ ਹੀ ਬਣਦੀ ਹੈ। ਇਸ ਕਰਕੇ ਇਸ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਵੀ ਜ਼ਰੂਰ ਕੋਈ ਹੋਵੇਗਾ ਤੇ ਉਹ ਰੱਬ ਹੀ ਹੋ ਸਕਦਾ ਹੈ। ਪਰ ਨਾ ਹੀ ਅਕੀਨਸ ਤੇ ਨਾ ਹੀ ਹੁਣ ਤੱਕ ਕੋਈ ਹੋਰ ਧਾਰਮਿਕ ਚਿੰਤਕ ਇਸ ਗੱਲ ਦਾ ਜਵਾਬ ਦੇ ਸਕਿਆ ਹੈ ਕਿ ਫੇਰ ਰੱਬ ਕਿੱਥੋਂ ਆਇਆ, ਉਸ ਨੂੰ ਕਿਸ ਨੇ ਸਿਰਜਿਆ?
ਇਸਾਈ ਮੱਤ ਵਿੱਚ ਫਰਾਂਸੀਸੀ ਹਿਸਾਬਦਾਨ ਬਲੇਜ਼ ਪਾਸਕਲ ਵਲੋਂ ਦਿੱਤਾ ਵਿਚਾਰ ਕਾਫੀ ਅਹਿਮੀਅਤ ਰੱਖਦਾ ਹੈ ਪਰ ਕੁਝ ਲੋਕ ਇਸ ਨੂੰ ਚੁਟਕਲੇ ਤੋਂ ਵੱਧ ਕੁਝ ਨਹੀਂ ਸਮਝਦੇ। ਉਸ ਦੇ ਵਿਚਾਰ ਨੂੰ ਪਾਸਕਲ ਦੀ ਸ਼ਰਤ (ਪਾਸਕਲ’ਜ਼ ਵੇਜਰ) ਕਿਹਾ ਜਾਂਦਾ ਹੈ। ਉਹ ਸ਼ਰਤ ਇਸ ਤਰ੍ਹਾਂ ਹੈ: “ਤੁਹਾਡੇ ਲਈ ਸਿਆਣੀ ਗੱਲ ਇਹੀ ਹੈ ਕਿ ਤੁਸੀਂ ਰੱਬ ‘ਚ ਯਕੀਨ ਕਰੋ ਕਿਉਂਕਿ ਜੇ ਤੁਸੀਂ ਠੀਕ ਹੋਏ ਤਾਂ ਤੁਹਾਨੂੰ ਸਦਾ ਵਾਸਤੇ ਸਵਰਗਾਂ ‘ਚ ਵਾਸਾ ਮਿਲੇਗਾ ਤੇ ਜੇ ਗਲਤ ਹੋਏ ਤਾਂ ਇਸ ਨਾਲ ਕੋਈ ਫਰਕ ਨਹੀਂ ਪੈਣਾ। ਦੂਜੇ ਪਾਸੇ, ਜੇ ਤੁਸੀਂ ਰੱਬ ‘ਚ ਯਕੀਨ ਨਾ ਕਰੋਗੇ ਤੇ ਤੁਸੀਂ ਗਲਤ ਸਾਬਤ ਹੋਏ, ਜਾਣੀ ਕਿ ਜੇ ਰੱਬ ਹੋਇਆ, ਤਾਂ ਤੁਹਾਨੂੰ ਸਦਾ ਵਾਸਤੇ ਨਰਕ ‘ਚ ਸੁੱਟਿਆ ਜਾਵੇਗਾ, ਤੇ ਜੇ ਠੀਕ ਹੋਏ ਤਾਂ ਕੋਈ ਫਰਕ ਨਹੀਂ ਪੈਣਾ।” ਦੁਨੀਆਂ ਵਿੱਚ ਬਹੁਤ ਸਾਰੇ ਲੋਕ ਚੇਤਨ ਜਾਂ ਅਚੇਤਨ ਤੌਰ ‘ਤੇ ਇਸ ਵਿਚਾਰ ਜਾਂ ਡਰ ਨਾਲ ਹੀ ਰੱਬ ਵਿੱਚ ਯਕੀਨ ਕਰਦੇ ਰਹਿੰਦੇ ਹਨ। ਡਾਕਿੰਨਜ਼ ਅਨੁਸਾਰ ਰੱਬ ਦੇ ਹੋਣ ਦਾ ਇਹ ਕੋਈ ਸਬੂਤ ਨਹੀਂ ਮੰਨਿਆ ਜਾ ਸਕਦਾ। ਏਥੇ ਉਹ ਇਕ ਹੋਰ ਮਹੱਤਪੂਰਨ ਕਿੰਤੂ ਕਰਦਾ ਹੈ ਕਿ ਫਰਜ਼ ਕਰ ਲਓ ਜੇ ਰੱਬ ਹੋਵੇ ਵੀ ਤਾਂ ਇਹ ਕਿਉਂ ਜ਼ਰੂਰੀ ਹੈ ਕਿ ਉਹ ਇਸ ਗੱਲ ਨਾਲ ਹੀ ਖੁਸ਼ ਹੋਵੇਗਾ ਕਿ ਤੁਸੀਂ ਉਸ ਵਿੱਚ ਯਕੀਨ ਕਰਦੇ ਹੋ?
ਰੱਬ ‘ਚ ਜਾਂ ਕਿਸੇ ਸਰਬਸ਼ਕਤੀ ‘ਚ ਯਕੀਨ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਣਗਿਣਤ ਕਿਸਮਾਂ ਦੇ ਜੀਵ ਜੰਤੂ ਅਤੇ ਜੀਵਨ ਦੀ ਏਨੀ ਜਟਿਲਤਾ ਆਪਣੇ ਆਪ ਪੈਦਾ ਹੋਣੀ ਸੰਭਵ ਨਹੀਂ ਇਸ ਕਰਕੇ ਇਸ ਨੂੰ ਸਿਰਜਣ ਵਾਲੀ ਕਿਸੇ ਸ਼ਕਤੀ ਦਾ ਹੋਣਾ ਜ਼ਰੂਰੀ ਹੈ। ਇਸ ਅਮਲ ਨੂੰ ਸ੍ਰਿਸ਼ਟੀਵਾਦੀਆਂ (ਕ੍ਰੀਏਸ਼ਨਿਸਟਸ) ਵਲੋਂ ਨਵਾਂ ਨਾਂਅ ਦਿੱਤਾ ਗਿਆ ਹੈ – ‘ਇੰਟੈਲਿਜਿੰਟ ਡੀਜ਼ਾਈਨ’। ਡਾਕਿੰਨਜ਼ ਦਾ ਸੁਝਾਅ ਹੈ ਕਿ ਇਸ ਸਬੰਧ ਵਿੱਚ ਸਭ ਤੋਂ ਸਹੀ ਵਿਆਖਿਆ ਸਾਨੂੰ ਡਾਰਵਿਨ ਤੋਂ ਹੀ ਮਿਲਦੀ ਹੈ। ਡਾਰਵਿਨ ਅਨੁਸਾਰ ਅਸੀਂ ਅੱਜ ਜਿਸ ਵੀ ਰੂਪ ਵਿੱਚ ਜੀਵਨ ਨੂੰ ਦੇਖਦੇ ਹਾਂ ਇਹ ਅਰਬਾਂ ਖਰਬਾਂ ਸਾਲਾਂ ਤੋਂ ਕੁਦਰਤੀ ਚੋਣ ਦਾ ਨਤੀਜਾ ਹੈ। ਤੇ ਜੇ ਇਹ ਸਹੀ ਹੈ, ਡਾਕਿੰਨਜ਼ ਦਾ ਕਹਿਣਾ ਹੈ, ਤਾਂ ਫੇਰ ਰੱਬ ਦੇ ਹੋਣ ਦੀ ਸੰਭਾਵਨਾ ਨਾਲੋਂ ਨਾ ਹੋਣ ਦੀ ਸੰਭਾਵਨਾ ਕਿਤੇ ਵੱਧ ਹੈ। ਪਰ ਯਕੀਨ ਕਰਨ ਵਾਲੇ ਕਹਿੰਦੇ ਹਨ ਕਿ ਜੇ ਰੱਬ ਦੇ ਨਾ ਹੋਣ ਦੀ ਗੱਲ ਨੂੰ ਮੰਨ ਵੀ ਲਿਆ ਜਾਵੇ ਤਾਂ ਵੀ ਬੰਦੇ ਦੇ ਜੀਵਨ ਲਈ ਧਰਮ ਦੀ ਜ਼ਰੂਰਤ ਫੇਰ ਵੀ ਰਹਿੰਦੀ ਹੈ। ਕੀ ਧਰਮ ਬੰਦੇ ਨੂੰ ਔਖੇ ਸਮੇਂ ਹੌਂਸਲਾ ਨਹੀਂ ਦਿੰਦਾ? ਕੀ ਇਹ ਲੋਕਾਂ ਨੂੰ ਚੰਗੇ ਕੰਮ ਕਰਨ ਲਈ ਪ੍ਰੇਰਦਾ ਨਹੀਂ? ਕੀ ਧਰਮ ਸਾਨੂੰ ਚੰਗੇ ਮਾੜੇ ਵਿੱਚ ਫਰਕ ਕਰਨਾ ਨਹੀਂ ਸਿਖਾਉਂਦਾ? ਆਦਿ ਸਵਾਲ ਜਾਂ ਦਾਅਵੇ ਹਨ ਜਿਨ੍ਹਾਂ ਦੇ ਜਵਾਬ ਦੇਣੇ ਜ਼ਰੂਰੀ ਹਨ। ਇਹ ਸਾਫ ਹੈ ਕਿ ਹਰ ਸਮਾਜ ਅੰਦਰ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਹੁੰਦਾ ਹੈ। ਸੋ ਵੱਡਾ ਸਵਾਲ ਇਹ ਹੈ ਕਿ ਇਸ ਦਾ ਮੁੱਢ ਕਿੱਥੇ ਹੈ? ਵਿਗਿਆਨਕ ਨਜ਼ਰੀਏ ਨਾਲ ਦੇਖਿਆਂ ਧਰਮ ਦਾ ਕੀ ਅਧਾਰ ਹੈ? ਕੀ ਅਜਿਹਾ ਬੰਦੇ ਅੰਦਰ ਕਿਸੇ ਡੂੰਘੀ ਲੋੜ ਦੇ ਕਾਰਨ ਹੈ? ਕੀ ਇਹ ਲੋੜ ਡਾਰਵਿਨ ਦੀ ਕੁਦਰਤੀ ਚੋਣ ਦਾ ਨਤੀਜਾ ਹੈ?
ਡਾਕਿੰਨਜ਼ ਦਾ ਵਿਚਾਰ ਹੈ ਕਿ ਇਨਸਾਨ ਅੰਦਰ ਧਰਮ ਨੂੰ ਮੰਨਣ ਦੀ ਖਾਹਿਸ਼ ਦਰਅਸਲ ਕਿਸੇ ਹੋਰ ਲੋੜ ਨੂੰ ਪੂਰੀ ਕਰਨ ਖਾਤਰ ਪੈਦਾ ਹੁੰਦੀ ਹੈ। ਉਹ ਅੱਗ ਵਿੱਚ ਸੜਨ ਵਾਲੇ ਪਰਵਾਨੇ ਜਾਂ ਪਤੰਗੇ (ਮੌਥ) ਦੀ ਉਦਾਹਰਨ ਦਿੰਦਾ ਹੈ। ਡਾਕਿਨਜ਼ ਇਕ ਜੀਵ-ਵਿਗਿਆਨੀ (ਬਾਇਆਲੋਜਿਸਟ) ਹੈ ਤੇ ਉਹ ਪਰਵਾਨੇ ਦੇ ਅੱਗ ਵਿੱਚ ਸੜਨ ਦੇ ਕਾਰਨ ਨੂੰ ਵਿਗਿਆਨਕ ਨਜ਼ਰੀਏ ਨਾਲ ਸਮਝਾਉਂਦਾ ਹੈ ਕਿ ਦੂਜਿਆਂ ਜੀਵਾਂ ਵਾਂਗ ਪਰਵਾਨਾ ਵੀ ਰਾਤ ਨੂੰ ਆਪਣਾ ਰਾਹ ਦੇਖਣ ਲਈ ਅਸਮਾਨ ਵਿੱਚ ਚੰਦ ਤੇ ਤਾਰਿਆਂ ਦੀ ਰੌਸ਼ਨੀ ਦੀ ਵਰਤੋਂ ਕਰਦਾ ਹੈ। ਧਰਤੀ ‘ਤੇ ਮਨੁੱਖ ਵਲੋਂ ਪੈਦਾ ਕੀਤੀ ਰੌਸ਼ਨੀ ਤਾਂ ਮੁਕਾਬਲਤਨ ਨਵੀਂ ਗੱਲ ਹੈ। ਜਦੋਂ ਉਹਨੂੰ ਮੋਮਬੱਤੀ ਜਾਂ ਦੀਵੇ ਦੀ ਲੋਅ ਦਿਸਦੀ ਹੈ ਤਾਂ ਉਹ ਇਸ ਨੂੰ ਵੀ ਉਸੇ ਤਰੀਕੇ ਨਾਲ ਵਰਤਣ ਦੀ ਕੋਸ਼ਸ਼ ਕਰਦਾ ਹੈ ਪਰ ਜਾ ਕੇ ਸਿੱਧਾ ਉਸ ਵਿੱਚ ਵੱਜਦਾ ਹੈ। ਇਸ ਦਾ ਕਾਰਨ ਉਸ ਦੀ ਅੱਖ ਅਤੇ ਦੇਖਣ ਲਈ ਵਰਤਿਆ ਕੋਣ (ਐਂਗਲ) ਹੈ। ਉਹ ਕਹਿੰਦਾ ਹੈ ਕਿ ਅਸੀਂ ਤਾਂ ਕੁਝ ਇਕ ਪਤੰਗਿਆਂ ਨੂੰ ਹੀ ਰੋਸ਼ਨੀ ਵਿੱਚ ਸੜਦੇ ਦੇਖਦੇ ਹਾਂ ਪਰ ਉਨ੍ਹਾਂ ਕ੍ਰੋੜਾਂ ਨੂੰ ਨਹੀਂ ਦੇਖਦੇ ਜੋ ਹਰ ਰਾਤ ਆਪਣੀ ਇਸ ਯੋਗਤਾ ਨਾਲ ਹਨੇਰਿਆਂ ਵਿੱਚ ਆਪਣਾ ਰਾਹ ਟੋਲਦੇ ਹਨ। ਡਾਕਿੰਨਜ਼ ਦਾ ਵਿਚਾਰ ਹੈ ਕਿ ਦੂਜੇ ਜੀਵਾਂ ਵਾਂਗ ਇਨਸਾਨ ਵੀ, ਸਗੋਂ ਉਨ੍ਹਾਂ ਤੋਂ ਵੀ ਵੱਧ, ਆਪਣੇ ਪੂਰਵਜਾਂ ਦੇ ਤਜਰਬੇ ਤੋਂ ਸਿੱਖਦਾ ਹੈ। ਭਾਵੇਂ ਅਸੀਂ ਬਹੁਤ ਕੁਝ ਆਪਣੇ ਤਜਰਬੇ ਨਾਲ ਹਾਸਲ ਕਰਦੇ ਹਾਂ ਪਰ ਸਾਡੇ ਬਚਾਅ ਲਈ ਸਾਡੇ ਦਿਮਾਗ ਵਿੱਚ ਕੁਝ ਅਜਿਹੀਆਂ ਚੀਜ਼ਾਂ ਛਪੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਊਹ ਰੂਲ ਆਫ ਥੰਮ ਕਹਿੰਦਾ ਹੈ: “ਬਿਨਾਂ ਕਿੰਤੂ ਕੀਤਿਆਂ ਜੋ ਵੀ ਤੁਹਾਡੇ ਸਿਆਣੇ ਜਾਂ ਬਜ਼ੁਰਗ ਤੁਹਾਨੂੰ ਕਹਿਣ ਉਸ ਉੱਪਰ ਯਕੀਨ ਕਰੋ। ਆਪਣੇ ਮਾਪਿਆਂ ਦੀ ਗੱਲ ਮੰਨੋ; ਆਪਣੇ ਕਬੀਲੇ ਦੇ ਸਿਆਣਿਆਂ ਦੀ ਗੱਲ ਮੰਨੋ, ਖਾਸ ਤੌਰ ‘ਤੇ ਜਦੋਂ ਉਹ ਗੰਭੀਰ ਤੇ ਰੋਅਬਦਾਰ ਅੰਦਾਜ਼ ਵਿੱਚ ਗੱਲ ਕਰਨ।” ਸੋ ਆਪਣੇ ਸਿਆਣਿਆਂ ਦੀ ਗੱਲ ਨੂੰ ਮੰਨਣਾ ਜੀਣ ਵਾਸਤੇ ਜ਼ਰੂਰੀ ਹੁੰਦਾ ਹੈ ਪਰ ਪਤੰਗੇ ਵਾਂਗ ਇਹ ਤੁਹਾਨੂੰ ਗਲਤ ਪਾਸੇ ਵੀ ਲਿਜਾ ਸਕਦਾ ਹੈ। ਆਪਣੀ ਗੱਲ ਨੂੰ ਹੋਰ ਸਾਫ ਕਰਨ ਲਈ ਡਾਕਿੰਨਜ਼ ਆਪਣੇ ਬਚਪਨ ਵਿੱਚ ਸਕੂਲ ਦੇ ਛੋਟੇ ਚਰਚ (ਚੈਪਲ) ਵਿੱਚ ਸੁਣੀ ਕਥਾ ਬਾਰੇ ਦੱਸਦਾ ਹੈ। ਪ੍ਰਚਾਰਕ ਨੇ ਸਿਖਲਾਈ ਲੈ ਰਹੇ ਸਿਪਾਹੀਆਂ ਦੀ ਕਹਾਣੀ ਦੱਸੀ ਸੀ। ਇਕ ਦਿਨ ਉਹ ਰੇਲਵੇ ਲਾਈਨ ਦੇ ਲਾਗੇ ਡਰਿੱਲ ਕਰ ਰਹੇ ਸਨ। ਕੁਝ ਪਲਾਂ ਲਈ ਉਨ੍ਹਾਂ ਦੇ ਸਾਰਜੈਂਟ ਦਾ ਧਿਆਨ ਕਿਸੇ ਹੋਰ ਪਾਸੇ ਚਲੇ ਗਿਆ ਤੇ ਉਹਦੇ ਕੋਲੋਂ ਰੁਕਣ ਦਾ ਹੁਕਮ ਸਮੇਂ ਸਿਰ ਨਾ ਦਿੱਤਾ ਗਿਆ। ਸਿਪਾਹੀ ਏਨੇ ਚੰਗੀ ਤਰ੍ਹਾਂ ਸਿੱਖਾਏ ਹੋਏ ਅਤੇ ਸਿੱਖੇ ਹੋਏ ਸਨ ਕਿ ਉਹ ਆਉਂਦੀ ਗੱਡੀ ਦੀ ਪਰਵਾਹ ਕੀਤੇ ਬਿਨਾਂ ਹੀ ਮਾਰਚ ਕਰੀ ਗਏ। ਇਨ੍ਹਾਂ ਉਦਾਹਰਨਾਂ ਤੇ ਵਿਚਾਰਾਂ ਰਾਹੀਂ ਡਾਕਿੰਨਜ਼ ਇਸ ਗੱਲ ‘ਤੇ ਜ਼ੋਰ ਦਿੰਦਾ ਹੈ ਕਿ ਇਨਸਾਨ ਦੀ ਧਰਮ ਨੂੰ ਮੰਨਣ ਦੀ ਲੋੜ ਕੁਦਰਤੀ ਨਹੀਂ, ਸਗੋਂ ਆਪਣੇ ਬਚਾਅ ਲਈ ਸਿਆਣਿਆਂ ਵਲੋਂ ਦੱਸੀ ਗੱਲ ਮੰਨਣੀ ਉਨ੍ਹਾਂ ਲਈ ਜ਼ਰੂਰੀ ਹੈ। ਇਸ ਦੇ ਅਸਰ ਵਜੋਂ ਅਸੀਂ ਦੇਖਦੇ ਹਾਂ ਕਿ ਧਰਤੀ ‘ਤੇ ਹਰ ਜਗ੍ਹਾ ਰੱਬ ਦਾ, ਧਰਮ ਦਾ ਵੱਖਰਾ ਰੂਪ ਹੈ। ਇਹੀ ਕਾਰਨ ਹੈ ਕਿ ਧਾਰਮਿਕ ਲੋਕ ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਇਸ ਪਾਸੇ ਜੋੜਨ ਦੀ ਹਰ ਸੰਭਵ ਕੋਸ਼ਸ਼ ਕਰਦੇ ਹਨ। ਇਸ ਦੇ ਨਾਲ ਹੀ ਡਾਕਿੰਨਜ਼ ਜ਼ੁਬਾਨ ਦੀ ਵੀ ਉਦਾਹਰਨ ਵਰਤਦਾ ਹੈ ਕਿ ਇਨਸਾਨ ਅੰਦਰ ਜ਼ੁਬਾਨ ਸਿੱਖਣ ਦੀ ਯੋਗਤਾ ਹੁੰਦੀ ਹੈ ਨਾ ਕਿ ਕੋਈ ਇਕ ਵਿਸ਼ੇਸ਼ ਜ਼ੁਬਾਨ। ਜੇ ਕਿਸੇ ਇਕ ਜ਼ੁਬਾਨ ਬੋਲਣ ਵਾਲੇ ਬੱਚੇ ਨੂੰ ਜਨਮ ਸਮੇਂ ਤੋਂ ਹੀ ਕਿਸੇ ਹੋਰ ਜ਼ੁਬਾਨ ਬੋਲਣ ਵਾਲੇ ਲੋਕਾਂ ਵਿੱਚ ਰੱਖਿਆ ਜਾਵੇ ਤਾਂ ਉਹ ਉੱਥੋਂ ਦੀ ਜ਼ੁਬਾਨ ਬੋਲੇਗਾ। ਇਸੇ ਤਰ੍ਹਾਂ ਕਿਸੇ ਇਕ ਥਾਂ ਜੰਮਿਆ ਬੱਚਾ ਉੱਥੋਂ ਦੇ ਧਰਮ ਨੂੰ ਅਪਣਾਵੇਗਾ ਪਰ ਜੇ ਉਹਨੂੰ ਜੰਮਣ ਸਮੇਂ ਕਿਸੇ ਹੋਰ ਥਾਂ ਲੈ ਜਾਇਆ ਜਾਵੇ ਤਾਂ ਉਹ ਉਸ ਨਵੇਂ ਥਾਂ ਦਾ ਧਰਮ ਕਬੂਲ ਕਰੇਗਾ।
ਇਸ ਹਿੱਸੇ ਵਿੱਚ ਡਾਕਿੰਨਜ਼ ਹੋਰ ਵੀ ਬਹੁਤ ਵੱਖਰੇ ਵੱਖਰੇ ਪੱਖਾਂ ਬਾਰੇ ਵਿਸਥਾਰ ਵਿੱਚ ਚਰਚਾ ਕਰਦਾ ਹੈ ਕਿ ਵਿਗਿਆਨ ਦੀ ਮਦਦ ਨਾਲ ਭਾਵੇਂ ਸਾਨੂੰ ਹਰ ਕਿਸਮ ਦਾ ਗਿਆਨ ਹੈ ਪਰ ਫੇਰ ਵੀ ਧਰਮ ਦਾ ਅਸਰ ਘਟਣ ਦੀ ਬਜਾਏ ਵਧ ਰਿਹਾ ਹੈ। ਹੋਰ ਲੋਕਾਂ ਵਾਂਗ ਉਹਦਾ ਵਿਚਾਰ ਹੈ ਕਿ ਇਸ ਤੋਂ ਪਿੱਛਾ ਛੁਡਾਉਣ ਦਾ ਇਕੋ ਇਕ ਤਰੀਕਾ ਹੈ ਤਰਕ ਨਾਲ ਸੋਚਣਾ। ਬੱਚਿਆਂ ਨੂੰ ਜੇ ਸ਼ੁਰੂ ਤੋਂ ਹੀ ਤਰਕ ਨਾਲ ਸੋਚਣ ਦੀ ਸਿੱਖਿਆ ਦਿੱਤੀ ਜਾਵੇ ਤਾਂ ਕਿ ਉਹ ਜੀਵਨ ਦੀਆਂ ਦੂਜੀਆਂ ਗੱਲਾਂ ਵਾਂਗ ਹੀ ਧਰਮ ਬਾਰੇ ਵੀ ਖੁਦ ਫੈਸਲਾ ਕਰਨ। ਇਹੀ ਕਾਰਨ ਹੈ ਕਿ ਧਾਰਮਿਕ ਲੋਕ ਸਭ ਤੋਂ ਵੱਧ ਨਫਰਤ ਤਰਕ ਨਾਲ ਸੋਚਣ ਨੂੰ ਕਰਦੇ ਹਨ। ਇਸਾਈ ਮੱਤ ਦੇ ਪੰਦਰਵੀਂ ਸਦੀ ਦੇ ਵੱਡੇ ਚਿੰਤਕ ਮਾਰਟਿਨ ਲੂਥਰ (ਜਿਹਨੇ ਇਸਾਈ ਧਰਮ ਵਿੱਚ ਪਰੋਟੈਸਟਿੰਟ ਲਹਿਰ ਸ਼ੁਰੂ ਕੀਤੀ ਸੀ) ਦਾ ਵਿਚਾਰ ਸੀ ਕਿ “ਤਰਕ (ਰੀਜ਼ਨ) ਹੀ ਯਕੀਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ … ਜਿਹੜਾ ਵੀ ਕੋਈ ਇਸਾਈ ਬਣਨਾ ਚਾਹੁੰਦਾ ਹੈ ਉਹ ਆਪਣੇ ਤਰਕ ਦੀਆਂ ਅੱਖਾਂ ਕੱਢ ਦੇਵੇ … ਤਰਕ ਨੂੰ ਸਾਰੇ ਇਸਾਈਆਂ ਵਿੱਚੋਂ ਖਤਮ ਕਰ ਦੇਣਾ ਚਾਹੀਦਾ ਹੈ।” ਧਾਰਮਿਕ ਲੋਕਾਂ ਦਾ ਇਹ ਨਜ਼ਰੀਆ ਕੰਮ ਕਰਦਾ ਅੱਜ ਵੀ ਹਰ ਪਾਸੇ ਦੇਖਿਆ ਜਾ ਸਕਦਾ ਹੈ। ਹਰ ਧਰਮ ਦੇ ਲੋਕ ਤਰਕ ਨਾਲ ਸੋਚਣ ਵਾਲਿਆਂ ਨੂੰ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਸਮਝਦੇ ਹਨ।
ਅੱਗੇ ਉਹ ਧਰਮ ਦੇ ਇਸ ਦਾਅਵੇ ਨੂੰ ਵਿਚਾਰਦਾ ਹੈ ਕਿ ਸਦਾਚਾਰ (ਮੋਰੈਲਿਟੀ) ਤੇ ਚੰਗਿਆਈ ਧਰਮ ਬਿਨਾਂ ਸੰਭਵ ਨਹੀਂ। ਸਵਾਲ ਇਹ ਪੈਦਾ ਹੁੰਦਾ ਹੈ ਕਿ ਬੰਦੇ ਦੇ ਸਦਾਚਾਰ ਦੀਆਂ ਜੜ੍ਹਾਂ ਕਿੱਥੇ ਹਨ? ਅਸੀਂ ਚੰਗੇ ਕਿਉਂ ਹਾਂ? ਇਸ ਨੂੰ ਵੀ ਉਹ ਡਾਰਵਿਨ ਦੇ ਸਿਧਾਂਤ ਅਨੁਸਾਰ ਸਾਡੇ ਸਾਹਮਣੇ ਰੱਖਦਾ ਹੈ ਕਿ ਬੰਦੇ ਦੇ ਬਚਾਅ ਵਾਸਤੇ ਉਸ ਨੂੰ ਦੂਜਿਆਂ ਦੀ ਲੋੜ ਹੁੰਦੀ ਹੈ ਤੇ ਦੂਜਿਆਂ ਨੂੰ ਵੀ ਉਸ ਦੀ ਲੋੜ ਹੁੰਦੀ ਹੈ। ਇਸ ਲੋੜ ਕਾਰਨ ਹੀ ਅਸੀਂ ਕੁਦਰਤੀ ਤੌਰ ‘ਤੇ ਚੰਗੇ ਹੁੰਦੇ ਹਾਂ। ਇਹ ਗੱਲ ਵੱਖਰੀ ਹੈ ਕਿ ਅਜੋਕੇ ਪੂੰਜੀਵਾਦੀ ਆਰਥਿਕ ਢਾਂਚੇ ਵਿੱਚ ਸਮਾਜ ਨੂੰ ਵਿਅਕਤੀ ਦੇ ਦੁਸ਼ਮਣ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਸ ਢਾਂਚੇ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਕਿਸੇ ‘ਤੇ ਵੀ ਇਤਬਾਰ ਨਹੀਂ ਕਰਨਾ। ਸਦਾਚਾਰ ਬਾਰੇ ਡਾਕਿੰਨਜ਼ ਦਾ ਕਹਿਣਾ ਹੈ ਕਿ ਇਸ ਵਿੱਚ ਸਮੇਂ ਨਾਲ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਇਹ ਨੁਕਤਾ ਵਿਚਾਰਨ ਲਈ ਉਹ ਅੱਜ ਕੱਲ੍ਹ ਕਾਫੀ ਵਰਤੇ ਜਾ ਰਹੇ ਜਰਮਨ ਸ਼ਬਦ ਜ਼ਾਈਤਗਾਈਸਤ ਦੀ ਵਰਤੋਂ ਕਰਦਾ ਹੈ ਜਿਸ ਦਾ ਅਰਥ ਹੈ ਸਮੇਂ ਦੀ ਰੂਹ ਜਾਂ ਕਿਸੇ ਵੀ ਸਮੇਂ ਪ੍ਰਚਲਤ ਵਿਚਾਰ। ਉਹ ਕਹਿੰਦਾ ਹੈ ਜ਼ਾਈਤਗਾਈਸਤ ਤਬਦੀਲ ਹੁੰਦੀ ਰਹਿੰਦੀ ਹੈ। ਏਥੇ ਫੇਰ ਡਾਕਿੰਨਜ਼ ਇਕ ਸਰਗਰਮ ਕਾਮੇ (ਐਕਟਿਵਿਸਟ) ਦੇ ਰੂਪ ਵਿੱਚ ਇਹ ਸੁਝਾਅ ਦਿੰਦਾ ਹੈ ਕਿ ਸਾਨੂੰ ਡਾਰਵਿਨ ਦੀ ਥਿਊਰੀ ਨੂੰ ਪੂਰੀ ਤਰ੍ਹਾਂ ਸਮਝ ਕੇ ਧਰਮ ਸਬੰਧੀ ਆਪਣੀ ਸੂਝ ਨੂੰ ਉੱਪਰ ਚੁੱਕਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿਸੇ ਸਮੇਂ ਯੂਰਪ, ਖਾਸ ਕਰ ਇੰਗਲੈਂਡ ਤੇ ਅਮਰੀਕਾ ਦੇ ਬਹੁਤ ਸਾਰੇ ਗੋਰੇ ਅਗਾਂਹਵਧੂ ਚਿੰਤਕ ਤੇ ਸਿਆਸੀ ਨੇਤਾ ਵੀ ਕਾਲਿਆਂ ਦੀ ਗੁਲਾਮੀ ਨੂੰ ਸਹੀ ਮੰਨਦੇ ਸਨ ਤੇ ਖੁਦ ਗੁਲਾਮਾਂ ਦੇ ਮਾਲਕ ਸਨ। ਪਰ ਹੌਲੀ ਹੌਲੀ ਉਨ੍ਹਾਂ ਵਿੱਚ ਇਸ ਬਾਰੇ ਸੂਝ ਆਈ। ਏਸੇ ਤਰ੍ਹਾਂ ਉਹ ਕਹਿੰਦਾ ਹੈ ਆਦਮੀ ਦੇ ਔਰਤ ਵਲਾਂ ਨਜ਼ਰੀਏ ਵਿੱਚ ਔਰਤਾਂ ਵਲੋਂ ਕੀਤੇ ਸੰਘਰਸ਼ ਦੇ ਨਤੀਜੇ ਵਜੋਂ ਵੀ ਹੌਲੀ ਹੌਲੀ ਤਬਦੀਲੀ ਆਈ ਹੈ ਤੇ ਆ ਰਹੀ ਹੈ। ਉਹ ਔਰਤਾਂ ਨੂੰ ਵੋਟ ਦਾ ਹੱਕ ਮਿਲਣ ਸਬੰਧੀ ਹਵਾਲਾ ਦਿੰਦਾ ਹੈ ਕਿ ਵੱਖ ਵੱਖ ਸਮਾਜਾਂ ਵਿੱਚ ਇਹ ਗੱਲ ਵੱਖ ਵੱਖ ਸਮੇਂ ਵਾਪਰੀ ਹੈ। ਸਭ ਤੋਂ ਪਹਿਲਾਂ 1893 ਵਿੱਚ ਨਿਊਜ਼ੀਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ। ਅਮਰੀਕਾ ਵਿੱਚ ਇਹ ਹੱਕ 1920 ਵਿੱਚ ਮਿਲਿਆ ਤੇ ਕੁਵੇਤ ਵਿੱਚ 2006 ਵਿੱਚ। ਉਸ ਦਾ ਨੁਕਤਾ ਹੈ ਕਿ ਜਿਵੇਂ ਜਿਵੇਂ ਕਿਸੇ ਗੱਲ ਬਾਰੇ ਸਮਾਜ ਵਿੱਚ ਲੋਕਾਂ ਦੀ ਚੇਤਨਾ ਉੱਪਰ ਉੱਠਦੀ ਹੈ ਉਸੇ ਹਿਸਾਬ ਨਾਲ ਸਮਾਜ ਵਿੱਚ ਤਬਦੀਲੀ ਆਉਂਦੀ ਹੈ। ਉਸ ਦਾ ਸੁਝਾਅ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਰੱਬ ਤੇ ਧਰਮ ਸਬੰਧੀ ਵੀ ਆਪਣੀ ਸੂਝ ਨੂੰ ਉੱਪਰ ਚੁੱਕਿਆ ਜਾਵੇ।
ਧਰਮ ਦਾ ਨੁਕਸਾਨ ਕੀ ਹੈ? ਨਾਂ ਦੇ ਕਾਂਡ ਦੇ ਸ਼ੁਰੂ ਵਿੱਚ ਉਹ ਕਹਿੰਦਾ ਹੈ ਕਿ ਉਹਦੇ ਬਹੁਤ ਸਾਰੇ ਸਾਥੀ ਵਿਗਿਆਨੀ ਤੇ ਚਿੰਤਕ ਉਹਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹੋ ਜਾਂਦੇ ਹਨ ਕਿ ਠੀਕ ਹੈ ਰੱਬ ਨਹੀਂ ਹੈ, ਸਾਨੂੰ ਚੰਗੇ ਬਣਨ ਲਈ ਧਰਮ ਦੀ ਲੋੜ ਨਹੀਂ ਤੇ ਅਸੀਂ ਇਹ ਸਾਰੀਆਂ ਗੱਲਾਂ ਨੂੰ ਵਿਗਿਆਨਕ ਤਰੀਕੇ ਨਾਲ ਜਾਣ ਸਕਦੇ ਹਾਂ ਪਰ ਤੂੰ ਇਸ ਨੂੰ ਏਨਾ ਵੈਰਭਾਵ ਨਾਲ ਕਿਉਂ ਦੇਖਦਾ ਏਂ? ਕੀ ਧਰਮ ਸੱਚਮੁੱਚ ਹੀ ਮਨੁੱਖਤਾ ਨੂੰ ਏਨਾ ਨੁਕਸਾਨ ਪਹੁੰਚਾ ਰਿਹਾ ਹੈ ਕਿ ਸਾਨੂੰ ਸਰਗਰਮ ਹੋ ਕੇ ਇਸ ਖਿਲਾਫ ਲੜਾਈ ਕਰਨੀ ਚਾਹੀਦੀ ਹੈ? ਡਾਕਿੰਨਜ਼ ਦਾ ਕਹਿਣਾ ਹੈ ਕਿ ਉਹ ਮੈਨੂੰ ਵੀ ਕਈ ਵਾਰ ਧਾਰਮਿਕ ਕੱਟੜਪੰਥੀਆਂ ਵਾਂਗ ਕੱਟੜ ਕਹਿ ਦਿੰਦੇ ਹਨ। ਜਵਾਬ ਵਿੱਚ ਉਹ ਕਹਿੰਦਾ ਹੈ ਕਿ ਮੈਂ ਜਾਂ ਹੋਰ ਨਾਸਤਿਕ ਲੋਕ ਸ਼ਬਦਾਂ ਵਿੱਚ ਭਾਵੇਂ ਅਸੀਂ ਧਰਮ ਖਿਲਾਫ ਬੋਲਦੇ ਹਾਂ ਪਰ ਮੈਂ ਕਦੇ “ਕਿਸੇ ‘ਤੇ ਬੰਬ ਨਹੀਂ ਸੁੱਟਾਂਗਾ, ਉਨ੍ਹਾਂ ਦੇ ਸਿਰ ਨਹੀਂ ਲਾਹਵਾਂਗਾ, ਪੱਥਰ ਨਹੀਂ ਮਾਰਾਂਗਾ, ਉਨ੍ਹਾਂ ਨੂੰ ਬੰਨ੍ਹ ਕੇ ਅੱਗ ਵਿੱਚ ਨਹੀਂ ਸਾੜਾਂਗਾ, ਸੂਲੀ ‘ਤੇ ਨਹੀਂ ਟੰਗਾਂਗਾ, ਜਾਂ ਜਹਾਜ਼ ਉਡਾ ਕੇ ਉੱਚੀਆਂ ਇਮਾਰਤਾਂ ਵਿੱਚ ਨਹੀਂ ਮਾਰਾਂਗਾ” ਸਿਰਫ ਇਸ ਲਈ ਕਿ ਉਹ ਮੇਰੇ ਵਿਚਾਰਾਂ ਨਾਲ ਸਹਿਮਤ ਨਹੀਂ। ਇਸ ਕਾਂਡ ਵਿੱਚ ਧਰਮ ਦੇ ਨੁਕਸਾਨਾਂ ਬਾਰੇ ਉਹ ਵਿਸਥਾਰ ਵਿੱਚ ਲਿਖਦਾ ਹੈ ਕਿ ਕਿਸ ਤਰ੍ਹਾਂ ਧਰਮ ਦੀ ਵਰਤੋਂ ਨਾਲ ਸਮਾਜ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਰਿਹਾ ਹੈ। ਉਹ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ ‘ਤੇ ਦਿੰਦਾ ਹੈ ਕਿ ਛੋਟੀ ਉਮਰ ਵਿੱਚ ਬੱਚਿਆਂ ਨੂੰ ਜਿਸ ਤਰ੍ਹਾਂ ਧਰਮ ਨਾਲ ਜੋੜਿਆ ਜਾਂਦਾ ਹੈ ਉਹ ਆਪਣੇ ਆਪ ਵਿੱਚ ਵੱਡਿਆਂ ਦੀ ਤਾਕਤ ਦੀ ਦੁਰਵਰਤੋਂ (ਅਬਿਊਜ਼) ਹੈ। ਬੱਚਿਆਂ ਦੀ ਗੱਲ ਦੱਸਣ ਲੱਗਾ ਉਹ ਵਿਕਟਰ ਹਿਊਗੋ ਦਾ ਹਵਾਲਾ ਦਿੰਦਾ ਹੈ: “ਹਰ ਪਿੰਡ ਵਿੱਚ ਇਕ ਮਸ਼ਾਲ ਹੁੰਦੀ ਹੈ – ਅਧਿਆਪਕ; ਤੇ ਇਕ ਅੱਗ ਬੁਝਾਉਣ ਵਾਲਾ ਹੁੰਦਾ ਹੈ – ਪਾਦਰੀ”। ਉਹ ਉਦਾਹਰਨ ਦਿੰਦਾ ਹੈ ਕਿ ਕੈਥੋਲਿਕ ਇਸਾਈਆਂ ਵਿੱਚ ਇਹ ਰੀਤ ਸੀ ਕਿ ਕੋਈ ਵੀ ਬੰਦਾ ਕਿਸੇ ਬੱਚੇ ਨੂੰ ਪਾਣੀ ਦਾ ਛਿੱਟਾ ਦੇ ਕੇ ਤੇ ਕੁਝ ਸ਼ਬਦ ਕਹਿ ਕੇ ਬੈਪਟਾਈਜ਼ ਕਰ ਸਕਦਾ ਸੀ, ਜਾਣੀ ਕਿ ਇਸਾਈ ਬਣਾ ਸਕਦਾ ਸੀ। ਉਹ ਉੱਨੀਵੀਂ ਸਦੀ ਦੇ ਇਟਲੀ ਦੀ ਇਕ ਉਦਾਹਰਨ ਦਿੰਦਾ ਹੈ। ਇਕ ਯਹੂਦੀ ਪਰਵਾਰ ਨੇ ਕੈਥੋਲਿਕ ਕੁੜੀ ਕੰਮ ‘ਤੇ ਇਸ ਕਰਕੇ ਰੱਖੀ ਹੋਈ ਸੀ ਕਿਉਂਕਿ ਯਹੂਦੀ ਐਤਵਾਰ ਵਾਲੇ ਦਿਨ ਕੰਮ ਨਹੀਂ ਸਨ ਕਰ ਸਕਦੇ। ਉਹ ਅਨਪੜ੍ਹ ਕੈਥੋਲਿਕ ਨੌਕਰਾਣੀ ਘਰ ਵਿੱਚ ਬੱਚੇ ਨਾਲ ਕੱਲੀ ਸੀ। ਬੱਚਾ ਬੀਮਾਰ ਹੋ ਗਿਆ। ਉਹਨੂੰ ਆਪਣੀ ਸਮਝ ਅਨੁਸਾਰ ਡਰ ਲੱਗਾ ਕਿ ਜੇ ਇਹ ਬੈਪਟਾਈਜ਼ ਹੋਣ ਤੋਂ ਬਿਨ੍ਹਾਂ ਮਰ ਗਿਆ ਤਾਂ ਇਹ ਨਰਕ ਵਿੱਚ ਜਾਵੇਗਾ। ਉਹਨੇ ਬੱਚੇ ਨੂੰ ਬੈਪਟਾਈਜ਼ ਕਰ ਦਿੱਤਾ। ਜਦੋਂ ਕੈਥੋਲਿਕ ਚਰਚ ਦੇ ਅਹੁਦੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਉਸ ਬੱਚੇ ਨੂੰ ਜਬਰਨ ਉਸ ਦੇ ਮਾਪਿਆਂ ਤੋਂ ਖੋਹ ਲਿਆ, ਤੇ ਇਕ ਇਸਾਈ ਵਜੋਂ ਪਾਲ਼ਿਆ। ਡਾਕਿੰਨਜ਼ ਦਾ ਕਹਿਣਾ ਹੈ ਕਿ ਇਸ ਕਿਸਮ ਦੀ ਇਹ ਕੋਈ ਕੱਲੀ ਕਹਿਰੀ ਘਟਨਾ ਨਹੀਂ ਸੀ।
ਉਹਦਾ ਵਿਚਾਰ ਹੈ ਕਿ ਧਾਰਮਿਕ ਵਿਦਿਆ ਵੀ ਸਾਹਿਤਕ ਸਭਿਆਚਾਰ ਦਾ ਹਿੱਸਾ ਹੋਣੀ ਚਾਹੀਦੀ ਹੈ। ਬਹੁਤ ਸਾਰੇ ਹੋਰ ਲੋਕ ਵੀ ਇਸ ਕਿਸਮ ਦਾ ਹੀ ਸੁਝਾਅ ਦਿੰਦੇ ਹਨ। ਉਦਾਹਰਨ ਵਜੋਂ, ਓਸ਼ੋ ਵਰਗਾ ਧਾਰਮਿਕ ਬੰਦਾ ਵੀ ਕਹਿੰਦਾ ਹੈ ਕਿ ਬੱਚੇ ਨੂੰ ਧਾਰਮਿਕ ਨਾ ਬਣਾਓ ਉਹਨੂੰ ਧਰਮ ਬਾਰੇ ਦੱਸੋ ਤੇ ਫੇਰ ਆਪ ਹੀ ਆਪਣਾ ਧਰਮ ਚੁਣਨ ਦਿਓ। ਸਿਆਣਾ ਹੋ ਕੇ ਭਾਵੇਂ ਉਹ ਕੋਈ ਇਕ ਧਰਮ ਅਪਣਾਏ ਜਾਂ ਸਾਰੇ ਧਰਮਾਂ ਵਿੱਚੋਂ ਆਪਣੇ ਲਈ ਲੋੜੀਂਦੇ ਵਿਚਾਰ ਸਾਂਭ ਕੇ ਆਪਣੀ ਸੋਚ ਬਣਾਵੇ। ਉਹਨੂੰ ਬਚਪਨ ਵਿੱਚ ਹੀ ਬਦੋਬਦੀ ਕਿਸੇ ਇਕ ਧਰਮ ਨਾਲ ਨਹੀਂ ਜੋੜਨਾ ਚਾਹੀਦਾ। ਇਹ ਸਿੱਧੀ ਤਾਕਤ ਦੀ ਦੁਰਵਰਤੋਂ ਹੈ ਜਿਹੜੀ ਬੰਦ ਹੋਣੀ ਚਾਹੀਦੀ ਹੈ।
ਰਿਚਰਡ ਡਾਕਿੰਨਜ਼ ਕਿਉਂਕਿ ਇਕ ਭੌਤਿਕ ਵਿਗਿਆਨੀ ਹੈ, ਇਸ ਕਰਕੇ ਉਹਦੇ ਵਿਚਾਰਾਂ ਵਿੱਚ ਇਕ ਸਮਾਜਿਕ ਵਿਗਿਆਨੀ ਵਾਲੀ ਉਹ ਸੂਝ ਨਹੀਂ ਦਿਸਦੀ ਜਿੰਨੀ ਇਸ ਕਿਸਮ ਦੇ ਕੰਮ ਵਿੱਚ ਦਿਸਣੀ ਚਾਹੀਦੀ ਹੈ। ਸਮਾਜਿਕ ਵਿਗਿਆਨੀਆਂ ਨੇ ਇਸ ਮਸਲੇ ਨੂੰ ਕਿਸ ਤਰ੍ਹਾਂ ਲਿਆ ਹੈ ਜਾਂ ਇਸ ਦੀ ਕੀ ਅਲੋਚਨਾ ਕੀਤੀ ਹੈ ਤੇ ਇਸ ਦਾ ਅਸਰ ਘਟਾਉਣ ਲਈ ਕੀ ਵਿਚਾਰ ਪੇਸ਼ ਕੀਤੇ ਹਨ, ਇਸ ਕਿਤਾਬ ਵਿੱਚੋਂ ਉਨ੍ਹਾਂ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਮਿਲਦੀ। ਪਰ ਇਹ ਸਮੱਸਿਆ ਸਿਰਫ ਡਾਕਿੰਨਜ਼ ਦੇ ਭੌਤਿਕ ਵਿਗਿਆਨੀ ਹੋਣ ਦੀ ਨਹੀਂ ਤੇ ਨਾ ਹੀ ਇਹ ਸਿਰਫ ਕੱਲੇ ਡਾਕਿੰਨਜ਼ ਦੀ ਹੀ ਹੈ। ਦਰਅਸਲ ਨਾਸਤਿਕਤਾ ਦੇ ਹੱਕ ਵਿੱਚ ਆਵਾਜ਼ ਉਠਾਉਣ ਵਾਲੇ ਇਹ ਚਿੰਤਕ ਇਸ ਸਮੱਸਿਆ ਨੂੰ ਸਿਰਫ ਵਿਚਾਰ ਦੀ ਪੱਧਰ ‘ਤੇ ਧਰਮ ਤੇ ਵਿਗਿਆਨ ਦੇ ਟਾਕਰੇ ਵਜੋਂ ਹੀ ਦੇਖਦੇ ਹਨ। ਨਤੀਜੇ ਵਜੋਂ, ਉਨ੍ਹਾਂ ਵਲੋਂ ਪੇਸ਼ ਕੀਤਾ ਹੱਲ ਵੀ ਇਹੀ ਹੈ ਕਿ ਲੋਕਾਂ ਦੀ ਸਮਝ ਨੂੰ ਬਦਲਿਆ ਜਾਵੇ। ਲੋਕਾਂ ਦੀ ਸਮਝ ਦਾ ਅਧਾਰ ਕੀ ਹੈ, ਇਸ ਬਾਰੇ ਉਹ ਜਾਣਦੇ ਤਾਂ ਜ਼ਰੂਰ ਹੋਣਗੇ ਪਰ ਆਪਣੀ ਬਹਿਸ ਦਾ ਹਿੱਸਾ ਨਹੀਂ ਬਣਾਉਂਦੇ। ਇਸ ਤਰ੍ਹਾਂ ਲੱਗਦਾ ਹੈ ਕਿ ਇਸ ਬਹਿਸ ਵਿੱਚ ਪੈਣ ਨਾਲ ਸ਼ਾਇਦ ਉਨ੍ਹਾਂ ਨੂੰ ਮਾਰਕਸਵਾਦ ਨੂੰ ਵੀ ਆਪਣੀ ਗੱਲਬਾਤ ਵਿਚ ਲਿਆਉਣਾ ਪਵੇ ਤੇ ਮਾਰਕਸਵਾਦ ਇੱਧਰ ਦੀ ਮੇਨਸਟਰੀਮ ਵਿਚ ਇਕ ਟੈਬੂ ਹੈ। ਇਹ ਵਧੀਆ ਚਿੰਤਕ ਵੀ ਇਸ ਟੈਬੂ ਦੀ ਮਾਰ ਹੇਠ ਆਏ ਲਗਦੇ ਹਨ। ਇੱਥੇ ਦੇਬੀਪ੍ਰਸਾਦ ਚੱਟੋਪਾਧਿਆਏ ਦੀ ਪਹਿਲੇ ਭਾਰਤੀ ਦਾਰਸ਼ਨਿਕਾਂ ਬਾਰੇ ਕਹੀ ਗੱਲ ਕਾਫੀ ਢੁੱਕਵੀਂ ਪ੍ਰਤੀਤ ਹੁੰਦੀ ਹੈ: “ਉਹ ਇਸ ਗੱਲ ਨੂੰ ਨਾ ਸਮਝ ਸਕੇ ਕਿ ਰੱਬ ਵਿੱਚ ਯਕੀਨ ਦੀ ਜੜ੍ਹ ਅਖੀਰ ਸਮਾਜ ਵਿੱਚ ਹੈ ਅਤੇ ਇਸ ਕਰਕੇ ਇਸ ਨੂੰ ਸਿਰਫ ਤਰਕ ਦੇ ਵਿਖਾਵਿਆਂ ਨਾਲ ਹੀ ਖਤਮ ਨਹੀਂ ਕੀਤਾ ਜਾ ਸਕਦਾ।” ਇਨ੍ਹਾਂ ਕਮੀਆਂ ਦੇ ਬਾਵਜੂਦ ਰਿਚਰਡ ਡਾਕਿੰਨਜ਼ ਦੀ ਇਹ ਕਿਤਾਬ ਬਹੁਤ ਹੀ ਬਹਾਦਰੀ ਨਾਲ ਲਿਖੀ, ਵਿਗਿਆਨਕ ਸੂਝ ਨਾਲ ਭਰਪੂਰ, ਨਾਸਤਿਕਤਾ ਨੂੰ ਮਾਣ ਸਤਿਕਾਰ ਦੁਆਉਣ ਵਾਲੀ ਇਸ ਸਮੇਂ ਦੀ ਸਭ ਤੋਂ ਮਹੱਤਵਪੂਰਨ ਕਿਤਾਬ ਹੈ।
ਸਤਾਰਵੀਂ ਅਠਾਰਵੀਂ ਸਦੀ ਦੌਰਾਨ ਬਹੁਤ ਸਾਰੇ ਚਿੰਤਕਾਂ ਦਾ ਵਿਚਾਰ ਸੀ ਕਿ ਵਿਗਿਆਨ ਦੀ ਰੋਸ਼ਨੀ ਵਿੱਚ ਧਰਮ ਦੀ ਲੋਕਾਂ ਨੂੰ ਲੋੜ ਨਹੀਂ ਰਹੇਗੀ ਪਰ ਇਸ ਤੋਂ ਉਲਟ ਧਰਮ ਦਾ ਗਲਬਾ ਨਿੱਤ ਵੱਧ ਰਿਹਾ ਹੈ ਤੇ ਰੋਜ਼ਾਨਾ ਇਸ ਦੇ ਨਾਂਅ ‘ਤੇ ਬੰਬ ਧਮਾਕੇ ਤੇ ਕਤਲ ਹੋ ਰਹੇ ਹਨ। ਇਸ ਪੱਖੋਂ ਦੇਖਿਆਂ ਧਰਮ ਬਾਰੇ ਵਿਚਾਰ ਵਟਾਂਦਰਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਕਿਤਾਬ ਪੜ੍ਹਦਿਆਂ ਮਨ ਵਿੱਚ ਇਹ ਤਾਂਘ ਉੱਠਦੀ ਹੈ ਕਿ ਕਾਸ਼ ਕੋਈ ਵਿਗਿਆਨੀ ਤੇ ਚਿੰਤਕ ਪੰਜਾਬੀ ਵਿੱਚ ਵੀ ਇਸ ਤਰ੍ਹਾਂ ਦੀ ਕਿਤਾਬ ਲਿਖੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਖੱਬੇ ਪੱਖੀ ਅਗਾਂਹਵਧੂ ਲੋਕਾਂ ਵਲੋਂ ਅਤੇ ਤਰਕਸ਼ੀਲਾਂ ਵਲੋਂ ਇਸ ਪਾਸੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਪਰ ਪੰਜਾਬੀ ਸਾਹਿਤਕਾਰਾਂ ਤੇ ਬੁੱਧੀਜੀਵੀਆਂ ਵਿੱਚ ਅਜਿਹੇ ਮਹੱਤਵਪੂਰਨ ਮਸਲੇ ਬਾਰੇ ਇਕ ਅਜੀਬ ਕਿਸਮ ਦੀ ਚੁੱਪ ਮਿਲਦੀ ਹੈ ਜਿਵੇਂ ਇਸ ਕਿਸਮ ਦੇ ਮਸਲੇ ਨਾਲ ਉਨ੍ਹਾਂ ਦਾ ਕੋਈ ਸਬੰਧ ਹੀ ਨਾ ਹੋਵੇ। ਇਹ ਗੱਲ ਵੱਖਰੀ ਹੈ ਕਿ ਪਿਛਲੇ ਕੁਝ ਦਹਾਕਿਆਂ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਹੋਈਆਂ ਪੀ ਐਚ ਡੀਆਂ ਬਹੁਤੀਆਂ ਗੁਰਬਾਣੀ ਬਾਰੇ ਹਨ। ਅਜੋਕੇ ਸਮੇਂ ਜੇ ਕਿਸੇ ਵੀ ਸਮਾਜ ਨੂੰ ਰੱਬ ਦੇ ਭੁਲੇਖੇ ਅਤੇ ਧਰਮ ਦਾ ਸਭ ਤੋਂ ਵਧ ਨੁਕਸਾਨ ਹੋ ਰਿਹਾ ਹੈ ਤਾਂ ਉਹ ਸ਼ਾਇਦ ਪੰਜਾਬੀ ਸਮਾਜ ਹੀ ਹੈ। ਇਕ ਚੰਗੇ ਸਿਹਤਮੰਦ ਮਿਹਨਤੀ ਲੋਕਾਂ ਦਾ ਬੇਹੱਦ ਸਮਾਂ ਇਸ ਭੁਲੇਖੇ ਵਿੱਚ ਜ਼ਾਇਆ ਹੋ ਰਿਹਾ ਹੈ। ਪੰਜਾਬੀ ਹੋਰ ਕੰਮਾਂ ਵਿੱਚ ਦੁਨੀਆਂ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ, ਪਰ ਬੌਧਿਕ ਤੇ ਸਭਿਆਚਾਰਕ ਮਾਮਲਿਆਂ ਵਿੱਚ ਸਭ ਤੋਂ ਪਛੜੇ ਹੋਏ ਹਨ। ਇਸ ਪਛੜੇਪਨ ਦਾ ਵੱਡਾ ਕਾਰਨ ਰੱਬ ਵਿੱਚ ਯਕੀਨ ਤੇ ਧਾਰਮਿਕ ਰਸਮਾਂ ਵਿੱਚ ਫਸੇ ਰਹਿਣਾ ਹੈ। ਇਸ ਯਕੀਨ ਦੇ ਸਿਰ ‘ਤੇ ਧਰਮ ਤੇ ਸਿਆਸਤ ਰਲ਼ ਕੇ ਜਿਸ ਤਰੀਕੇ ਨਾਲ ਪੰਜਾਬੀਆਂ ਨੂੰ ਇੱਕੀਵੀਂ ਸਦੀ ਵਿੱਚ ਵੀ ਪਿੱਛਾਂ ਨੂੰ ਧੱਕੀ ਜਾ ਰਹੇ ਹਨ, ਹਰ ਕਿਸੇ ਲਈ ਚਿੰਤਾ ਵਾਲੀ ਗੱਲ ਹੋਣੀ ਚਾਹੀਦੀ ਹੈ।
Review pad k hatiyan Han aaina parbhawshaali nahi jina hona chahida si