ਕਨੇਡਾ ਵਿਚ ਪੰਜਾਬੀ ਸਭਿਆਚਾਰ

ਕੈਨੇਡਾ ਵਿਚ ਪੰਜਾਬੀ ਸੱਭਿਆਚਾਰ

ਸਾਧੂ ਬਿਨਿੰਗ

 

ਪਹਿਲੀ ਕੈਨੇਡੀਅਨ ਪੰਜਾਬੀ ਸਾਹਿਤਕ ਕਾਨਫਰੰਸ;   ਕਿਲਾਰਨੀ ਕਮਿਊਨਿਟੀ ਸੈਂਟਰ, ਵੈਨਕੂਵਰ, ਬੀ ਸੀ, ਅਗਸਤ 7, 8 ਅਤੇ 9 1987 ਵਿਚ ਪੜ੍ਹਿਆ ਅਤੇ ਵਿਚਾਰਿਆ ਗਿਆ

ਕੈਨੇਡਾ ਵਿਚ ਪੰਜਾਬੀਆਂ ਦੀ ਹੋਂਦ ਭਾਂਵੇਂ ਪਿਛਲੇ ਅੱਸੀ ਨੱਬੇ ਸਾਲ ਤੋਂ ਹੈ ਪਰ ਬਹੁ-ਗਿਣਤੀ ਪਿਛਲੇ ਦੋ ਦਹਾਕਿਆਂ ਦੌਰਾਨ ਹੀ ਆਈ ਹੈ ਅਤੇ ਨਵੇਂ ਆਵਾਸੀਆਂ ਦਾ ਆਉਣਾ ਨਿਰੰਤਰ ਜ਼ਾਰੀ ਹੈ। ਇਸ ਕਰਕੇ ਇਹ ਸੰਭਵ ਨਹੀਂ ਕਿ ਇੰਨੇ ਥੋੜ੍ਹੇ ਸਮੇਂ ਅਤੇ ਤੇਜ਼ੀ ਨਾਲ ਬਦਲਦੀਆਂ ਹਾਲਤਾਂ ਵਿਚ ਕੈਨੇਡਾ ਦੇ ਪੰਜਾਬੀਆਂ ਦਾ ਪੰਜਾਬ ’ਚ ਰਹਿੰਦੇ ਪੰਜਾਬੀਆਂ ਨਾਲੋਂ ਅਸਲੋਂ ਹੀ ਵੱਖਰਾ ਸੱਭਿਆਚਾਰ ਸਥਾਪਤ ਹੋ ਗਿਆ ਹੋਵੇ। ਪਰ ਦੂਜੇ ਪਾਸੇ ਇਹ ਵੀ ਇਕ ਸਚਾਈ ਹੈ ਕਿ ਇਥੇ ਆ ਵਸੇ ਪੰਜਾਬੀਆਂ ਨੂੰ ਨਿੱਤ ਪੰਜਾਬ ਨਾਲੋਂ ਵੱਖਰੀਆਂ ਸਥਿਤੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਤੇ ਇਹਨਾਂ ਨਵੀਆਂ ਸਥਿਤੀਆਂ ਦੇ ਦਰਪੇਸ਼ ਹੁੰਦਿਆਂ ਪੰਜਾਬੀਆਂ ਵਿਚ ਨਿੱਤ ਨਵੀਆਂ ਕਦਰਾਂ ਕੀਮਤਾਂ, ਨਵੀਆਂ ਆਦਤਾਂ ਵੱਲ ਰੁਝਾਨ ਪੈਦਾ ਹੋ ਰਹੇ ਹਨ। ਇਹ ਰੁਝਾਨ ਹੀ ਕੈਨੇਡਾ ਵਿਚਲੇ ਪੰਜਾਬੀਆਂ ਦੇ ਸੱਭਿਆਚਾਰ ਦੇ ਸੰਕੇਤ ਹਨ। ਇਸ ਪਰਚੇ ਵਿਚ ਮੁੱਖ ਤੌਰ ‘ਤੇ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕੀਤੀ ਜਾਵੇਗੀ ਤਾਂ ਕਿ ਇਹ ਜਾਣਿਆਂ ਜਾ ਸਕੇ ਕਿ ਨਵੇਂ ਪੈਦਾ ਹੋ ਰਹੇ ਸੱਭਿਆਚਾਰਕ ਰੁਝਾਨ ਕੀ ਹਨ।

ਕੈਨੇਡਾ ਵਿਚਲੇ ਪੰਜਾਬੀਆਂ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਨ ਤੋਂ ਪਹਿਲਾਂ ਸੱਭਿਆਚਾਰ ਦੀ ਪਰਿਭਾਸ਼ਾ ਦੀਆਂ ਮੁਸ਼ਕਲਾਂ ਬਾਰੇ ਕੁਝ ਵਿਚਾਰ ਵਿਟਾਂਦਰਾ ਜ਼ਰੂਰੀ ਹੈ।

ਸੱਭਿਆਚਾਰ ਦੀ ਪਰਿਭਾਸ਼ਾ ਦੀ ਸਮੱਸਿਆ :

ਸੱਭਿਆਚਾਰ ਦੀ ਪਰਿਭਾਸ਼ਾ ਬਾਰੇ ਸੱਭ ਤੋਂ ਪਹਿਲੀ ਗੱਲ ਤਾਂ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਕੋਈ ਵੀ ਜਨ-ਸਮੂਹ ਜਿਹਨੂੰ ਅਸੀਂ ਸਮਾਜ ਕਹਿੰਦੇ ਹੋਈਏ ਉਹ ਸੱਭਿਆਚਾਰ ਤੋਂ ਸੱਖਣਾ ਨਹੀਂ ਹੋ ਸਕਦਾ। ਇਹ ਕਿਸੇ ਵੀ ਸਮਾਜ ਦਾ ਸੱਭਿਆਚਾਰ ਹੀ ਹੈ ਜੋ ਉਸ ਨੇ ਦੂਜੇ ਸਮਾਜਾਂ ਨਾਲੋਂ ਵੱਖਰਾ ਕਰਦਾ ਹੈ। ਸੱਭਿਆਚਾਰ ਬਾਰੇ ਇਹ ਗੱਲ ਹਮੇਸ਼ਾਂ ਤੋਂ ਇਸ ਤਰ੍ਹਾਂ ਨਹੀਂ ਸੀ ਮੰਨੀ ਜਾਂਦੀ। ਯੂਰਪੀਅਨ ਹਮਲਾਆਵਰਾਂ ਨੇ ਆਪਣੇ ਗੁਲਾਮ ਕੀਤੇ ਹੋਏ ਲੋਕਾਂ ਨੂੰ ਨੀਵਾਂ ਦਿਖਾਉਣ ਲਈ ਇਹ ਪਰਚਾਰ ਕੀਤਾ ਕਿ ਇਹ ਲੋਕ ਸੱਭਿਆਚਾਰ ਤੋਂ ਸੱਖਣੇ ਸਨ।[1] ਯੂਰਪੀਅਨਾਂ ਦੀ ਇਸ ਨੀਤੀ ਦੇ ਅਸਰ ਵਜੋਂ ਅਜੇ ਵੀ ਰਹਿ ਚੁੱਕੇ ਗੁਲਾਮ ਮੁਲਕਾਂ ਦੇ ਕਈ ਲੋਕ ਆਪਣੇ ਸੱਭਿਆਚਾਰ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ। ਪੰਜਾਬੀ ਵੀ ਇਸ ਨੀਤੀ ਦੇ ਅਸਰ ਤੋਂ ਨਿਰਲੇਪ ਨਹੀਂ ਰਹੇ।

ਸੱਭਿਆਚਾਰ ਨੂੰ ਪਰਿਭਾਸ਼ਤ ਕਰਦਿਆਂ ਇਕ ਵੱਡੀ ਮੁਸ਼ਕਲ ਇਹ ਆਉਂਦੀ ਹੈ ਕਿ ਸਮਾਜ ਵਿਚਲੇ ਕਿਹੜੇ ਅੰਸ਼ਾਂ ਦੇ ਜੋੜ ਨੂੰ ਸੱਭਿਆਚਾਰ ਕਿਹਾ ਜਾਵੇ। ਕੁਝ ਲੋਕ ਕਿਸੇ ਜਨ-ਸਮੂਹ ਦੇ ਕੁਝ ਪਹਿਲੂਆਂ ਜਿਵੇਂ ਧਰਮ, ਬੋਲੀ, ਤੇ ਕਲਾ ਨੈਤਿਕਤਾ ਆਦਿ ਨੂੰ ਹੀ ਉਸ ਜਨ-ਸਮੂਹ ਦਾ ਸੱਭਿਆਚਾਰ ਸਮਝ ਲੈਂਦੇ ਹਨ। ਇਸ ਭੁਲੇਖੇ ਦਾ ਕਾਰਨ ਇਹਨਾਂ ਪਹਿਲੂਆਂ ਦੀ ਸਮਾਜ ਵਿਚ ਉਚ ਮਹੱਤਤਾ ਹੈ। ਜਿਵੇਂ ਧਰਮ ਸਮਾਜ ਦੇ ਰੀਤੀ ਰਿਵਾਜ, ਕਾਨੂੰਨ, ਕਲਾ ਆਦਿ ਉੱਪਰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਅਸਰ ਪਾਉਂਦਾ ਹੈ। ਬੋਲੀ ਉਹ ਮਾਧਿਅਮ ਹੈ ਜਿਸਦੇ ਰਾਹੀਂ ਸਮਾਜ ਦੇ ਹਰ ਅੰਗ ਦੀ ਹੋਂਦ ਹੈ। ਬੋਲੀ ਰਾਹੀਂ ਇਕ ਜਨ-ਸਮੂਹ ਵਿਚ ਵਿਚਰਣ ਵਾਲੇ ਲੋਕ ਇਕ ਦੂਜੇ ਨਾਲ ਆਪਣਾ ਨਾਤਾ ਜੋੜਦੇ ਹਨ ਤੇ ਉਹਨਾਂ ਵਿਚ ਇਕ ਇਕਾਈ ਦਾ ਅਹਿਸਾਸ ਪੈਦਾ ਹੁੰਦਾ ਹੈ। ਇਸੇ ਤਰ੍ਹਾਂ ਸਮਾਜ ਦੇ ਸਾਹਿਤ, ਸੰਗੀਤ, ਲੋਕ ਨਾਚ, ਤੇ ਕਲਾ ਦੇ ਹੋਰ ਅੰਗਾਂ ਦੀ ਬਹੁਤ ਮਹੱਤਤਾ ਹੈ। ਕਲਾ ਕਿਰਤਾਂ ਸੱਭਿਆਚਾਰ ਦਾ ਅਕਸ ਹੁੰਦਿਆਂ ਹੋਇਆਂ ਵੀ ਆਪਣੇ ਆਪ ਵਿਚ ਸੱਭਿਆਚਾਰ ਨਾਲੋਂ ਕਈ ਕੁਝ ਵੱਖਰਾ, ਨਵਾਂ ਤੇ ਵਾਧੂ ਵੀ ਸਮੋ ਸਕਣ ਤੇ ਸੱਭਿਆਚਾਰ ਉੱਪਰ ਅਸਰ ਪਾ ਸਕਣ ਦੀ ਯੋਗਤਾ ਰੱਖਦੀਆਂ ਹਨ। ਇਸੇ ਕਰਕੇ ਕਲਾ ਸਮਾਜ ਵਿਚ ਤਬਦੀਲੀ ਲਿਆਉਣ ਦਾ ਇਕ ਸਾਧਨ ਵੀ ਸਮਝੀ ਜਾਂਦੀ ਹੈ। ਇਸ ਮਹੱਤਤਾ ਕਰਕੇ ਕਲਾਤਮਕ ਸਰਗਰਮੀਆਂ ਨੂੰ ਅਕਸਰ ਸੱਭਿਆਚਾਰਕ ਸਰਗਰਮੀਆਂ ਦਾ ਨਾਂ ਦੇ ਦਿੱਤਾ ਜਾਂਦਾ ਹੈ। ਅਤੇ ਭਾਂਵੇਂ ਅਜਿਹਾ ਕਰਨਾ ਕਿਸੇ ਤਰ੍ਹਾਂ ਗਲਤ ਨਹੀਂ, ਪਰ ਇਸ ਗੱਲ ਦਾ ਹਮੇਸ਼ਾਂ ਖਿਆਲ ਰੱਖਣਾ ਚਾਹੀਦਾ ਹੈ ਕਿ ਧਰਮ ਅਤੇ ਬੋਲੀ ਵਾਂਗ ਇਹ ਵੀ ਸੱਭਿਆਚਾਰ ਦਾ ਅੰਗ ਜ਼ਰੂਰ ਹਨ ਪਰ ਆਪਣੇ ਆਪ ਵਿਚ ਸੱਭਿਆਚਾਰ ਨਹੀਂ। ਸੱਭਿਆਚਾਰ ਤਾਂ ਇਕ ਵਿਸ਼ਾਲ ਸੰਕਲਪ ਹੈ ਜਿਹਦੇ ਵਿਚ ਕਿਸੇ ਇਕ ਜਨ-ਸਮੂਹ ਦਾ ਸਮੁੱਚਾ ਜੀਵਨ ਅਮਲ ਸ਼ਾਮਲ ਹੁੰਦਾ ਹੈ। ਮਾਰਕਸਵਾਦੀ ਵਿਦਵਾਨ ਰੇਮੰਡ ਵਿਲੀਅਮ ਅਨੁਸਾਰ ਇਕ ਜਨ-ਸਮੂਹ ਜਾਂ ਸਮਾਜ ਵਿਚਲੇ “ਜੀਵਨ ਦੇ ਸਾਰੇ ਦੇ ਸਾਰੇ ਤੌਰ ਤਰੀਕਿਆਂ (ਵੇ ਆਫ ਲਾਈਫ) ਨੂੰ , ਜੀਵਨ ਦੇ ਸਮੁੱਚੇ ਸਮਾਜੀ ਅਮਲ (ਸੋਸ਼ਿਲ ਪਰੋਸੈੱਸ) ਨੂੰ ਹੀ ਸੱਭਿਆਚਾਰ ਸਮਝਣਾ ਚਾਹੀਦਾ ਹੈ।”[2]

ਵਿਗਿਆਨੀਆਂ ਵਲੋਂ, ਖਾਸ ਕਰਕੇ ਮਾਨਵ (Anthropology) ਤੇ ਸਮਾਜ (Sociology) ਵਿਗਿਆਨੀਆਂ ਵਲੋਂ, ਸੱਭਿਆਚਾਰ ਦੀਆਂ ਕਿੰਨੀਆਂ ਹੀ ਪਰਿਭਾਸ਼ਾਵਾਂ ਪੇਸ਼ ਕੀਤੀਆਂ ਗਈਆਂ ਹਨ। ਉਹਨਾਂ ਸਾਰੀਆਂ ਬਾਰੇ ਇਥੇ ਵਿਚਾਰ ਕਰਨ ਦੀ ਲੋੜ ਨਹੀਂ। ਇਥੇ ਡਾਕਟਰ ਗੁਰਬਖਸ਼ ਸਿੰਘ ਫਰੈਂਕ ਵਲੋਂ ਬਹੁਤ ਸਾਰੇ ਵਿਦਵਾਨਾਂ ਦੀਆਂ ਪਰਿਭਾਸ਼ਾਵਾਂ ਵਿਚਾਰਨ ਤੋਂ ਬਾਅਦ ਦਿੱਤੀ ਪਰਿਭਾਸ਼ਾ ਉਦਾਹਰਨ ਵਜੋਂ ਦੇਖੀ ਜਾ ਸਕਦੀ ਹੈ :

“ਸੱਭਿਆਚਾਰ ਇਕ ਜੁੱਟ ਅਤੇ ਜਟਿਲ ਸਿਸਟਮ ਹੈ, ਜਿਸ ਵਿਚ ਕਿਸੇ ਮਨੁੱਖੀ ਸਮਾਜ ਦੇ ਨਿਸਚਿਤ ਇਤਿਹਾਸਕ ਪੜਾਅ ਉਤੇ ਪ੍ਰਚੱਲਤ ਕਦਰਾਂ ਕੀਮਤਾਂ ਅਤੇ ਉਹਨਾਂ ਨੂੰ ਪ੍ਰਗਟ ਕਰਦੇ ਮਨੁੱਖੀ ਵਿਹਾਰ ਦੇ ਪੈਟਰਨ ਅਤੇ ਪਦਾਰਥਕ ਅਤੇ ਬੌਧਕ ਵਰਤਾਰੇ ਸ਼ਾਮਲ ਹੁੰਦੇ ਹਨ।”[3]

ਕਾਫੀ ਵਿਸ਼ਾਲ ਹੋਣ ਦੇ ਬਾਵਜੂਦ ਸੱਭਿਆਚਾਰ ਦੀ ਉਪਰਲੀ ਪਰਿਭਾਸ਼ਾ ਸਾਨੂੰ ਇਹ ਦੱਸਣ ਵਿਚ ਕਾਮਯਾਬ ਨਹੀਂ ਹੁੰਦੀ ਕਿ ਸੱਭਿਆਚਾਰ ਦੇ ਵੱਖਰੇ ਵੱਖਰੇ ਅੰਗਾਂ ਨੂੰ ਸਥਾਪਤ ਕਰਨ ਵਿਚ ਕਿਹੜੀਆਂ ਸ਼ਕਤੀਆਂ ਕੰਮ ਕਰਦੀਆਂ ਹਨ ਜਾਂ ਸਭਿਆਚਾਰਾਂ ਵਿਚ ਪਾਏ ਜਾਂਦੇ ਵਖਰੇਵੇਂ ਕਿਉਂ ਹਨ? ਇਸ ਸਵਾਲ ਦਾ ਜਵਾਬ ਖੋਜਣ ਲਈ ਸਾਨੂੰ ਮਾਰਕਸਵਾਦੀ ਦਿ੍ਸ਼ਟੀਕੋਣ ਦਾ ਸਹਾਰਾ ਲੈਣਾ ਪਵੇਗਾ। ਇਸ ਦਿ੍ਸ਼ਟੀਕੋਣ ਅਨੁਸਾਰ ਕਿਸੇ ਸਮਾਜ ਦੇ ਸੱਭਿਆਚਾਰ ਦੇ ਨਿਸਚਿਤ ਪੜਾਅ ‘ਤੇ ਵਰਤੇ ਜਾਂਦੇ ਪੈਦਾਵਾਰੀ ਸਾਧਨ ਸੱਭਿਆਚਾਰ ਦੇ ਬਾਕੀ ਅੰਗਾਂ ਉੱਪਰ ਨਿਰਣੇਯੋਗ ਪ੍ਰਭਾਵ ਪਾਉਂਦੇ ਹਨ। ਦੂਜੇ ਸ਼ਬਦਾਂ ਵਿਚ ਕਿਸੇ ਸਮਾਜ ਵਿਚ ਪਾਈਆਂ ਜਾਂਦੀਆਂ ਕਦਰਾਂ ਕੀਮਤਾਂ, ਰੀਤੀ ਰਿਵਾਜ, ਕਾਨੂੰਨ, ਗਿਆਨ, ਵਿਸ਼ਵਾਸ ਆਦਿ ਸੱਭ ਉਸ ਸਮਾਜ ਵਿਚਲੇ ਪੈਦਾਵਾਰੀ ਸਾਧਨਾਂ ਤੋਂ ਪ੍ਰਭਾਵਤ ਹੁੰਦੇ ਹਨ। [4] ਜਦੋਂ ਵੀ ਪੈਦਾਵਾਰੀ ਸਾਧਨਾਂ ਵਿਚ ਤਬਦੀਲੀ ਅਉਂਦੀ ਹੈ ਤਾਂ ਸੱਭਿਆਚਾਰ ਦੇ ਦੂਸਰੇ ਅੰਗਾਂ ਵਿਚ ਵੀ ਹੌਲੀ ਹੌਲੀ ਤਬਦੀਲੀ ਆ ਜਾਂਦੀ ਹੈ।[5] ਇਹ ਅਮਲ ਇੰਨਾ ਸਿੱਧਾ ਤੇ ਮਕੈਨੀਕਲ ਨਹੀਂ ਸਗੋਂ ਬਹੁਤ ਹੀ ਜਟਿਲ ਹੁੰਦਾ ਹੈ। ਖਾਸ ਕਰਕੇ ਅੱਜ ਦੇ ਜਮਾਨੇ ਵਿਚ ਜਦ ਕਿ ਸੰਚਾਰ ਸਾਧਨ ਇੰਨੇ ਵੱਧ ਗਏ ਹਨ ਇਹ ਹੋਰ ਵੀ ਗੁੰਝਲਦਾਰ ਹੋ ਗਿਆ ਹੈ। ਪੈਦਾਵਾਰੀ ਸਾਧਨਾਂ ਤੇ ਸੱਭਿਆਚਾਰ ਦੇ ਆਪਸੀ ਰਿਸ਼ਤੇ ਦੀ ਗੁੰਝਲਤਾ ਕਾਰਨ ਕਈ ਵਾਰੀ ਇਸ ਦੀ ਹੋਂਦ ਤੋਂ ਹੀ ਇੰਨਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਮਨੁੱਖੀ ਇਤਹਾਸ ਵਿਚ ਇਸ ਗੱਲ ਦੇ ਇੰਨੇ ਸਬੂਤ ਹਨ ਕਿ ਪੈਦਾਵਾਰੀ ਸਾਧਨਾਂ ਦੇ ਮਹੱਤਵਪੂਰਣ ਪ੍ਰਭਾਵ ਤੋਂ ਇੰਨਕਾਰੀ ਨਹੀਂ ਹੋਇਆ ਜਾ ਸਕਦਾ।

ਉਪਰਲੀ ਗੱਲਬਾਤ ਤੋਂ ਜਿਹੜੀ ਗੱਲ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਸੱਭਿਆਚਾਰ ਇਕ ਵਿਸ਼ਾਲ ਸੰਕਲਪ ਹੈ ਜਿਹਦੇ ਵਿਚ ਕਿਸੇ ਇਕ ਜਨ-ਸਮੂਹ ਦਾ ਸਮੁੱਚਾ ਜੀਵਨ ਅਮਲ ਸ਼ਾਮਲ ਹੁੰਦਾ ਹੈ। ਪਰ ਇਹ ਜੀਵਨ ਅਮਲ ਉਸ ਥਾਂ ਦੀਆਂ ਇਤਿਹਾਸਕ ਤੇ ਭੁਗੋਲਿਕ ਹਾਲਤਾਂ ਦੇ ਅਨੁਕੂਲ ਢਲਿਆ ਹੋਇਆ ਹੁੰਦਾ ਹੈ। ਡਾਕਟਰ ਰਵਿੰਦਰ ਸਿੰਘ ਰਵੀ ਮੁਤਾਬਕ, ‘ਲੰਬੀ ਸਮਾਜਕ ਇਤਿਹਾਸਕ ਪ੍ਰਕਿ੍ਆ ਵਿਚੋਂ ਗੁਜ਼ਰਦਾ ਇਕ ਮਨੁੱਖੀ ਸਮੂਹ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਬਾਰੇ ਜਿਹੜੇ ਸਰਬ ਸਾਂਝੇ ਹੁੰਗਾਰੇ ਨੂੰ ਸਿਰਜਦਾ ਹੈ, ਉਹੀ ਉਸਦੇ ਸੱਭਿਆਚਾਰ ਦਾ ਅਮਲ ਘੇਰਾ ਹੁੰਦਾ ਹੈ।”[6]
ਕੈਨੇਡਾ ਵਿਚ ਪੰਜਾਬੀ ਸੱਭਿਆਚਾਰ :

ਸੱਭਿਆਚਾਰ ਦੀ ਪਰਿਭਾਸ਼ਾ ਦੇ ਸੰਬੰਧ ਵਿਚ ਆਉਂਦੀਆਂ ਮੁਸ਼ਕਲਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸੇ ਵੀ ਇਕ ਸੱਭਿਆਚਾਰ ਨੂੰ ਪਰਿਭਾਸ਼ਤ ਕਰਨਾ ਇਕ ਔਖਾ ਕੰਮ ਹੁੰਦਾ ਹੈ ਪਰ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਸੱਭਿਆਚਾਰ ਬਾਰੇ ਗੱਲ ਕਰਨੀ ਤਾਂ ਹੋਰ ਵੀ ਕਈ ਕਾਰਨਾਂ ਕਰਕੇ ਮੁਸ਼ਕਲ ਹੈ। ਇਥੇ ਸੱਭ ਤੋਂ ਪਹਿਲੀ ਤੇ ਵੱਡੀ ਮੁਸ਼ਕਲ ਇਹ ਸਥਾਪਤ ਕਰਨਾ ਹੀ ਬਣ ਜਾਂਦੀ ਹੈ ਕਿ ਜਿਹਦੇ ਸੱਭਿਆਚਾਰ ਦੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ ਅਸਲ ਵਿਚ ਉਹ ‘ਪੰਜਾਬੀ’ ਹੈ ਕੌਣ ? ਇਸ ਪੰਜਾਬੀ ਦੀ ਨਾ ਤਾਂ ਬੋਲੀ ਇਕ ਜਾਂ ਸਿਰਫ ਪੰਜਾਬੀ ਹੈ। ਨਾ ਇਹਦਾ ਧਰਮ ਇਕ ਹੈ। ਨਾ ਹੀ ਇਹ ਕਿਸੇ ਖਾਸ ਇਕ ਕਿੱਤੇ ਨਾਲ ਸੰਬੰਧਤ ਹੈ। ਨਾ ਇਹ ਇਥੇ ਇਕ ਭੁਗੋਲਿਕ ਇਕਾਈ ਵਿਚ ਵਿਚਰਦਾ ਹੈ ਤੇ ਨਾ ਹੀ ਇਹ ਇਕ ਭੁਗੋਲਿਕ ਇਕਾਈ ਤੋਂ ਇਥੇ ਆਇਆ ਹੈ। ਨਾਲ ਹੀ ਕਿਸੇ ਸੱਭਿਆਚਾਰ ਦੀ ਸਿਰਜਣਾ ਕੁਝ ਵਰਿਆਂ ਵਿਚ ਹੋਣੀ ਸੰਭਵ ਨਹੀਂ ਸਗੋਂ ਇਹ ਤਾਂ ਸੈਕੜੇ ਹੀ ਨਹੀਂ ਹਜਾਰਾਂ ਵਰਿਆਂ ਦੇ ਜੀਵਨ ਅਮਲ ਦਾ ਨਤੀਜਾ ਹੁੰਦਾ ਹੈ।

ਤੇ ਇਸ ਗੱਲ ਨੂੰ ਧਿਆਨ ਚ ਰੱਖਦਿਆਂ ਜੇ ਅਸੀਂ ਇਥੇ ਵਸਦੇ ਪੰਜਾਬੀਆਂ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਇਹ ਸ਼ਾਇਦ ਕੁਝ ਲੋਕਾਂ ਨੂੰ ਅਜੀਬ ਜਾਪੇ। ਪਰ ਇਹ ਗੱਲ ਵੀ ਸੱਚ ਹੈ ਕਿ ਇਥੇ ਆਏ ਬਹੁਤੇ ਪੰਜਾਬੀ ਉਸ ਧਰਤੀ ਤੋਂ ਆਏ ਹਨ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ, ‘ਸਪਤਸਿੰਧੂ ਦੀ ਧਰਤੀ ਅਸਲ ਵਿਚ ਆਦਿ ਮਨੁੱਖ ਅਤੇ ਆਦਿ ਸਭਿਅਤਾ ਦੋਵਾਂ ਦੀ ਹੀ ਜਨਮ-ਦਾਤੀ ਰਹੀ ਹੈ’।[7] ਤੇ ਇਸ ਜੁੱਗਾਂ ਪੁਰਾਣੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਨਾਲ ਲੈ ਕੇ ਆਏ ਹਨ ਇਹ ਪੰਜਾਬੀ। ਪਰ ਕਿਉਂਕਿ ਇਥੋਂ ਦੇ ਮਾਹੋਲ ਵਿਚ ਕਈ ਕੁਝ ਪੰਜਾਬ ਨਾਲੋਂ ਵੱਖਰਾ ਹੈ ਖਾਸ ਕਰਕੇ ਪੈਦਾਵਾਰੀ ਸਾਧਨ ਤੇ ਉਹਨਾਂ ਉੱਪਰ ਅਧਾਰਤ ਮਨੁੱਖੀ ਰਿਸ਼ਤੇ, ਇਹ ਲਾਜਮੀ ਹੈ ਕਿ ਪੰਜਾਬੀ ਸੱਭਿਆਚਾਰ ਇਹਨਾਂ ਨਵੀਆਂ ਸਥਿਤੀਆਂ ਵਿਚ ਵਿਚਰਦਾ ਕਦੀ ਆਪਣੇ ਆਪ ਨੂੰ ਸੁਖਾਲਿਆਂ ਹੀ ਇਹਨਾਂ ਦੇ ਅਨੁਕੂਲ ਢਾਲੇਗਾ ਤੇ ਕਦੀ ਇਹਨਾਂ ਦੇ ਵਿਰੋਧ ਵਿਚ ਡਟੇਗਾ। ਕੈਨੇਡਾ ਦਾ ਪੰਜਾਬੀ ਸੱਭਿਆਚਾਰ ਕੀ ਹੋਵੇਗਾ? ਇਹ ਕੁਝ ਤਾਂ ਆਉਣ ਵਾਲੇ ਸਮੇਂ ਵਿਚ ਹੀ ਦੇਖਿਆ ਵਿਚਾਰਿਆ ਜਾ ਸਕਦਾ ਹੈ। ਇਸ ਵਕਤ ਤਾਂ ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਬਾਰੇ ਹੀ ਗੱਲ ਹੋ ਸਕਦੀ ਹੈ ਕਿ ਇਹ ਨਵੀਆਂ ਸਥਿਤੀਆਂ ਵਿਚ ਕਿਵੇਂ ਵਿਚਰ ਰਿਹਾ ਹੈ। ਅਜੇ ਇਹੋ ਜਿਹੀਆਂ ਅਨਗਿਣਤ ਬਾਹਰੀ ਹਾਲਤਾਂ ਹਨ ਜਿਹੜੀਆਂ ਇਥੇ ਵਸਦੇ ਪੰਜਾਬੀ ਲੋਕਾਂ ਦੇ ਰੋਜ਼ਾਨਾ ਜੀਵਨ ਉੱਪਰ ਮਹੱਤਵਪੂਰਣ ਪ੍ਰਭਾਵ ਪਾਉਂਦੀਆਂ ਹਨ। ਇਸ ਕਰਕੇ ਇਹਨਾਂ ਦੇ ਸੱਭਿਆਚਾਰ ਅੰਦਰ ਨਵੇਂ ਰੁਝਾਨ ਜਿੰਨੀ ਤੇਜ਼ੀ ਨਾਲ ਬਣਦੇ ਹਨ ਉਨੀ ਤੇਜ਼ੀ ਨਾਲ ਬਦਲ ਵੀ ਸਕਦੇ ਹਨ। ਪਰ ਫੇਰ ਵੀ ਇਹ ਜ਼ਰੂਰੀ ਹੈ ਕਿ ਅਸੀਂ ਇਤਿਹਾਸ ਦੇ ਇਸ ਪੜਾਅ ਤੇ ਸੱਭਿਆਚਾਰ ਦੇ ਵੱਖਰੇ ਵੱਖਰੇ ਅੰਸ਼ਾਂ ਬਾਰੇ ਚਰਚਾ ਕਰੀਏ ਅਤੇ ਦੇਖੀਏ ਕਿ ਨਵੀਆਂ ਸਥਿਤੀਆਂ ਦਾ ਉਹਨਾਂ ਉੱਪਰ ਕੀ ਅਸਰ ਪੈ ਰਿਹਾ ਹੈ। ਇਸ ਪਰਚੇ ਵਿਚ ਅਜਿਹਾ ਕਰਨ ਦੀ ਹੀ ਕੋਸ਼ਿਸ਼ ਕੀਤੀ ਜਾਵੇਗੀ।

ਇਸ ਪਰਚੇ ਦੀਆਂ ਕੁਝ ਸੀਮਾਵਾਂ ਵੀ ਹਨ, ਜਿਹਨਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਹੁਣ ਭਾਂਵੇਂ ਕੈਨੇਡਾ ਦੇ ਸਾਰੇ ਹਿੱਸਿਆਂ ਵਿਚ ਪੰਜਾਬੀ ਰਹਿ ਰਹੇ ਹਨ ਪਰ ਸੱਠਵੇਂ ਦਹਾਕੇ ਦੇ ਅੱਧ ਤੱਕ ਪੰਜਾਬੀਆਂ ਦੀ ਵੱਡੀ ਗਿਣਤੀ ਕੈਨੇਡਾ ਦੇ ਪੱਛਮੀ ਤੱਟ ਦੇ ਸੂਬੇ ਬਰਿਟਿਸ਼ ਕੋਲੇਬੀਆ (ਬੀ ਸੀ) ਵਿਚ ਤੇ ਖਾਸ ਕਰ ਇਸ ਸੂਬੇ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਹੀ ਰਹਿੰਦੀ ਰਹੀ ਹੈ। ਇਹ ਥਾਂ ਪੰਜਾਬੀਆਂ ਦਾ ਮੁੱਢ ਤੋਂ ਕੇਂਦਰ ਰਿਹਾ ਹੈ ਅਤੇ ਹੁਣ ਵੀ ਹੈ। ਇਹ ਪਰਚਾ ਇਥੇ ਰਹਿ ਰਹੇ ਪੰਜਾਬੀਆਂ ਦੇ ਜੀਵਨ ਉੱਪਰ ਅਧਾਰਤ ਹੈ। ਭਾਂਵੇ ਦੂਜੇ ਹਿੱਸਿਆਂ ਵਿਚ ਵਸਦੇ ਪੰਜਾਬੀਆਂ ਦੀ ਜ਼ਿੰਦਗੀ ਇਥੋਂ ਨਾਲੋਂ ਬਹੁਤੀ ਵੱਖਰੀ ਨਹੀਂ ਹੋ ਸਕਦੀ ਪਰ ਫੇਰ ਵੀ ਇਹ ਇਸ ਪਰਚੇ ਦੀ ਸੀਮਾ ਜ਼ਰੂਰ ਹੈ। ਇਸਦੀ ਦੂਜੀ ਸੀਮਾ ਹੈ ਕਿ ਇਹ ਪਰਚਾ ਜਿ਼ਆਦਾ ਤਰ ਭਾਰਤੀ ਪੰਜਾਬ ਦੇ ਪਿੰਡਾਂ ਤੋਂ ਆਏ ਪੰਜਾਬੀ ਸਿੱਖਾਂ ਉੱਪਰ ਅਧਾਰਤ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਂਵੇ ਦੂਜੇ ਧਰਮਾਂ ਤੇ ਦੂਜੇ ਥਾਵਾਂ ਤੋਂ ਆਏ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਹੈ ਪਰ ਬਹੁ-ਗਿਣਤੀ ਪੰਜਾਬ ਦੇ ਪਿੰਡਾਂ ਤੋਂ ਆਏ ਸਿੱਖ ਧਰਮ ਦੇ ਲੋਕਾਂ ਦੀ ਹੈ।

ਕੈਨੇਡਾ ਵਿਚ ਪੰਜਾਬੀ ਕਦੋਂ ਤੇ ਕਿਥੋਂ ਆਏ :

ਕੈਨੇਡਾ ਵਿਚ ਪੰਜਾਬੀਆਂ ਦੀ ਆਮਦ ਇਸ ਸਦੀ ਦੇ ਪਹਿਲੇ ਦਹਾਕੇ ਵਿਚ ਸ਼ੁਰੂ ਹੋਈ। ਸਾਲ 1904-5 ਵਿਚ ਆਏ ਤਕਰੀਬਨ ਸਾਰੇ ਦੇ ਸਾਰੇ ਪੰਜਾਬੀ ਸਿੱਖ ਸਨ ਜੋ ਫੌਜ ਵਿਚੋਂ ਰੀਟਾਇਰ ਹੋ ਕੇ ਜਾਂ ਏਸ਼ੀਆ ਦੇ ਹੋਰ ਮੁਲਕਾਂ ਵਿਚੋਂ ਅੰਗਰੇਜ਼ ਸਰਕਾਰ ਦੀ ਨੌਕਰੀ ਕਰਦੇ ਆਏ ਸਨ। ਪਰ 1906-7-8 ਵਿਚ ਆਏ ਬਹੁਤੇ ਲੋਕ ਸਿੱਧੇ ਪਿੰਡਾਂ ਤੋਂ ਆਏ ਸਨ ਅਤੇ ਉਹਨਾਂ ਵਿਚੋਂ ਬਹੁ-ਗਿਣਤੀ ਪੰਜਾਬ ਦੇ ਹੋਸ਼ਿਆਰਪੁਰ ਤੇ ਜਲੰਧਰ ਜ਼ਿਲਿਆਂ ਦੇ ਲੋਕਾਂ ਦੀ ਸੀ।[8]

ਪਹਿਲੇ ਕੁਝ ਸਾਲਾਂ ਵਿਚ ਇਥੇ ਆਉਣ ਵਾਲੇ ਪੰਜਾਬੀਆਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੀ। ਨਤੀਜੇ ਵਜੋਂ 1908 ਤੱਕ ਪੰਜ ਹਜ਼ਾਰ ਤੋਂ ਉੱਪਰ ਪੰਜਾਬੀ ਇਥੇ ਆ ਚੁੱਕੇ ਸਨ। ਪਰ ਕੇਨੇਡਾ ਸਰਕਾਰ ਵਲੋਂ ਲਾਈਆਂ ਗਈਆਂ ਇਮੀਗਰੇਸ਼ਨ ਦੀਆਂ ਪਾਬੰਦੀਆਂ ਕਰਕੇ ਇਹ ਗਿਣਤੀ ਇਸੇ ਰਫਤਾਰ ਨਾਲ ਨਹੀਂ ਵਧੀ। ਭਾਂਵੇਂ ਪੰਜਾਬੀਆਂ ਨੇ ਇਮੀਗਰੇਸ਼ਨ ਵਿਰੁੱਧ ਲੜਾਈ ਲਗਾਤਾਰ ਜ਼ਾਰੀ ਰੱਖੀ ਅਤੇ ਕਾਮਾਗਾਟਾ ਮਾਰੂ ਵਰਗੇ ਪ੍ਰਸਿੱਧ ਘੋਲ ਲੜੇ ਪਰ ਉਹ ਨਸਲੀ ਕੈਨੇਡੀਅਨ ਸਰਕਾਰ ਦਾ ਮਨ ਨਾ ਬਦਲ ਸਕੇ। ਪਰ ਉਹਨਾਂ ਨੇ ਆਪਣੀ ਜਦੋਜਹਿਦ ਜ਼ਾਰੀ ਰੱਖੀ ਤੇ ਨਾਲ ਹੀ ਇਹ ਮਹਿਸੂਸ ਕੀਤਾ ਕਿ ਇਸ ਵਧੀਕੀ ਦਾ ਮੁੱਖ ਕਾਰਨ ਭਾਰਤ ਦਾ ਗੁਲਾਮ ਹੋਣਾ ਸੀ ਤੇ ਇਸ ਅਹਿਸਾਸ ਨੇ ਉਹਨਾਂ ਨੂੰ ਗਦਰ ਲਹਿਰ ਵਿਚ ਕੁੱਦਣ ਲਈ ਉਤਸ਼ਾਹਤ ਕੀਤਾ। ਇਥੇ ਜਦੋਜਹਿਦ ਦੇ ਨਤੀਜੇ ਵਜੋਂ 1919 ਵਿਚ ਉਹਨਾਂ ਨੂੰ ਆਪਣੇ ਪਰਵਾਰ ਸੱਦਣ ਦਾ ਹੱਕ ਮਿਲ ਗਿਆ। ਪਰ ਕੰਮਾਂ ਦੀ ਥੋੜ ਤੇ ਆਰਥਿਕ ਤੰਗੀਆਂ ਕਰਕੇ ਬਹੁਤ ਥੋੜੇ ਲੋਕ ਹੀ ਇਸ ਦਾ ਫਾਇਦਾ ਉਠਾ ਸਕੇ। ਕੁਝ ਲੋਕ ਗਦਰ ਲਹਿਰ ਵਿਚ ਹਿੱਸਾ ਲੈਣ ਲਈ ਵਾਪਿਸ ਚਲੇ ਗਏ ਤੇ ਹੋਰ ਨਵੇਂ ਬਹੁਤ ਘੱਟ ਆਏ। ਜਿਥੇ 1911 ਵਿਚ ਉਹਨਾਂ ਦੀ ਕੁਲ ਗਿਣਤੀ 2300 ਤੋਂ ਉੱਪਰ ਸੀ 1921 ਤੱਕ ਘੱਟ ਕੇ ਸਿਰਫ 1,016 ਰਹਿ ਗਈ। ਅਤੇ ਫੇਰ ਇਹ ਗਿਣਤੀ ਚਾਲੀਵਿਆਂ ਦੇ ਅਖੀਰ ਤੱਕ ਮੁੜ ਦੋ ਹਜ਼ਾਰ ਤੱਕ ਨਹੀਂ ਪਹੁੰਚੀ। [9]

ਫੇਰ 1951 ਵਿਚ ਕੋਟਾ ਸਿਸਟਮ ਸ਼ੁਰੂ ਹੋਇਆ ਤੇ ਹੌਲੀ ਹੌਲੀ ਨਵੇਂ ਲੋਕ ਅਉਣੇ ਸ਼ੁਰੂ ਹੋਏ ਪਰ ਹੁਣ ਦੀ ਪੰਜਾਬੀ ਵਸੋਂ ਦਾ ਬਹੁਤਾ ਹਿੱਸਾ 1967 ਤੋਂ ਬਾਅਦ ਹੀ ਆਇਆ ਹੈ। ਇਸ ਵੇਲੇ ਆਉਣ ਵਾਲਿਆਂ ਨੂੰ ‘ਵਿਜ਼ਿਟਰ’ ਦੇ ਨਾਂ ਨਾਲ ਜਾਣਿਆਂ ਜਾਂਦਾ ਸੀ ਕਿਉਂਕਿ ਇਹਨਾਂ ਵਿਚ ਵੱਡੀ ਗਿਣਤੀ ਲੋਕ ਇਥੇ ਵਿਜ਼ਿਟ ਕਰਨ ਦੇ ਬਹਾਨੇ ਨਾਲ ਆਏ ਸਨ। ਪਹਿਲੀਆਂ ਵਿਚ ਆਏ ਬਹੁਤ ਘੱਟ ਲੋਕਾਂ ਨੇ ਚੇਤਨ ਤੌਰ ‘ਤੇ ਆਪਣੇ ਆਪ ਨੂੰ ਇਥੇ ਸਦਾ ਲਈ ਸਥਾਪਤ ਕਰਨ ਬਾਰੇ ਸੋਚਿਆ ਤੇ ਕੋਸ਼ਿਸ਼ ਕੀਤੀ। ਬਹੁਤੇ ‘ਸਫਰ’ ਲਾਉਣ ਦੇ ਖਿਆਲ ਨਾਲ ਅਉਂਦੇ ਸਨ ਤੇ ਉਹਨਾਂ ਦਾ ਟੀਚਾ ਹਮੇਸ਼ਾਂ ਚੋਖੀ ਪੂੰਜੀ ਜਮਾਂ ਕਰ ਕੇ ਵਾਪਿਸ ਦੇਸ ਚਲੇ ਜਾਣ ਦਾ ਹੁੰਦਾ ਸੀ। ਉਹਨਾਂ ਵਿਚੋਂ ਜਿਹਨਾਂ ਨੇ ਆਪਣੇ ਟੱਬਰ ਮੰਗਵਾ ਲਏ ਉਹ ਆਰਥਿਕ ਮੰਦਹਾਲੀ (ਦੂਜੀ ਵੱਡੀ ਲੜਈ ਲੱਗਣ ਤੋਂ ਪਹਿਲਾਂ ਦਾ ਸਮਾਂ) ਦੌਰਾਨ ਕਬੀਲਦਾਰੀ ਦੇ ਚੱਕਰ ਵਿਚ ਫਸ ਕੇ ਚਾਹੁੰਦੇ ਹੋਏ ਵੀ ਵਾਪਿਸ ਨਾ ਜਾ ਸਕੇ ਤੇ ਇਧਰ ਹੀ ਆਪਣੀ ਸਾਰੀ ਉਮਰ ਬਿਤਾ ਗਏ। ਬਾਕੀ ਜੋ ਸਮੇਂ ਸਮੇਂ ਵਾਪਿਸ ਗਏ ਉਹਨਾਂ ਨੂੰ ਆਰਥਿਕ ਤੇਗੀਆਂ ਦੇ ਹੱਥੋਂ, ਤੇ ਰਿਸ਼ਤੇਦਾਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਤੇ ਅਜਿਹੇ ਹੋਰ ਕਾਰਨਾਂ ਕਰਕੇ ਮੁੜ ਵਾਪਿਸ ਕੈਨੇਡਾ ਆਉਣਾ ਪਿਆ। ਇਸ ਤਰ੍ਹਾਂ ਇਹ ਲੋਕ ਦੋਹੀਂ ਪਾਸੀਂ ਲਟਕਦੇ ਰਹੇ। ਦੂਜੇ ਪਾਸੇ ਜਿਹੜੇ ਥੋੜ੍ਹੇ ਲੋਕਾਂ ਦੇ ਟੱਬਰ ਇਥੇ ਆਏ ਸਨ ਉਹਨਾਂ ਦੇ ਇਧਰ ਜੰਮੇ ਨਿਆਣਿਆਂ ਦੀ ਗਿਣਤੀ ਥੋੜ੍ਹੀ ਹੋਣ ਕਰਕੇ ਅਤੇ ਇਕ ਦੂਜੇ ਤੋਂ ਦੂਰ ਰਹਿਣ ਕਰਕੇ ਉਹ ਬਿਲਕੁਲ ਪੱਛਮੀ ਮਾਹੋਲ ਵਿਚ ਪਲੇ। ਉਹਨਾਂ ਵਿਚੋਂ ਬਹੁਤ ਥੋੜ੍ਹੇ ਬੱਚੇ ਚੰਗੀ ਤਰ੍ਹਾਂ ਪੰਜਾਬੀ ਬੋਲਣੀ ਸਿੱਖੇ ਅਤੇ ਪੜ੍ਹਨੀ ਲਿਖਣੀ ਤਾਂ ਸ਼ਾਇਦ ਹੀ ਕੋਈ ਸਿੱਖਿਆ ਹੋਵੇ। ਪੰਜਾਬੀ ਬੋਲੀ ਦੀ ਅਣਹੋਂਦ ਕਾਰਨ ਉਹ ਆਪਣੇ ਅੰਦਰ ਪੰਜਾਬੀ ਸੱਭਿਆਚਾਰ ਨੂੰ ਸਾਂਭਣ ਵਿਚ ਵੀ ਕਾਮਯਾਬ ਨਾ ਰਹੇ। ਨਤੀਜੇ ਵਜੋਂ ਪਹਿਲੇ ਆਏ ਪੰਜਾਬੀ ਇਥੇ ਆਪਣਾ ਵਿਲੱਖਣਤਾ ਵਾਲਾ ਸੱਭਿਆਚਾਰ ਸਥਾਪਤ ਕਰਨ ਵਿਚ ਨਾਕਾਮਯਾਬ ਹੀ ਰਹੇ। ਸ਼ਾਇਦ ਇਹੋ ਕਾਰਨ ਹੈ ਕਿ 1967 ਤੋਂ ਬਾਅਦ ਵੱਡੀ ਗਿਣਤੀ ਵਿਚ ਆਏ ਨਵੇਂ ਆਵਾਸੀ ਪਹਿਲਿਆਂ ਨੂੰ ਛੇਤੀ ਤੇ ਆਸਾਨੀ ਨਾਲ ਅੱਖੋਂ ਉਹਲੇ ਕਰਨ ਵਿਚ ਕਾਮਯਾਬ ਹੋ ਗਏ।

ਸੋ ਅਸਲ ਵਿਚ ਪੰਜਾਬੀਆਂ ਨੇ ਵੱਡੀ ਗਿਣਤੀ ਵਿਚ ਆਪਣੇ ਆਪ ਨੂੰ ਕੈਨੇਡਾ ਵਿਚ ਸਥਾਪਤ ਕਰਨ ਦੀ ਕੋਸ਼ਿਸ਼ ਪਿਛਲੇ ਦੋ ਦਹਾਕਿਆਂ ਦੌਰਾਨ ਹੀ ਕੀਤੀ ਹੈ। ਮੌਜੂਦਾ ਪੰਜਾਬੀ ਵਸੋਂ ਵਿਚ ਭਾਂਵੇ ਬਹੁ-ਗਿਣਤੀ ਅਜੇ ਵੀ ਸਿੱਧੇ ਪੰਜਾਬ ਦੇ ਪਿੰਡਾਂ ਤੋਂ ਆਇਆਂ ਦੀ ਹੈ ਪਰ ਹੁਣ ਪੰਜਾਬੀ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਵੀ ਕਾਫੀ ਗਿਣਤੀ ਵਿਚ ਆਏ ਹਨ ਜਿਵੇਂ: ਭਾਰਤ ਦੇ ਹੋਰਨਾਂ ਇਲਾਕਿਆਂ ਵਿਚੋਂ, ਪਾਕਿਸਤਾਨ ਵਿਚੋਂ, ਅਫਰੀਕਾ ਦੇ ਕਈ ਮੁਲਕਾਂ ਖਾਸ ਕਰ ਯੂਗੈਂਡਾ ਤੇ ਕੀਨੀਆਂ ਵਿਚੋਂ, ਏਸ਼ੀਆ ਦੇ ਕਈ ਮੁਲਕਾਂ ਵਿਚੋਂ, ਫੀਜੀ ਵਿਚੋਂ, ਇੰਗਲੈਂਡ ਵਿਚੋਂ ਤੇ ਹੋਰ ਕਿੰਨਿਆਂ ਹੀ ਵੱਖਰੇ ਵੱਖਰੇ ਥਾਵਾਂ ਤੋਂ ਆਏ ਹਨ। ਨਾਲ ਹੀ ਹੁਣ ਦੀ ਪੰਜਾਬੀ ਵਸੋਂ ਵਿਚ ਇਥੇ ਜੰਮਿਆਂ ਦਾ ਵੀ ਵੱਧ ਰਿਹਾ ਹਿੱਸਾ ਹੈ।

ਬੋਲੀ:

ਬੋਲੀ ਕਿਸੇ ਸੱਭਿਆਚਾਰ ਦੇ ਜ਼ਿੰਦਾ ਰਹਿਣ ਲਈ ਬਹੁਤ ਜ਼ਰੂਰੀ ਹੈ। ਪਰ ਇਹ ਵੀ ਸੱਚ ਹੈ ਕਿ ਬੋਲੀ ਹਮੇਸ਼ਾਂ ਬਦਲਦੀ ਰਹਿੰਦੀ ਹੈ। ਜੇ ਇਹ ਤਬਦੀਲੀ ਲੰਬੇ ਸਮੇਂ ਵਿਚ ਹੌਲੀ ਹੌਲੀ ਸੱਭਿਆਚਾਰ ਵਿਚ ਆਉਂਦੀਆਂ ਤਬਦੀਲੀਆਂ ਅਨੁਕੂਲ ਆਵੇ ਤਾਂ ਇਹ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਵਿਚ ਸਹਾਈ ਹੁੰਦੀ ਹੈ ਪਰ ਜੇ ਇਸ ਤਰ੍ਹਾਂ ਨਾ ਹੋਵੇ ਤਾਂ ਜੇ ਕੋਈ ਜਨ-ਸਮੂਹ ਜਾਂ ਕੁਝ ਵਿਅਕਤੀ ਥੋੜ੍ਹੇ ਸਮੇਂ ਵਿਚ ਆਪਣੀ ਬੋਲੀ ਭੁੱਲ ਜਾਣ ਤਾਂ ਉਹਨਾਂ ਦੇ ਸੱਭਿਆਚਾਰ ਦਾ ਜ਼ਿੰਦਾ ਰਹਿਣਾ ਵੀ ਸੰਭਵ ਨਹੀਂ। ਉਦਾਹਰਣ ਵਜੋਂ ਅਸੀਂ ਉਤਰੀ ਅਮਰੀਕਾ ਦੇ ਆਦਿ ਵਾਸੀ(ਨੇਟਿਵ ਇੰਡੀਅਨਜ਼) ਲੋਕਾਂ ਦੀ ਸਥਿਤੀ ਦੇਖ ਸਕਦੇ ਹਾਂ। ਇਹ ਕਈ ਬਿਲਕੁਲ ਖਤਮ ਹੋਣ ਤੇ ਆਈਆਂ (ਜਿਹਨਾਂ ਨੂੰ ਬੋਲਣ ਵਾਲੇ ਗਿਣਤੀ ਦੇ ਹੀ ਵਿਅਕਤੀ ਬੱਚਦੇ ਹਨ) ਬੋਲੀਆਂ ਨੂੰ ਇਸ ਆਸ ਵਿਚ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹਨਾਂ ਦੇ ਸੱਭਿਆਚਾਰ ਨੂੰ ਜ਼ਿੰਦਾ ਰੱਖਿਆ ਜਾ ਸਕੇ।

ਮੌਜੂਦਾ ਸਥਿਤੀ ਮੁਤਾਬਕ ਕੈਨੇਡਾ ਵਿਚ ਰਹਿ ਰਹੇ ਪੰਜਾਬੀ ਕਹਾਉਣ ਵਾਲੇ ਸਾਰੇ ਲੋਕਾਂ ਦੀ ਆਮ ਗੱਲਬਾਤ ਦੀ ਬੋਲੀ ਪੰਜਾਬੀ ਨਹੀਂ ਹੈ ਖਾਸ ਕਰਕੇ ਇਥੋਂ ਦੇ ਜੰਮੇ, ਜੁਆਨ ਹੋਏ ਤੇ ਹੋ ਰਹੇ ਬੱਚਿਆਂ ਦੀ। ਪਹਿਲੀਆਂ ਵਿਚ ਆਏ ਪੰਜਾਬੀਆਂ ਦੇ ਇਥੇ ਜੰਮੇ ਪਲੇ ਬੱਚੇ ਕੁਝ ਹੱਦ ਤੱਕ ਪੰਜਾਬੀ ਸਮਝ ਜ਼ਰੂਰ ਲੈਂਦੇ ਹਨ ਪਰ ਬੋਲਣ ਵਿਚ ਉਹਨਾਂ ਦੀ ਮੁਸ਼ਕਲ ਕਿਸੇ ਤੋਂ ਛੁਪੀ ਨਹੀਂ। ਹੁਣ ਆਏ ਲੋਕਾਂ ਦੇ ਬੱਚੇ ਕਾਫੀ ਹੱਦ ਤੱਕ ਪੰਜਾਬੀ ਬੋਲ ਵੀ ਲੈਂਦੇ ਹਨ ਪਰ ਇਸ ਗੱਲ ਤੋਂ ਇੰਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਉਹਨਾਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਹੀ ਹੈ। ਮਾਪਿਆਂ ਤੇ ਬੱਚਿਆਂ ਦੀ ਆਪਸੀ ਗੱਲਬਾਤ ਦੋਹਾਂ ਬੋਲੀਆਂ ਦੇ ਮਿਲਗੋਭੇ ਵਿਚ ਹੁੰਦੀ ਹੈ। ਬੱਚੇ ਅੰਗਰੇਜ਼ੀ ਵਿਚ ਗੱਲ ਕਰਦੇ ਹਨ ਤੇ ਕਿਤੇ ਕਿਤੇ ਅੰਗਰੇਜ਼ੀ ਅੰਦਾਜ਼ ਵਿਚ ਪੰਜਾਬੀ ਦੇ ਸ਼ਬਦ ਅੜਾ ਦਿੰਦੇ ਹਨ ਤਾਂ ਕਿ ਮਾਪਿਆਂ ਨੂੰ ਗਲ ਸਮਝਣ ਵਿਚ ਸੌਖ ਹੋ ਸਕੇ। ਤੇ ਮਾਪੇ ਪੰਜਾਬੀ ਵਿਚ ਗੱਲ ਕਰਦੇ ਹਨ ਤੇ ਕਿਤੇ ਕਿਤੇ ਪੰਜਾਬੀ ਅੰਦਾਜ਼ ਵਿਚ ਅੰਗਰੇਜ਼ੀ ਦੇ ਅੱਖਰ ਅੜਾ ਦਿੰਦੇ ਹਨ। ਨਵੇਂ ਆਇਆਂ ਉੱਪਰ ਸ਼ਾਇਦ ਇਹ ਗੱਲ ਪੂਰੀ ਤਰ੍ਹਾਂ ਨਾ ਢੁੱਕੇ ਪਰ ਪਹਿਲੀਆਂ ਵਿਚ ਆਏ ਸਾਰੇ ਪਰਵਾਰਾਂ ‘ਤੇ ਇਹ ਪੂਰੀ ਤਰ੍ਹਾਂ ਢੁੱਕਦੀ ਹੈ। ਇੱਥੋਂ ਦੇ ਜੰਮਪਲ਼ ਬੱਚੇ ਅੰਗਰੇਜ਼ੀ ਦਾ ਅਨੁਵਾਦ ਕਰਕੇ ਪੰਜਾਬੀ ਬੋਲਦੇ ਹਨ ਅਤੇ ਉਹਨਾਂ ਦੀ ਆਵਾਜ਼ ਪੰਜਾਬੀ ਕੰਨਾਂ ਨੂੰ ਅਜੀਬ ਲਗਦੀ ਹੈ, ਜਿਵੇਂ, ‘ਮੰਮੀ ਤੈਨੂੰ ਡੈਡੀ ਮੰਗਡਾ।’

ਜਿਵੇਂ ਕਿ ਇਹ ਗੱਲ ਕੁਦਰਤੀ ਹੈ ਕਿ ਬੋਲੀ ਹਾਲਾਤਾਂ ਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਇਥੇ ਬੋਲੀ ਜਾਂਦੀ ਪੰਜਾਬੀ ਵੀ ਆਪਣੇ ਵਿਚੋਂ ਕਈ ਕੁਝ ਪੁਰਾਣਾਂ ਗੁਆ ਕੇ ਨਵਾਂ ਰਲ਼ਾ ਰਹੀ ਹੈ। ਘਰ ਚ ਆਮ ਵਰਤੋਂ ਦੀਆਂ ਚੀਜ਼ਾਂ, ਕੰਮਾਂ-ਕਾਰਾਂ ਵਿਚ ਵਰਤੇ ਜਾਂਦੇ ਸੰਦ, ਆਸ-ਪਾਸ ਦੀਆਂ ਥਾਵਾਂ, ਸ਼ਹਿਰਾਂ, ਮੰਡੀਆਂ ਦੇ ਨਾਂ ਆਦਿ ਸਾਡੀ ਨਿੱਤ ਦੀ ਗੱਲਬਾਤ ਦਾ ਹਿੱਸਾ ਹੁੰਦੇ ਹਨ। ਅਤੇ ਪੰਜਾਬ ਨਾਲੋਂ ਇਹ ਇਥੇ ਵੱਖਰੇ ਹਨ। ਆਮ ਗੱਲਬਾਤ ਵਿਚ ਅੰਗਰੇਜ਼ੀ ਦੇ ਕਈ ਸ਼ਬਦ ਤਾਂ ਅਸੀਂ ਮੌਲਿਕ ਰੂਪ ਵਿਚ ਹੀ ਵਰਤਦੇ ਹਾਂ ਪਰ ਬਹੁਤੇ ਸ਼ਬਦ ਅਸੀਂ ਪੰਜਾਬੀ ਅੰਦਾਜ਼ ਵਿਚ ਵਰਤਦੇ ਹਾਂ। ਉਦਾਹਰਣ ਵਜੋਂ ਇਸ ਕਿਸਮ ਦੇ ਫਿਕਰੇ: ‘ਇਹ ਤਾਂ ਟੂ ਬੈਡ ਹੋਇਆ ਬਈ’, ‘ਫੀਲ ਜਈ ਨਈ ਗੁੱਡ’, ਜਾਂ ‘ਬੰਦਾ ਆਪੇ ਹੌਲੀ ਹੌਲੀ ਯੂਜ਼ ਟੂ ਹੋ ਜਾਂਦੈ’ ਆਦਿ ਸਾਡੀ ਆਮ ਬੋਲਚਾਲ ਦਾ ਹਿੱਸਾ ਬਣ ਚੁੱਕੇ ਹਨ ਜਾਂ ਬਣ ਰਹੇ ਹਨ। ਪਹਿਲੀਆਂ ਵਿਚ ਆਏ ਪੰਜਾਬੀਆਂ ਦੇ ਕਈ ਪ੍ਰਚਲਤ ਸ਼ਬਦ ਜਿਵੇਂ ‘ਬੋਈ’ (ਬੋਆਏ), ‘ਖਾਅ’ (ਕਾਰ), ‘ਨੋ ਮਾਰਾ’ (ਇਟ ਡਜ਼ ਨੌਟ ਮੈਟਰ), ਨੋ- ਸਾਵੀ’ ਆਦਿ ਹੁਣ ਗੈਬ ਵੀ ਹੋ ਗਏ ਹਨ। ਬੋਲੀ ਵਿਚ ਇਸ ਕਿਸਮ ਦੀਆਂ ਤਬਦੀਲੀਆਂ ਕੁਦਰਤੀ ਹਨ ਇਹਨਾਂ ਨੂੰ ਕੋਸ਼ਿਸ਼ ਨਾਲ ਵੀ ਰੋਕਿਆ ਨਹੀਂ ਜਾ ਸਕਦਾ ਅਤੇ ਨਾ ਹੀ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਆਸ ਪਾਸ ਦੀਆਂ ਥਾਵਾਂ ਅਤੇ ਲੋਕਾਂ ਦੇ ਨਾਂਵੀ ਅਮ ਬੋਲੀ ਦਾ ਬਹੁਤ ਮਹੱਤਵਪੂਰਨ ਭਾਗ ਹੁੰਦੇ ਹਨ। ਕੈਨੇਡਾ ਆਉਣ ਉਪਰੰਤ ਪੰਜਾਬੀਆਂ ਦੇ ਨਾਵਾਂ ਵਿਚ ਕਾਫੀ ਤਬਦੀਲੀ ਆਉਂਦੀ ਹੈ। ਪਹਿਲੀਆਂ ਵਿਚ ਏਥੇ ਆਏ ਪੰਜਾਬੀਆਂ ਨੂੰ ਗੋਰਿਆਂ ਵਲੋਂ ‘ਹਿੰਦੂ’ ਨਾਂ ਨਾਲ ਮੁਖਾਤਬ ਕੀਤਾ ਜਾਂਦਾ ਸੀ ਅਤੇ ਪੰਜਾਬੀ ਵੀ ਆਪਣੇ ਬਾਰੇ ਗੱਲ ਕਰਦੇ ਅਕਸਰ ਇਸ ਸ਼ਬਦ ਦੀ ਵਰਤੋਂ ਹੀ ਕਰਦੇ ਸਨ। ਇਸ ਸ਼ਬਦ ਦੀ ਥਾਂ ਪਹਿਲਾਂ ‘ਈਸਟ ਇੰਡੀਅਨ’ ਨੇ ਲੈ ਰੱਖੀ ਸੀ ਤੇ ਹੁਣ ‘ਇੰਡੋ-ਕਨੇਡੀਅਨ’ ਵਰਤਿਆ ਜਾਣ ਲੱਗਾ ਹੈ। ਲੋਕਾਂ ਦੇ ਜਾਤੀ ਨਾਵਾਂ ਵਿਚ ਵੀ ਇਥੇ ਗੌਲਣਯੋਗ ਤਬਦੀਲੀ ਆਉਂਦੀ ਹੈ। ਉਦਾਹਰਨ ਵਜੋਂ, ਪੰਜਾਬੀਆਂ ਦੇ ਬੱਬੇ ਨਾਲ ਸ਼ੁਰੂ ਹੋਣ ਵਾਲੇ ਨਾਵਾਂ ਨੂੰ ਖਿੱਚ ਧੂਹ ਕੇ ‘ਬੌਬ’ ਬਣਾ ਦਿੱਤਾ ਜਾਂਦਾ ਹੈ; ਜੱਜੇ ਨਾਲ ਸ਼ੁਰੂ ਹੋਣ ਵਾਲਿਆਂ ਨੂੰ ‘ਜੈਕ’; ਦੱਦੇ ਨਾਲ ਸ਼ੁਰੂ ਹੋਣ ਵਾਲਿਆਂ ਨੂੰ ‘ਡੇਵ’; ਗੱਗੇ ਨਾਲ ਸ਼ੁਰੂ ਹੋਣ ਵਾਲਿਆਂ ਨੂੰ ‘ਗੈਰੀ’ ਆਦਿ। ਇਹ ਨਾਂ ਬਹੁਤੀ ਵਾਰੀ ਪੰਜਾਬੀਆਂ ਨੂੰ ਕੰਮਾਂ ਉੱਪਰ ਸੁਪਰਵਾਈਜ਼ਰਾਂ ਜਾਂ ਫੋਰਮੈਨਾਂ ਰਾਹੀਂ ਦਿੱਤੇ ਜਾਂਦੇ ਹਨ। ਨਾਵਾਂ ਦਾ ਸਰਲੀਕਰਨ ਇਸ ਮੁਲਕ ਦਾ ਰਿਵਾਜ ਬਣ ਚੁੱਕਾ ਹੈ ਅਤੇ ਇਸਦੇ ਪਿੱਛੇ ਇਸ ਪੂੰਜੀਵਾਦੀ ਸਮਾਜ ਦੀ ਉਤਪਾਦਨ ਵਧਾਉਣ ਦੀ ਨੀਤੀ ਕੰਮ ਕਰਦੀ ਸਾਫ ਨਜ਼ਰ ਆਉਂਦੀ ਹੈ।

ਧਰਮ:

ਕੈਨੇਡਾ ਵਿਚ ਵਸਣ ਵਾਲੇ ਪੰਜਾਬੀ ਸਿੱਖ, ਹਿੰਦੂ, ਮੁਸਲਮਾਨ ਆਦਿ ਧਰਮਾਂ ਵਿਚ ਵੰਡੇ ਹੋਏ ਹਨ। ਪੰਜਾਬੀਆਂ ਵਿਚ ਥੋੜ੍ਹੀ ਗਿਣਤੀ ਈਸਾਈਆਂ ਦੀ ਵੀ ਹੈ ਤੇ ਕੁਝ ਗਿਣਤੀ ਉਹਨਾਂ ਲੋਕਾਂ ਦੀ ਵੀ ਹੈ ਜੋ ਕਿਸੇ ਵੀ ਧਰਮ ਨੂੰ ਨਹੀਂ ਮੰਨਦੇ। ਜਿਵੇਂ ਕਿ ਅਸੀਂ ਧਰਮ ਦੇ ਸੱਭਿਆਚਾਰ ਉੱਪਰ ਅਸਰ ਦਾ ਪਹਿਲਾਂ ਚਰਚਾ ਕੀਤਾ ਹੈ ਇਹਨਾਂ ਵੱਖਰੇ ਧਰਮਾਂ ਦਾ ਇਥੋਂ ਦੇ ਪੰਜਾਬੀ ਜੀਵਨ ਉੱਪਰ ਕਾਫੀ ਅਸਰ ਪੈਂਦਾ ਹੈ। ਬਾਹਰ ਵੱਸਦੇ ਪੰਜਾਬੀਆਂ ਦੇ ਜੀਵਨ ਉੱਪਰ ਵੱਖਰੇ ਧਰਮਾਂ ਦਾ ਅਸਰ ਇਸ ਕਦਰ ਹੈ ਕਿ ਪਿਛੇ ਜਿਹੇ ਇੰਗਲੈਡ ਵਿਚ ਛਪੇ ਇਕ ਖੋਜ-ਪੱਤਰ (ਬਿਟਵੀਨ ਟੂ ਕਲਚਰਜ਼)[10] ਵਿਚ ਸਾਰੀ ਖੋਜ ਦਾ ਆਧਾਰ ਸਿੱਖ ਪੰਜਾਬੀ, ਹਿੰਦੂ ਪੰਜਾਬੀ ਤੇ ਮੁਸਲਮਾਨ ਪੰਜਾਬੀ ਰੱਖੇ ਗਏ ਸਨ। ਇਸੇ ਤਰ੍ਹਾਂ ਪੰਜਾਬ ਦੇ ਸੱਭਿਆਚਾਰ ਦੀ ਚਰਚਾ ਕਰਦਿਆਂ ਡਾਕਟਰ ਅਤਰ ਸਿੰਘ ਨੇ ਵੀ ਧਰਮ ਨੂੰ ਬਹੁਤ ਮਹੱਤਤਾ ਦਿੱਤੀ ਹੈ।[11]

ਕੈਨੇਡਾ ਵਿਚ ਵਸਦੇ ਪੰਜਾਬੀ ਲੋਕਾਂ ਦੇ ਰਵਈਏ ਤੋਂ ਵੀ ਕਈ ਵਾਰੀ ਜਾਪਦਾ ਹੈ ਕਿ ਇਹਨਾਂ ਲਈ ਧਰਮ ਹੀ ਅਸਲ ਵਿਚ ਸੱਭਿਆਚਾਰ ਹੈ ਅਤੇ ਇਹਨੂੰ ਬਚਾਉਣ ਨਾਲ ਸੱਭਿਆਚਾਰ ਆਪਣੇ ਆਪ ਬਚ ਜਾਵੇਗਾ। ਪਰ ਅਸਲ ਵਿਚ ਇਹ ਇਕ ਭੁਲੇਖੇ ਵਾਲੀ ਗੱਲ ਜਾਪਦੀ ਹੈ। ਕਿਉਕਿ ਜਿਵੇਂ ਕਿਹਾ ਗਿਆ ਹੈ, ਧਰਮ ਸੱਭਿਆਚਾਰ ਦਾ ਇਕ ਅੰਗ ਹੁੰਦਾ ਹੈ ਆਪਣੇ ਆਪ ਵਿਚ ਸੱਭਿਆਚਾਰ ਨਹੀਂ। ਭਾਰਤ ਦੇ ਪ੍ਰਸਿੱਧ ਲਿਖਾਰੀ ਮੁਨਸ਼ੀ ਪ੍ਰੇਮ ਚੇਦ ਨੂੰ ਲਿਖਿਆ ਹੈ: ‘… ਸੱਭਿਆਚਾਰ ਦਾ ਧਰਮ ਨਾਲ ਕੋਈ ਸਬੰਧ ਨਹੀਂ। ਆਰੀਆ ਸੰਸਕਿ੍ਤੀ ਹੈ, ਈਰਾਨੀ ਸੰਸਕਿ੍ਤੀ ਹੈ, ਅਰਬ ਸੰਸਕਿ੍ਤੀ ਹੈ, ਪਰੰਤੂ ਈਸਾਈ ਸੰਸਕਿ੍ਤੀ ਅਤੇ ਹਿੰਦੂ-ਮੁਸਲਮ ਸੰਸਕਿ੍ਤੀ ਨਾਂ ਦੀ ਕੋਈ ਚੀਜ਼ ਨਹੀਂ ਹੈ।[12]

ਇਹ ਗੱਲ ਠੀਕ ਹੈ ਕਿ ਧਾਰਮਿਕ ਅਦਾਰੇ ਵੱਧ ਰਹੇ ਹਨ, ਧਾਰਮਿਕ ਅਸਥਾਨਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਪਰ ਇਸ ਨੂੰ ਆਪਣੇ ਆਪ ਵਿਚ ਸੱਭਿਆਚਾਰ ਜਾਂ ਸੱਭਿਆਚਾਰ ਦੀ ਸਾਂਭ ਸਮਝਣਾ ਗਲਤੀ ਹੋਵੇਗੀ। ਧਰਮ ਦੇ ਕਾਇਮ ਰਹਿਣ ਜਾਂ ਵੱਧਣ ਦਾ ਇਕ ਕਾਰਨ ਹੈ ਕਿ ਇਸ ਸਮਾਜ ਵਿਚ ਲੋਕਾਂ ਨੂੰ ਆਪਣੀਆਂ ਪਦਾਰਥਕ ਲੋੜਾਂ ਪੂਰੀਆਂ ਕਰਨ ਲਈ ਜੋ ਸਮਾਂ, ਸ਼ਕਤੀ ਲਗਦੀ ਹੈ ਨਾਲ ਹੀ ਰੋਜ਼ਾਨਾ ਜੀਵਨ ਵਿਚ ਕਈ ਇਹੋ ਜਿਹੇ ਕੰਮ ਕਰਨੇ ਪੈਂਦੇ ਹਨ ਜਾਂ ਹੁੰਦੇ ਦੇਖਣੇ ਪੈਂਦੇ ਹਨ ਜਿਹੜੇ ਬੰਦੇ ਦੀ ਜ਼ਮੀਰ ਤੇ ਬੁਰਾ ਅਸਰ ਪਾਉਂਦੇ ਹਨ। ਇਸ ਸਮਾਜ ਵਿਚਲੀ ਪਦਾਰਥਕ ਚੀਜ਼ਾਂ ਲਈ ਨਿਰੰਤਰ ਦੌੜ ਅਤੇ ਸਦੀਵੀ ਅਸੰਤੂਸ਼ਟਤਾ ਅਤੇ ਨਿਰਾਸ਼ਤਾ ਹਰ ਵਿਅਕਤੀ ਦਾ ਯਥਾਰਥ ਹੈ। ਜੀਵਨ ਦੀਆਂ ਇਹ ਹਾਲਤਾਂ ਮਨੁੱਖ ਦੇ ਅੰਦਰ ਇਕ ਖਲਾਅ ਪੈਦਾ ਕਰਦੀਆਂ ਹਨ। ਧਰਮ ਇਸ ਖਲਾਅ ਨੂੰ ਭਰਨ ਵਿਚ ਸਹਾਈ ਹੁੰਦਾ ਹੈ ਅਤੇ ਜਿੰਨਾ ਚਿਰ ਸਮਾਜ ਦੀਆਂ ਇਹ ਹਾਲਤਾਂ ਨਹੀਂ ਬਦਲਦੀਆਂ ਧਰਮ ਦੀ ਜ਼ਰੂਰਤ ਬਣੀ ਰਹੇਗੀ।

ਪੰਜਾਬੀਆਂ ਦੇ ਵੱਖਰੇ ਵੱਖਰੇ ਧਰਮਾਂ ਕਰਕੇ ਲੋਕਾਂ ਅੰਦਰ ਦੂਜੇ ਧਰਮ ਦੇ ਲੋਕਾਂ ਨਾਲ ਮੇਲ ਮਿਲਾਪ ਬਹੁਤ ਘੱਟ ਰਿਹਾ ਹੈ। ਇਥੇ ਸਥਿਤੀ ਪੰਜਾਬ ਦੇ ਪਿੰਡਾਂ ਨਾਲੋਂ ਵੱਖਰੀ ਹੈ। ਉੱਥੇ ਲੋਕ ਵੱਖਰੇ ਧਰਮਾਂ ਨੂੰ ਮੰਨਦੇ ਹੋਏ ਵੀ ਅਕਸਰ ਰੋਜ਼ਾਨਾ ਜੀਵਨ ਵਿਚ ਇਕ ਦੂਜੇ ਦੇ ਸੰਪਰਕ ਵਿਚ ਆਉਂਦੇ ਰਹਿੰਦੇ ਹਨ ਜਿਹੜਾ ਕਿ ਇਥੇ ਸੰਭਵ ਨਹੀਂ। ਪਹਿਲੀਆਂ ਵਿਚ ਇਥੇ ਸਿਰਫ ਸਿੱਖਾਂ ਦੀ ਸੰਖਿਆ ਜ਼ਿਆਦਾ ਹੋਣ ਕਰਕੇ ਉਹਨਾਂ ਦੇ ਹੀ ਧਾਰਮਿਕ ਕੇਂਦਰ ਬਣਨੇ ਸੰਭਵ ਸਨ। ਤੇ ਇਹ ਧਾਰਮਿਕ ਕੇਂਦਰ ਉਸ ਸਮੇਂ ਸਿਰਫ ਧਰਮ ਪਰਚਾਰ ਦੇ ਹੀ ਕੇਂਦਰ ਨਹੀਂ ਸਨ ਸਗੋਂ ਉਹ ਇਕ ਕਮਿਉਨਿਟੀ ਕੇਂਦਰ ਵੀ ਸਨ ਜਿਹਨਾਂ ਵਿਚ ਹਿੰਦੂ ਤੇ ਮੁਸਲਮਾਨ ਵੀ ਆਮ ਆਉਂਦੇ ਜਾਂਦੇ ਸਨ ਤੇ ਸਾਰੀ ਪੰਜਾਬੀ ਕਮਿਉਨਿਟੀ ਦੇ ਮਸਲੇ ਵੀ ਉਸ ਥਾਂ ਤੋਂ ਹੀ ਨਜਿੱਠੇ ਜਾਂਦੇ ਸਨ। ਪਰ ਹੁਣ ਹਿੰਦੂ ਤੇ ਮੁਸਲਮਾਨ ਸੰਖਿਆ ਵੀ ਕਾਫੀ ਹੋ ਚੁੱਕੀ ਹੈ ਤੇ ਉਹਨਾਂ ਨੇ ਆਪਣੇ ਆਪਣੇ ਧਾਰਮਿਕ ਕੇਂਦਰ ਉਸਾਰ ਲਏ ਹਨ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਵੱਖਰੇ ਧਰਮਾਂ ਦੇ ਪੰਜਾਬੀਆਂ ਦਾ ਆਪਸੀ ਤਾਲ ਮੇਲ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਗਿਆ ਹੈ। ਅਤੇ ਨਾਲ ਹੀ ਇਹਨਾਂ ਸਥਾਨਾਂ ਤੇ ਕਿਉਂਕਿ ਧਾਰਮਿਕ ਪਰਚਾਰ ਹੀ ਮੁੱਖ ਮਕਸਦ ਹੁੰਦਾ ਹੈ ਜਿਸ ਦੇ ਫਲਸਰੂਪ ਲੋਕਾਂ ਵਿਚ ਜਿੰਨੀ ਧਾਰਮਿਕ ਖਿਆਲਾਂ ਵਿਚ ਪਕਿਆਈ ਆਉਂਦੀ ਹੈ ਉਤਨੀ ਉਹਨਾਂ ਦੇ ਪੰਜਾਬੀ ਜਾਂ ਭਾਰਤੀ ਹੋਣ ਦੇ ਪੱਖ ਵਿਚ ਦਿ੍ੜਤਾ ਨਹੀਂ ਆਉਂਦੀ।

ਧਰਮ ਪੰਜਾਬੀ ਲੋਕਾਂ ਵਿਚ ਪਰਚੱਲਤ ਵਹਿਮਾਂ ਭਰਮਾਂ ਨੂੰ ਕਾਇਮ ਰੱਖਣ ਵਿਚ ਵੀ ਕਾਫੀ ਵੱਡਾ ਹਿੱਸਾ ਪਾਉਂਦੇ ਹਨ। ਉਦਾਹਰਣ ਵਜੋਂ ਜੋਤਸ਼ੀਆਂ ਮਗਰ ਭੱਜਣਾ, ਇਮੀਗਰੇਸ਼ਨ ਮਿਲਣ ਲਈ ਪੂਜਾ, ਕੀਰਤਨ, ਅਖੰਡਪਾਠ ਕਰਾਉਣੇ ਆਦਿ ਕੈਨੇਡੀਅਨ ਪੰਜਾਬੀਆਂ ਦੇ ਜੀਵਨ ਦਾ ਆਮ ਹਿੱਸਾ ਹਨ। ਸਾਧਾਂ ਸੰਤਾਂ ਤੋਂ ਧਾਗੇ, ਤਵੀਤ, ਇਥੋਂ ਤੱਕ ਕਿ ਟੂਣੇ ਕਰਨ ਕਰਾਉਣ ਦੀਆਂ ਘਟਨਾਵਾਂ ਵੀ ਕਦੀ ਕਦੀ ਸੁਣਨ ਵਿਚ ਆਉਂਦੀਆਂ ਹਨ। ਅੱਜ ਦੇ ਵਿਗਿਆਨਕ ਯੁੱਗ ਵਿਚ ਕੈਨੇਡਾ ਵਰਗੇ ਮੁਲਕ ਵਿਚ ਬੱਚਾ ਨਾ ਹੋਣ ’ਤੇ, (ਖਾਸ ਕਰ ਮੁੰਡਾ ਨਾ ਹੋਣ ਦੀ ਸੂਰਤ ਵਿਚ) ਸੰਤਾਂ, ਜੋਤਸ਼ੀਆਂ ਦਾ ਸਹਾਰਾ ਲੈਣਾ ਬਹੁਤੇ ਪੰਜਾਬੀ ਲੋਕਾਂ ਲਈ ਇਕ ਬੜੀ ਆਮ ਗੱਲ ਹੈ ਜਿਹਦੇ ਵਿਰੁੱਧ ਬਹੁਤ ਘੱਟ ਲੋਕਾਂ ਨੂੰ ਮਾਨਸਿਕ ਤਕਲੀਫ ਹੁੰਦੀ ਹੈ। ਤੇ ਇਹੋ ਜਿਹਾ ਧੰਦਾ ਕਰਨ ਵਾਲੇ ਸੰਤਾਂ, ਜੋਤਸ਼ੀਆਂ ਨੂੰ ਅਕਸਰ ਧਾਰਮਿਕ ਕੇਂਦਰਾਂ ਵਲੋਂ ਮਾਨਤਾ ਹਾਸਿਲ ਹੁੰਦੀ ਹੈ। ਅਤੇ ਇਸ ਤਰ੍ਹਾਂ ਧਰਮ ਇਹਨਾਂ ਵਹਿਮਾਂ ਭਰਮਾਂ ਨੂੰ ਘਟਾਉਣ ਵਿਚ ਨਹੀਂ ਸਗੋਂ ਵਧਾਉਣ ਵਿਚ ਸਹਾਈ ਹੁੰਦੇ ਹਨ।

ਕੈਨੇਡਾ ਵਿਚ ਪੰਜਾਬੀਆਂ ਦੇ ਧਰਮ ਨੂੰ ਮੰਨਣ ਦੇ ਤਰੀਕਿਆਂ ਵਿਚ ਵੀ ਕੁਝ ਇਕ ਤਬਦੀਲੀਆਂ ਦੇਖੀਆਂ ਜਾ ਸਕਦੀਆਂ ਹਨ। ਪਹਿਲੀਆਂ ਵਿਚ ਆਏ ਬਹੁਤੇ ਲੋਕਾਂ ਦੇ ਸਹਿਜਧਾਰੀ ਸਿੱਖ ਹੋਣ ਕਰਕੇ ਤੇ ਇਧਰ ਈਸਾਈ ਧਰਮ ਦੇ ਪ੍ਰਭਾਵ ਕਰਕੇ ਕੈਨੇਡਾ ਤੇ ਅਮਰੀਕਾ ਦੇ ਗੁਰਦੁਆਰਿਆਂ ਅੰਦਰ ਨੰਗੇ ਸਿਰ ਜਾਣ ਦਾ ਰਿਵਾਜ ਪ੍ਰਚੱਲਤ ਹੋ ਗਿਆ ਸੀ। ਕੈਲੇਫੋਰਨੀਆ ਦੇ ਇਕ ਗੁਰਦੁਆਰੇ ਤਾਂ ਈਸਾਈਆਂ ਦੇ ਚਰਚ ਵਾਂਗ ਕੁਰਸੀਆਂ ਵੀ ਲਗਾ ਦਿੱਤੀਆਂ ਗਈਆਂ ਸਨ ਅਤੇ ਲੋਕੀ ਜੁੱਤੀ ਸਣੇ ਅੰਦਰ ਦਾਖਲ ਹੁੰਦੇ ਸਨ ਤੇ ਦਾਖਲ ਹੋਣ ਲੱਗੇ ਆਪਣੇ ਸਿਰ ‘ਤੇ ਲਿਆ ਹੋਇਆ ਟੋਪ ਉਤਾਰ ਦਿੰਦੇ ਸਨ। ਪਰ ਨੰਗੇ ਸਿਰ ਜਾਣ ਦਾ ਇਹ ਰਿਵਾਜ ਨਵੇਂ ਆਏ ਲੋਕਾਂ ਨੇ ਪਸੰਦ ਨਹੀਂ ਕੀਤਾ ਅਤੇ ਹੁਣ ਪੱਗਾਂ ਤੋਂ ਬਿਨ੍ਹਾਂ ਲੋਕ ਸਿਰ ਤੇ ਰੁਮਾਲ ਬੰਨ ਕੇ ਅੰਦਰ ਜਾਂਦੇ ਹਨ। ਪਰ ਇਹ ਰਿਵਾਜ ਆਪਣੇ ਆਪ ਨਹੀਂ ਹਟਿਆ ਬਲਕਿ ਇਸ ਨੂੰ ਹਟਾਉਣ ਲਈ ਕਮਿਉਨਿਟੀ ਵਿਚ ਕਈ ਵਰ੍ਹੇ ਝਗੜਾ ਚੱਲਦਾ ਰਿਹਾ ਹੈ। ਅਸਲ ਵਿਚ ਰੁਮਾਲ ਦਾ ਮਸਲਾ ਨਵੀਂ ਤੇ ਪੁਰਾਣੀ ਲੀਡਰਸ਼ਿਪ ਦੀ ਆਪਸੀ ਟੱਕਰ ਦਾ ਚਿੰਨ੍ਹ ਬਣ ਗਿਆ ਸੀ। ਪੁਰਾਣੇ ਬੰਦੇ ਅਜੇ ਵੀ ਨੰਗੇ ਸਿਰ ਜਾਣ ਨੂੰ ਆਪਣਾ ਹੱਕ ਸਮਝਦੇ ਹਨ ਇਸ ਮਕਸਦ ਲਈ ਉਹਨਾਂ ਨੂੰ ਵੈਨਕੂਵਰ ਲਾਗੇ ਰਿਚਮੰਡ ਵਿਚ ਆਪਣਾ ਵੱਖਰਾ ਗੁਰਦੁਆਰਾ ਵੀ ਉੁਸਾਰ ਲਿਆ ਹੈ।
ਕੈਨੇਡਾ ਦੇ ਵੱਖਰੇ ਵੱਖਰੇ ਗੁਰਦੁਆਰਿਆਂ ਅੰਦਰ ਧਾਰਮਿਕ ਰੀਤਾਂ ਰਸਮਾਂ ਅਤੇ ਸਾਂਝੇ ਕੰਮ ਕਰਨ ਦੇ ਤਰੀਕਿਆਂ ਵਿਚ ਅੰਤਰ ਵੀ ਦੇਖਿਆ ਜਾ ਸਕਦਾ ਹੈ। ਇਹ ਆਪਸੀ ਅੰਤਰ ਕਈ ਵਾਰੀ ਲੜਾਈ ਝਗੜੇ ਦਾ ਰੂਪ ਵੀ ਧਾਰ ਲੈਂਦੇ ਹਨ। ਗੁਰਦੁਆਰਿਆਂ ਅੰਦਰ ਲੰਗਰ ਤਿਆਰ ਕਰਨ ਦਾ, ਬਰਤਨ ਸਾਫ ਕਰਨ ਦਾ ਕੰਮ ਪਹਿਲਾਂ ਔਰਤਾਂ ਘੱਟ ਹੋਣ ਕਰਕੇ ਆਦਮੀ ਹੀ ਕਰਦੇ ਸਨ ਫੇਰ ਇਸ ਕੰਮ ਦਾ ਵੱਡਾ ਭਾਗ ਔਰਤਾਂ ਦੇ ਹਿੱਸੇ ਆਇਆ ਰਿਹਾ ਹੈ। ਪਰ ਹੁਣ ਕੁਝ ਦੇਰ ਤੋਂ ਕਈ ਥਾਵੀਂ ਇਹ ਕੰਮ ਕੁਝ ਲੋਕ ਨੌਕਰੀ ਵਜੋਂ ਪੈਸੇ ਲੈ ਕੇ ਵੀ ਕਰਦੇ ਹਨ ਅਤੇ ਇਸ ਰੁਝਾਨ ਦੇ ਵੱਧਣ ਦੇ ਅਸਾਰ ਨਜ਼ਰ ਆਉਂਦੇ ਹਨ।

ਪਹਿਰਾਵਾ:

ਕੈਨੇਡਾ ਆਉਣ ਬਾਅਦ ਪੰਜਾਬੀਆਂ ਦੇ ਪਹਿਰਾਵੇ ਵਿਚ ਕਾਫੀ ਤਬਦੀਲੀਆਂ ਆਉਂਦੀਆਂ ਹਨ। ਪਹਿਲੀਆਂ ਵਿਚ ਆਉਣ ਵਾਲੇ ਪੰਜਾਬੀਆਂ ਵਿਚ ਜੋ ਲੋਕ ਸਿੱਧੇ ਪੰਜਾਬ ਦੇ ਪਿੰਡਾਂ ਤੋਂ ਆਉਂਦੇ ਸਨ ਉਹਨਾਂ ਨੂੰ ਖੁੱਲੇ ਡੁੱਲ੍ਹੇ ਕੁੜਤਿਆਂ ਤੇ ਚਾਦਰਿਆਂ ਵਿਚੋਂ ਨਿਕਲ ਕੇ ਘੁਟਮੀਆਂ ਪੈਂਟਾਂ ਪਾਉਣੀਆਂ ਪੈਦੀਆਂ ਸਨ। ਜੋ ਲੋਕ ਪਹਿਲਾਂ ਫੌਜ ਵਿਚ ਰਹਿ ਚੁੱਕੇ ਹੁੰਦੇ ਉਹਨਾਂ ਲਈ ਤਾਂ ਇਥੋਂ ਦਾ ਪਹਿਰਾਵਾ ਕੋਈ ਨਵਾਂ ਨਹੀਂ ਸੀ ਹੁੰਦਾ। ਪਹਿਲੀਆਂ ਵਿਚ ਆਉਣ ਵਾਲੇ ਕਾਫੀ ਲੋਕ ਪੱਗ ਬੰਨਣੀ ਜ਼ਾਰੀ ਰੱਖਦੇ ਸਨ ਅਤੇ ਪੱਗ ਦਾ ਰੰਗ ਅਕਸਰ ਕਾਲ਼ਾ ਹੁੰਦਾ ਸੀ।

ਪੰਜਾਬੀਆਂ ਦੇ ਪਹਿਰਾਵੇ ਵਿਚ ਸੱਭ ਤੋਂ ਵੱਧ ਤਬਦੀਲੀ ਪਹਿਲੀਆਂ ਵਿਚ ਆਉਣ ਵਾਲੀਆਂ ਔਰਤਾਂ ਵਿਚ ਆਉਂਦੀ ਸੀ। ਪੰਜਾਬੀ ਔਰਤਾਂ ਵਿਚ ਘਰ ਤੋਂ ਬਾਹਰ ਸੂਟ-ਸਲਵਾਰ ਪਾਉਣ ਦਾ ਉਕਾ ਹੀ ਰਿਵਾਜ਼ ਨਹੀਂ ਸੀ। ਪੰਜਾਬ ਤੋਂ ਆਉਣ ਵਾਲੀਆਂ ਔਰਤਾਂ ਨੂੰ ਕਈ ਵਾਰੀ ਹਾਂਗਕਾਂਗ ਜਾਂ ਜਾਪਾਨ ਤੋਂ ਹੀ ਪੱਛਮੀ ਪੁਸ਼ਾਕ ਜਿਹਦੇ ਵਿਚ ਪੇਟੀਕੋਟ ਤੇ ਪਿੰਨੀਆਂ ਤੱਕ ਆਉਣ ਵਾਲੀ ਸਕੱਰਟ ਹੁੰਦੀ ਸੀ, ਦੇ ਦਿੱਤੀ ਜਾਂਦੀ ਸੀ। ਜਾਂ ਫਿਰ ਜਦੋਂ ਜਹਾਜ਼ ਵੈਨਕੂਵਰ ਦੀ ਬੰਦਰਗਾਹ ਤੇ ਲਗਦਾ ਤਾਂ ਔਰਤਾਂ ਨੂੰ ਬਾਹਰ ਆਉਣ ਤੋਂ ਪਹਿਲਾਂ ਹੀ ਪੱਛਮੀ ਪੁਸ਼ਾਕ ਪਾਉਣ ਲਈ ਉਹਨਾਂ ਦੇ ਮਰਦਾਂ ਵਲੋਂ ਕਿਹਾ ਜਾਂਦਾ। ਘਰ ਤੋਂ ਬਾਹਰ ਪੱਛਮੀ ਪੁਸ਼ਾਕ ਪਾਉਣ ਦਾ ਇਹ ਰਿਵਾਜ ਸੱਠਵਿਆਂ ਦੇ ਅਖੀਰ ਤੱਕ ਕਾਇਮ ਰਿਹਾ। ਸੱਤਰਵਿਆਂ ਦੇ ਸ਼ੁਰੂ ਵਿਚ ਟਾਵੀਆਂ ਟਾਵੀਆਂ ਔਰਤਾਂ ਵੈਨਕੂਵਰ ਦੀ ਫਰੇਜ਼ਰ ਸਟਰੀਟ ਤੇ ਸੂਟ ਸਲਵਾਰ ਵਿਚ ਨਜ਼ਰ ਆਉਣ ਲੱਗੀਆਂ ਸਨ।

ਹੁਣ ਦੀ ਸਥਿਤੀ ਮੁਤਾਬਕ ਜਿਥੇ ਤੱਕ ਔਰਤਾਂ ਦੇ ਪਹਿਰਾਵੇ ਦਾ ਸੰਬੰਧ ਹੈ ਉਹ ਤਾਂ ਬਿਲਕੁਲ ਜਿਹੋ ਜਿਹੇ ਕਪੜੇ ਸੂਟ ਸਲਵਾਰ, ਸਾੜ੍ਹੀਆਂ ਆਦਿ ਜਲੰਧਰ ਲੁਧਿਆਣੇ ਚਲਦੇ ਹਨ ਉਹ ਹੀ ਵੈਨਕੂਵਰ ਦੀ ਮੇਨ ਸਟਰੀਟ ਤੇ ਮਿਲਦੇ ਹਨ ਅਤੇ ਪਾਏ ਜਾਂਦੇ ਹਨ। ਨਾਲ ਹੀ ਔਰਤਾਂ ਪੱਛਮੀ ਲਿਬਾਸ ਵੀ ਪਹਿਨਦੀਆਂ ਹਨ। ਵਿਆਹ ਸ਼ਾਦੀਆਂ ਵੇਲੇ ਔਰਤਾਂ ਰੰਗ ਬਰੰਗੀਆਂ ਸਾੜ੍ਹੀਆਂ, ਸੂਟ, ਅਤੇ ਪੱਛਮੀ ਫੈਸ਼ਨ ਦੇ ਕਪੜੇ ਪਹਿਨਦੀਆਂ ਹਨ ਅਤੇ ਵਿਆਹ ਤੋਂ ਪਹਿਲਾਂ ਕਈ ਕਈ ਮਹੀਨੇ ਇਹਨਾਂ ਦੀ ਤਿਆਰੀ ਤੇ ਲਾਉਂਦੀਆਂ ਹਨ। ਪੰਜਾਬੀ ਆਦਮੀ ਇਹਨਾਂ ਮੌਕਿਆਂ ਤੇ ਜ਼ਿਆਦਾ ਤਰ ‘ਥਰੀ ਪੀਸ’ ਸੂਟ ਪਾਉਂਦੇ ਹਨ। ਪਰ ਆਮ ਤੌਰ ‘ਤੇ ਔਰਤਾਂ ਦੇ ਮੁਕਾਬਲੇ ਪੰਜਾਬੀ ਆਦਮੀ ਘੱਟ ਸ਼ੁਕੀਨ ਨਜ਼ਰ ਆਉਂਦੇ ਹਨ। ਤੇ ਅਜੇ ਆਦਮੀ ਦੇਸ ਵਾਂਗ ਬਾਹਰ ਕੁੜ੍ਹਤਾ ਪਜਾਮਾ ਪਾ ਕੇ ਆਮ ਨਹੀਂ ਨਿਕਲਦੇ ਭਾਂਵੇਂ ਵੈਨਕੂਵਰ ਦੇ ਫਰੇਜ਼ਰ ਤੇ ਮਰੀਨ ਡਰਾਈਵ ਦੇ ਏਰੀਏ ਵਿਚ ਕੋਈ ਨਾ ਕੋਈ ਬੰਦਾ ਜ਼ਰੂਰ ਦੇਖਿਆ ਜਾ ਸਕਦਾ ਹੈ। ਦੇਸ ਤੋਂ ਆਉਣ ਵਾਲੇ ਗੁਰਦੁਆਰਿਆਂ ਦੇ ਰਾਗੀ ਤੇ ਕੀਰਤਨੀਏ ਜ਼ਰੂਰ ਹਰ ਪਾਸੇ ਲੰਮੇ ਕੁੜਤੇ ਤੇ ਚੂੜੀਦਾਰ ਪਜਾਮਿਆਂ ਵਿਚ ਘੁੰਮਦੇ ਨਜ਼ਰ ਆਉਂਦੇ ਹਨ।

ਜਿਥੋਂ ਤੱਕ ਕੰਮਾਂ ਉੱਪਰ ਪਾਏ ਜਾਂਦੇ ਕਪੜਿਆਂ ਦਾ ਸੰਬੰਧ ਹੈ ਪੰਜਾਬੀ ਮਰਦ ਔਰਤਾਂ ਦੂਸਰੇ ਲੋਕਾਂ ਵਰਗੇ ਕਪੜੇ ਹੀ ਪਾਉਂਦੇ ਹਨ। ਪਰ ਕਈ ਕੰਮ ਇਹੋ ਜਿਹੇ ਵੀ ਹਨ, ਜਿਵੇਂ ਫਾਰਮਾਂ ਦਾ ਕੰਮ, ਜਾਂ ਕਈ ਜਗਾ ਸਫਾਈ ਕਰਨ ਦਾ ਕੰਮ ਜਿਥੇ ਔਰਤਾਂ ਪੰਜਾਬੀ ਸੂਟ ਪਾ ਕੇ ਵੀ ਕੰਮ ਕਰਦੀਆਂ ਹਨ। ਦੂਜੇ ਕੰਮਾਂ ਉੱਪਰ ਸੂਟ ਪਾ ਕੇ ਜਾਣ ਦਾ ਰੁਝਾਨ ਵੀ ਵੱਧ ਰਿਹਾ ਹੈ। ਜਿਹੜੇ ਪੰਜਾਬੀ ਪੱਗ ਬੰਨਦੇ ਹਨ, ਜਿਹਨਾਂ ਦੀ ਕਿ ਹੁਣ ਗਿਣਤੀ ਕਾਫੀ ਹੈ, ਉਹਨਾਂ ਨੂੰ ਕੰਮਾਂ ਦੇ ਸੰਬੰਧ ਵਿਚ ਕਈ ਵਾਰ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਇਸ ਮਸਲੇ ਬਾਰੇ ਕੈਨੇਡਾ ਵਿਚ ਤੇ ਇੰਗਲੈਂਡ ਵਿਚ ਕਈ ਬਹੁਚਰਚਤ ਕੇਸ ਹੋਏ ਹਨ।
ਪਹਿਰਾਵਾ ਬਹੁਤ ਵਾਰੀ ਪੰਜਾਬੀ ਮਾਪਿਆਂ ਅਤੇ ਬੱਚਿਆਂ ਦੌਰਾਨ ਖਟਪਟੀ ਦਾ ਕਾਰਨ ਵੀ ਬਣ ਜਾਂਦਾ ਹੈ। ਬੱਚੇ ਆਪਣੇ ਹਾਣੀਆਂ ‘ਚ ਪ੍ਰਵਾਨਤਾ ਹਾਸਲ ਕਰਨ ਲਈ ਨਵੇਂ ਫੈਸ਼ਨ ਦੇ ਕਪੜੇ ਪਾਉਣੇ ਪਸੰਦ ਕਰਦੇ ਹਨ। ਇਹ ਕਪੜੇ ਕਈ ਵਾਰੀ ਪੰਜਾਬੀ ਮਾਪਿਆਂ ਨੂੰ ਬਿਲਕੁਲ ਹੀ ਪਸੰਦ ਨਹੀਂ ਹੁੰਦੇ, ਕਈ ਵਾਰੀ ਆਰਥਿਕਤਾ ਵੀ ਇਸ ਨਾ ਪਸੰਦੀ ਦਾ ਕਾਰਨ ਬਣਦੀ ਹੈ। ਪਰ ਜਿਦਾਂ ਜਿਦਾਂ ਬੱਚੇ ਸਿਆਣੇ ਹੁੰਦੇ ਜਾਂਦੇ ਹਨ ਉਹ ਕਪੜਿਆਂ ਦੇ ਸੰਬੰਧ ਵਿਚ ਕਾਫੀ ਆਜ਼ਾਦੀ ਹਾਸਿਲ ਕਰ ਲੈਂਦੇ ਹਨ।

ਰਿਹਾਇਸ਼ :

ਜਿੱਥੇ ਪਹਿਲਾਂ ਆਏ ਤਕਰੀਬਨ ਸਾਰੇ ਦੇ ਸਾਰੇ ਪੰਜਾਬੀ ਬੀ ਸੀ ਵਿਚ ਰਹਿੰਦੇ ਸਨ ਹੁਣ ਇਹ ਸਾਰੇ ਕੈਨੇਡਾ ਵਿਚ ਫੈਲੇ ਹੋਏ ਹਨ। ਸਥਿਤੀਆਂ ਦੇ ਬਦਲਣ ਨਾਲ ਲੋਕਾਂ ਦੇ ਰਹਿਣ ਦਾ ਢੰਗ ਵੀ ਹੁਣ ਬਦਲ ਗਿਆ ਹੈ। ਪਹਿਲੀਆਂ ਵਿਚ ਕਿਉਂਕਿ ਔਰਤਾਂ ਦੇ ਇਥੇ ਆਉਣ ਦਾ ਕਾਨੂੰਨ ਨਹੀਂ ਸੀ ਅਤੇ ਕਾਨੂੰਨ ਬਣਨ ਬਾਅਦ ਵੀ ਆਰਥਿਕ ਕਾਰਨਾਂ ਕਰਕੇ ਘੱਟ ਹੀ ਔਰਤਾਂ ਆਈਆਂ, ਇਸ ਕਰਕੇ ਆਦਮੀ ਜਿਥੇ ਵੀ ਕੰਮ ਕਰਦੇ ਉੱਥੇ ਛੋਟੇ ਛੋਟੇ ਗਰੁੱਪ ਬਣਾ ਕੇ ਇਕੱਠੇ ਰਹਿੰਦੇ। ਇਹਨਾਂ ਰਹਿਣ ਵਾਲੀਆਂ ਥਾਵਾਂ ਨੂੰ ਕੁੱਕ-ਹਾਊਸ ਕਿਹਾ ਜਾਂਦਾ ਸੀ। ਇਹ ਮਿੱਲ ਦੇ ਲਾਗੇ ਕੰਪਨੀ ਵਲੋਂ ਦਿੱਤਾ ਕੋਈ ਮਕਾਨ ਵੀ ਹੋ ਸਕਦਾ ਸੀ ਜਾਂ ਸ਼ਹਿਰ ਦੇ ਕਿਸੇ ਹਿੱਸੇ ਵਿਚ ਸਾਂਝੇ ਤੌਰ ‘ਤੇ ਲਿਆ ਕੋਈ ਮਕਾਨ ਵੀ। ਕੰਮ ਕਰਨ ਵਾਲੇ ਬੰਦਿਆਂ ਵਲੋਂ ਇਕ ਆਦਮੀ ਨੂੰ ਖਾਣਾ ਬਣਾਉਣ ਦੇ ਕੰਮ ਲਈ ਨਿਯੁਕਤ ਕਰ ਦਿੱਤਾ ਜਾਂਦਾ ਤੇ ਸਾਂਝੇ ਫੰਡ ਵਿਚੋਂ ਉੁਹਨੂੰ ਤਨਖਾਹ ਦਿੱਤੀ ਜਾਂਦੀ। ਕੰਮ ਦੀ ਭਾਲ ਵਿਚ ਜਾਂ ਮਿਲਣ ਗਿਲਣ ਆਏ ਗਏ ਪੰਜਾਬੀ ਇਹਨਾਂ ਕੁਕਾਂ ਵਿਚ ਮੁਫਤ ਹੀ ਠਹਿਰਦੇ। ਇਹਨਾਂ ਕੁੱਕ-ਹਾਊਸਾਂ ਵਿਚ ਰਹਿੰਦੇ ਪੰਜਾਬੀਆਂ ਦੇ ਜੀਵਨ ਵਾਰੇ ਸਾਧੂ ਸਿੰਘ ਧਾਮੀ ਨੇ ਆਪਣੇ ਅੰਗਰੇਜ਼ੀ ਵਿਚ ਲਿਖੇ ਨਾਵਲ ਮਲੂਕਾ ਵਿਚ ਕਾਫੀ ਵਿਸਥਾਰ ਨਾਲ ਜ਼ਿਕਰ ਕੀਤਾ ਹੈ। [13]

ਪਹਿਲੀਆਂ ਵਿਚ ਕੁੱਕ-ਹਾਊਸ ਜ਼ਿੰਦਗੀ ਦਾ ਇੰਨਾ ਅੰਗ ਸਨ ਕਿ ਗੁਰਦੁਆਰਿਆਂ ਵਿਚ ਸਲਾਨਾ ਜੋੜ-ਮੇਲਿਆਂ ਤੇ ਮਿਲਦੇ ਪੰਜਾਬੀ ਇਕ ਦੂਜੇ ਦੀ ਜਾਣ ਪਛਾਣ ਇਹਨਾਂ ਕੁੱਕਾਂ ਦੇ ਨਾਂ ਤੇ ਕਰਾਉਂਦੇ। ਬੀ ਸੀ ਵਿਚ ਇਹਨਾਂ ਕੁੱਕ-ਹਾਊਸਾਂ ਦੀ ਹੋਂਦ ਸੱਤਰਵੇਂ ਦਹਾਕੇ ਦੇ ਸ਼ੁਰੂ ਤੱਕ ਕਾਇਮ ਸੀ।

ਹੁਣ ਪੰਜਾਬੀ ਕੈਨੇਡਾ ਦੀ ਆਮ ਵਸੋਂ ਵਾਂਗ ਵੱਖਰੇ ਵੱਖਰੇ ਘਰਾਂ ਵਿਚ ਰਹਿੰਦੇ ਹਨ। ਦੇਸੋਂ ਆਉਣ ਬਾਅਦ ਆਰਥਿਕ ਫਾਇਦੇ ਲਈ ਕੁਝ ਲੋਕ ਸੰਯੁਕਤ ਪ੍ਰਵਾਰਾਂ ਵਿਚ ਰਹਿੰਦੇ ਹਨ ਪਰ ਬਹੁਤੇ ਆਰਥਿਕ ਪੱਖੋ ਪੱਕੇ ਪੈਂਰੀ ਹੁੰਦਿਆਂ ਹੀ ਰਿਹਾਇਸ਼ ਵੱਖਰੀ ਕਰ ਲੈਂਦੇ ਹਨ। ਘਰ ਅਕਸਰ ਤਿੰਨ ਬੈਡਰੂਮ ਦੇ ਹੁੰਦੇ ਹਨ। ਹਰ ਕਿਸੇ ਪੰਜਾਬੀ ਦੀ ਕੋਸ਼ਿਸ਼ ਸਿਰਫ ਘਰ ਲੈਣ ਦੀ ਹੀ ਨਹੀਂ ਸਗੋਂ ‘ਵੱਡਾ’ ਘਰ ਲੈਣ ਦੀ ਹੁੰਦੀ ਹੈ। ਨਵੇਂ ਆਏ ਬਹੁਤੇ ਲੋਕਾਂ ਦੀ ਜ਼ਿੰਦਗੀ ਘਰ ਲੈਣ ਤੇ ਉਹਦੀ ਕਿਸ਼ਤ ਤੋਰਨ ਦੁਆਲੇ ਘੁੰਮਦੀ ਹੈ। ਕਿਸ਼ਤ ਤੋਰਨ ਲਈ ਅਕਸਰ ਘਰ ਦੇ ਹੇਠਲੇ ਹਿੱਸੇ-ਬੇਸਮੇਂਟ- ਨੂੰ ਕਿਰਾਏ ਤੇ ਦਿੱਤਾ ਜਾਂਦਾ ਹੈ। ਕਿਰਾਏ ਤੇ ਚੜ੍ਹੀਆਂ ਬੇਸਮੇਂਟਾਂ ਪੰਜਾਬੀਆਂ ਲਈ ਕਾਫੀ ਸਿਰਦਰਦੀ ਦਾ ਕਾਰਨ ਬਣਦੀਆਂ ਹਨ। ਇਕ ਤਾਂ ਇਹ ਅਕਸਰ ਗੈਰਕਾਨੂੰਨੀ ਹੋਣ ਕਰਕੇ ਮਿਉਂਸਪਲਟੀਆਂ ਵਲੋਂ ਹਮੇਸ਼ਾਂ ਡਰ ਰਹਿੰਦਾ ਹੈ। ਤੇ ਬਹੁਤੀ ਵਾਰੀ ਕਈ ਕਿਰਾਏਦਾਰ ਗੋਰੇ ਪੰਜਾਬੀ ਮਾਲਕਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਨੀਦ ਖਰਾਬ ਕਰੀ ਰੱਖਦੇ ਹਨ। ਪਰ ਕਿਉਂਕਿ ‘ਵੱਡਾ’ ਘਰ ਲੈਣਾ ਸਿਰਫ ਰਹਿਣ ਦੀ ਲੋੜ ਤੋਂ ਵੱਧ ਕੇ ਸਮਾਜੀ ‘ਨੱਕ’ ਦਾ ਮਸਲਾ ਬਣ ਗਿਆ ਹੈ, ਇਸ ਲਈ ਹਰ ਕਿਸਮ ਦੀ ਤਕਲੀਫ ਬਿਨ੍ਹਾਂ ਬਹੁਤੀ ਹੀਲ ਹੁਜਤ ਝੱਲ ਲਈ ਜਾਂਦੀ ਹੈ।

ਹੁਣ ਕਾਨੂੰਨੀ ਤੌਰ ‘ਤੇ ਵੀ ਪੰਜਾਬੀਆਂ ਲਈ ਕਿਸੇ ਇਲਾਕੇ ਵਿਚ ਰਹਿਣਾਂ ਬੰਦ ਨਹੀਂ ਹੈ ਜਿਹੜਾ ਕਿ ਪਹਿਲੀਆਂ ਵਿਚ ਆਮ ਹੁੰਦਾ ਸੀ। ਕਾਨੂੰਨੀ ਤੌਰ ‘ਤੇ ਇਹ ਗੱਲ ਖਤਮ ਹੋਣ ਤੋਂ ਬਾਅਦ ਵੀ ਕਈ ਇਲਾਕਿਆਂ ਵਿਚੋਂ ਪੰਜਾਬੀਆਂ ਤੇ ਹੋਰ ਗੈਰ-ਚਿੱਟੇ ਲੋਕਾਂ ਨੂੰ ਬਾਹਰ ਰੱਖਣ ਲਈ ਗੋਰੇ ਕਈ ਢੰਗ ਵਰਤਦੇ ਰਹੇ ਹਨ। ਪਰ ਹੁਣ ਤਕਰੀਬਨ ਇਹ ਵਖਰੇਵਾਂ ਖਤਮ ਹੋ ਚੁੱਕਾ ਹੈ। ਪਰ ਫੇਰ ਵੀ ਕਈ ਇਹੋ ਜਿਹੇ ਥਾਂ ਹਨ ਜਿਥੇ ਘਰਾਂ ਦੀਆਂ ਕੀਮਤਾਂ ਬਹੁਤ ਹਨ ਅਤੇ ਪੰਜਾਬੀਆਂ ਲਈ ਅਜਿਹੇ ਇਲਾਕਿਆਂ ਵਿਚ ਘਰ ਲੈਣੇ ਸੰਭਵ ਨਹੀਂ। ਪਰ ਇਹ ਗੱਲ ਗਰੀਬ ਗੋਰੇ ਲੋਕਾਂ ਲਈ ਵੀ ਉਨੀ ਹੀ ਸੱਚ ਹੈ।

ਦੂਸਰੇ ਲੋਕਾਂ ਵਾਂਗ ਪੰਜਾਬੀ ਵੀ ਜ਼ਿਆਦਾ ਉਹਨਾਂ ਹੀ ਇਲਾਕਿਆਂ ਵਿਚ ਰਹਿੰਦੇ ਹਨ ਜਿਥੇ ਉਹਨਾਂ ਨੂੰ ਕੰਮ ਮਿਲਦਾ ਹੈ। ਇਸ ਕਰਕੇ ਕਈ ਥਾਵੀਂ ਪੰਜਾਬੀਆਂ ਦੀ ਵਸੋਂ ਦੂਜੇ ਇਲਾਕਿਆਂ ਨਾਲੋਂ ਸੰਘਣੀ ਵੀ ਹੈ ਜਿਵੇਂ ਵੈਨਕੂਵਰ ਦੇ ਦੱਖਣੀ ਹਿੱਸੇ ਵਿਚ ਹੈ। ਇਸ ਦਾ ਸਿੱਧਾ ਕਾਰਨ ਸੀ ਕਿ ਫਰੇਜ਼ਰ ਦਰਿਆ ਦੇ ਕੰਢੇ ਲੱਕੜੀ ਦੀਆਂ ਮਿੱਲਾਂ ਕਾਫੀ ਸਨ ਜਿਹਨਾਂ ਵਿਚ ਪੰਜਾਬੀ ਕੰਮ ਕਰਦੇ ਸਨ। ਇਸ ਇਲਾਕੇ ਵਿਚ ਹੀ ਵੱਡਾ ਗੁਰਦੁਆਰਾ ਬਣ ਜਾਣ ਕਰਕੇ ਇਹ ਪੰਜਾਬੀਆਂ ਦਾ ਇਕ ਤਰ੍ਹਾਂ ਗੜ੍ਹ ਬਣ ਗਿਆ। ਅਤੇ ਹੁਣ ਇਸੇ ਇਲਾਕੇ ਵਿਚ ਪੰਜਾਬੀਆਂ ਦਾ ਇਕ ਵਪਾਰਕ ਕੇਂਦਰ ਸਥਾਪਤ ਹੋਣ ਕਰਕੇ ਇਹ ਇਲਾਕਾ ਸਾਰੇ ਕੈਨੇਡੇ ਵਿਚ ਹੀ ਪੰਜਾਬੀਆਂ ਦੇ ਕੇਂਦਰ ਵਜੋਂ ਜਾਣਿਆਂ ਜਾਣ ਲੱਗਾ ਹੈ। ਪੰਜਾਬੀਆਂ ਦੀ ਹੋਂਦ ਨੇ ਸ਼ਹਿਰ ਦੇ ਇਸ ਹਿੱਸੇ ਨੂੰ ਆਪਣਾ ਰੰਗ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ਇਲਾਕੇ ਦੀਆਂ ਪਾਰਕਾਂ ਵਿਚ ਤਾਸ਼ ਖੇਡਦੇ ਜਾਂ ਉਂਝ ਹੀ ਖੁੰਢ ਚਰਚਾ ਕਰਦੇ ਪੰਜਾਬੀਆਂ ਦੀਆਂ ਢਾਣੀਆਂ ਆਮ ਦੇਖਣ ਨੂੰ ਮਿਲਦੀਆਂ ਹਨ। ਪੰਜਾਬੀ ਬਜ਼ੁਰਗ ਦੋ ਦੋ ਤਿੰਨ ਤਿੰਨ ਦੇ ਜੁੱਟਾਂ ਵਿਚ ਸੜਕਾਂ ਤੇ ਫਿਰਦੇ ਜਾਂ ਖੜ੍ਹੇ ਗੱਪਾਂ ਮਾਰਦੇ ਇਸ ਇਲਾਕੇ ਵਿਚ ਕਿਸੇ ਤਰ੍ਹਾਂ ਵੀ ਓਪਰੇ ਨਹੀਂ ਲੱਗਦੇ। ਇਸੇ ਤਰ੍ਹਾਂ ਬੀ ਸੀ ਦੇ ਐਬਟਸਫੋਰਡ ਦੇ ਇਲਾਕੇ ਵਿਚ ਜਿਥੇ ਫਾਰਮਾਂ ਵਿਚ ਕੰਮ ਕਰਨ ਵਾਲੇ ਸਿਆਣੀ ਉਮਰ ਦੇ ਪੰਜਾਬੀ ਮਰਦ ਔਰਤਾਂ ਇਧਰ ਉਧਰ ਫਿਰਦੇ ਬਿਲਕੁਲ ਉਸ ਇਲਾਕੇ ਦਾ ਹਿੱਸਾ ਲਗਦੇ ਹਨ। ਇਹੋ ਗੱਲ ਕੈਨੇਡਾ ਦੇ ਹੋਰ ਵੀ ਹਿੱਸਿਆਂ ਬਾਰੇ ਕਹੀ ਜਾ ਸਕਦੀ ਹੈ।

ਕਿੱਤੇ:

ਬਰਿਟਿਸ਼ ਕੋਲੰਬੀਆਂ ਵਿਚ ਪਹੁੰਚੇ ਪਹਿਲੇ ਪੰਜਾਬੀਆਂ ਨੂੰ ਸੱਭ ਤੋਂ ਪਹਿਲਾਂ ਪੋਰਟ ਮੂਡ੍ਹੀ ਲੱਕੜੀ ਦੀ ਇਕ ਮਿਲ ਦੇ ਮਾਲਿਕ ਗੋਰੇ ਨੇ ਫੱਟੇ ਖਿਚਣ ਦਾ ਕੰਮ ਦਿੱਤਾ ਸੀ। ਪੰਜਾਬੀਆਂ ਦੀ ਭਾਰਾ ਕੰਮ ਕਰ ਸਕਣ ਦੀ ਯੋਗਤਾ ਹੌਲੀ ਹੌਲੀ ਬਾਕੀ ਮਿੱਲਾਂ ਵਿਚ ਵੀ ਫੈਲ ਗਈ ਤੇ ਇਸ ਤਰ੍ਹਾਂ ਇਥੇ ਰਹਿਣ ਵਾਲੇ ਪੰਜਾਬੀਆਂ ਦਾ ਮੁੱਖ ਕਿੱਤਾ ਮਿਲਾਂ ਵਿਚ ਕੰਮ ਕਰਨਾ ਹੋ ਕੇ ਰਹਿ ਗਿਆ। ਇਸ ਤੋਂ ਬਿਨਾਂ ਉਹ ਬਾਲਣ ਲਈ ਘਰ ਘਰ ਲੱਕੜੀ ਵੇਚਦੇ। ਇਹ ਕੰਮ ਪਹਿਲਾਂ ਘੋੜਾ ਗੱਡੀਆਂ ਨਾਲ ਤੇ ਫੇਰ ਟਰੱਕਾਂ ਨਾਲ ਕੀਤਾ ਜਾਂਦਾ ਸੀ। ਲੱਕੜੀ ਨਾਲ ਸੰਬੰਧਤ ਕਿੱਤਿਆਂ ਤੋਂ ਬਿਨਾਂ ਪੰਜਾਬੀਆਂ ਨੂੰ ਫਾਰਮਾਂ ਵਿਚ ਮਜ਼ਦੂਰੀ ਕਰਨੀ ਪੈਂਦੀ ਸੀ। ਪੜ੍ਹੇ ਲਿਖੇ ਬੰਦਿਆਂ ਨੂੰ ਵੀ ਤਕਰੀਬਨ ਜਿਸਮਾਨੀ ਮਜ਼ਦੂਰੀ ਹੀ ਕਰਨੀ ਪੈਂਦੀ। ਦੂਜੀ ਵੱਡੀ ਲੜਾਈ ਦੌਰਾਨ ਮਿੱਲਾਂ ਵਿਚ ਯੂਨੀਅਨ (ਆਈ ਡਬਲਿਊ ਏ) ਸਥਾਪਤ ਹੋ ਜਾਣ ਕਰਕੇ ਤਨਖਾਹਾਂ ਵਿਚ ਕਾਫੀ ਵਾਧਾ ਹੋਇਆ। ਤਨਖਾਹਾਂ ਚੰਗੀਆਂ ਹੋਣ ਕਰਕੇ ਤੇ ਹੋਰ ਕੰਮਾਂ ਵਿਚ ਚਾਂਨਸ ਨਾ ਹੋਣ ਕਰਕੇ ਮਿੱਲਾਂ ਦਾ ਕੰਮ ਅਚੇਤ ਹੀ ਪੰਜਾਬੀਆਂ ਵਿਚ ਸੱਭ ਤੋਂ ਵਧੀਆ ਗਿਣਿਆ ਜਾਣ ਲੱਗਾ। ਨਵੇਂ ਆਵਾਸੀਆਂ ਦੇ ਆਉਣ ਤੇ ਇਸ ਸਥਿਤੀ ਬਾਰੇ ਇਕ ਚੁਟਕਲਾ ਵੀ ਪਰਚੱਲਤ ਹੋਇਆ : ਇਕ ਪਹਿਲਾਂ ਦੀ ਆਈ ਹੋਈ ਪੰਜਾਬੀ ਔਰਤ ਨੇ ਕਿਸੇ ਨੌਜਵਾਨ ਪੰਜਾਬੀ ਨੂੰ ਪੁੱਛਿਆ ‘ਕਾਕਾ ਕੰਮ ਕਿਹੜੀ ਮਿੱਲ ‘ਚ ਕਰਦਾਂ?’ ਉਸ ਨੇ ਅੱਗਿਓ ਜਵਾਬ ਦਿੱਤਾ, ‘ਮਾਤਾ ਜੀ ਮੈਂ ਤਾਂ ਬੀ ਸੀ ਹਾਈਡਰੋ ‘ਚ ਡਰਾਫਟਸਮੈਨ ਲੱਗਾ ਹੋਇਆਂ।’ ਤਾਂ ਔਰਤ ਨੇ ਕਿਹਾ, ‘ਕੋਈ ਨਾ ਪੁੱਤ ਹੌਸਲਾ ਰੱਖ ਤੈਨੂੰ ਵੀ ਜ਼ਰੂਰ ਕਿਸੇ ਨਾ ਕਿਸੇ ਮਿੱਲ ‘ਚ ਕੰਮ ਮਿਲ ਜਾਉਗਾ।’ ਇਕ ਚੰਗੀ ਤਨਖਾਹ ਵਾਲੇ ਕਿੱਤੇ ਜਿਹਦੇ ਵਿਚ ਕੋਈ ਸਕੂਲੀ ਸਿਖਲਾਈ ਤਾਂ ਕੀ ਅੰਗਰੇਜ਼ੀ ਆਉਣੀ ਵੀ ਜ਼ਰੂਰੀ ਨਹੀਂ ਸੀ, ਵਿਚ ਕੰਮ ਮਿਲਣ ਦਾ ਪੰਜਾਬੀ ਲੋਕਾਂ ਉੱਪਰ ਇਕ ਮਾੜ੍ਹਾ ਅਸਰ ਵੀ ਹੋਇਆ ਕਿ ਉਹਨਾਂ ਵਲੋਂ ਉਚ ਵਿਦਿਆ ਨੂੰ ਕੋਈ ਮਹੱਤਤਾ ਨਹੀਂ ਸੀ ਦਿੱਤੀ ਜਾਂਦੀ। ਹੁਣ ਇਹ ਸਥਿਤੀ ਕਾਫੀ ਬਦਲ ਰਹੀ ਹੈ।

ਪਹਿਲਾਂ ਤੋਂ ਉਲਟ ਹੁਣ ਦੇ ਪੰਜਾਬੀ ਹਰ ਕਿਸਮ ਦੇ ਕਿੱਤੇ ਵਿਚ ਮੌਜੂਦ ਹਨ। ਕਾਫੀ ਲੋਕ ਡਾਕਟਰ, ਇੰਜਨੀਅਰ, ਸਕੂਲਾਂ ਯੂਨੀਵਰਸਿਟੀਆਂ ਵਿਚ ਅਧਿਆਪਕ, ਸਰਕਾਰੀ ਮਹਿਕਮਿਆਂ ਵਿਚ ਉਚ-ਪਦਵੀਆਂ ‘ਤੇ ਲੱਗੇ ਹੋਏ ਹਨ। ਵਪਾਰਕ ਪੱਧਰ ਤੇ ਵੀ ਪੰਜਾਬੀਆਂ ਨੇ ਕਾਫੀ ਤਰੱਕੀ ਕੀਤੀ ਹੈ। ਪਰ ਇਹ ਗੱਲ ਦਿਲਚਸਪੀ ਵਾਲੀ ਹੈ ਕਿ ਜਿੰਨੇ ਵੀ ਪੰਜਾਬੀ ‘ਅਮੀਰ’ ਹੋਏ ਹਨ ਤਕਰੀਬਨ ਸਾਰੇ ਹੀ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬੀ ਕਾਮਿਆਂ ਦੀ ਲੁੱਟ-ਖਸੁੱਟ ਕਰਕੇ ਹੀ ਹੋਏ ਹਨ। ਪਹਿਲੀਆਂ ਵਿਚ ਲੋਕ ਲੱਕੜੀ ਦੇ ਵਪਾਰ ਵਿਚ ਜਾਂ ਖੇਤੀਬਾੜੀ ਦੇ ਕੰਮਾਂ ਵਿਚ ਪਏ । ਇਹਨਾਂ ਦੋਹਾਂ ਹੀ ਖੇਤਰਾਂ ਵਿਚ ਕਾਮਯਾਬ ਹੋਣ ਵਾਲਿਆਂ ਕੋਲ ਪੰਜਾਬੀ ਹੀ ਵੱਡੀ ਗਿਣਤੀ ਵਿਚ ਕੰਮ ਕਰਦੇ ਸਨ। ਇਹੋ ਹਾਲ ਹੁਣ ਹੈ। ਹੁਣ ਵੀ ਬਹੁਤੇ ਲੋਕ ਫਾਰਮਾਂ ਵਿਚ, ਸਫਾਈ ਦੇ ਕੰਮਾਂ ਵਿਚ, ਘਰ ਬਣਾਉਣ ਵਿਚ, ਜੰਗਲਾਤ ਮਹਿਕਮੇ ਵਿਚ ਦਰੱਖਤ ਲਾਉਣ ਅਤੇ ਹੋਰ ਇਹੋ ਜਿਹੇ ਕੰਮਾਂ ਵਿਚ ਠੇਕੇ ਲੈ ਕੇ ਬੜੀ ਛੇਤੀ ਅਮੀਰ ਹੁੰਦੇ ਹਨ। ਉਹ ਪੰਜਾਬੀ ਜਾਂ ਹੋਰ ਨਵੇਂ ਇੰਮੀਗਰੈਂਟ (ਆਮ ਤੌਰ ‘ਤੇ ਰੰਗਦਾਰ ਲੋਕ ਹੀ) ਮਜ਼ਦੂਰਾਂ ਨੂੰ, ਜਿਹਨਾਂ ਨੂੰ ਬੋਲੀ ਦੀ ਘਾਟ ਜਾਂ ਉਮਰ ਵੱਧ ਹੋਣ ਕਰਕੇ ਹੋਰ ਕਿਧਰੇ ਕੰਮ ਮਿਲਣ ਦੇ ਮੌਕੇ ਨਹੀਂ ਹੁੰਦੇ, ਕੰਮ ਦੂਆ ਕੇ ਕਾਫੀ ਮੁਨਾਫਾ ਕਮਾਉਂਦੇ ਹਨ।

ਦੂਜਾ ਹੁਣ ਪੰਜਾਬੀਆਂ ਦੀ ਦੁਕਾਨਦਾਰੀ ਵੀ ਕਾਫੀ ਵਧੀ ਹੈ। ਪੰਜਾਬੀ ਦੁਕਾਨਦਾਰ ਪੰਜਾਬੀਆਂ ਨੂੰ ਖਿੱਚਣ ਲਈ ਗੋਰਿਆਂ ਦੀਆਂ ਦੁਕਾਨਾਂ ਨਾਲੋਂ ਲੋੜੀਦੀਆਂ ਚੀਜ਼ਾਂ, ਖਾਸ ਕਰ ਭਾਰਤੀ ਕਪੜੇ ਤੇ ਖਾਣੇ ਦਾ ਸਮਾਨ, ਸੱਸਤਾ ਵੇਚਦੇ ਹਨ। ਪਰ ਚੀਜ਼ਾਂ ਜ਼ਿਆਦਾ ਮਿਕਦਾਰ ਵਿਚ ਵੇਚਣ ਕਰਕੇ ਉਹਨਾਂ ਦੇ ਮੁਨਾਫੇ ਵਿਚ ਏਨਾਂ ਫਰਕ ਨਹੀਂ ਪੈਂਦਾ। ਪਰ ਨਾਲ ਹੀ ਉਹ ਇਹ ਘਾਪਾ ਉਹਨਾਂ ਦੇ ਸਟੋਰਾਂ ਵਿਚ ਕੰਮ ਕਰਦੇ ਪੰਜਾਬੀ ਕਾਮਿਆਂ ਨੂੰ ਘੱਟ ਤਨਖਾਹਾਂ ਦੇ ਕੇ ਪੂਰਾ ਕਰ ਲੈਂਦੇ ਹਨ। ਖਾਸ ਕਰ ਇਹਨਾਂ ਦੁਕਾਨਾਂ ਵਿਚ ਕੰਮ ਕਰਦੀਆਂ ਔਰਤਾਂ ਦੀ ਕਾਫੀ ਵੱਡੇ ਪੈਮਾਨੇ ਤੇ ਲੁੱਟ-ਖਸੁੱਟ ਹੁੰਦੀ ਹੈ।

ਦੁਕਾਨਦਾਰੀ ਦੇ ਨਾਲ ਨਾਲ ਹੁਣ ਸੇਵਾ ਦੇ ਕੰਮਾਂ ਵਿਚੋਂ (ਸਰਵਿਸ ਸੈਕਠਰ) ਜਿਹਦੇ ਵਿਚ ਬੀਮਾ ਏਜੰਟ, ਰੀਅਲ ਇਸਟੇਟ ਏਜੰਟ (ਘਰਾਂ ਦੀ ਖ੍ਰੀਦੋ ਫਰੋਖਤ ਕਰਨ ਵਾਲੇ), ਕਾਰਾਂ ਵੇਚਣ ਵਾਲੇ ਆਦਿ ਵੀ ਕੰਮ ਕਰਨੇ ਵਾਲੇ ਲੋਕਾਂ ਨਾਲੋਂ ਅਕਸਰ ਜ਼ਿਆਦਾ ਪੈਸੇ ਬਣਾਉਂਦੇ ਹਨ। ਇਹਨਾਂ ਤਰ੍ਹਾਂ ਤਰ੍ਹਾਂ ਦੇ ਏਜੰਟਾਂ ਦਾ ਆਧਾਰ ਵੀ ਅਕਸਰ ਪੰਜਾਬੀ ਹੀ ਹਨ। ਇਹ ਪੰਜਾਬੀਆਂ ਨਾਲ ਵਪਾਰ ਵੀ ਕਈ ਵਾਰ ‘ਪੰਜਾਬੀ’ ਤਰੀਕੇ ਨਾਲ ਹੀ ਕਰਦੇ ਹਨ। ਉਦਾਹਰਣ ਵਜੋਂ ਬੀਮਾ ਏਜੰਟਾਂ ਵਲੋਂ ਸ਼ਰਾਬ ਪਿਲਾ ਕੇ ਪਾਲਸੀਆਂ ਵੇਚਣ ਦੇ ਕਾਫੀ ਕਿੱਸੇ ਪਰਚੱਲਤ ਹਨ।

ਉੱਪਰ ਵਿਚਾਰੇ ਸਾਰੇ ਕੰਮਾਂ ਵਿਚ ਪੰਜਾਬੀਆਂ ਦੀ ਪੰਜਾਬੀਆਂ ਹੱਥੋਂ ਲੁੱਟ-ਖਸੁੱਟ ਕੈਨੇਡਾ ਵਿਚਲੇ ਪੰਜਾਬੀ ਸੱਭਿਆਚਾਰ ਦਾ ਇਕ ਖਾਸ ਅੰਗ ਹੈ। ਪਰ ਕਿਉਂਕਿ ਇਥੋਂ ਦੀ ਆਮ ਅਰਥਿਕ ਹਾਲਤ ਚੰਗੀ ਹੋਣ ਕਰਕੇ ਇਕ ਨਵਾਂ ਆਇਆਂ ਬੰਦਾ ਵੀ ਭਾਰਤ ਦੇ ਮੁਕਾਬਲੇ ਵੱਧ ਕਮਾ ਲੈਂਦਾ ਹੈ ਇਸ ਕਰਕੇ ਇਸ ਸ਼ੋਸ਼ਣ ਵਿਰੁੱਧ ਅਜੇ ਕੋਈ ਇੰਨਾ ਗੁੱਸਾ ਨਹੀਂ ਉੱਭਰ ਰਿਹਾ ਕਿ ਇਹ ਕੋਈ ਜਥੇਬੰਦਕ ਰੂਪ ਧਾਰ ਸਕੇ। ਨਾਲ ਹੀ ਨਵੇਂ ਆਉਣ ਵਾਲੇ ਲੋਕ ਅਕਸਰ ਅਨੇਕਾਂ ਸਮਾਜਕ ਤੇ ਆਰਥਿਕ ਮਜ਼ਬੂਰੀਆਂ ਦੇ ਭਾਰ ਥੱਲੇ ਵੀ ਹੁੰਦੇ ਹਨ ਜਿਹਦੇ ਕਰਕੇ ਉਹ ਕੰਮ ਦੀਆਂ ਘਟੀਆ ਹਾਲਤਾਂ ਵਿਰੁੱਧ ਆਵਾਜ਼ ਨਹੀਂ ਉਠਾ ਸਕਦੇ। ਖੇਤ ਮਜ਼ਦੂਰਾਂ ਦੇ ਹਾਲਾਤ ਵਿਰੁੱਧ ਕਾਫੀ ਦੇਰ ਤੋਂ ਆਵਾਜ਼ ਉਠਾਈ ਜਾ ਰਹੀਂ ਹੈ ਪਰ ਉਹ ਵੀ ਖੇਤ ਮਜ਼ਦੂਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਕਿਸੇ ਪਾਸੇ ਨਹੀਂ ਲੱਗ ਰਹੀ। ਨਵੇਂ ਆਵਾਸੀਆਂ ਦੀਆਂ ਮਜ਼ਬੂਰੀਆਂ ਦਾ ਮਾਲਕ ਅਕਸਰ ਲਾਭ ਉਠਾਉਂਦੇ ਹਨ। ਉਦਾਹਰਣ ਵਜੋਂ ਨਵੇਂ ਆਇਆਂ ਨੂੰ ਹੜਤਾਲਾਂ ਤੋੜ੍ਹਨ ਲਈ ‘ਸਕੈਬ’ ਦੇ ਤੌਰ ‘ਤੇ ਵਰਤਣਾ। ਪੰਜਾਬੀ ਆਵਾਸੀ ਵੀ ਇਸ ਦਾ ਹਮੇਸ਼ਾਂ ਸ਼ਿਕਾਰ ਰਹੇ ਹਨ। ਪਹਿਲੀਆਂ ਵਿਚ ਆਏ ਪੰਜਾਬੀ ਕਾਮਿਆਂ ਨੂੰ ਹੜਤਾਲਾਂ ਤੋੜ੍ਹਨ ਲਈ ਆਮ ਵਰਤਿਆ ਜਾਂਦਾ ਰਿਹਾ ਹੈ। ਇਹ ਗੱਲ ਅੱਜ ਵੀ ਵਾਪਰਦੀ ਹੈ। ਬੀ ਸੀ ਦੇ ਫਾਰਮਾਂ ਵਿਚ ਹੋਈਆਂ ਕੁਝ ਹੜਤਾਲਾਂ ਜੋ ਪੰਜਾਬੀ ਕਾਮਿਆਂ ਵਲੋਂ ਕੀਤੀਆਂ ਗਈਆਂ ਸਨ ਨੂੰ ਤੋੜ੍ਹਨ ਵਾਲੇ ਵੀ ਪੰਜਾਬੀ ਹੀ ਸਨ। ਇਸ ਦਾ ਇਕ ਕਾਰਨ ਇਕ ਖੇਤੀਬਾੜੀ ਪ੍ਰਧਾਨ ਸਮਾਜ ਵਿਚੋਂ ਆਏ ਵਿਅਕਤੀਆਂ ਅੰਦਰ ਸਨਅਤੀ ਸਮਾਜ ਵਿਚਲੀ ਮਜ਼ਦੂਰ ਜਮਾਤ ਦੀ ਚੇਤਨਾ ਦੀ ਘਾਟ ਹੋਣਾ ਵੀ ਹੈ।

ਪੰਜਾਬੀਆਂ ਦੇ ਹਰ ਕਿਸਮ ਦੇ ਕਿੱਤੇ ਵਿਚ ਫੈਲਾਅ ਦੇ ਬਾਵਜੂਦ ਬਹੁ-ਗਿਣਤੀ ਨੂੰ ਅਜੇ ਵੀ ਜਿਸਮਾਨੀ ਤੌਰ ‘ਤੇ ਔਖੇ ਅਤੇ ਘੱਟ ਤਨਖਾਹ ਵਾਲੇ ਕੰਮ ਹੀ ਮਿਲਦੇ ਹਨ। ਦੇਸੋਂ ਪੜ੍ਹਿਆਂ ਆਇਆਂ ਦੀਆਂ ਡਿਗਰੀਆਂ ਦਾ ਇਥੇ ਬਹੁਤ ਹੀ ਘੱਟ ਮੁੱਲ ਪੈਂਦਾ ਹੈ।[14] ਡਾਕਟਰੀ ਦੀ ਡਿਗਰੀ ਲੈ ਕੇ ਆਇਆ ਵੀ ਜੇ ਇਥੇ ਆਕੇ ਨਾ ਪੜ੍ਹੇ ਤਾਂ ਵੱਧ ਤੋਂ ਵੱਧ ਟੈਕਸੀ ਚਲਾਉਣ ਦਾ ਕੰਮ ਲੈ ਸਕਦਾ ਹੈ। ਪੰਜਾਬੀਆਂ ਨੂੰ ਕੰਮ ਮਿਲਣ ਦਾ ਤਰੀਕਾ ਵੀ ਪੰਜਾਬੀਆਂ ਦੇ ਕੈਨੇਡਾ ਵਿਚਲੇ ਜੀਵਨ ਜਿੰਨਾ ਹੀ ਪੁਰਾਣਾ ਹੈ। ਇਹ ਤਰੀਕਾ ਹੈ ਕਿ ਪੰਜਾਬੀਆਂ ਨੂੰ ਕੰਮ ਪੰਜਾਬੀਆਂ ਰਾਂਹੀਂ ਹੀ ਮਿਲਦਾ ਹੈ ਸਿੱਧਾ ਬਹੁਤ ਘੱਟ। ਸੋ ਅਸਲੀਅਤ ਵਿਚ ਅਜੇ ਹਾਲਾਤ ਇਹ ਹਨ ਕਿ ਇਥੋਂ ਦੇ ਸਨਅਤੀ ਸਮਾਜ ਦੇ ਸੁਭਾਅ ਦੇ ਵਿਪਰੀਤ ਪੰਜਾਬੀਆਂ ਵਿਚੋਂ ਜਿਹੜੇ ਲੋਕ ਕੰਮ ਦੇ ਸਕਦੇ ਹਨ ਜਾਂ ਦੁਆ ਸਕਦੇ ਹਨ ਉਹਨਾਂ ਵਿਅਕਤੀਆਂ ਦਾ ਪੰਜਾਬੀ ਭਾਈਚਾਰੇ ਵਿਚ ਇਕ ਖਾਸ ਸਥਾਨ ਹੈ। ਆਮ ਘਰਾਂ ਵਿਚ ਵਿਆਹਾਂ ਸ਼ਾਦੀਆਂ ਵੇਲੇ, ਅਖੰਡਪਾਠਾਂ ਵੇਲੇ ਜਾਂ ਇਹੋ ਜਿਹੇ ਹੋਰ ਮੌਕਿਆਂ ਤੇ ਇਹਨਾਂ ਵਿਅਕਤੀਆਂ ਵੱਲ ਦੁਜਿਆਂ ਨਾਲੋਂ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਜੇ ਇਸ ਦੇ ਕਾਰਨਾਂ ਵੱਲ ਨਿਗਾਹ ਮਾਰੀ ਜਾਵੇ ਤਾਂ ਸਾਫ ਨਜ਼ਰ ਆ ਜਾਂਦਾ ਹੈ ਕਿ ਪੰਜਾਬੀਆਂ ਨਾਲ ਕੰਮਾਂ ਕਾਰਾਂ ਵਿਚ ਅਜੇ ਵੀ ਵਿਤਕਰਾ ਜ਼ਾਰੀ ਹੈ। ਇਸ ਵਿਤਕਰੇ ਦੀ ਇਕ ਨਿੱਕੀ ਜਿਹੀ ਉਦਾਹਰਣ ਵੈਨਕੂਵਰ ਵਿਚ 1986 ਵਿਚ ਚੱਲੀ ਨਵੀਂ ਗੱਡੀ ਦੀ ਦਿੱਤੀ ਜਾ ਸਕਦੀ ਹੈ। ਗੱਡੀ ਵਿਚ ਟਿਕਟ ਚੈੱਕ ਕਰਨ ਵਾਲੇ ਜਾਂ ਸਟੇਸ਼ਨਾਂ ਤੇ ਨਿਗਰਾਨੀ ਕਰਨ ਵਾਲੇ ਜਿਹਨਾਂ ਨੂੰ ਮਹਿਕਮੇ ਵਲੋਂ ਵਰਦੀਆਂ ਤੇ ਦੂਜਿਆਂ ਚੈਕਰਾਂ ਤੇ ਹੈਡਕੁਆਟਰ ਨਾਲ ਸੰਪਰਕ ਰੱਖਣ ਲਈ ‘ਵਾਕੀਆਂ-ਟਾਕੀਆਂ’ ਮਿਲਦੀਆਂ ਹਨ, ਇਕ ਦੋਂਹ ਤੋਂ ਛੁੱਟ ਸਾਰੇ ਦੇ ਸਾਰੇ ਗੋਰੇ ਹਨ ਜਦ ਕਿ ਉਹਨਾਂ ਹੀ ਸਟੇਸ਼ਨਾਂ ਤੇ ਸਫਾਈ ਕਰਨ ਵਾਲੇ ਸਾਰੇ ਦੇ ਸਾਰੇ ਪੰਜਾਬੀ ਹਨ ਔਰ ਉਹਨਾਂ ਵਿਚ ਕਈ ਚੰਗੇ ਪੜ੍ਹੇ ਲਿਖੇ ਹਨ।

ਪੰਜਾਬੀਆਂ ਦੇ ਕੰਮਾਂ ਕਾਰਾਂ ਵਿਚ ਇਕ ਦੇਖਣ ਯੋਗ ਫਰਕ ਇਹ ਵੀ ਆਇਆ ਹੈ ਕਿ ਹੁਣ ਇਕੱਲੇ ਮਰਦ ਹੀ ਨਹੀਂ ਪੰਜਾਬੀ ਔਰਤਾਂ ਵੀ ਘਰੋਂ ਬਾਹਰ ਤਨਖਾਹ ਲਈ ਕੰਮ ਕਰਦੀਆਂ ਹਨ। ਇਹਦੇ ਨਾਲ ਲੋਕਾਂ ਦੇ ਰੋਜ਼ਾਨਾ ਜੀਵਨ ਵਿਚ ਬਹੁਤ ਤਬਦੀਲੀਆਂ ਆਉਂਦੀਆਂ ਹਨ ਜਿਹਨਾਂ ਵਿਚੋਂ ਕੁਝ ਇਕ ਦਾ ਜ਼ਿਕਰ ਇਸ ਪਰਚੇ ਵਿਚ ਹੋਰਨੀ ਥਾਵੀਂ ਵੀ ਕੀਤਾ ਗਿਆ ਹੈ। ਘਰ ਦੇ ਜੀਵਨ ਵਿਚ ਆਉਂਦੀਆਂ ਤਬਦੀਲੀਆਂ ਦੇ ਨਾਲ ਨਾਲ ਇਸ ਸਥਿਤੀ ਦਾ ਛੋਟੇ ਬੱਚਿਆਂ ਉੱਪਰ ਵੀ ਡਾਢਾ ਅਸਰ ਪੈਂਦਾ ਹੈ। ਕੰਮ ਤੇ ਜਾਣ ਕਰਕੇ ਛੋਟੇ ਬੱਚਿਆਂ ਦੀ ਸੰਭਾਲ ਦਾ ਮਸਲਾ ਹਰ ਕਿਸੇ ਲਈ ਇਕ ਗੰਭੀਰ ਮਸਲਾ ਹੈ। ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਗੈਰਾਂ ਕੋਲ ਅਤੇ ਖਾਸ ਕਰ ਗੋਰੇ ਲੋਕਾਂ ਕੋਲ ਛੱਡਣ ਨੂੰ ਠੀਕ ਨਹੀਂ ਸਮਝਦੇ। ਕਈ ਵਾਰੀ ਸਿਰਫ ਇਸੇ ਕਾਰਨ ਕਰਕੇ ਦੇਸੋਂ ਸਿਆਣੇ ਮਾਂ ਪਿਓ ਨੂੰ ਕੈਨੇਡਾ ਮੰਗਵਾਇਆ ਜਾਂਦਾ ਹੈ।

ਤਿਓਹਾਰ ਤੇ ਰਹੁਰੀਤਾਂ:

ਹਰ ਸਮਾਜ ਦੇ ਲੋਕਾਂ ਦਾ ਜੀਵਨ ਕੁਝ ਤਿਓਹਾਰਾਂ ਤੇ ਰਹੁਰੀਤਾਂ ਵਿਚ ਬੱਝਿਆ ਹੈ। ਇਹ ਤਿਓਹਾਰ ਤੇ ਰਹੁਰੀਤਾਂ ਸਾਲ ਵਿਚ ਬਦਲਦੇ ਮੌਸਮਾਂ ਤੇ ਲੋਕਾਂ ਦੀ ਜ਼ਿੰਦਗੀ ਵਿਚ ਉਮਰ ਵੱਧਣ ਕਰਕੇ ਅਉਂਦੀਆਂ ਤਬਦੀਲੀਆਂ ਦੇ ਆਲੇ ਦੁਆਲੇ ਉਸਰੇ ਹੋਏ ਹੁੰਦੇ ਹਨ। ਬਹੁਤੀ ਵਾਰੀ ਇਹਨਾਂ ਦਾ ਸੰਬੰਧ ਧਰਮ ਨਾਲ ਬੱਝਾ ਹੁੰਦਾ ਹੈ। ਜਿਵੇਂ ਇਥੇ ਕਰਿਸਮਸ ਮਨਾਈ ਜਾਂਦੀ ਹੈ, ਨਵੇ ਸਾਲ ਦੇ ਦਿਨ ਨੂੰ ਛੁੱਟੀ ਦੇ ਨਾਲ ਨਾਲ ਆਮ ਪਾਰਟੀਆਂ ਕੀਤੀਆਂ ਜਾਂਦੀਆਂ ਹਨ। ਇਸੇ ਤਰ੍ਹਾਂ ਇਥੇ ‘ਮਦਰ’ਸ ਡੇ’ ‘ਫਾਦਰ’ਸ ਡੇ’ ‘ਵੇਲਨਟਾਈਨ’ਸ ਡੇ’ ਤੇ ਹੋਰ ਕਿੰਨਾ ਕੁਝ ਮਨਾਇਆ ਜਾਂਦਾ ਹੈ ਜਿਹਦੇ ਵਿਚ ਇਥੇ ਵਸਦੇ ਪੰਜਾਬੀ ਵੀ ਹੌਲੀ ਹੌਲੀ ਭਾਗ ਲੈਣ ਲੱਗ ਪਏ ਹਨ। ਨਾਲ ਹੀ ਵਿਸਾਖੀ ਤੇ ਦਿਵਾਲੀ ਆਦਿ ਤਿਓਹਾਰ ਵੀ ਮਨਾਏ ਜਾਂਦੇ ਹਨ। ਇਹਨਾਂ ਤਿਓਹਾਰਾਂ ਦੌਰਾਨ ਪੰਜਾਬੀ ਮਥਠਆਈ ਦੀਆਂ ਦੁਕਾਨਾਂ ਨੂੰ ਦੇਸ ਵਾਂਗ ਹੀ ਸਜਾਉਂਦੇ ਹਨ। ਵਿਸਾਖੀ ਉੱਪਰ ਵੈਨਕੂਵਰ ਦੇ ਸਿੱਖ ਭਾਈਚਾਰੇ ਵਲੋਂ ਇਕ ਜਲੂਸ ਕੱਢਿਆ ਜਾਂਦਾ ਹੈ। ਜਿਵੇਂ ਇਧਰ ਮਨਾਏ ਜਾਂਦੇ ਤਿਓਹਾਰਾਂ ਦੀ ਵਪਾਰਕ ਮਹੱਤਤਾ ਹੋਣ ਕਰਕੇ ਉਹਨਾਂ ਨੂੰ ਇਸ਼ਤਿਹਾਰਬਾਜ਼ੀ ਰਾਹੀਂ ਹਰ ਕਿਸੇ ਦੇ ਜੀਵਨ ਦਾ ਅੰਗ ਬਣਾਇਆ ਜਾਂਦਾ ਹੈ ਇਸੇ ਤਰ੍ਹਾਂ ਸੰਭਵ ਹੈ ਕਿ ਵਿਸਾਖੀ ਅਤੇ ਦੀਵਾਲੀ ਵੀ ਜੇ ਵਪਾਰ ਲਈ ਲਾਹੁੰਵੇਦ ਸਾਬਤ ਹੋਏ ਤਾਂ ਪੰਜਾਬੀਆਂ ਜਾਂ ਭਾਰਤੀਆਂ ਲਈ ਤਾਂ ਮੱਤਵਪੂਰਨ ਬਣਨਗੀਆਂ ਹੀ ਸ਼ਾਇਦ ਸਮਾਂ ਪਾ ਕੇ ਦੂਜੇ ਲੋਕਾਂ ਵਿਚ ਵੀ ਮਕਬੂਲ ਹੋ ਜਾਣ।

ਹਰ ਸਮਾਜ ਵਿਚ ਜਨਮ, ਵਿਆਹ ਤੇ ਮੌਤ ਆਦਿ ਉੱਪਰ ਕਿੰਨੀਆਂ ਹੀ ਰਹੁਰੀਤਾਂ ਕੀਤੀਆਂ ਜਾਂਦੀਆਂ ਹਨ। ਕੈਨੇਡਾ ਦੇ ਪੰਜਾਬੀਆਂ ਦੀਆਂ ਇਹਨਾਂ ਰਹੁਰੀਤਾਂ ਵਿਚ ਪੰਜਾਬ ਨਾਲੋਂ ਕਾਫੀ ਫਰਕ ਵੀ ਪਿਆ ਹੈ। ਇਸ ਫਰਕ ਦੀ ਜ਼ਿੰਮੇਵਾਰ ਸਿੱਧੇ ਤੌਰ ‘ਤੇ ਇਥੋਂ ਦੀ ਆਰਥਿਕ ਸਥਿਤੀ ਹੈ। ਉਦਾਹਰਣ ਦੇ ਤੌਰ ‘ਤੇ ਜਿਥੇ ਪੰਜਾਬ ਵਿਚ ਅਜੇ ਵੀ ਚੰਗੇ ਖਾਂਦੇ ਪੀਦੇ ਘਰ ਹੀ ਘਰ ਦੇ ਜੀਆਂ ਦਾ ਜਨਮ ਦਿਨ ਮਨਾਉਂਦੇ ਹਨ ਉੱਥੇ ਕੈਨੇਡਾ ਵਿਚ ਤਕਰੀਬਨ ਹਰ ਘਰ ਵਿਚ ਹੀ ਜਨਮ ਦਿਨ ਮਨਾਏ ਜਾਂਦੇ ਹਨ। ਜਿਥੇ ਪਹਿਲਾਂ ਆਏ ਪੰਜਾਬੀਆਂ ਦੇ ਘਰਾਂ ਵਿਚ ਸਾਰੇ ਜੀਆਂ ਦੇ ਹੀ ਜਨਮ ਦਿਨ ਮਨਾਉਂਦੇ ਹਨ, ਨਵੇਂ ਆਏ ਅਜੇ ਇਹ ਖੁਸ਼ੀ ਛੋਟੇ ਬੱਚਿਆਂ ਦੇ ਜਨਮ ਦਿਨ ਤੇ ਹੀ ਕਰਦੇ ਹਨ।

ਇਸੇ ਤਰ੍ਹਾਂ ਕੁੜਮਾਈ ਵਿਆਹ ਤੇ ਜੋ ਕੁਝ ਪੰਜਾਬ ਦੇ ਪਿੰਡਾਂ ਵਿਚ ਅੱਜ ਜਾਂ ਡੇੜ੍ਹ ਦੋ ਦਹਾਕੇ ਪਹਿਲਾਂ ਰਿਵਾਜ ਸਨ ਉਹ ਸਾਰੇ ਕੀਤੇ ਜਾਂਦੇ ਹਨ। ਦਾਜ ਲੈਣ ਦੇਣ ਦਾ ਰਿਵਾਜ ਘੱਟਣ ਦੀ ਵਜਾਏ ਵਧਿਆ ਹੈ। ਰਹੁਰੀਤਾਂ ਰਸਮਾਂ ਵਿਚ ਕਿੰਨਾ ਕੁਝ ਹੋਰ ਵਧਿਆ ਹੈ। ਉਦਾਹਰਣ ਵਜੋਂ, ਇਥੇ ਹੁਣ ਵਿਆਹ ਤੋਂ ਇਕ ਰਾਤ ਪਹਿਲਾਂ ਜਾਂ ਵਿਆਹ ਦੀ ਸਵੇਰ ਜਨੇਤ ਸੱਦੀ ਜਾਂਦੀ ਹੈ। ਮਿਲਣੀ ਦੀ ਰਸਮ ਕੀਤੀ ਜਾਂਦੀ ਹੈ ਜਿਹਦੇ ਵਿਚ ਵੀਹ ਪੱਚੀ ਤੋਂ ਉੱਪਰ ਮਿਲਣੀਆਂ ਕਰਨੀਆਂ ਆਮ ਜਿਹੀ ਗੱਲ ਹੈ। ਜਨੇਤ ਨੂੰ ਕਿਸੇ ਕਿਰਾਏ ਤੇ ਕੀਤੇ ਹਾਲ ਵਿਚ ਜਾਂ ਗੁਰਦੁਆਰੇ ਰੋਟੀ ਖੁਆਈ ਜਾਂਦੀ ਹੈ। ਵਿਆਹ ਹਮੇਸ਼ਾਂ ਗੁਰਦੁਆਰੇ ਹੁੰਦਾ ਹੈ। ਫੇਰ ਗੁਰਦੁਆਰੇ ਵਿਆਹ ਦੀ ਰਸਮ (ਲਾਮਾਂ) ਪੂਰੀ ਹੋਣ ਤੋਂ ਬਾਅਦ ਵਹੁਟੀ ਤੇ ਲਾੜਾ ਫੁੱਲਾਂ ਨਾਲ ਸਜਾਈ ਹੋਈ ਕਾਰ ਵਿਚ ਸ਼ਹਿਰ ਦੀ ਕਿਸੇ ਸੁੰਦਰ ਪਾਰਕ ਵਿਚ ਤਸਵੀਰਾਂ ਖਿੱਚਵਾਉਣ ਲਈ ਜਾਂਦੇ ਹਨ। ਇਹ ਰਿਵਾਜ ਖਾਸ ਕਰ ਵੈਨਕੂਵਰ ਦੇ ਇਲਕੇ ਵਿਚ ਬਹੁਤ ਪ੍ਰਚੱਲਤ ਹੈ ਜਿਥੇ ਇਕੱਲੇ ਪੰਜਾਬੀ ਹੀ ਨਹੀਂ ਦੂਜੇ ਸਾਰੇ ਲੋਕ ਵੀ ਕੂਈਨ ਇਲੈਜ਼ਬਿਥ ਪਾਰਕ ਵਿਚ ਤਸਵੀਰਾਂ ਖਿਚਾਉਣ ਜਾਂਦੇ ਹਨ। ਸਨਿਚਰ ਐਤਵਾਰ ਇਸ ਜਗਾ ਨਵ-ਵਿਆਹੇ ਜੋੜਿਆਂ ਦੀ ਬਹੁਤ ਭੀੜ ਹੁੰਦੀ ਹੈ। ਤਸਵੀਰਾਂ ਤੋਂ ਬਾਅਦ ਨਵੀਂ ਜੋੜੀ ਕੁੜੀ ਦੇ ਘਰ ਨੂੰ ਆਉਂਦੀ ਹੈ ਤੇ ਫੇਰ ਉੱਥੇ ਵਿਆਹ ਦਾ ਕੇਕ ਕੱਟਣ ਦੀ ਰਸਮ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਦੇਸ ਵਾਂਗ ਕੁੜੀ ਨੂੰ ਰੁਆ ਕੇ ਘਰੋਂ ਤੋਰਿਆ ਜਾਂਦਾ ਹੈ। ਇਸ ਸੱਭ ਕਾਸੇ ਦੇ ਦੌਰਾਨ ਔਰਤਾਂ ਦਾ ਜਦੋ ਵੀ ਸੂਤ ਲੱਗੇ ਜਿਥੇ ਵੀ ਸੂਤ ਲੱਗੇ ਖਿਚ ਧੂਹ ਕੇ ਥੋੜ੍ਹੇ ਬਹੁਤੇ ਗੀਤ ਵੀ ਗਾ ਲੈਂਦੀਆਂ ਹਨ ਤੇ ਗਿੱਧਾ ਵੀ ਪਾ ਲੈਂਦੀਆਂ ਹਨ।

ਇਸ ਤੋਂ ਬਾਅਦ ਆਮ ਤੌਰ ‘ਤੇ ਉਸੇ ਸ਼ਾਮ ਨੂੰ ਮੁੰਡੇ ਵਾਲਿਆਂ ਵਲੋਂ ਆਪਣੀ ਪਹੁੰਚ ਤੇ ਸੂਝ ਮੁਤਾਬਕ ‘ਪਾਰਟੀ’ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਪਾਰਟੀ ਵਿਚ ਫੇਰ ਕੁਝ ਚਿਰ ਲਈ ਸਕਾਚ ਦੇ ਅਸਰ ਥੱਲੇ ਬੱਕਰੇ ਵੀ ਬੁਲਾਏ ਜਾਂਦੇ ਹਨ। ਇਹਨਾਂ ਪਾਰਟੀਆਂ ਵਿਚ ਕਿਰਾਏ ਤੇ ਗਾਉਣ ਵਾਲੇ ਗੀਤ ਗਾਂਉਂਦੇ ਹਨ, ਇੰਗਲੈਂਡ ਤੇ ਪੰਜਾਬ ਦੇ ਗਵੱਈਆਂ ਦੇ ‘ਚੋਂਦੇ ਚੋਂਦੇ’ ਰੀਕਾਰਡਾਂ ਤੇ ਭੰਗੜੇ ਪੈਂਦੇ ਹਨ, ਅੰਗਰੇਜ਼ੀ ਡਾਂਨਸ ਹੁੰਦੇ ਹਨ ਪਰ ਸਭ ਤੋਂ ਮਹੱਤਵਪੂਰਣ ਗੱਲ ਇਥੇ ਪਿੰਡਾਂ ਵਾਲੀਆਂ ਲੜਾਈਆਂ ਕਈ ਵਾਰੀ ਪੂਰੇ ਪੇਂਡੂ ਸਟਾਈਲ ਵਿਚ ਹੁੰਦੀਆਂ ਹਨ। ਜਿਥੇ ਸ਼ਰਾਬੀ ਹੋਏ ਜੱਟ ਪੁਸ਼ਤਾਂ ਤੋਂ ਚਲੇ ਆਉਂਦੇ ਪੁਰਾਣੇ ਕਿੜ ਕੱਢਣ ਲਈ ਸ਼ਰੀਕਾਂ ਨੂੰ ਝਈਆਂ ਲੈ ਲੈ ਕੇ ਪੈ ਰਹੇ ਹੋਣਗੇ ਉੱਥੇ ਉਹਨਾਂ ਦੀਆਂ ਔਰਤਾਂ ਵਿਚਾਰੀਆਂ ਉਹਨਾਂ ਦੇ ਦਾਲ ਨਾਲ ਲਿਬੜੇ ਝੱਗੇ ਖਿਚਦੀਆਂ ਘਰ ਨੂੰ ਧੂਹ ਰਹੀਆਂ ਹੁੰਦੀਆਂ ਹਨ। ਇਹਨਾਂ ਲੜਾਈਆਂ ਸਦਕਾ ਜਾਂ ਇਹਨਾਂ ਥਾਵਾਂ ਤੋਂ ਸ਼ੁਰੂ ਹੋਈਆਂ ਲੜਾਈਆਂ ਦੇ ਬਲਬੁੱਤੇ ਤੇ ਹੀ ਗੋਰੇ ਮੀਡੀਏ ਵਲੋਂ ਪੰਜਾਬੀਆਂ ਨੂੰ ਬੜੇ ਖੂੰਨਖਾਰ ਤੇ ਜ਼ਹਿਰੀਲੇ ਲੋਕ ਬਣਾ ਕੇ ਪੇਸ਼ ਕਰਨ ਦਾ ਸੁਨਿਹਰੀ ਮੌਕਾ ਮਿਲਦਾ ਹੈ।

ਵਿਆਹਾਂ ਵੇਲੇ ਕੀਤੀਆਂ ਜਾਂਦੀਆਂ ਕਈ ਰਸਮਾਂ ਬੜੀਆਂ ਓਪਰੀਆਂ ਵੀ ਲਗਦੀਆਂ ਹਨ। ਉਦਾਹਰਣ ਵਜੋਂ ਪੰਜਾਬੀਆਂ ਦੀ ਇਕ ਰੀਤ ਹੈ ਕਿ ਜਦੋਂ ਖਾਸ ਮਹਿਮਾਨ ਅਉਂਦੇ ਹਨ ਜਾਂ ਜਦੋਂ ਵਿਆਹ ਵੇਲੇ ਜਨੇਤ ਆਉਂਦੀ ਹੈ ਤਾਂ ਉਹਨਾਂ ਦੇ ਘਰ ਅੰਦਰ ਦਾਖਲ ਹੋਣ ਤੋਂ ਪਹਿਲਾਂ ਘਰ ਦੀਆਂ ਸੁਆਣੀਆਂ ਦਰਵਾਜ਼ੇ ਦੇ ਦੋਹੀਂ ਪਾਸੀਂ ਤੇਲ ਚੋਂਦੀਆਂ ਹਨ। ਜਦੋਂ ਇਹ ਰੀਤ ਸ਼ੁਰੂ ਹੋਈ ਹੋਵੇਗੀ ਤਾਂ ਉਦੋਂ ਸ਼ਾਇਦ ਲੱਕੜੀ ਦੇ ਦਰਵਾਜਿਆਂ ਦੇ ਕਬਜ਼ੇਦਾਰ ਜੋੜ ਵੀ ਲੱਕੜੀ ਦੇ ਹੋਣਗੇ ਜਿਹੜੇ ਸੁੱਕ ਜਾਣ ਕਰਕੇ ਅਕਸਰ ਚੀਕਦੇ ਰਹਿੰਦੇ ਹੋਂਗੇ। ਤੇ ਘਰ ਵਾਲੇ ਇਸ ਆਸ ਵਿਚ ਕਿ ਮਹਿਮਾਨ ਆਇਆਂ ਤੇ ਅਜਿਹਾ ਨਾ ਹੋਵੇ ਉਹਨਾਂ ਦੇ ਆਉਣ ਤੋਂ ਪਹਿਲਾਂ ਲੱਕੜੀ ਦੇ ਕਬਜਿਆਂ ਵਿਚ ਤੇਲ ਚੋ ਦਿੰਦੇ ਹੋਣਗੇ। ਸੋ ਕਿਸੇ ਇਹੋ ਜਿਹੀ ਵਜਾ ਕਰਕੇ ਚੱਲੀ ਇਹ ਰੀਤ ਅਜੇ ਵੀ ਕਾਇਮ ਹੈ। ਅਤੇ ਅਸੀ ਅਕਸਰ ਵਿਆਹ ਦੇ ਮੌਕਿਆਂ ਤੇ ਪੰਜਾਬੀ ਔਰਤਾਂ ਨੂੰ ‘ਬੇਬੀ ਓਇਲ’ ਵਾਲੀ ਬੋਤਲ ਵਿਚੋਂ ਅੰਦਰ ਵਿਛੇ ਰੱਗ ਤੇ ਤੇਲ ਚੋਂਦਿਆਂ ਦੇਖਦੇ ਹਾਂ। ਦੇਸੋਂ ਜਮ ਪਲ ਕੇ ਆਉਣ ਵਾਲੇ ਲੋਕਾਂ ਲਈ ਤਾਂ ਸ਼ਾਇਦ ਇਹ ਨਜ਼ਾਰਾ ਅਜੀਬ ਨਹੀਂ ਪਰ ਕਿਸੇ ਇਥੇ ਜੰਮੇ ਨੂੰ ਇਸ ਨਜਾਰੇ ਵੱਲ ਝਾਕਦਿਆਂ ਦੇਖੋ ਤਾਂ ਮਹਿਸੂਸ ਹੋਵੇਗਾ ਕਿ ਇਹ ਰੀਤ ਕਿੰਨੀ ਓਪਰੀ ਹੈ।

ਰਿਸ਼ਤੇ:

ਹਰ ਸਮਾਜ ਵਿਚ ਮਨੁੱਖੀ ਰਿਸ਼ਤੇ ਬਹੁਤੀ ਵਾਰੀ ਉਸ ਸਮਾਜ ਦੇ ਪੈਦਾਵਾਰੀ ਸਾਧਨਾਂ ਤੇ ਅਧਾਰਤ ਹੁੰਦੇ ਹਨ। ਪੰਜਾਬੀ ਸਮਾਜ ਹੁਣ ਤੱਕ ਖੇਤੀਬਾੜੀ ਪ੍ਰਧਾਨ ਸਮਾਜ ਰਿਹਾ ਹੈ। ਅਤੇ ਪੰਜਾਬ ਦੇ ਲੋਕਾਂ ਦੇ ਆਪਸੀ ਰਿਸ਼ਤੇ ਵੀ ਇਸੇ ਦੇ ਅਧਾਰਤ ਤੇ ਉਸਰੇ ਮਿਲਦੇ ਹਨ। ਮੁੱਖ ਪੈਦਾਵਾਰ ਦਾ ਸਾਧਨ ਜ਼ਮੀਨ ਦੀ ਮਾਲਕੀ ਆਦਮੀ ਦੇ ਹੱਥ ਹੋਣ ਕਰਕੇ ਇਸ ਸਮਾਜ਼ ਵਿਚ ਹਮੇਸ਼ਾਂ ਆਦਮੀ ਦੀ ਪ੍ਰਧਾਨਗੀ ਰਹੀ ਹੈ ਅਤੇ ਔਰਤ ਮਾਲਕੀਅਤ ਦਾ ਇਕ ਹਿੱਸਾ। ਇਸੇ ਕਰਕੇ ਕਈ ਹਾਲਤਾਂ ਵਿਚ ਔਰਤ ਨੂੰ ਵੇਚਿਆ ਖ੍ਰੀਦਿਆ ਜਾਂਦਾ ਰਿਹਾ ਹੈ। ਪਰ ਲੰਮਾ ਸਮਾਂ ਹੋਂਦ ਵਿਚ ਰਹਿਣ ਕਰਕੇ ਇਸ ਸਮਾਜ ਦੀ ਬਣਤਰ ਇੰਨੀ ਪੀਡੀ ਹੋ ਚੁੱਕੀ ਸੀ ਕਿ ਸਮਾਜ਼ ਵਿਚ ਵਿਚਰਦੀਆਂ ਕਈ ਅਣਮਨੁੱਖੀ ਗੱਲਾਂ ਵੀ ਕੁਦਰਤੀ ਜਾਪਦੀਆਂ ਸਨ। ਅਤੇ ਲੋਕ ਅਸੁਖਾਂਵੇ ਰਿਸ਼ਤਿਆਂ ਵਿਚ ਬੱਝੇ ਵੀ ਮਾਨਸਿਕ ਤੌਰ ‘ਤੇ ਸੁਰੱਖਿਅੱਤ ਮਹਿਸੂਸ ਕਰਦੇ ਸਨ।

ਹੁਣ ਇਥੇ ਪੈਦਾਵਾਰ ਦੇ ਸਾਧਨ ਵੱਖਰੇ ਹਨ ਅਤੇ ਉਹਨਾਂ ਉੱਪਰ ਉਸਰੇ ਰਿਸ਼ਤੇ ਵੀ। ਇਥੇ ਹਰ ਮਨੁੱਖੀ ਰਿਸ਼ਤਾ ਪੈਸੇ ਦੀ ਸਰਦਾਰੀ ਥੱਲੇ ਆ ਚੁੱਕਾ ਹੈ। ਉਦਾਹਰਣ ਵਜੋਂ ਜਦੋਂ ਦੇਸੋ ਆਇਆ ਨਵਾਂ ਬੰਦਾ ਇਥੇ ਆ ਕੇ ਲੋਕਾਂ ਨੂੰ ਮਿਲਦਾ ਗਿਲਦਾ ਹੈ ਤਾਂ ਉਹਨੂੰ ਅਹਿਸਾਸ ਹੁੰਦਾ ਹੈ ਕਿ ਇਥੇ ਲੋਕਾਂ ਦਾ ਆਪਿਸ ਵਿਚ ਏਨਾਂ ਪਿਆਰ ਨਹੀਂ, ਬੱਚਿਆਂ ਤੇ ਮਾਪਿਆਂ ਵਿਚਕਾਰ ਨੇੜਤਾ ਨਹੀਂ, ਤਾਂ ਅਸਲ ਵਿਚ ਉਹ ਬੰਦਾ ਆਰਥਿਕਤਾ ਦੇ ਅਸਰ ਨੂੰ ਹੀ ਦੇਖ ਰਿਹਾ ਹੁੰਦਾ ਹੈ।

ਇਸੇ ਤਰ੍ਹਾਂ ਸਾਡੇ ਸੱਭਿਆਚਾਰ ਦੇ ਉਹ ਪੱਖ ਜਿਹੜੇ ਆਦਮੀ ਨੂੰ ਔਰਤ ‘ਤੇ ਚੌਧਰ ਕਰਾਉਂਦੇ ਸਨ ਜਾਂ ਜਾਤ ਪਾਤ ਕਰਕੇ ਕੁਝ ਲੋਕਾਂ ਦੀ ਦੂਜਿਆਂ ਉੱਪਰ ਸਰਦਾਰੀ ਕਾਇਮ ਕਰਦੇ ਸਨ ਉਹ ਵੀ ਇਥੇ ਦੀ ਆਰਥਿਕਤਾ ਥੱਲੇ ਬਹੁਤੀ ਦੇਰ ਟਿਕ ਨਹੀਂ ਸਕਣਗੇ। ਅੱਗੇ ਮਰਦ ਬਾਹਰ ਖੇਤਾਂ ਵਿਚ ਕੰਮ ਕਰਦੇ ਸਨ ਅਤੇ ਔਰਤਾਂ ਘਰਾਂ ਵਿਚ। ਪਰ ਔਰਤਾਂ ਦੇ ਕੰਮਾਂ ਨੂੰ ਮਰਦ ਦੇ ਕੰਮਾਂ ਜਿੰਨੀ ਮਹੱਤਤਾ ਨਹੀਂ ਸੀ ਦਿੱਤੀ ਜਾਂਦੀ। ਪਰ ਹੁਣ ਔਰਤ ਤੇ ਮਰਦ ਜਦ ਦੋਵੇਂ ਬਾਹਰ ਕੰਮ ਕਰਦੇ ਹਨ ਅਤੇ ਹਰ ਦੋ ਹਫਤਿਆਂ ਬਾਅਦ ਤਨਖਾਹ ਲੈ ਕੇ ਆਉਂਦੇ ਹਨ ਤਾਂ ਔਰਤ ਤੇ ਮਰਦ ਦਰਮਿਆਨ ਪਹਿਲਾਂ ਵਾਲਾ ਆਸਾਮਾਂ ਰਿਸ਼ਤਾ ਕਿਸੇ ਤਰ੍ਹਾਂ ਵੀ ਕਾਇਮ ਨਹੀਂ ਰਹਿ ਸਕਦਾ। ਜਦ ਵੀ ਅਜਿਹੀ ਸਥਿਤੀ ਵਿਚ ਮਰਦ ਵਲੋਂ ਔਰਤ ਉੱਪਰ ਪੁਰਾਣੇ ਰਿਸ਼ਤੇ ਨੂੰ ਠੋਸਣ ਦਾ ਜਤਨ ਕੀਤਾ ਜਾਂਦਾ ਹੈ ਤਾਂ ਔਰਤ ਹਮੇਸ਼ਾਂ ਇਸ ਨੂੰ ਚੁੱਪ ਚਪੀਤੇ ਸਹਿਣ ਨਹੀਂ ਕਰ ਲੈਂਦੀ ਸਗੋਂ ਇਸ ਵਿਰੁੱਧ ਆਵਾਜ਼ ਉਠਾਉਂਦੀ ਹੈ। ਇਹ ਆਵਾਜ਼ ਜਿਥੇ ਇਕ ਟੱਬਰ ਦੇ ਪੱਧਰ ਤੇ ਸਦੀਵੀ ਕਲੇਸ਼ ਦਾ ਜਾਂ ਫੇਰ ਤਲਾਕ ਦਾ ਰੂਪ ਧਾਰਦੀ ਹੈ ਉੱਥੇ ਸਮਾਜਕ ਪੱਧਰ ਤੇ ਇਸ ਧੱਕੇਸ਼ਾਹੀ ਵਿਰੁੱਧ ਜਥੇਬੰਧਕ ਰੂਪ ਵੀ ਅਖਤਿਆਰ ਕਰਦੀ ਹੈ। ਇਸ ਦੀਆਂ ਉਦਾਹਰਣਾਂ ਸਾਡੀ ਇਥੋਂ ਦੀ ਪੰਜਾਬੀ ਕਮਿਉਨਿਟੀ ਵਿਚ ਆਮ ਦੇਖੀਆਂ ਜਾ ਸਕਦੀਆਂ ਹਨ। ਇਥੇ ਇਹ ਗੱਲ ਦੱਸਣੀ ਵੀ ਕੁਥਾਵੀਂ ਨਹੀਂ ਕਿ ਔਰਤ ਮਰਦ ਦੇ ਰਿਸ਼ਤੇ ਵਿਚ ਕੈਨੇਡੀਅਨ ਸਮਾਜ ਵਿਚ ਵੀ ਹਾਲਾਤ ਇੰਨੇ ਵਧੀਆ ਨਹੀਂ। ਭਾਂਵੇ ਇਥੇ ਪੂੰਜੀਵਾਦੀ ਆਰਥਿਕ ਢਾਂਚਾ ਕਾਫੀ ਦੇਰ ਦਾ ਸਥਾਪਤ ਹੋ ਚੁੱਕਾ ਹੈ ਅਤੇ ਜ਼ਾਹਰੀ ਤੌਰ ‘ਤੇ ਔਰਤ ਨੂੰ ਪੂਰਨ ਅਜ਼ਾਦੀ ਹਾਸਿਲ ਹੈ ਪਰ ਇਥੇ ਵੀ ਅਜੇ ਮਰਦ ਵਲੋਂ ਔਰਤ ਉੱਪਰ ਸਰਦਾਰੀ ਕਰਨ ਦੀ ਪੁਰਾਣੀ ਆਦਤ ਪੂਰੀ ਤਰ੍ਹਾਂ ਖਤਮ ਨਹੀਂ ਹੋਈ। ਨਾਲ ਹੀ ਇਸ ਆਰਥਿਕ ਢਾਂਚੇ ਵਿਚ ਕਾਮ ਨੂੰ ਇਕ ਮੁਨਾਫੇ ਵਾਲੀ ਸ਼ੈਅ ਵਜੋਂ ਵਰਤੇ ਜਾਣ ਕਰਕੇ ਔਰਤ ਦੀ ਲੁੱਟ-ਖਸੁੱਟ ਕਿੰਨੇ ਹੀ ਵੱਖਰੇ ਪੱਧਰਾਂ ਤੇ ਹੁੰਦੀ ਹੈ। ਨਤੀਜੇ ਵਜੋਂ ਕੈਨੇਡਾ ਵਿਚ ਔਰਤ ਉੱਪਰ ਤਸ਼ੱਦਦ ਇਕ ਭਖਦਾ ਵਿਸ਼ਾ ਹੈ।

ਇਸੇ ਤਰ੍ਹਾਂ ਮਾਪਿਆਂ ਤੇ ਬੱਚਿਆਂ ਵਿਚਲੇ ਰਿਸ਼ਤੇ ਨਾਲ ਵਾਪਰਦਾ ਹੈ। ਪੰਜਾਬੀ ਮਾਪੇ ਬੱਚਿਆਂ ਨਾਲ ਉਸੇ ਤਰ੍ਹਾਂ ਦਾ ਵਿਹਾਰ ਕਰਨਾ ਚਾਹੁੰਦੇ ਹਨ ਜਿਹੋ ਜਿਹਾ ਉਹਨਾਂ ਦੇ ਮਾਪਿਆਂ ਨੇ ਉਹਨਾਂ ਨਾਲ ਕੀਤਾ। ਜ਼ਿਆਦਾ ਮੁਸ਼ਕਲ ਵਾਲਾਂ ਦੀ ਲੰਬਾਈ ਜਾਂ ਕਪੜਿਆਂ ਦੇ ਡੀਜ਼ਾਈਨ ਤੇ ਕੇਂਦਰਿਤ ਹੁੰਦੀ ਹੈ ਪਰ ਇਹ ਗੱਲ ਆਪਣੇ ਆਪ ਵਿਚ ਇੰਨਾ ਖਤਰਨਾਕ ਰੂਪ ਘੱਟ ਹੀ ਧਾਰਦੀ ਹੈ। ਜ਼ਿਆਦਾ ਗੰਭੀਰ ਮਸਲੇ ਵਿਆਹ ਵੇਲੇ ਜਾਂ ਕੁੜੀਆਂ ਵਲੋਂ ਮੁੰਡਿਆਂ ਜਿੰਨੀ ਅਜ਼ਾਦੀ ਦੀ ਮੰਗ ਤੇ ਉਭਰਦੇ ਹਨ। ਕੁੜੀਆਂ ਤੇ ਮੁੰਡਿਆਂ ਨੂੰ ਪੰਜਾਬੀ ਘਰਾਂ ਵਿਚ ਬਿਲਕੁਲ ਵੱਖਰੇ ਤਰੀਕੇ ਨਾਲ ਪਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੱਚਿਆਂ ਵਲੋਂ ਆਪਣੇ ਖਿਆਲ ਜ਼ਾਹਿਰ ਕਰਨ ਨੂੰ ਹੁਕਮ ਅਦੂਲੀ ਸਮਝ ਕੇ ਉਹਨਾਂ ਨਾਲ ਸਖਤੀ ਵਾਲਾ ਵਰਤਾ ਕੀਤਾ ਜਾਂਦਾ ਹੈ ਤੇ ਕਈ ਵਾਰੀ ਸਥਿਤੀ ਬੜੀ ਵਿਸਫੋਟਕ ਹੋ ਜਾਂਦੀ ਹੈ। ਦੂਜੇ ਸੱਭਿਆਚਾਰ ਦਾ ਅਸਰ ਵੀ ਛੋਟੀ ਉਮਰ ਦੇ ਬੱਚਿਆਂ ਉੱਪਰ ਸੱਭ ਤੋਂ ਵੱਧ ਪੈਂਦਾ ਹੈ। ਉਹਨਾਂ ਨੂੰ ਸਕੂਲਾਂ ਵਿਚ ਤੇ ਆਪਣੇ ਹਾਣੀਆਂ ਤੋਂ ਹੀ ਦੂਜੇ ਸੱਭਿਆਚਾਰ ਬਾਰੇ ਸ਼ਾਇਦ ਇੰਨੀ ਨਾਂਹ-ਪੱਖੀ ਸਿੱਖਿਆ ਨਹੀਂ ਮਿਲਦੀ ਹਰ ਘਰ ਵਿਚ ਪਏ ਟੈਲੀਵੀਜ਼ਨਾਂ ਤੋਂ ਮਿਲਦੀ ਹੈ। ਦਿਮਾਗੀ ਤੌਰ ‘ਤੇ ਪੰਜਾਬੀ ਬੱਚਿਆਂ ਦੀ ਬਹੁ-ਗਿਣਤੀ ਇਧਰਲੇ ਸਭਿਅਚਾਰ ਵਿਚ ਜੀਉਂਦੀ ਹੈ। ਪਰ ਜਿਥੇ ਕੈਨੇਡੀਅਨ ਸੱਭਿਆਚਾਰ ਵਿਚ ਮੁੰਡਿਅਂ ਵਾਂਗ ਕੁੜੀਆਂ ਨੂੰ ਵੀ ਬਾਹਰ ਘੁੰਮਣ ਫਿਰਨ ਦੀ, ਆਪਣਾਂ ਸਾਥੀ ਚੁਨਣ ਦੀ ਪੂਰੀ ਖੁੱਲ ਹੈ ਉੱਥੇ ਇਹ ਖੁੱਲ ਅਜੇ ਪੂਰੀ ਤਰ੍ਹਾਂ ਪੰਜਾਬੀ ਮੁੰਡਿਅਂ ਨੂੰ ਵੀ ਹਾਸਿਲ ਨਹੀਂ। ਕੁੜੀਆਂ ਦੀ ਆਜ਼ਾਦੀ ਦਾ ਮਸਲਾ ਆਉਣ ਵਾਲੇ ਸਮੇਂ ਵਿਚ ਪੰਜਾਬੀ ਮਾਪਿਆਂ ਲਈ ਸੱਭ ਤੋਂ ਗੰਭੀਰ ਮਸਲਾ ਹੋ ਸਕਦਾ ਹੈ।

ਜਿਥੋਂ ਤੱਕ ਅਪਸੀ ਰਿਸ਼ਤਿਆਂ ਦਾ ਸੰਬੰਧ ਹੈ ਸ਼ਾਇਦ ਸੱਭ ਤੋਂ ਘਾਟੇ ਵਾਲੀ ਹਾਲਤ ਆਪਣੀ ਪਿਛਲੀ ਉਮਰੇ ਸਵੱਰਗ ਦੀ ਆਸ ਵਿਚ ਇਥੇ ਆਏ ਪੰਜਾਬੀ ਬਜ਼ੁਰਗਾਂ ਦੀ ਹੈ। ਇਹਨਾਂ ਵਿਚੋਂ ਬਹੁਤ ਘੱਟ ਨੂੰ ਪੁੱਤਾਂ ਧੀਆਂ ਤੇ ਪੋਤੇ ਪੋਤੀਆਂ ਵਲੋਂ ਪੂਰੀ ਇਜ਼ਤ ਤੇ ਪਿਆਰ ਮਿਲਦਾ ਹੈ। ਇਹਨਾਂ ਵਿਚੋਂ ਬਹੁਤੇ ਬਜ਼ੁਰਗਾਂ ਨੇ ਇਧਰ ਆਉਣ ਦੀ ਆਸ ਵਿਚ ਆਪਣਾ ਬਹਤ ਕੁਝ ਦਾਅ ਤੇ ਲਾਇਆ ਹੁੰਦਾ ਹੈ ਇਸ ਕਰਕੇ ਵਾਪਿਸ ਵੀ ਨਹੀਂ ਜਾਣਾ ਚਾਹੁੰਦੇ। ਨਾਲ ਹੀ ਇਹ ਵੀ ਸੱਚ ਹੈ ਕਿ ਉਹਨਾਂ ਨੂੰ ਇਥੇ ਆਰਥਿਕ ਪੱਖੋਂ, ਖੁਰਾਕ ਪੱਖੋਂ, ਦਵਾਈਆਂ ਪੱਖੋਂ ਤੇ ਹੋਰ ਕਿੰਨੇ ਕਿਸਮ ਦੀਆਂ ਪਿੰਡਾਂ ਦੇ ਮੁਕਾਬਲੇ ਸਹੂਲਤਾਂ ਵੀ ਹਨ। ਪਰ ਆਖਰੀ ਪਹਿਰ ਜੋ ਪੁੱਤਾਂ ਪੋਤਿਆਂ ਵਿਚ ਬਹਿ ਕੇ ਜ਼ਿੰਦਗੀ ਦਾ ਸੁੱਖ ਮਾਨਣ ਦਾ ਉਹਨਾਂ ਦਾ ਸੁਪਨਾ ਸੀ ਉਹ ਸੱਚ ਮੁੱਚ ਸੁਪਨਾ ਹੋ ਕੇ ਰਹਿ ਗਿਆ ਹੈ। ਇਸ ਦਾ ਕਾਰਨ ਇਹ ਵੀ ਨਹੀਂ ਕਿ ਉਹਨਾਂ ਦੇ ਪੁੱਤ ਪੋਤੇ ਜਾਂ ਨੂੰਹਾਂ ਜਾਣ ਬੁੱਝ ਕੇ ਜਾਂ ਮਿੱਥ ਕੇ ਉਹਨਾਂ ਨਾਲ ਇਹੋ ਜਿਹਾ ਵਰਤਾ ਕਰਦੇ ਹਨ। ਅਸਲ ਵਿਚ ਅਸਲੀਅਤ ਇਹ ਹੈ ਕਿ ਉਹਨਾਂ ਵਿਚੋਂ ਬਹੁਤੇ ਖੁੱਦ ਇਹੋ ਜਿਹੀ ਰੁੱਖੀ, ਸ਼ੱਕੀ, ਸਵਾਰਥੀ ਜ਼ਿੰਦਗੀ ਜੀਉਂਦੇ ਹਨ ਜੋ ਕਿ ਇਸ ਪੈਸਾ ਪ੍ਰਧਾਨ ਸਮਾਜ਼ ਦੀ ਅਸਲੀਅਤ ਹੈ। ਇਸ ਵਿਚ ਸਗੋਂ ਹਾਂ ਪੱਖੀ ਗੱਲ ਤਾਂ ਇਹ ਹੈ ਕਿ ਇਥੇ ਦੇ ਸੱਭਿਆਚਾਰ ਨਾਲ ਮੁਕਾਬਲਾ ਕਰਨ ਤੇ ਅਸੀਂ ਦੇਖਦੇ ਹਾਂ ਕਿ ਪੰਜਾਬੀ ਅਜੇ ਆਪਣੇ ਮਾਪਿਆਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਉਂਦੇ ਹਨ। ਕੀ ਇਹ ਵਰਤਾਰਾ ਇਥੇ ਜੰਮੇ ਪਲੇ ਬੱਚੇ ਵੀ ਆਪਣੇ ਮਾਪਿਆਂ ਨਾਲ ਕਰਦੇ ਹਨ ਕਿ ਨਹੀਂ ਇਹ ਗੱਲ ਆਉਣ ਵਾਲੇ ਸਮੇਂ ਵਿਚ ਹੀ ਦੇਖੀ ਜਾ ਸਕਦੀ ਹੈ ਕਿ ਪੰਜਾਬੀ ਸੱਭਿਆਚਾਰ ਨਵੀਂ ਪੀੜ੍ਹੀ ਵਿਚ ਕਿੰਨਾ ਕੁ ਜੜ੍ਹਾਂ ਫੜ੍ਹਦਾ ਹੈ।

ਕੈਨੇਡਾ ਵਿਚ ਪੰਜਾਬੀ ਜਦੋਂ ਇਕ ਦੂਜੇ ਨੂੰ ਮਿਲਦੇ ਹਨ ਤਾਂ ਸਾਸਰੀ ਕਾਲ ਜਾਂ ਹੈਲੋ, ਹਾਏ ਤੋਂ ਬਾਅਦ ਪਹਿਲਾ ਸਵਾਲ ਕੰਮ ਬਾਰੇ ਹੁੰਦਾ ਹੈ। ਬੇਰੁਜ਼ਗਾਰੀ ਦੀ ਦਰ ਨਾਲ ਇਹ ਸਵਾਲ ਤਬਦੀਲ ਵੀ ਹੁੰਦਾ ਹੈ। ਜਦੋਂ ਕੰਮ ਆਮ ਮਿਲਦੇ ਸਨ ਤਾਂ ਸਵਾਲ ਹੁੰਦਾ ਸੀ ‘ਕਿੱਥੇ’ ਜਾਂ ‘ਕੀ ਕੰਮ ਕਰਦੇ ਹੋ’? ਹੁਣ ਅਕਸਰ ਸਵਾਲ ਹੁੰਦਾ ਹੈ ‘ਕੰਮ ਕਰਦੇ ਹੋ?’ ਫੇਰ ਕੰਮਾਂ ਕਾਰਾਂ ਦੀਆਂ ਗੱਲਾਂ ਵਿਚ ਇਹ ਫਿਕਰਾ ਸੈਕੜੇ ਵਾਰ ਵਰਤਿਆ ਜਾਂਦਾ ਹੈ: ‘ਜੀ ਇਥੇ ਕੰਮਾਂ ਕਾਰਾਂ ਬਿਨ੍ਹਾਂ ਕੀ ਆ, ਸਰਦਾ ਈ ਨਈਂ।

ਪੰਜਾਬੀਆਂ ਦੇ ਆਪਸੀ ਮਿਲਣ ਗਿਲਣ ਦਾ ਸੁਭਾਅ ਕੈਨੇਡਾ ਵਿਚ ਵੀ ਇਥੋਂ ਦੀਆਂ ਸਥਿਤੀਆਂ ਮੁਤਾਬਕ ਅਜੇ ਇੰਨਾ ਤਬਦੀਲ ਨਹੀਂ ਹੋਇਆ ਜਿੰਨਾ ਦੇਸੋਂ ਆਏ ਨਵੇਂ ਬੰਦੇ ਨੂੰ ਪਹਿਲੇ ਕੁਝ ਦਿਨਾਂ ਵਿਚ ਜਾਪਦਾ ਹੈ। ਲੋਕ ਅਜੇ ਵੀ ਇਕ ਦੂਜੇ ਨੂੰ ਚਾਅ ਨਾਲ ਮਿਲਦੇ ਹਨ। ਇਕ ਦੂਜੇ ਦੇ ਘਰ ਸਾਰੇ ਦਾ ਸਾਰਾ ਟੱਬਰ ਖਾਣੇ ਤੇ ਜਾਂਦੇ ਹਨ। ਲੈਣ ਦੇਣ ਕਰਦੇ ਹਨ। ਬਹਿ ਕੇ ਪੁਰਾਣੀਆਂ ਗੱਲਾਂ ਕਰਦੇ ਹਨ। ਲੜਦੇ ਹਨ ਝਗੜ੍ਹਦੇ ਹਨ। ਔਰਤਾਂ ਇਕ ਦੂਜੇ ਦੇ ਨਿਆਣਿਆਂ ਨੂੰ ਪਿਆਰ ਦੇਣ ਲੱਗੀਆਂ ਕਿੰਨੀ ਦੇਰ ‘ਲੈ ਇਹ ਤਾਂ ਕੁਝ ਵੀ ਨਹੀਂ ਤੇ ਕੀ ਕਰਦੀ ਆਂ, ਮੈਂ ਤਾਂ ਅੱਗੇ ਈ ਬਹੁਤ ਥੋੜ੍ਹੇ ਦੇਣ ਡਹੀ ਆਂ’ ਤੇ ਅੱਗਿਓ ਉਨੀਂ ਅਪਣੱਤ ਨਾਲ ਜਵਾਬ ਹੁੰਦਾ ਹੈ,’ ‘ਲੈ ਤੂੰ ਕੰਮ ਕਰ ਆਪਣਾ ਮੈਂ ਨਹੀਂ ਇੰਨੇ ਪੈਸੇ ਲੈਣੇ ਅੱਗੇ ਵੀ ਤੂੰ ਕੁੜੀ ਨੂੰ ਵਾਧੂ ਸੂਟ ਦੇ ਗਈ ਆਂ’ ਆਦਿ ਲੈਣ ਦੇਣ ਕਰਦੀਆਂ ਹਨ। ਪਰ ਹੁਣ ਕਾਰਾਂ ਦੀ ਸੌਖ ਹੋਣ ਕਰਕੇ ਪੰਜਾਬੀ ਅਕਸਰ ਇਕ ਦੂਜੇ ਦੇ ਘਰ ਰਾਤ ਘੱਟ ਰਹਿੰਦੇ ਹਨ। ਪੰਜਾਬੀਆਂ ਦੇ ਆਪਸੀ ਰਿਸ਼ਤੇ ਪੱਕੇ ਹੋਣ ਦਾ ਸਬੂਤ ਇਸ ਗੱਲ ਤੋਂ ਬਿਨਾਂ ਹੋਰ ਕੀ ਹੋ ਸਕਦਾ ਹੈ ਕਿ ਪਿੱਛੇ ਰਹਿ ਗਏ ਆਪਣੇ ਰਿਸ਼ਤੇਦਾਰਾਂ ਨੂੰ ਇਥੇ ਮੰਗਵਾਉਣ ਲਈ ਕੀ ਕੀ ਪਾਪੜ ਨਹੀਂ ਵੇਲੇ ਜਾਂਦੇ।

ਖਾਣਾ :

ਖਾਣਾ ਜਿੰਨਾ ਮਨੁੱਖੀ ਜੀਵਨ ਲਈ ਮਹੱਤਵਪੂਰਨ ਹੈ ਉਨਾਂ ਹੀ ਇਹਦਾ ਸੱਭਿਆਚਾਰ ਉੱਪਰ ਪ੍ਰਭਾਵ ਹੈ। ਹਰ ਸਮਾਜ ਦੇ ਲੋਕਾਂ ਦਾ ਜੀਵਨ ਖਾਣੇ ਦੀਆਂ ਵਸਤਾਂ ਪੈਦਾ ਕਰਨ ਦੁਆਲੇ ਬੁਣਿਆ ਹੋਇਆ ਹੁੰਦਾ ਹੈ। ਨਵੀਆਂ ਤਕਨੀਕੀ ਖੋਜਾਂ ਤੇ ਅਵਾਜਾਈ ਦੇ ਸਾਧਨਾਂ ਤੋਂ ਪਹਿਲਾਂ ਕਿਸੇ ਥਾਂ ਦੇ ਲੋਕ ਕੀ ਖਾਂਦੇ ਸਨ ਇਹ ਗੱਲ ਪੂਰੀ ਤਰ੍ਹਾਂ ਉਥੋਂ ਦੀਆਂ ਭੁਗੋਲਿਕ ਸਥਿਤੀਆਂ ਤੇ ਅਧਾਰਤ ਹੁੰਦੀ ਸੀ। ਲੋਕਾਂ ਦੇ ਜੀਵਨ ਦੇ ਬਹੁਤ ਸਾਰੇ ਰਸਮਾਂ ਰਿਵਾਜ, ਉਹਨਾਂ ਦੇ ਦੇਵੀਆਂ ਦੇਵਤੇ, ਉਹਨਾਂ ਦੀਆਂ ਕਦਰਾਂ ਕੀਮਤਾਂ ਨੂੰ ਸੇਧ ਦੇਣ ਵਾਲੀ ਸ਼ਕਤੀ ਖਾਣਾ ਹੀ ਕਿਹਾ ਜਾ ਸਕਦਾ ਹੈ। ਇਸ ਤਰ੍ਹਾਂ ਖਾਣੇ ਦੀ ਮਹੱਤਤਾ ਲੋਕਾਂ ਲਈ ਸਿਰਫ ਢਿੱਡ ਭਰਨ ਤੱਕ ਹੀ ਸੀਮਤ ਨਹੀਂ ਰਹਿੰਦੀ ਸਗੋਂ ਉਹਨਾਂ ਦੇ ਜੀਵਨ ਦਾ, ਉਹਨਾਂ ਦੇ ਸੱਭਿਆਚਾਰ ਦਾ ਇਕ ਅਨਿੱਖੜ੍ਹਵਾਂ ਅੰਗ ਬਣ ਜਾਂਦੀ ਹੈ। ਖਾਣਾ ਸੱਭਿਆਚਾਰ ਦਾ ਇਕ ਮਹੱਤਵਪੂਰਨ ਪਛਾਣ ਚਿੰਨ ਬਣ ਜਾਂਦਾ ਹੈ। ਉਦਾਹਰਣ ਦੇ ਤੌਰ ‘ਤੇ ਅਸੀਂ ਪੱਛਮੀ ਮੁਲਕਾਂ ਵਿਚ ਚੀਨੀ ਖਾਣੇ ਦੀ ਤੇ ਹੁਣ ਹੌਲੀ ਹੌਲੀ ਭਾਰਤੀ ਖਾਣੇ ਦੀ ਮਹੱਤਤਾ ਦੇਖ ਸਕਦੇ ਹਾਂ। ਪੰਜਾਬੀਆਂ ਦੇ ਘਰਾਂ ਵਿਚ ਲਗਦੇ ਤੁੜਕੇ ਦੇ ਮਹਿਕ ਨੂੰ ਉਹਦੇ ਸੁਆਦ ਤੋਂ ਅਣਜਾਣ ਗੋਰੇ ਲੋਕ ਨਫਰਤ ਨਾਲ ਦੇਖਦੇ ਰਹੇ ਹਨ ਪਰ ਜਿਸ ਕਿਸੇ ਨੇ ਵੀ ਇਕ ਬਾਰ ਸੁਆਦ ਦੇਖਿਆ ਹੈ ਉਹ ਦੋਬਾਰਾ ਮੁੜਕੇ ਜ਼ਰੂਰ ਆਉਂਦਾ ਹੈ। ਪੱਛਮੀ ਮੁਲਕਾਂ ਵਿਚ ਭਾਰਤੀ ਖਾਣੇ ਦਾ ਦਿਨੋ ਦਿਨ ਹਰਮਨ ਪਿਆਰਾ ਹੋਣਾ ਇਸ ਗੱਲ ਦਾ ਸਬੂਤ ਹੈ। ਪਿੱਛੇ ਜਿਹੇ ਵੈਨਕੂਵਰ ਵਿਚ ਛਪੀ ਪੁਸਤਕ ‘ਐਥਨਿਕ ਵੈਨਕੂਵਰ’ ਵਿਚ ਜਪਾਨੀ, ਚੀਨੀ, ਗਰੀਕ ਅਤੇ ਇਟੈਲੀਅਨ ਕਮਿਊਿਨਟੀਆਂ ਦੇ ਨਾਲ ਨਾਲ ਪੰਜਾਬੀ ਮਾਰਕਿਤ ਵਿਚ ਮਿਲਦੀਆਂ ਭਾਂਤ ਭਾਂਤ ਦੀਆਂ ਵਾਤਾਂ ਅਤੇ ਖਾਣਿਆਂ ਬਾਰੇ ਵੀ ਵਿਸਥਾਰ ਵਿਚ ਚਰਚਾ ਕੀਤੀ ਗਈ ਹੈ।[15]

ਕਿਸੇ ਇਕ ਸੱਭਿਆਚਾਰ ਦੇ ਲੋਕਾਂ ਲਈ ‘ਆਪਣਾ’ ਖਾਣਾ ਛੱਡ ਕੇ ‘ਬਿਗਾਨਾ’ ਖਾਣਾ ਖਾ ਸਕਣਾ ਇੰਨੀ ਸੁਖਾਲੀ ਗੱਲ ਨਹੀਂ ਹੁੰਦੀ ਕਿਉਂਕਿ ਖਾਣਾ ਬੰਦੇ ਦੀ ਮਾਨਸਿਕਤਾ ਦਾ ਬਹੁਤ ਹੀ ਅਹਿਮ ਭਾਗ ਹੁੰਦਾ ਹੈ। ਤੇ ਜਦੋਂ ਇਕ ਸੱਭਿਆਚਾਰ ਦੇ ਲੋਕ ਕਿਸੇ ਦੂਜੇ ਸੱਭਿਆਚਾਰ ਵਿਚ ਜਾ ਕੇ ਰਹਿਣਾ ਸ਼ੁਰੂ ਕਰਦੇ ਹਨ ਤਾਂ ਸੱਭ ਤੋਂ ਪਹਿਲੀ ਤੇ ਵੱਡੀ ਮੁਸ਼ਕਲ ਖਾਣੇ ਦੀ ਆਉਂਦੀ ਹੈ। ਇਸ ਮੁਸ਼ਕਲ ਦਾ ਇਕ ਕਾਰਨ ਇਹ ਵੀ ਹੁੰਦਾ ਹੈ ਕਿ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ ਮੁਤਾਬਕ ਕਈਆਂ ਖਾਣਿਆਂ ਦੇ ਖਾਣ ਦੀ ਮਨਾਹੀ ਹੁੰਦੀ ਹੈ। ਪੰਜਾਬ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਖਾਣੇ ਦੇ ਸੰਬੰਧ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਹਮਣਾ ਦਿੱਲੀ ਤੋਂ ਵੈਨਕੂਵਰ ਪਹੁੰਚਣ ਦੇ ਰਸਤੇ ਤੱਕ ਹੀ ਕਰਨਾ ਪੈਂਦਾ ਹੈ। ਹੁਣ ਕਈ ਹਵਾਈ ਕੰਪਨੀਆਂ ਪੰਜਾਬੀ ਖਾਣੇ ਦਾ ਪ੍ਰਬੰਧ ਕਰਨ ਲੱਗ ਪਈਆਂ ਹਨ। ਪਰ ਇਹ ਇਕ ਦੋ ਦਿਨ ਦੀ ਮੁਸ਼ਕਲ ਸੁਪਨੇ ਵਾਂਗ ਹੀ ਲੰਘ ਜਾਂਦੀ ਹੈ। ਪਰ ਪਹਿਲੀਆਂ ਵਿਚ ਅਜਿਹਾ ਨਹੀਂ ਸੀ। ਉਦੋਂ ਪਿੰਡੋਂ ਤੁਰ ਕੇ ਵੈਨਕੂਵਰ ਪਹੁੰਚਣ ਤੱਕ ਮਹੀਨੇ ਲੱਗ ਜਾਂਦੇ ਸਨ। ਸਮੁੰਦਰੀ ਜਹਾਜ਼ਾਂ ਵਿਚ ਸਫਰ ਕਰਦੇ ਪੰਜਾਬੀ ਯਾਤਰੀ ਆਟਾ ਦਾਲਾਂ ਤੇ ਹੋਰ ਲੋੜੀਦੀਆਂ ਚੀਜ਼ਾਂ ਨਾਲ ਲੈ ਲੈਂਦੇ ਤੇ ਜਹਾਜ ਉੱਪਰ ਆਪਣਾ ਖਾਣਾ ਖੁੱਦ ਬਣਾਉਂਦੇ।

ਇਥੋਂ ਦੀਆਂ ਸਥਿਤੀਆਂ ਮੁਤਾਬਕ ਪੰਜਾਬੀਆਂ ਦੇ ਖਾਣ ਦੀਆਂ ਆਦਤਾਂ ਵਿਚ ਵੀ ਹੌਲੀ ਹੌਲੀ ਤਬਦੀਲੀ ਆ ਰਹੀ ਹੈ। ਸਦੀਆਂ ਤੋਂ ਚਲੀਆਂ ਅਉਂਦੀਆਂ ਕਦਰਾਂ ਕੀਮਤਾਂ ਮੁਤਾਬਕ ਪੰਜਾਬੀ ਖਾਣ ਦੀਆਂ ਵਸਤਾਂ ਵਿਚੋਂ ਅਜੇ ਵੀ ਦੁੱਧ ਘਿਓ ਨੂੰ ਸੱਭ ਤੋਂ ਸਿਹਤਮੰਦ ਤੇ ਵਧੀਆ ਗਿਣਦੇ ਹਨ। ਉਹਨਾਂ ਚੋਂ ਅਜੇ ਵੀ ਬਹੁਤੇ ਕਰਾਰੀ ਦਾਲ ਜਾਂ ਸਾਗ ਵਿਚ ਚੋਖਾ ਘਿਓ ਪਾਉਣ ਨੂੰ ‘ਚੰਗੇ ਖਾਂਦੇ ਪੀਂਦੇ’ ਹੋਣ ਦੀ ਨਿਸ਼ਾਨੀ ਸਮਝਦੇ ਹਨ। ਪਰ ਉਹਨਾਂ ਦੇ ਡਾਕਟਰ ਉਹਨਾਂ ਨੂੰ ਨਿੱਤ ਇਹਨਾਂ ਤੋਂ ਪਰਹੇਜ਼ ਕਰਨ ਦੀ ਸੁਲਾਹ ਦਿੰਦੇ ਹਨ।

ਪੰਜਾਬੀ ਸੱਭਿਆਚਾਰ ਦੀ ਹੋਰ ਕੋਈ ਚੀਜ਼ ਇਥੇ ਬਹੁਤੀ ਦੇਰ ਕੱਢੇ ਜਾਂ ਨਾਂ ਇਹਦੇ ਬਾਰੇ ਨਿਰਣਾਂ ਕਰਨਾ ਮੁਸ਼ਕਲ ਹੈ ਪਰ ਪੰਜਾਬੀ ਖਾਣੇ ਦੇ ਹੌਲੀ ਹੌਲੀ ਲੱਗ ਰਹੇ ਪੈਰ ਕੋਈ ਨਹੀਂ ਉਖਾੜ੍ਹ ਸਕੇਗਾ। ਉਂਝ ਕਈ ਵਾਰੀ ਜਦੋਂ ਛੋਟੇ ਬੱਚੇ ਵਾਰ ਵਾਰ ਮੇਕਡਾਨਲਡ ਦੇ ਹੈਮਬਰਗਰਾਂ ਲਈ ਜਿੱਦ ਕਰਦੇ ਹਨ ਤਾਂ ਮੰਨ ਨੂੰ ਡਰ ਜਿਹਾ ਜ਼ਰੂਰ ਲੱਗਦਾ ਹੈ। ਪਰ ਜੇ ਜ਼ਰਾ ਥੋੜ੍ਹੀ ਵੱਡੀ ਉਮਰ ਦੇ ਬੱਚਿਆਂ ਦੀਆਂ ਆਦਤਾਂ ਵੱਲ ਦੇਖਿਆ ਜਾਵੇ ਤਾਂ ਇਸ ਡਰ ਦਾ ਕੋਈ ਆਧਾਰ ਨਹੀਂ ਨਜ਼ਰ ਆਉਂਦਾ। ਹਾਂ ਇਹ ਗੱਲ ਵੱਖਰੀ ਹੈ ਕਿ ਇਥੋਂ ਦੇ ਜੰਮੇ ਪਲੇ ਪੰਜਾਬੀਆਂ ਦੇ ਮਨਾਂ ਅੰਦਰ ਪੰਜਾਬੀ ਖਾਣੇ ਲਈ ਉਹ ਲਗਾਅ ਨਾ ਰਹੇ ਕਿਉਂਕਿ ਇਥੋਂ ਦੀ ਜ਼ਿੰਦਗੀ ਮੁਤਾਬਕ ਉਹਨਾਂ ਦੇ ਖਾਂਣੇ ਦੀਆਂ ਆਦਤਾਂ ਵੀ ਵਿਸ਼ਵ-ਵਿਆਪੀ ਬਣ ਰਹੀਆਂ ਹਨ ਪਰ ਫੇਰ ਵੀ ਮਾਪਿਆਂ ਦੇ ਘਰ ਖਾਧੇ ਪੰਜਾਬੀ ਖਾਣੇ ਨੂੰ ਇਧਰਲੇ ਜੰਮ ਪਲ ਵੀ ਵਿਸਾਰ ਨਹੀਂ ਸਕਣਗੇ। ਜੇ ਹੋਰ ਕਿਸੇ ਕਾਰਨ ਕਰਕੇ ਨਾ ਵੀ ਸਹੀਂ ਤਾਂ ਆਰਥਿਕ ਪੱਖੋਂ ਇਹ ਬੜ੍ਹਾ ਸਸਤਾ ਖਾਣਾ ਹੈ। ਇਸ ਦੀ ਇਸ ਯੋਗਤਾ ਦੇ ਕਰਕੇ ਇਹ ਖਾਣਾ ਬਹੁਤ ਸਾਰੇ ਗੈਰਪੰਜਾਬੀਆਂ ਵਿਚ ਵੀ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ। ਵੈਨਕੂਵਰ ਦੀਆਂ ਬਹੁਤ ਸਾਰੀਆਂ ਮਜ਼ਦੂਰ ਜਥੇਬੰਦੀਆਂ ਜਾਂ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀਆਂ ਅਗਾਂਹਵਧੂ ਲੋਕਾਂ ਦੀਆਂ ਜਥੇਬੰਦੀਆਂ, ਜਿਹੜੀਆਂ ਅਕਸਰ ਪੈਸੇ ਪੱਖੋ ਕਮਜ਼ੋਰ ਹੁੰਦੀਆਂ ਹਨ, ਆਪਣੇ ਇਕੱਠਾਂ ਤੇ ਪੰਜਾਬੀ ਖਾਣੇ ਦਾ ਪ੍ਰਬੰਧ ਕਰਦੀਆਂ ਹਨ। ਇਸ ਸੰਬੰਧ ਵਿਚ ਵੈਨਕੂਵਰ ਦੇ ਇਲਾਕੇ ਵਿਚ ਸਰਗਰਮ ਪੰਜਾਬੀਆਂ ਦੀਆਂ ਕਈ ਅਗਾਂਹਵਧੂ ਜਥੇਬੰਦੀਆਂ ਨੇ ਬਹੁਤ ਮਹੱਤਵਪੂਰਨ ਹਿੱਸਾ ਪਾਇਆ ਹੈ।

ਸਿਆਸਤ :

ਜਦੋਂ ਦੇ ਪੰਜਾਬੀ ਕੈਨੇਡਾ ਦੀ ਧਰਤੀ ਤੇ ਆਏ ਹਨ ਉਹ ਦੋਵਾਂ ਸਿਆਸਤਾਂ: ਪੰਜਾਬ ਜਾਂ ਭਾਰਤ ਵਿਚਲੀ ਅਤੇ ਇਥੋਂ ਦੀ ਸਿਆਸਤ ਵਿਚ ਦਿਲਚਸਪੀ ਰੱਖਦੇ ਰਹੇ ਹਨ। ਇਥੋਂ ਦੀਆਂ ਸਿਆਸੀ ਸਰਗਰਮੀਆਂ ਵਿਚ ਇੰਮੀਗਰੇਸ਼ਨ ਦੇ ਮਹਿਕਮੇ ਵਲੋਂ ਸਮੇਂ ਸਮੇਂ ਬਣਾਏ ਜਾਂਦੇ ਕਾਨੂੰਨਾਂ ਵਿਰੁੱਧ ਸੰਘਰਸ਼ ਹਮੇਸ਼ਾਂ ਭਾਰੂ ਰਿਹਾ ਹੈ। ਪਹਿਲੀਆਂ ਵਿਚ ਪੰਜਾਬੀਆਂ ਦੀਆਂ ਧਾਰਮਿਕ ਅਦਾਰਿਆਂ ਤੋਂ ਬਿਨਾਂ ਜਥੇਬੰਦੀਆਂ ਦਾ ਮੁੱਖ ਨਿਸ਼ਾਨਾ ਇੰਮੀਗਰੇਸ਼ਨ ਕਾਨੂੰਨਾਂ ਵਿਚ ਸੋਧ ਕਰਾਉਣੀ ਹੀ ਰਿਹਾ ਹੈ। ਉਦਾਹਰਣ ਵਜੋਂ ਪੰਜਾਵਿਆਂ ‘ਚ ਬਣੀ ਜਥੇਬੰਦੀ ‘ਇੰਡੀਅਨ ਵੈਲਫੇਅਰ ਐਸੋਸੀਏਸ਼ਨ’। ਇਹ ਜਥੇਬੰਦੀ ਸੱਤਰਵਿਆਂ ਤੱਕ ਸਰਗਰਮ ਰਹੀ ਹੈ। ਇੰਮੀਗਰੇਸ਼ਨ ਦੇ ਕਾਨੂੰਨਾਂ ਵਿਰੁੱਧ ਪੰਜਾਬੀਆਂ ਨੇ ਆਪਣੀ ਬਹੁਤ ਥੋੜ੍ਹੀ ਗਿਣਤੀ ਹੋਣ ਦੇ ਬਾਵਜੂਦ ਬਹੁਤ ਵੱਡੀ ਗਿਣਤੀ ਵਿਚ ਕਾਨੂੰਨੀ ਘੋਲ ਲੜੇ।[16] ਇਸੇ ਮਸਲੇ ਨੇ ਪੰਜਾਬੀਆਂ ਦੀ ਸ਼ਕਸੀਅਤ ਦਾ ਇਕ ਹੋਰ ਪੱਖ ਬੜ੍ਹਾ ਉਘਾੜ੍ਹਿਆ ਹੈ। ਉਹ ਹੈ ਕਿ ਉਹ ਕਾਨੂੰਨੀ ਅੜਚਨਾਂ ਵਿਚ ਨਵੇਂ ਤੋਂ ਨਵੇਂ ਕਾਨੂੰਨੀ /ਗੈਰਕਾਨੂੰਨੀ ਸੁਰਾਖ ਲੱਭਣ ਅਤੇ ਉਹਨਾਂ ਨੂੰ ਵਰਤਣ ਦੇ ਮਾਹਿਰ ਹੋ ਗਏ ਹਨ। ਕੈਨੇਡਾ ਵਸਦੇ ਕਈ ਅਨਪੜ੍ਹ ਪੰਜਾਬੀ ਇੰਮੀਗਰੇਸ਼ਨ ਦੇ ਕਾਨੂੰਨੀ ਕੰਮਾਂ ਵਿਚ ਆਮ ਪੜ੍ਹਿਆਂ ਲਿਖਿਆਂ ਨਾਲੋਂ ਵੱਧ ਜਾਣਕਾਰੀ ਰੱਖਦੇ ਹਨ ਅਤੇ ਉਸ ਜਾਣਕਾਰੀ ਨੂੰ ਵਰਤਣ ਦੇ ਤਰੀਕੇ।

ਇਥੋਂ ਦੀ ਗਦਰ ਲਹਿਰ ਤੋਂ ਬਾਅਦ ਦੀ ਸਿਆਸਤ ਮੁੱਖ ਤੌਰ ‘ਤੇ ਗਾਂਧੀਵਾਦੀ ਅਸੂਲਾਂ ਤੇ ਚਲਣ ਵਾਲੀ ਸਿਆਸਤ ਸੀ। ਭਾਵ ਕਿ ਆਪਣੀਆਂ ਮੰਗਾਂ ਮੰਨਾਉਣ ਲਈ ਸਰਕਾਰੀ ਲੋਕਾਂ ਨੂੰ ਡਿਨਰ ਕਰਨੇ, ਪਦਵੀਆਂ ਵਾਲੇ ਲੋਕਾਂ ਦੀ ਵਡਿਆਈ ਕਰਨੀ, ਉਹਨਾਂ ਦੇ ਪੰਜਾਬੀ ਭਾਈਚਾਰੇ ਲਈ ਕੀਤੇ ਕੰਮਾਂ ਦੇ ਗੁਣ ਗਾਉਣੇ, ਆਪਣੇ ਚੰਗੇ ਸ਼ਹਿਰੀ ਹੋਣ ਦਾ ਸਬੂਤ ਦੇਣਾ ਆਦਿ। ਸੱਤਰਵਿਆਂ ਵਿਚ ਆਏ ਨਵੇਂ ਲੋਕਾਂ ਇਕ ਤਰ੍ਹਾਂ ਇਸ ਕਿਸਮ ਦੀ ਸਿਆਸਤ ਦੇ ਵਿਰੋਧ ਵਿਚ ਜ਼ਿਆਦਾ ਟੱਕਰ ਲੈਣ ਵਾਲੀ ਸਿਆਸਤ ਅਪਣਾਈ। ਨਵੇਂ ਲੋਕਾਂ ਦੇ ਆਉਣ ਬਾਅਦ ਹੀ ਇਥੋਂ ਦੀਆਂ ਹੋਰ ਘੱਟ ਗਿਣਤੀਆਂ ਤੇ ਮਜ਼ਦੂਰ ਜਮਾਤ ਨਾਲ ਮੋਢਾ ਜੋੜ ਕੇ ਸੰਘਰਸ਼ ਵਿਚ ਪੈਣ ਦੀ ਪਿਰਤ ਵੀ ਚੱਲੀ। ਇਸ ਦਾ ਕਾਰਨ ਸੀ ਕਿ ਪਹਿਲੀ ਲੀਡਰਸ਼ਿਪ ਵਿਚ ਜ਼ਿਆਦਾ ਇਥੇ ਚਿਰਾਂ ਦੇ ਆਏ ਹੋਏ ਤੇ ਚੰਗੀ ਤਰ੍ਹਾਂ ਸਥਾਪਤ ਹੋ ਚੁੱਕੇ ਵਪਾਰੀ ਮੁਫਾਦ ਵਾਲੇ ਲੋਕ ਸਨ ਅਤੇ ਉਹ ਆਪਣੇ ਆਪ ਨੂੰ ਗੋਰੇ ਸੱਭਿਆਚਾਰ ਮੁਤਾਬਕ ‘ਸਟੇਟਸਮੈਨ’ ਕਹਾਉਣ ਵਿਚ ਦਿਲਚਸਪੀ ਰੱਖਦੇ ਸਨ। ਨਵੇਂ ਆਏ ਸਾਰੇ ਇਥੋਂ ਦੀ ਮਜ਼ਦੂਰ ਜਮਾਤ ਦਾ ਹਿੱਸਾ ਬਣੇ ਅਤੇ ਉਹਨਾਂ ਨੇ ਆਪਣੇ ਨਾਲ ਹੁੰਦੇ ਨਸਲੀ ਵਿਤਕਰੇ ਤੇ ਹੋਰ ਵਧੀਕੀਆਂ ਨੂੰ ਹੋਰ ਲੋਕਾਂ ਨਾਲ ਹੁੰਦੇ ਇਹੋ ਜਿਹੇ ਵਰਤਾ ਦਾ ਹੀ ਹਿੱਸਾ ਕਰਕੇ ਦੇਖਿਆ ਅਤੇ ਬਾਕੀਆਂ ਨਾਲ ਮਿਲ ਕੇ ਹੀ ਇਹਦੇ ਲਈ ਸੰਘਰਸ਼ ਕਰਨ ਨੂੰ ਸਮੇਂ ਦੀ ਲੋੜ ਮਹਿਸੂਸ ਕੀਤਾ। ਇਸ ਤਰ੍ਹਾਂ ਸੱਤਰਵਿਆਂ ਦੇ ਅਖੀਰ ਤੱਕ ਇਥੇ ਨਸਲਵਾਦ ਦੇ ਵਿਰੁੱਧ ਇਕ ਜ਼ਬਰਦੱਸਤ ਲਹਿਰ ਖੜ੍ਹੀ ਹੋਈ ਜਿਹਦੇ ਵਿਚ ਘੱਟ ਗਿਣਤੀਆਂ ਅਤੇ ਮਜ਼ਦੂਰ ਜਮਾਤ ਸ਼ਾਮਲ ਸੀ ਅਤੇ ਜਿਹਦੇ ਵਿਚ ਪੰਜਾਬੀਆਂ ਦਾ ਕਾਫੀ ਵੱਡਾ ਰੋਲ ਸੀ।

ਮੌਜੂਦਾ ਸਮੇਂ ਪੰਜਾਬੀ ਕਮਿਉਨਿਟੀ ਦੀ ਅੰਦਰੂਨੀ ਸਿਆਸਤ ਦਾ ਪੱਧਰ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਿਆਸਤ ਤੋਂ ਬਹੁਤਾ ਉੱਪਰ ਨਹੀਂ। ਜੇ ਇਹ ਕਿਹਾ ਜਾਵੇ ਕਿ ਪੰਜਾਬੀ ਕਮਿਉਨਿਟੀ ਵਿਚ ਕੋਈ ਜਥੇਬੰਦਕ ਸਿਆਸਤ ਨਾਂ ਦੀ ਸ਼ੈਅ ਹੈ ਹੀ ਨਹੀਂ ਤਾਂ ਇਹ ਕੋਈ ਅਤਕਥਨੀ ਨਹੀਂ ਹੋਵੇਗੀ। ਇਹ ਸੱਚ ਹੈ ਕਿ ਕਮਿਉਨਿਟੀ ਵਿਚਲੀਆਂ ਖੱਬੀਆਂ ਸਿਆਸੀ ਜਥੇਬੰਦੀਆਂ ਸੱਭ ਤੋਂ ਵੱਧ ਸਰਗਰਮੀ ਨਾਲ ਕੰਮ ਕਰਦੀਆਂ ਰਹੀਆਂ ਹਨ ਪਰ ਉਹਨਾਂ ਦੀਆਂ ਸਰਗਰਮੀਆਂ ਮੁੱਖ ਤੌਰ ‘ਤੇ ਭਾਰਤੀ ਸਥਿਤੀਆਂ ਦੁਆਲੇ ਕੇਂਦ੍ਤ ਰਹੀਆਂ ਹਨ। ਇਹ ਵੀ ਸੱਚ ਹੈ ਕਿ ਇਹਨਾਂ ਜਥੇਬੰਦੀਆਂ ਨੇ ਇਥੋਂ ਦੀ ਕਮਿਉਨਿਟੀ ਨੂੰ ਦਰਪੇਸ਼ ਆ ਰਹੇ ਮਸਲੇ ਵੀ ਬੜੀ ਸੂਝ (ਸਾਰੀਆਂ ਨੇ ਨਹੀਂ) ਤੇ ਦਿ੍ੜਤਾ ਨਾਲ ਉਠਾਏ ਹਨ ਪਰ ਉਹ ਸਮੁੱਚੀ ਕਮਿਉਨਿਟੀ ਨੂੰ ਲਾਮਬੰਦ ਕਰਨ ਵਿਚ ਕਾਮਯਾਬ ਨਹੀਂ ਹੋ ਸਕੀਆਂ। ਖੱਬੀ ਧਿਰ ਤੋਂ ਬਿਨ੍ਹਾਂ ਪੰਜਾਬੀ ਕਮਿਉਨਿਟੀ ਦੀ ਸਿਆਸਤ ਧਾਰਮਿਕ ਕੇਂਦਰਾਂ ਦੇ ਕਬਜੇ ਅਤੇ ਡਰ ਥੱਲੇ ਦੰਮ ਘੁੱਟ ਰਹੀ ਹੈ, ਖਾਸ ਕਰ ਜੂਨ 1984 ਤੋਂ। ਪੰਜਾਬੀ ਕਮਿਉਨਿਟੀ ਕੋਲ ਕੋਈ ਵੀ ਇਹੋ ਜਿਹਾ ਸਿਆਸੀ ਮੰਚ ਨਹੀਂ ਹੈ ਜਿਸ ਤੋਂ ਸਮੁੱਚੀ ਕਮਿਉਨਿਟੀ ਦੇ ਮਸਲੇ ਸਾਰੇ ਲੋਕਾਂ ਦੀ ਹਮਾਇਤ ਹਾਸਿਲ ਕਰਕੇ ਉਠਾਏ ਜਾ ਸਕਦੇ ਹੋਣ। ਅਤੇ ਮੌਜੂਦਾ ਸਥਿਤੀ ਨੂੰ ਧਿਆਨ ‘ਚ ਰੱਖਦਿਆਂ ਇਹੋ ਜਿਹੇ ਕਿਸੇ ਵਿਸ਼ਾਲ ਮੰਚ ਦੀ ਅਜੇ ਨੇੜ ਭਵਿੱਖ ਵਿਚ ਕੋਈ ਆਸ ਵੀ ਨਹੀਂ ਬੱਝਦੀ।

ਜਿਥੋਂ ਤੱਕ ਇਥੋਂ ਦੀ ਪਾਰਲੀਮੈਂਟਰੀ ਸਿਆਸਤ ਦਾ ਸੰਬੰਧ ਹੈ ਪੰਜਾਬੀ ਕਿਸੇ ਕੇਂਦਰੀ ਜਥੇਬੰਦੀ ਦੀ ਘਾਟ ਹੋਣ ਕਰਕੇ ਅਜੇ ਵੀ ਕੋਈ ਖਾਸ ਤਾਕਤ ਨਹੀਂ ਬਣ ਸਕੇ। ਪੰਜਾਬੀਆਂ ਨੂੰ ਵੋਟ ਪਾਉਣ ਦਾ ਹੱਕ ਕਾਫੀ ਲੰਮੇ ਸੰਘਰਸ਼ ਤੋਂ ਬਾਅਦ 1947 ਵਿਚ ਮਿਲਿਆ। ਵੋਟ ਪਾਉਣ ਦੇ ਸੰਬੰਧ ਵਿਚ ਮੋਟੇ ਤੌਰ ‘ਤੇ ਦੇਖਿਆਂ ਪੰਜਾਬੀਆਂ ਦਾ ਝੁਕਾਅ ਕੈਨੇਡਾ ਦੀਆਂ ਦੋ ਸਿਆਸੀ ਪਾਰਟੀਆਂ ਵੱਲ ਜ਼ਿਆਦਾ ਰਿਹਾ ਹੈ- ਐਨ ਡੀ ਪੀ (ਨਿਊ ਡੈਮੋਕਰੈਟਿਕ ਪਾਰਟੀ ਆਫ ਕੈਨੇਡਾ) ਜੋ ਕੈਨੇਡਾ ਦੀ ਸਿਆਸੀ ਸਕੇਲ ਦੇ ਖੱਬੇ ਦੀ ਪਾਰਟੀ ਹੈ ਤੇ ਲਿਬਰਲ ਪਾਰਟੀ ਆਫ ਕੈਨੇਡਾ ਜੋ ਸਿਆਸੀ ਸਕੇਲ ਦੇ ਸੈਂਟਰ ਦੀ ਪਾਰਟੀ ਹੈ। ਫੈਡਰਲ ਚੋਣਾਂ ਵਿਚ ਪੰਜਾਬੀ ਜ਼ਿਆਦਾ ਕਰਕੇ ਲਿਬਰਲ ਨੂੰ ਵੋਟ ਪਾਉਂਦੇ ਰਹੇ ਹਨ ਅਤੇ ਬੀ ਸੀ ਦੀਆਂ ਸੂਬੇ ਦੀਆਂ ਚੋਣਾਂ ਵਿਚ ਐਨ ਡੀ ਪੀ ਨੂੰ। ਐਨ ਡੀ ਪੀ ਪਾਰਟੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਪੰਜਾਬੀਆਂ ਦੇ ਅਤੇ ਹੋਰ ਘੱਟ ਗਿਣਤੀ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਂਦੀ ਰਹੀ ਹੈ। ਪੰਜਾਬੀ ਕਮਿਉਨਿਟੀ ਦਾ ਇਸ ਪਾਰਟੀ ਨਾਲ ਰਿਸ਼ਤਾ ਵੀ ਕਾਫੀ ਗੂਹੜਾ ਰਿਹਾ ਹੈ। ਕਮਿਉਨਿਟੀ ਵਿਚਲੇ ਕਾਂਗਰਸੀ ਵੀ ਤੇ ਕੌਮਨਿਸਟ ਵੀ ਇਸ ਪਾਰਟੀ ਦੀ ਹਮਾਇਤ ਕਰਦੇ ਰਹੇ ਹਨ। ਪਰ ਹੁਣ ਪੰਜਾਬੀ ਕਮਿਉਨਿਟੀ ਵਿਚਲਾ ਜਮਾਤੀ ਵਿਖਰੇਵਾਂ ਸਾਫ ਨਜ਼ਰ ਆਉਣ ਲੱਗ ਪਿਆ ਹੈ। ਪੰਜਾਬੀ ਵਪਾਰੀਆਂ ਦੀ ਵੱਡੀ ਗਿਣਤੀ ਜੇ ਅਜੇ ਖੁੱਲ ਕੇ ਨਹੀਂ ਤਾਂ ਘੱਟੋ ਘੱਟ ਅੰਦਰੋ ਗਤੀ ਇਥੋਂ ਦੀਆਂ ਸੱਜੀਆਂ ਪਾਰਟੀਆਂ ਜਿਵੇਂ ਸੋਸ਼ਿਲ ਕਰੈਡਿਟ ਤੇ ਪਰਾਗਰੈਸਿਵ ਕੰਨਸਰਵੇਟਿਵ ਦੀ ਮੱਦਦ ਕਰਦੀ ਹੈ। ਕੈਨੇਡਾ ਦੀਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਵਿਚ ਪੰਜਾਬੀ ਸ਼ਾਮਲ ਮਿਲਦੇ ਹਨ। ਪਰ ਪੰਜਾਬੀਆਂ ਵਿਚ ਬਹੁ-ਗਿਣਤੀ ਮਜ਼ਦੂਰ ਜਮਾਤ ਦੀ ਹੋਣ ਕਰਕੇ ਅਜੇ ਵੀ ਬਹੁਤੇ ਲੋਕਾਂ ਦਾ ਝੁਕਾਅ ਐਨ ਡੀ ਪੀ ਵੱਲ ਹੀ ਹੈ। ਇਸੇ ਪਾਰਟੀ ਵਲੋਂ ਸਾਲ 1986 ਵਿਚ ਹੋਈਆਂ ਬੀ ਸੀ ਦੀਆਂ ਚੋਣਾਂ ਵਿਚ ਇਕ ਇਥੋਂ ਦਾ ਜੰਮ-ਪਲ ਪੰਜਾਬੀ ਮੋਅ (ਮੋਹਣ) ਸਹੋਤਾ ਐਮ ਐਲ ਏ ਬਣਿਆਂ ਹੈ। ਭਾਂਵੇ ਉਹਦੇ ਚੁਣੇ ਜਾਣ ਵਿਚ ਪੰਜਾਬੀ ਕਮਿਉਨਿਟੀ ਦਾ ਕੋਈ ਸਿੱਧਾ ਹੱਥ ਨਹੀਂ ਅਤੇ ਨਾ ਹੀ ਇਹਦੇ ਨਾਲ ਕਮਿਉਨਿਟੀ ਨੂੰ ਕੋਈ ਫਾਇਦਾ ਹੋਣ ਦੀ ਆਸ ਹੈ, ਫੇਰ ਵੀ ਕੈਨੇਡਾ ਵਿਚ ਇਕ ਪੰਜਾਬੀ ਦਾ ਚੁਣੇ ਜਾਣਾ ਪੰਜਾਬੀ ਕਮਿਊਨਿਟੀ ਲਈ ਇਕ ਬਹੁਤ ਹੀ ਮਹੱਤਵਪੂਰਣ ਸਿਆਸੀ ਘਟਨਾ ਹੈ।

ਪੰਜਾਬੀ ਸਾਹਿਤ ਤੇ ਕਲਾ :

ਬੋਲੀ ਅਤੇ ਧਰਮ ਦੇ ਨਾਲ ਨਾਲ ਸਾਹਿਤ ਅਤੇ ਹੋਰ ਕਲਾ ਕਿਰਤਾਂ ਜਿਵੇਂ ਨਾਟਕ ਸੰਗੀਤ, ਲੋਕਨਾਚ ਆਦਿ ਵੀ ਸੱਭਿਆਚਾਰ ਦਾ ਅਹਿਮ ਅੰਗ ਹਨ। ਕੈਨੇਡਾ ਵਿਚ ਰਹਿੰਦੇ ਪੰਜਾਬੀ ਸੱਭਿਆਚਾਰ ਦੇ ਇਹਨਾਂ ਪਹਿਲੂਆਂ ਵਿਚ ਵੀ ਕਾਫੀ ਸਰਗਰਮ ਹਨ। ਪਹਿਲੀਆਂ ਵਿਚ ਇਥੇ ਗਦਰ ਲਹਿਰ ਦੇ ਅਸਰ ਥੱਲੇ ਕਾਫੀ ਪੰਜਾਬੀ ਕਵਿਤਾ ਲਿਖੀ ਗਈ। ਪਰ ਫੇਰ ਲੋਕਾਂ ਦੇ ਘੱਟ ਜਾਣ ਕਰਕੇ ਬਹੁਤ ਦੇਰ ਇਸ ਪਾਸੇ ਵੱਲ ਕੋਈ ਖਾਸ ਕੰਮ ਨਹੀਂ ਹੋਇਆ। ਹੁਣ ਸੱਤਰਵਿਆਂ ਦੇ ਸ਼ੁਰੂ ਤੋਂ ਹੀ ਪੰਜਾਬੀ ਸਾਹਿਤ ਅਤੇ ਕਲਾ ਦੇ ਬਾਕੀ ਪਹਿਲੂਆਂ ਤੇ ਬੜ੍ਹਾ ਠੋਸ ਤੇ ਮੌਲਿਕ ਕੰਮ ਹੋਇਆ ਹੈ। ਵੈਨਕੂਵਰ ਵਿਚ 1973 ਵਿਚ ਸਥਾਪਤ ਹੋਈ ਪੰਜਾਬੀ ਸਾਹਿਤ ਸਭਾ ਅਤੇ ਉਸੇ ਸਾਲ ਇਥੋਂ ਹੀ ਸ਼ੁਰੂ ਹੋਏ ‘ਵਤਨੋਂ ਦੂਰ’ ਨੇ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਵਿਚ ਮੁੱਢਲਾ ਯੋਗਦਾਨ ਪਾਇਆ ਹੈ। ਹੁਣ ਪੰਜਾਬੀ ਵਿਚ ਕਈ ਹਫਤਾਵਾਰ ਅਖਬਾਰ, ਸਾਹਿਤਕ, ਸਿਆਸੀ ਤੇ ਫਿਲਮੀ ਰਸਾਲੇ ਨਿਕਲਦੇ ਹਨ। ਹਰ ਸੁਭਾਅ ਦੀ ਕਵਿਤਾ, ਕਹਾਣੀ ਕਾਫੀ ਤਾਦਾਦ ਵਿਚ ਰਚੀ ਜਾ ਰਹੀ ਹੈ। ਪੰਜਾਬੀਆਂ ਵਲੋਂ ਇਥੋਂ ਦੀਆਂ ਸਥਿਤੀਆਂ ਬਾਰੇ ਨਾਟਕ ਲਿਖੇ ਅਤੇ ਖੇਡੇ ਗਏ ਹਨ।[17]

ਜਿਥੇ ਸਾਹਿਤ ਅਜੇ ਜ਼ਿਆਦਾ ਪੰਜਾਬੀ ਵਿਚ ਹੀ ਰਚਿਆ ਗਿਆ ਹੋਣ ਕਰਕੇ ਕੈਨੇਡਾ ਦੀ ਵੱਡੀ ਕਮਿਉਨਿਟੀ ਵਿਚ ਇੰਨਾ ਨਹੀਂ ਉਭਰਿਆ ਉੱਥੇ ਪੰਜਾਬੀਆਂ ਦਾ ਲੋਕ-ਨਾਚ ਭੰਗੜ੍ਹਾ ਅਤੇ ਗਿੱਧਾ ਬਹੁਤ ਵੱਡੀ ਪੱਧਰ ਤੇ ਕੈਨੇਡੀਅਨ ਲੋਕਾਂ ਨੇ ਦੇਖਿਆ ਅਤੇ ਮਾਣਿਆ ਹੈ। ਕੈਨੇਡਾ ਦੇ ਤਕਰੀਬਨ ਹਰ ਸ਼ਹਿਰ ਜਿਥੇ ਵੀ ਥੋੜ੍ਹੇ ਬਹੁਤ ਪੰਜਾਬੀ ਹਨ ਉੱਥੇ ਉਹਨੀ ਇਕ ਅੱਧ ਭੇਗੜੇ ਦੀ ਟੀਮ ਤਿਆਰ ਕੀਤੀ ਹੋਈ ਹੈ। ਵੱਡੇ ਕੇਂਦਰਾਂ ਵਿਚ ਜਿਵੇਂ ਵੈਨਕੂਵਰ ਆਦਿ ਵਿਚ ਤਾਂ ਭੇਗੜੇ ਦੀਆਂ ਟੀਮਾਂ ਦੀ ਗਿਣਤੀ ਦਰਜਨਾਂ ਤੱਕ ਪਹੁੰਚੀ ਹੋਈ ਹੈ।

ਜਿਥੇ ਇਹ ਸੱਚ ਹੈ ਕਿ ਕੁਝ ਪੰਜਾਬੀ ਇਹਨਾਂ ਸੱਭਿਆਚਾਰਕ ਸਰਗਰਮੀਆਂ ਵਿਚ ਕਾਫੀ ਸਮਾਂ ਤੇ ਸ਼ਕਤੀ ਲਾਉਂਦੇ ਹਨ, ਉੱਥੇ ਇਹ ਵੀ ਉਨਾ ਵੱਢਾ ਸੱਚ ਹੈ ਕਿ ਆਮ ਪੰਜਾਬੀਆਂ ਦੇ ਆਮ ਜੀਵਨ ਵਿਚ ਸੱਭਿਆਚਾਰ ਦੇ ਇਹਨਾਂ ਅੰਸ਼ਾਂ ਦੇ ਕੋਈ ਖਾਸ ਪੈਰ ਨਹੀਂ ਲੱਗੇ। ਬਹੁਤੇ ਪੰਜਾਬੀਆਂ ਦਾ ਸਮਾਂ ਘਰ ਦੇ ਕੰਮਾਂ ਕਾਰਾਂ ਵਿਚ, ਘਰੇਲੂ ਖੁਸ਼ੀਆਂ, ਗਮੀਆਂ ਵਿਚ ਜਾਂ ਧਾਰਮਿਕ ਰੀਤਾਂ ਰਸਮਾਂ ਵਿਚ ਗੁਜ਼ਰਦਾ ਹੈ। ਸੱਭਿਆਚਾਰਕ ਮੰਨਪਰਚਾਵੇ ਲਈ ਹਿੰਦੀ ਫਿਲਮਾਂ ਤੋਂ ਗੱਲ ਅਜੇ ਅੱਗੇ ਨਹੀਂ ਵਧੀ। ਲੋਕ ਵੀਡੀਓ ਸਟੋਰਾਂ ਤੋਂ ਲਿਆਕੇ ਹਿੰਦੀ ਫਿਲਮਾਂ ਦੇਖਦੇ ਹਨ, ਘਰ ਟੀ ਵੀ ‘ਤੇ ਆਉਂਦੀਆਂ ਹਿੰਦੀ ਫਿਲਮਾਂ ਦੇਖਦੇ ਹਨ, ਰੇਡੀਓ ਤੋਂ ਹਿੰਦੀ ਗਾਣੇ ਸੁਣਦੇ ਹਨ। ਜਾਂ ਉਹ ਇਹੋ ਜਿਹੇ ਰਸਾਲੇ ਤੇ ਅਖਬਾਰਾਂ ਪੜ੍ਹਦੇ ਹਨ ਜਿਹਨਾਂ ਵਿਚ ਜਾਂ ਤਾਂ ਫਿਲਮਾਂ ਬਾਰੇ ਗੱਲਾਂ ਹੋਣ ਜਾਂ ਫਿਰ ਫਿਲਮੀ ਅੰਦਾਜ਼ ਵਿਚ ਬਿਆਨੀ ਮੌਕੇ ਦੀ ਅਸਲੀਅਤ ਅਤੇ ਉਸੇ ਅੰਦਾਜ਼ ਦੀਆਂ ਭੜ੍ਹਾਕਾ ਪਾਊ, ਹੁੰਝੂ ਲਿਆਉੂ, ਜਜ਼ਬਾਤੀ ਖਬਰਾਂ ਹੋਣ। ਇਥੋਂ ਦੇ ਰੇਡੀਓ ਤੇ ਟੀ ਵੀ ਪਰੋਗਰਾਮ ਵੀ ਆਮ ਕਰਕੇ ਲੋਕਾਂ ਦੇ ਬੰਬਈਆ ਸੁਆਦਾਂ ਨੂੰ ਹੀ ਪੂਰਾ ਕਰਦੇ ਹਨ ਇਸ ਤੋਂ ਅੱਗੇ ਜਾਂ ਪਾਸੇ ਜਾਣ ਨੂੰ ਉਹ ਮਹਿਜ਼ ਵਕਤ ਤੇ ਸ਼ਕਤੀ ਦੀ ਬਰਬਾਦੀ ਸਮਝਦੇ ਹਨ। ਰੇਡੀਓ ਤੇ ਟੀ ਵੀ ਪਰੋਗਰਾਮਾਂ ਦੀ ਪਤਲੀ ਹਾਲਤ ਲਈ ਪਰੋਗਰਾਮ ਚਲਾਉਣ ਵਾਲਿਆਂ ਨਾਲੋਂ ਪੰਜਾਬੀ ਵਪਾਰੀ, ਜਿਹਨਾਂ ਦੇ ਪੈਸੇ ਨਾਲ ਇਹ ਪਰੋਗਰਾਮ ਚਲਦੇ ਹਨ, ਕਿਤੇ ਵੱਧ ਜ਼ਿੰਮੇਵਾਰ ਹਨ। ਰੇਡੀਓ ਅਤੇ ਟੀ ਵੀ ਉੱਪਰ ਵਪਾਰੀਆਂ ਦੇ ਕਬਜੇ ਦਾ ਨਾਂਹ ਪੱਖੀ ਅਸਰ ਇਹ ਪੈਂਦਾ ਹੈ ਕਿ ਇਹ ਮੀਡੀਆ ਇੰਨਾ ਸ਼ਕਤੀਵਰ (ਖਾਸ ਕਰ ਟੀ ਵੀ) ਹੁੰਦਿਆਂ ਹੋਇਆਂ ਵੀ ਨਾ ਤਾਂ ਇਥੋਂ ਦੇ ਪੰਜਾਬੀਆਂ ਦੇ ਜੀਵਨ ਦਾ ਇਹ ਕਿਸੇ ਤਰ੍ਹਾਂ ਅਕਸ ਹੈ ਅਤੇ ਨਾ ਹੀ ਇਹ ਉਹਨਾਂ ਦੇ ਜੀਵਨ ਨੂੰ ਕੋਈ ਸਿਹਤਮੇਦ ਸੇਧ ਦੇਣ ਯੋਗ ਹੈ। ਕੋਈ ਹੋਰ ਬਦਲ ਨਾ ਹੋਣ ਦੀ ਵਜਾ ਕਰਕੇ ਅਤੇ ਬੰਬਈਆ ਫਿਲਮਾਂ ਨੇ ਵਿਗਾੜੇ ਲੋਕਾਂ ਦੇ ਸੁਆਦ ਕਰਕੇ ਲੋਕ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਲੋਕ ਆਪਣਾ ਬਹੁਤਾ ਵੇਹਲਾ ਸਮਾਂ ਇਹਨਾਂ ਪਰੋਗਰਾਮਾਂ ਨੂੰ ਦੇਖਦੇ ਅਤੇ ਸੁਣਦੇ ਹਨ।

ਇਸ ਸੱਭ ਕੁਝ ਦੇ ਨਤੀਜੇ ਵਜੋਂ ਕਿਤਾਬਾਂ ਪੜ੍ਹਨੀਆਂ, ਨਾਟਕ ਦੇਖਣਾ, ਆਰਟ ਗੈਲਰੀਆਂ ਦੇਖਣੀਆਂ, ਅਜਾਇਬ ਘਰ ਦੇਖਣੇ ਆਦਿ ਸਰਗਰਮੀਆਂ ਪੰਜਾਬੀ ਜੀਵਨ ਦਾ ਕੈਨੇਡਾ ਵਿਚ ਵੀ ਹਿੱਸਾ ਨਹੀਂ ਹਨ। ਇਥੇ ਪੰਜਾਬੀ ਆਰਥਿਕ ਪੱਖੋਂ ਕਿਤਾਬ ਖ੍ਰੀਦਣ ਯੋਗ ਹੋਣ ਦੇ ਬਾਵਯੂਦ ਕਿਤਾਬ ਨਹੀਂ ਖ੍ਰੀਦਦੇ। ਨਾ ਹੀ ਕੈਨੇਡਾ ਭਰ ਵਿਚ ਕੋਈ ਇਹੋ ਜਹੀ ਦੁਕਾਨ ਹੈ ਜਿਥੇ ਪੰਜਾਬੀ ਕਿਤਾਬਾਂ ਵੇਚੀਆਂ ਜਾਂਦੀਆਂ ਹੋਣ। ਧਾਰਮਿਕ ਅਸਥਾਨਾਂ ‘ਤੇ ਧਾਰਮਿਕ ਕਿਤਾਬਾਂ ਦੇ ਸਟਾਲ ਜ਼ਰੂਰ ਲੱਗਦੇ ਹਨ। ਤੇ ਜੇ ਕਿਤੇ ਕਿਸੇ ਨੂੰ ਕਿਤਾਬ ਪੜ੍ਹਨ ਦਾ ਖਿਆਲ ਆਵੇ ਤਾਂ ਕੁਝ ਪੰਜਾਬੀ ਕਿਤਾਬਾਂ ਪੰਜਾਬੀ ਵਸੋਂ ਵਾਲੇ ਇਲਾਕਿਆਂ ਦੀਆਂ ਪਬਲਿਕ ਲਾਏਬਰੇਰੀਆਂ ਵਿਚੋਂ ਮਿਲ ਜਾਂਦੀਆਂ ਹਨ ਜਿਹੜੀਆਂ ਸ਼ਾਇਦ ਉਹਨਾਂ ਲੋਕਾਂ ਦਾ ਘਰ ਪੂਰਾ ਕਰ ਦਿੰਦੀਆਂ ਹਨ।

ਖੇਡਾਂ :

ਕੈਨੇਡਾ ਵਿਚ ਰਹਿੰਦੇ ਪੰਜਾਬੀਆਂ ਨੇ ਤੀਹਵੇਂ ਦਹਾਕੇ ਵਿਚ ਹਾਕੀ ਦੀ ਟੀਮ ਬਣਾਈ ਹੋਈ ਸੀ। ਉਸ ਤੋਂ ਵੀ ਪਹਿਲਾਂ ਕੁਕਾਂ ਵਿਚ ਰਹਿੰਦੇ ਸਿਆਣੀ ਉਮਰ ਦੇ ਪੰਜਾਬੀ ਭਾਰੇ ਕੰਮਾਂ ਤੋਂ ਜਦੋਂ ਵੀ ਕਿਤੇ ਵਿਹਲੇ ਹੁੰਦੇ ਤਾਂ ਪੁਰਾਣੇ ਭਲਵਾਨਾਂ ਬਾਰੇ ਗੱਲਾਂ ਕਰਦੇ ਅਤੇ ਨੌਜਵਾਨ ਖੁੱਦ ਭਲਵਾਨ ਬਣਨ ਦੇ ਸੁਪਨੇ ਲੈਂਦੇ ਅਤੇ ਕਸਰਤਾਂ ਕਰਦੇ। ਕੁਸ਼ਤੀਆਂ ਨਾਲ ਚਲਿਆ ਆਉਂਦਾ ਪੰਜਾਬੀਆਂ ਦਾ ਇਸ਼ਕ ਅੱਜ ਵੀ ਜਿਓਂ ਦਾ ਤਿਓਂ ਕਾਇਮ ਹੈ। ਇਥੋਂ ਦੇ ਟੀ ਵੀ ਤੇ ਆਉਂਦੇ ਘੋਲ ਪੰਜਾਬੀ ਬਹੁਤ ਹੀ ਸ਼ੌਕ ਨਾਲ ਦੇਖਦੇ ਰਹੇ ਹਨ। ਪਿਛਲੇ ਕੁਝ ਵਰਿਆਂ ਤੋਂ ਇਹ ਘੋਲ ਜ਼ਿਆਦਾ ਵਿਖਾਵਾਕਾਰੀ ਬਣ ਜਾਣ ਕਰਕੇ ਸਿਆਣੇ ਪੰਜਾਬੀਆਂ ਲਈ ਇੰਨੀ ਖਿਚ ਦਾ ਕਾਰਨ ਨਹੀਂ ਰਹੇ ਜਾਪਦੇ। ਘੋਲਾਂ ਤੋਂ ਇਲਾਵਾ ਭਾਰ ਚੁੱਕਣ ਅਤੇ ਕਬੱਡੀ ਖੇਡ੍ਹਣ ਤੇ ਦੇਖਣ ਦਾ ਸ਼ੌਕ ਵੀ ਕਿਸੇ ਤਰ੍ਹਾਂ ਘੱਟ ਨਹੀਂ ਹੋਇਆ। ਇਹ ਗੱਲ ਵੱਖਰੀ ਹੈ ਕਿ ਇਥੇ ਹੁੰਦੇ ਟੁਰਨਾਮੈਂਟਾਂ ਵਿਚ ਕਬੱਡੀ ਦੀਆਂ ਬਹੁਤ ਘੱਟ ਗੇਮਾਂ ਹੋਈਆਂ ਹਨ ਪਰ ਕਬੱਡੀ ਦੇ ਸ਼ੌਕੀਨ ਮੈਚ ਹੋਣ ਦੀ ਆਸ ਵਿਚ ਸਾਰੇ ਦਾ ਸਾਰਾ ਸਨਿਚਰਵਾਰ ਤੇ ਐਤਵਾਰ ਖੇਡ-ਮੈਦਾਨ ਵਿਚ ਬਿਤਾਉਂਦੇ ਦੇਖੇ ਗਏ ਹਨ। ਕੈਨੇਡਾ ਵਿਚ ਪੰਜਾਬੀਆਂ ਦੀਆਂ ਖੇਡਾਂ ਦੇ ਮਾਮਲੇ ਵਿਚ ਸਿਆਸੀ ਖਿਡਾਰੀਆਂ ਨੇ ਲੋਕਾਂ ਤੱਕ ਪਹੁੰਚਣ ਲਈ ਖੇਡਾਂ ਦੇ ਮਹੱਤਵ ਨੂੰ ਸਮਝਦਿਆਂ ਇਹਨਾਂ ਵਿਚ ਕਾਫੀ ਦਿਲਚਸਪੀ ਦਿਖਾਈ ਹੈ। ਇਸ ਤੋਂ ਆਸ ਤਾਂ ਇਹ ਸੀ ਕਿ ਖੇਡਾਂ ਨੂੰ ਕਾਫੀ ਫਾਇਦਾ ਹੋਵੇਗਾ ਪਰ ਹੋਇਆ ਇਸ ਤੋਂ ਬਿਲਕੁਲ ਉਲਟ। ਅਸਲੀਅਤ ਵਿਚ ਸਿਆਸੀ ਲੋਕਾਂ ਦੀ ਦਖਲ-ਅੰਦਾਜੀ ਨੇ ਖੇਡਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਅਜੇ ਵੀ ਖੇਡਾਂ ਇਹਨਾਂ ਦੇ ਅਸਰ ਤੋਂ ਮੁਕਤ ਨਹੀਂ ਹੋ ਸਕੀਆਂ।

ਦੂਜੀਆਂ ਖੇਡਾਂ ਖਾਸ ਕਰ ਸਾਕਰ (ਫੁੱਟਬਾਲ) ਵੀ ਪੰਜਾਬੀ ਬਹੁਤ ਸ਼ੌਕ ਨਾਲ ਖੇਡਦੇ ਹਨ ਅਤੇ ਹਰ ਸ਼ਹਿਰ ਵਿਚ ਅਨੇਕਾਂ ਟੀਮਾਂ ਹਨ। ਪੰਜਾਬੀਆਂ ਨੇ ਕੈਨੇਡਾ ਪੱਧਰ ਤੇ ਹਾਕੀ (ਗਰਾਸ) ਵਿਚ ਪਹਿਲਾਂ ਹੀ ਕਾਫੀ ਨਾਂ ਬਣਾ ਲਿਆ ਹੋਇਆ ਹੈ। ਬੀ ਸੀ ਦੀ ਇਕ ਪੰਜਾਬੀ ਕੁੜੀ ਪਿਛਲੀ ਓਲੰਮਪਿਕ ਵੇਲੇ ਤਰਨ ਦੇ ਮੁਕਾਬਲਿਆਂ ਵਿਚੋਂ ਤਗਮਾ ਜਿੱਤ ਕੇ ਲਿਆਈ ਹੈ। ਭਾਰ ਚੁੱਕਣ ਵਿਚ ਕਈ ਪੰਜਾਬੀ ਨੌਜਵਾਨ ਕੈਨੇਡਾ ਪੱਧਰ ਦੀਆਂ ਖੇਡਾਂ ਵਿਚ ਇਨਾਮ ਹਾਸਲ ਕਰ ਚੁੱਕੇ ਹਨ। ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬੀ ਖਿਡਾਰੀ ਕੈਨੇਡਾ ਵਿਚ ਵੀ ਭਾਰਤ ਵਾਂਗ ਆਪਣਾ ਖਾਸ ਥਾਂ ਬਣਾ ਲੈਣਗੇ।

ਜਾਤਪਾਤ ਤੇ ਨਸਲੀ ਵਿਤਕਰਾ :

ਪੰਜਾਬੀ ਆਪਣੇ ਆਪਣੇ ਸਮਾਜ ਦਾ ਸੱਭ ਤੋਂ ਘਿਨੌਣਾ ਪੱਖ ਜਾਤਪਾਤ ਵੀ ਨਾਲ ਲੈ ਕੇ ਆਏ ਹਨ। ਭਾਂਵੇ ਇਸ ਸਮਾਜਕ ਵੰਡ ਦਾ ਆਰਥਿਕ ਅਧਾਰ ਇਥੇ ਬਿਲਕੁਲ ਨਹੀਂ ਹੈ ਪਰ ਫੇਰ ਵੀ ਇਹ ਇਥੇ ਵਸਦੇ ਪੰਜਾਬੀਆਂ ਦੇ ਜੀਵਨ ਦਾ ਅਜੇ ਅਨਿਖੜਵਾਂ ਅੰਗ ਹੈ। ਇਥੇ ਬੋਲੀ ਜਾਂਦੀ ਪੰਜਾਬੀ ਅਜੇ ਜਾਤਪਾਤ ਦੇ ਹਵਾਲਿਆਂ ਨਾਲ ਭਰਪੂਰ ਹੈ। ਵੱਖਰੀਆਂ ਜਾਤਾਂ ਦਾ ਆਪਸੀ ਰਿਸ਼ਤੇ ਨਾਤੇ ਗੰਡਣਾ ਇਥੇ ਵੀ ਅਨਸੁਣੀ ਗੱਲ ਹੈ। ਨਵੀ ਜਾਣ ਪਹਿਚਾਣ ਪਾਉਣ ਵੇਲੇ ਜੇ ਪਹਿਲਾਂ ਪਤਾ ਨਾ ਹੋਵੇ ਤਾਂ ਸਿੱਧੇ ਅਸਿੱਧੇ ਤਰੀਕੇ ਨਾਲ ਅਗਲੇ ਦੀ ਜਾਤ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਦੀਆਂ ਤੋਂ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੋਣ ਕਰਕੇ ਇਹ ਪੱਖ ਇੰਨੀ ਛੇਤੀ ਖਤਮ ਨਹੀਂ ਹੋਣਾ। ਧਰਮ ਤੇ ਜਾਤਪਾਤ ਦੇ ਨਾਲ ਨਾਲ ਪੰਜਾਬੀ ਇਕ ਦੂਜੇ ਨਾਲ ਇਲਾਕੇਬਾਜੀ ਦੇ ਆਧਾਰ ਤੇ ਵੀ ਨਿਖੇੜਾ ਕਰਦੇ ਹਨ। ਖਾਸ ਕਰ ‘ਦੁਆਬੀਆਂ’ ਤੇ ‘ਮਲਵੈਈਆਂ’ ਦਾ ਆਪਸੀ ਨਿਖੇੜਾ ਤੇ ਕਈ ਵਾਰ ਆਪਸੀ ਟੱਕਰ ਕੈਨੇਡਾ ਵਿਚਲੇ ਪੰਜਾਬੀਆਂ ਦੇ ਇਤਿਹਾਸ ਦਾ ਹਿੱਸਾ ਹਨ। ਹੁਣ ਭਾਂਵੇਂ ਇਹ ਨਿਖੇੜਾ ਇੰਨਾ ਆਮ ਨਹੀਂ ਤੇ ਪਰ ਫੇਰ ਵੀ ਇਸ ਵੱਖਰੇਪਨ ਦਾ ਅਹਿਸਾਸ ਅਕਸਰ ਹੋ ਹੀ ਜਾਂਦਾ ਹੈ, ਖਾਸ ਕਰ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਦੀ ਚੋਣ ਵੇਲੇ।

ਪੰਜਾਬੀ ਸਮਾਜ ਦੇ ਜਾਤਪਾਤ ਵਾਂਗ ਗੋਰਿਆਂ ਵਲੋਂ ਪੰਜਾਬੀਆਂ ਨਾਲ ਹੁੰਦਾ ਨਸਲੀ ਵਿਤਕਰਾ ਵੀ ਇਥੋਂ ਦੇ ਪੰਜਾਬੀ ਜੀਵਨ ਦਾ ਇਕ ਹਿੱਸਾ ਹੈ। ਜੇ ਇਹ ਕਹਿ ਦਿੱਤਾ ਜਾਵੇ ਕਿ ਕੈਨੇਡਾ ਵਿਚ ਪੰਜਾਬੀ (ਬਾਕੀ ਰੰਗਦਾਰ ਤੇ ਘੱਟ ਗਿਣਤੀਆਂ ਦੇ ਮੁਕਾਬਲੇ ‘ਤੇ) ਸੱਭ ਤੋਂ ਵੱਧ ਨਫਰਤ ਦੇ ਸ਼ਿਕਾਰ ਹਨ ਤਾਂ ਇਹ ਅਤਕਥਨੀ ਨਹੀਂ ਹੋਵੇਗੀ। ਹਰ ਪੰਜਾਬੀ ਨੂੰ ਹੀ ਚਾਹੇ ਉਹ ਕਿਸੇ ਵੀ ਆਰਥਿਕ ਜਾਂ ਸਮਾਜਿਕ ਪੱਧਰ ਤੇ ਜ਼ਿੰਦਗੀ ਜੀ ਰਿਹਾ ਹੋਵੇ ਨਸਲਵਾਦ ਦਾ ਕਦ ਨਾ ਕਦੀ ਜ਼ਰੂਰ ਸ਼ਿਕਾਰ ਹੋਣਾ ਪਿਆ ਹੈ। ਨਸਲੀ ਵਿਤਕਰਾ ਇਥੋਂ ਦੀ ਪੰਜਾਬੀ ਮਾਨਸਿਕਤਾ ਦਾ ਹਿੱਸਾ ਬਣ ਚੁੱਕਾ ਹੈ।

ਭਾਂਵੇ ਹੁਣ ਇਹੋ ਜਿਹੇ ਲੋਕ ਬਹੁਤ ਘੱਟ ਹਨ ਜੋ ਇਹ ਮੰਨਦੇ ਹੋਣ ਕਿ ਇਹ ਗੋਰਿਆਂ ਦਾ ਹੱਕ ਹੈ, ਨਸਲੀ ਵਿਤਕਰਾ ਨਹੀਂ। ਪਰ ਅਜੇ ਵੀ ਬਹੁਤ ਲੋਕ ਇਹਨੂੰ ਖਤਮ ਕਰਨ ਲਈ ਜਦੋ ਜਹਿਦ ਕਰਨ ਤੋਂ ਕੰਨੀ ਕਤਰਾਉਂਦੇ ਹਨ ਤੇ ਜਿੰਨਾ ਚਿਰ ਉਹਨਾਂ ਦੇ ਆਪਣੇ ਨਾਲ ਸਿੱਧਾ ਵਾਕਿਆ ਨਾ ਹੋਵੇ ਉਹ ਨਸਲੀ ਵਿਤਕਰੇ ਦੀ ਹੋਂਦ ਨੂੰ ਅੱਖੋ ਹੀ ਨਹੀਂ ਮਨੋਂ ਵੀ ਉਹਲੇ ਕਰਨ ਦੀ ਕੋਸ਼ਿਸ਼ ਕਰਦੇ ਹਨ। ਬਹੁਤੀ ਵਾਰੀ ਕੰਮਾਂ ਉੱਪਰ ਹੁੰਦੇ ਵਿਤਕਰੇ ਨੂੰ ਜਾਂ ਪਬਲਿਕ ਥਾਵਾਂ ਉੱਪਰ ਨਸਲੀ ਵਿਤਕਰੇ ਨੂੰ ਉਹ ਆਪਣੇ ਆਮ ਜੀਵਨ ਨਾਲੋਂ ਬਿਲਕੁਲ ਵੱਖ ਰੱਖਦੇ ਹਨ। ਆਮ ਜੀਵਨ ਵਿਚ ਉਹ ਜਿੰਨਾ ਵੀ ਹੋ ਸਕੇ ਗੋਰਿਆਂ ਦੇ ਸੰਪਰਕ ਵਿਚ ਨਹੀਂ ਅਉਂਦੇ। ਇਸ ਤਰ੍ਹਾਂ ਉਹ ਜੀਵਨ ਦੇ ਇਸ ਘਿਨੌਣੇ ਪੱਖ ਤੋਂ ਆਪਣੇ ਆਪ ਨੂੰ ਲਾਂਭੇ ਰੱਖਦੇ ਹਨ। ਪਰ ਬਾਵਜੂਦ ਇਹਨਾਂ ਕੋਸ਼ਿਸ਼ਾਂ ਦੇ ਉਹਨਾਂ ਨੂੰ ਅਕਸਰ ਨਸਲੀ ਬੋਲਾਂ ਤੇ ਨਜ਼ਰਾਂ ਤੋਂ ਮਾਰ ਖਾਣੀ ਪੈਂਦੀ ਹੈ। ਪਰ ਜੇ ਕਦੇ ਉਹ ਨਸਲੀ ਸੱਪ ਦੇ ਆਹਮਣੇ ਸਾਹਮਣੇ ਆ ਹੀ ਜਾਣ ਤਾਂ ਆਪਣੇ ਪੰਜਾਬੀ ਵਿਰਸੇ ਤੇ ਪੂਰੇ ਉਤਰਦੇ ਉਹ ਨੱਸਣ ਬਾਰੇ ਨਹੀਂ ਸੋਚਦੇ ਸਗੋਂ ਆਸਪਾਸ ਪਿਆ ਡੰਡਾ ਜਾਂ ਹਥਿਆਰ ਟੋਲਦੇ ਹਨ। ਪਰ ਨਵੀਆਂ ਸਥਿਤੀਆਂ ਵਿਚ ਅਕਸਰ ਤਬਦੀਲੀ ਤਾਂ ਆਉਣੀ ਹੀ ਹੈ। ਜਦੋਂ ਇਕ ਰਹਿ ਚੁੱਕਿਆ ਫੌਜੀ ਬਜ਼ੁਰਗ ਨਸਲੀ ਗੋਰਿਆਂ ਦੀਆਂ ਤਿੱਖੀਆਂ ਨਜ਼ਰਾਂ ਤੋਂ ਬਚਣ ਲਈ ਮੂੰਹ ਦੂਜੇ ਪਾਸੇ ਨੂੰ ਕਰਨ ਦੀ ਸੁਲਾਹ ਦੇਵੇ ਤਾਂ ਸੁਨਣ ਵਾਲੇ ਨੂੰ ਝਟਕਾ ਜਿਹਾ ਤਾਂ ਜ਼ਰੂਰ ਲੱਗਦਾ ਹੈ ਪਰ ਸਥਿਤੀ ਦੀ ਅਸਲੀਅਤ ਤੋਂ ਵਾਕਿਫ ਕੋਈ ਵੀ ਉਸ ਬਜ਼ੁਰਗ ਨੂੰ ਡਰਾਕਲ ਨਹੀਂ ਕਹੇਗਾ।[18]

ਪੰਜਾਬੀ ਸੱਭਿਆਚਾਰ ਦਾ ਕੈਨੇਡਾ ਵਿਚ ਭਵਿੱਖ :

ਭਾਂਵੇ ਪੰਜਾਬੀਆਂ ਦੀ ਬਹੁ-ਗਿਣਤੀ ਨੂੰ ਕੈਨੇਡਾ ਆਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਆਮ ਮਿਲਦੇ ਸੰਕੇਤਾਂ ਤੋਂ ਇਹ ਭਲੀ ਭਾਂਤ ਜ਼ਾਹਿਰ ਹੋ ਜਾਂਦਾ ਹੈ ਕਿ ਪੰਜਾਬੀ ਆਪਣੇ ਸੱਭਿਆਚਾਰਕ ਵਿਰਸੇ ਬਾਰੇ ਕਾਫੀ ਸੁਚੇਤ ਹਨ ਅਤੇ ਇਸ ਨੂੰ ਕਿਸੇ ਵੀ ਕੀਮਤ ਤੇ ਗੁਆਉਣ ਲਈ ਤਿਆਰ ਨਹੀਂ। ਇਸ ਝੁਕਾਅ ਦੇ ਕਈ ਕਾਰਨ ਹੋ ਸਕਦੇ ਹਨ। ਪਹਿਲਾ ਤਾਂ ਇਹੀ ਕਿ ਨਵੀਂ ਜਗਾ ਆਉੁਣ ਕਰਕੇ ਉਹਨਾਂ ਨੂੰ ਆਪਣੇ ਸੱਭਿਆਚਾਰ ਬਾਰੇ ਬੜੀ ਤੀਬਰਤਾ ਨਾਲ ਅਹਿਸਾਸ ਹੋ ਰਿਹਾ ਹੈ। ਦੂਜਾ ਇਥੇ ਪੰਜਾਬੀਆਂ ਨੂੰ ਦੂਜੇ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਾ ਕੇ ਦੇਖਿਆ ਜਾਂਦਾ ਹੈ ਅਤੇ ਇਸ ਨਾਲ ਅਚੇਤ ਤੌਰ ‘ਤੇ ਪੰਜਾਬੀਆਂ ਦੇ ਅੰਦਰਲੀ ਪੰਜਾਬੀਅਤ ਨੂੰ ਠੇਸ ਪਹੁੰਚਦੀ ਹੈ। ਇਸ ਦਾ ਇਹ ਭਾਵ ਕਦਾਚਿਤ ਨਹੀਂ ਕਿ ਉਹ ਆਪਣੇ ਆਪ ਨੂੰ ਭਾਰਤੀ ਨਹੀਂ ਕਹਾਉਣਾ ਚਾਹੁੰਦੇ ਪਰ ਇਹ ਵੀ ਇਕ ਸਚਾਈ ਹੈ ਕਿ ਭਾਰਤੀ ਹੋਣ ਦੇ ਨਾਲ ਨਾਲ ਉਹ ਪੰਜਾਬੀ ਵੀ ਕਹਾਉਣਾ ਚਾਹੁੰਦੇ ਹਨ। ਤੀਜਾ ਪੰਜਾਬੀ ਵੀ ਅਜੇ ਦੁਨੀਆਂ ਦੇ ਹੋਰ ਲੋਕਾਂ ਵਾਂਗ ਬਹੁਤ ਹੱਦ ਤੱਕ ‘ਐਥਨੋਸੈਂਟਰਿਕ’ ਹਨ। ਭਾਵ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਿਰਫ ਆਪਣੇ ਹੀ ਸੱਭਿਆਚਾਰ ਦੇ ਨਜ਼ਰੀਏ ਤੋਂ ਦੇਖਦੇ ਹਨ ਅਤੇ ਅਕਸਰ ਮੁਕਾਬਲੇ ‘ਤੇ ਆਪਣੇ ਸੱਭਿਆਚਾਰ ਨੂੰ ਦੁਜਿਆਂ ਤੋਂ ਵਧੀਆ ਖਿਆਲਦੇ ਹਨ। ਨਾਲ ਹੀ ਸੰਸਾਰ ਭਰ ਵਿਚ ਤੇ ਖਾਸ ਕਰ ਭਾਰਤ ਵਿਚ ਵਾਪਰ ਰਹੀਆਂ ਘਟਨਾਵਾਂ ਭਵਿੱਖ ਬਾਰੇ ਹਰ ਮਨ ਵਿਚ ਇਕ ਡਰ ਪੈਦਾ ਕਰ ਰਹੀਆਂ ਹਨ ਅਤੇ ਹਰ ਕਿਸੇ ਲਈ ਇਹ ਜਾਨਣਾ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਕੋਣ ਹੈ? ਕਿਥੋਂ ਅਇਆ ਹੈ? ਮੌਜੂਦਾ ਸਥਿਤੀਆਂ ਵਿਚ ਉਸਦਾ ਕੀ ਸਥਾਨ ਹੈ? ਉਸਦਾ ਇਸ ਜਗਾ ਭਵਿੱਖ ਕੀ ਹੈ? ਆਦਿ। ਨਾਲ ਹੀ ਕੈਨੇਡਾ ਵਿਚ ਵਸਦੇ ਪੰਜਾਬੀਆਂ ਲਈ ਆਪਣੇ ਵਿਰਸੇ ਬਾਰੇ ਸੋਚਣਾ ਇਸ ਲਈ ਵੀ ਜ਼ਰੂਰੀ ਹੋ ਰਿਹਾ ਹੈ ਕਿ ਇਥੇ ਉਹਨਾਂ ਨੂੰ ਨਸਲੀ ਵਿਤਕਰਾ ਤੇ ਅਨੇਕਾਂ ਬੇਇੰਨਸਾਫੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇ ਉਹ ਚਾਹੁਣ ਵੀ ਤਾਂ ਅਜੇ ਪੂਰੀ ਤਰ੍ਹਾਂ ਇਸ ਸਮਾਜ ਦਾ ਹਿੱਸਾ ਨਹੀਂ ਬਣ ਸਕਦੇ।

ਇਹਨਾਂ ਤੇ ਹੋਰ ਇਹੋ ਜਿਹੇ ਕਾਰਨਾਂ ਕਰਕੇ ਪੰਜਾਬੀਆਂ ਵਲੋਂ ਅਕਸਰ ਆਪਣੇ ਸੱਭਿਆਚਾਰ ਨੂੰ ਸਾਂਭਣ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਨੂੰ ਡਰ ਲੱਗਦਾ ਹੈ ਕਿ ਇਥੋਂ ਦੇ ਗੋਰਿਆਂ ਦਾ, ਜਾਂ ਪੱਛਮੀ ਸੱਭਿਆਚਾਰ ਪੰਜਾਬੀ ਸੱਭਿਆਚਾਰ ਨੂੰ ਨਿਗਲ ਜਾਵੇਗਾ। ਇਸ ਗੱਲ ਤੋਂ ਡਰਦੇ ਅਕਸਰ ਆਪੋ ਆਪਣੇ ਤਰੀਕੇ ਤੇ ਪਹੁੰਚ ਨਾਲ ਇਹੋ ਜਿਹਾ ਕੁਝ ਨਾ ਕੁਝ ਕਰਦੇ ਹਨ ਜਾਂ ਕਰਨ ਲਈ ਉਤਾਵਲੇ ਰਹਿੰਦੇ ਹਨ ਜਿਹਦੇ ਨਾਲ ਪੰਜਾਬੀ ਸੱਭਿਆਚਾਰ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ। ਨਾਲ ਹੀ ਇਸ ਗੱਲ ਦਾ ਗਿਲਾ ਵੀ ਰਹਿੰਦਾ ਹੈ ਕਿ ਕਿਉਂ ਵੱਡੇ ਪੱਧਰ ਤੇ, ਇਕ ਕਮਿਉਨਿਟੀ ਦੇ ਤੌਰ ਤੇ, ਜਥੇਬੰਦਕ ਤਰੀਕੇ ਨਾਲ ਇਹ ਕੰਮ ਨਹੀਂ ਹੋ ਰਿਹਾ। ਇਸ ਗੱਲ ਦਾ ਧਿਆਨ ਆਉਂਦਿਆਂ ਹੀ ਆਪ ਹੀ ਇਹ ਚੇਤਾ ਕਰ ਲੈਂਦੇ ਹਨ ਕਿ ਪੰਜਾਬੀ ਕਦੀ ਵੀ ਥੋੜ੍ਹੇ ਕੀਤੇ ਕਿਸੇ ਕੰਮ ਲਈ ਇਕੱਠੇ ਨਹੀਂ ਹੋ ਸਕਦੇ, ਜਾਣੀ ਕਿ ‘ਇਕੱਠੇ ਹੋਣਾ’ ਪੰਜਾਬੀ ਸੱਭਿਆਚਾਰ ਦਾ ਅੰਗ ਹੀ ਨਹੀਂ। ਚੇਤਨ ਜਾਂ ਅਚੇਤਨ ਤੌਰ ‘ਤੇ ਇਹ ਮਹਿਸੂਸ ਕਰਕੇ ਕਿ ਸ਼ਾਇਦ ਸਾਡੇ ਸੱਭਿਆਚਾਰ ਵਿਚ ਆਪਣੇ ਆਪ ਨੂੰ ਬਚਾ ਸਕਣ ਦੀ ਹਿੰਮਤ ਹੀ ਨਹੀਂ, ਉਹ ਆਪੋ ਆਪਣੇ ਤਰੀਕੇ ਨਾਲ ਇਹਦੇ ਬਾਰੇ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਤੀਜੇ ਵਜੋਂ ਕੋਈ ਧਰਮ ਨੂੰ ਬਚਾ ਕੇ ਪੰਜਾਬੀ ਸੱਭਿਆਚਾਰ ਨੂੰ ਬਚਾ ਰਿਹਾ ਹੈ, ਕੋਈ ਬੋਲੀ ਨੂੰ ਬਰਕਰਾਰ ਰੱਖਣ ਲਈ ਤਤਪਰ ਹੈ, ਕੋਈ ਸਾਹਿਤ, ਲੋਕ ਨਾਚ ਤੇ ਗੀਤ ਸੰਗੀਤ ਆਦਿ ਜ਼ਿੰਦਾ ਰੱਖਣ ਨੂੰ ਸੱਭਿਆਚਾਰ ਦੇ ਬਚਾਉਣ ਦਾ ਤਰੀਕਾ ਸਮਝਦਾ ਹੈ, ਕੋਈ ਪੰਜਾਬੀ ਪਹਿਰਾਵੇ ਤੇ ਪੰਜਾਬੀ ਖੁਰਾਕ ਨੂੰ ਤੇ ਕੋਈ ਘਰਾਂ ਤੇ ਘਰਾਂ ਤੋਂ ਬਾਹਰ ਸਥਾਪਤ ਪੰਜਾਬੀ ਮਨੁੱਖੀ ਰਿਸ਼ਤਿਆਂ ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਸਮਝਦਾ ਹੈ। ਇਸ ਤਰ੍ਹਾਂ ਇਸ ਕੰਮ ਲਈ ਕਾਫੀ ਸੋਚ, ਸ਼ਕਤੀ ਤੇ ਸਮਾਂ ਲੱਗਦਾ ਹੈ। ਪਰ ਇਸ ਦੇ ਬਾਵਜੂਦ ਨਤੀਜਿਆਂ ਤੋਂ ਨਿਰਾਸ਼ਤਾ ਹੁੰਦੀ ਹੈ। ਇਸ ਕਰਕੇ ਸੱਭਿਆਚਾਰ ਬਾਰੇ ਸਪੱਸ਼ਟ ਹੋਣ ਲਈ ਸੰਬੰਧਤ ਮਸਲਿਆਂ ਉੱਪਰ ਵਿਚਾਰ ਵਿਟਾਂਦਰਾ ਜ਼ਰੂਰੀ ਹੋ ਜਾਂਦਾ ਹੈ। ਇਸ ਮਸਲੇ ਸੰਬੰਧੀ ਕਿੰਨੇ ਹੀ ਸਵਾਲ ਸਾਡੇ ਧਿਆਨ ਦੀ ਮੰਗ ਕਰਦੇ ਹਨ। ਜਿਵੇਂ, ਕੀ ਸੱਭਿਆਚਾਰ ਨੂੰ ਬਚਾਇਆ ਜਾ ਸਕਦਾ ਹੈ? ਕੀ ਸਾਡੇ ਸੱਭਿਆਚਾਰ ਵਿਚ ਸੱਭ ਕੁਝ ਬਚਾ ਕੇ ਰੱਖਣ ਯੋਗ ਹੈ? ਆਦਿ।

ਨਿੱਤ ਨਵੀਆਂ ਤਕਨੀਕੀ ਇਜ਼ਾਦਾਂ, ਆਵਾਜਾਈ ਦੇ ਸਾਧਨਾਂ ਵਿਚ ਵੱਧਦੀ ਤੇਜ਼ੀ ਸਾਡੀ ਦੁਨੀਆਂ ਨੂੰ ਨਿੱਤ ਛੋਟੇ ਤੋਂ ਛੋਟਾ ਕਰੀ ਜਾਂਦੀਆਂ ਹਨ। ਆਪਣੋ ਆਪਣੇ ਸੱਭਿਆਚਾਰਕ ਕਦਰਾਂ ਕੀਮਤਾਂ ਮੁਤਾਬਕ ਸਜੇ ‘ਲਿਵਿੰਗ-ਰੂਮਾਂ’ ਵਿਚ ਬੈਠੇ ਅਸੀਂ ਟੀਵੀ ਉੱਪਰ ਸਾਰੀ ਦੁਨੀਆਂ ਦੇ ਹਰ ਹਿੱਸੇ ਵਿਚ ਵਾਪਰਦੀਆਂ ਚੰਗੀਆਂ ਮਾੜੀਆਂ ਘਟਨਾਵਾਂ ਦੇਖਦੇ ਹਾਂ ਉਹਨਾਂ ਨੂੰ ਆਪਣੀ ਚੇਤਨਤਾ ਦਾ ਹਿੱਸਾ ਬਣਾਉਦੇ ਹਾਂ। ਦੁਨੀਆਂ ਭਰ ਦੇ ਲੋਕਾਂ ਦੇ ਦੁਖ ਸੁੱਖ ਭੋਗਦੇ ਅਸੀਂ ਨਿੱਤ ਥੋੜ੍ਹਾ ਥੋੜ੍ਹਾ ਕਰਕੇ ਆਪਣੇ ਆਪ ਨੂੰ ਵੱਡੀ ਦੁਨੀਆਂ ਨਾਲ ਜੋੜ ਰਹੇ ਹਾਂ। ਨਿੱਤ ਸਾਡੀ ਸ਼ਕਸੀਅਤ ਤਬਦੀਲ ਹੋ ਰਹੀ ਹੈ। ਅਸੀਂ ਇਕ ਸਰਬ ਸਾਂਝੇ ਸੱਭਿਆਚਾਰ ਦਾ ਹਿੱਸਾ ਬਣ ਰਹੇ ਹਾਂ। ਪਰ ਫੇਰ ਵੀ ਅਸੀਂ ਜਿਸ ਲਿਵਿੰਗ-ਰੂਮ ਵਿਚ ਬੈਠੇ ਹਾਂ ਉਹਦੇ ਵਿਚ ਸਜੀਆਂ ਚੀਜ਼ਾਂ, ਉਹਦੇ ਵਿਚ ਰਹਿੰਦੇ ਲੋਕਾਂ ਦੀ ਬੋਲੀ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਖਾਣ ਪੀਣ, ਉਹਨਾਂ ਦੇ ਦੁੱਖਾਂ ਸੁੱਖਾਂ ਨਾਲ ਜੋ ਸਾਡਾ ਸਿੱਧਾ ਸੰਬੰਧ ਹੈ ਉਹ ਕਦੀ ਵੀ ਖਤਮ ਨਹੀਂ ਹੋਣਾ। ਸੰਚਾਰ ਦੇ ਨਵੇਂ ਸਾਧਨਾਂ ਕਰਕੇ ਹੁਣ ਪੰਜਾਬ ਨਾਲ ਇਥੋਂ ਦੇ ਪੰਜਾਬੀਆਂ ਦਾ ਨਾਤਾ ਕਦੀ ਵੀ ਟੁੱਟਣਾ ਨਹੀਂ ਹੈ। ਇਸ ਸਦਾ ਰਹਿਣ ਵਾਲੇ ਸੰਪਰਕ ਕਰਕੇ ਜਿੰਨਾਂ ਚਿਰ ਪੰਜਾਬੀ ਮੂਲ ਦੇ ਲੋਕੀ ਕੈਨੇਡਾ ਵਿਚ ਰਹਿਣਗੇ ਪੰਜਾਬੀ ਸੱਭਿਆਚਾਰ ਦਾ ਕੁਝ ਨਾ ਕੁਝ ਉਹਨਾਂ ਦੀ ਆਉਣ ਵਾਲੀ ਹਰ ਪੁਸ਼ਤ ਨੂੰ ਬਚਾ ਕੇ ਰੱਖਣਾ ਹੈ।

ਨਾਲ ਹੀ ਇਹ ਵੀ ਸੱਚ ਹੈ ਕਿ ਕੈਨੇਡਾ ਵਿਚ ਵਸਦੇ ਪੰਜਾਬੀਆਂ ਦੇ ਸੱਭਿਆਚਾਰ ਨੇ ਤਬਦੀਲ ਹੋਣਾ ਹੈ। ਅਸਲ ਵਿਚ ਇਹ ਨਿੱਤ ਹੋ ਰਿਹਾ ਹੈ। ਇਥੇ ਹੀ ਨਹੀਂ ਇਹ ਪੰਜਾਬ ਵਿਚ ਵੀ ਤਬਦੀਲ ਹੋ ਰਿਹਾ ਹੈ। ਜੇ ਅੱਜ ਦੇ ਪੰਜਾਬ ਦਾ ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਦੇ ਪੰਜਾਬ ਨਾਲ ਮੁਕਾਬਲਾ ਕਰੀਏ ਤਾਂ ਹਰ ਕਿਸਮ ਦੇ ਫਰਕ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਇਥੇ ਵੀ ਅਨੇਕਾਂ ਤਬਦੀਲੀਆਂ ਜਾਂ ਤਬਦੀਲੀਆਂ ਦੇ ਸੰਕੇਤ ਦੇਖੇ ਜਾ ਸਕਦੇ ਹਨ।

ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਬਾਰੇ ਇਕ ਗੱਲ ਹੋਰ ਵੀ ਧਿਆਨ ਵਿਚ ਰੱਖਣੀ ਚਾਹੀਦੀ ਹੈ। ਜਿਵੇਂ ਪੰਜਾਬ ਵਿਚ ਪੰਜਾਬੀ ਸੱਭਿਆਚਾਰ ਮੁੱਖ ਸੱਭਿਆਚਾਰ ਹੈ ਅਤੇ ਭਾਰਤ ਦੇ ਸੰਦਰਭ ਵਿਚ ਇਹ ਇਕ ਉਪ ਸੱਭਿਆਚਾਰ ਹੈ। ਇਸੇ ਤਰ੍ਹਾਂ ਇਥੇ ਵੀ ਇਹ ਹਮੇਸ਼ਾਂ ਇਕ ਉਪ ਸੱਭਿਆਚਾਰ ਦੇ ਤੌਰ ‘ਤੇ ਹੀ ਵਿਚਰੇਗਾ ਕਦੀ ਵੀ ਇਹ ਇਸ ਦੇਸ਼ ਦਾ ਮੁੱਖ ਸੱਭਿਆਚਾਰ ਨਹੀਂ ਬਣ ਸਕੇਗਾ। ਇਸ ਕਰਕੇ ਸਾਨੂੰ ਇਥੋਂ ਦੇ ਪੰਜਾਬੀ ਸੱਭਿਆਚਾਰ ਬਾਰੇ ਲੋੜੋਂ ਵੱਧ ਨਿਰਾਸ਼ ਹੋਣ ਦੀ ਲੋੜ ਨਹੀਂ ਹੈ।

ਇਸ ਪਰਚੇ ਵਿਚ ਮੁੱਖ ਤੌਰ ‘ਤੇ ਕੈਨੇਡਾ ਵਿਚਲੇ ਪੰਜਾਬੀ ਸੱਭਿਆਚਾਰ ਨੂੰ ਬਿਆਨ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ ਹੈ। ਅਖੀਰ ਵਿਚ ਇਸਦੇ ਭਵਿੱਖ ਬਾਰੇ ਕੁਝ ਸੁਝਾਅ ਪੇਸ਼ ਕੀਤੇ ਜਾ ਰਹੇ ਹਨ। ਜੇ ਪੰਜਾਬੀਆਂ ਨੇ ਆਪਣੇ ਸੱਭਿਆਚਾਰ ਨੂੰ ਸ਼ਕਤੀਸ਼ਾਲੀ ਬਣਾਉਣਾ ਹੈ ਅਤੇ ਇਸ ਦੀ ਉਮਰ ਕੈਨੇਡਾ ਵਿਚ ਲੇਮੇਰੀ ਕਰਨੀ ਹੈ ਤਾਂ ਸੱਭ ਤੋਂ ਪਹਿਲਾਂ ਧਾਰਮਿਕ ਵਿਖਰੇਵਿਆਂ ਨੂੰ ਪਾਸੇ ਰੱਖ ਕੇ ਆਪਸੀ ਤਾਲ ਮੇਲ ਵਧਾਉਣਾ ਹੋਵੇਗਾ। ਆਪਸੀ ਤਾਲਮੇਲ ਦੇ ਕਈ ਥਾਂ ਅਜੇ ਵੀ ਕਾਇਮ ਹਨ ਜਿਵੇਂ ਵੈਨਕੂਵਰ ਦੀ ਮੇਨ ਸਟਰੀਟ ਜਿਥੇ ਇਕੱਲੇ ਪੰਜਾਬੀ ਹੀ ਨਹੀਂ ਭਾਰਤੀ ਮੂਲ ਦੇ ਸਾਰੇ ਦੇ ਸਾਰੇ ਲੋਕ ਆਪਣੇ ਰਹਿਣ ਸਹਿਣ ਲਈ ਲੋੜੀਦੀਆਂ ਵਸਤਾਂ ਲੈਣ ਜਾਂਦੇ ਹਨ ਜਿਹੜੀਆਂ ਉਹ ਹੋਰ ਕਿਧਰੋਂ ਨਹੀਂ ਖਰੀਦ ਸਕਦੇ। ਇਹ ਤਾਲਮੇਲ ਜੀਵਨ ਦੀਆਂ ਨਿੱਤ ਦੀਆਂ ਲੋੜਾਂ ਤੇ ਨਿਰਭਰ ਹੈ ਅਤੇ ਉਮੀਦ ਹੈ ਕਿ ਇਹ ਥਾਂ ਤੇ ਹੋਰ ਸ਼ਹਿਰਾਂ ਵਿਚ ਇਹੋ ਜਿਹੀਆਂ ਥਾਵਾਂ ਪੰਜਾਬੀਆਂ ਲਈ ਮਿਲਣ ਗਿਲਣ ਦੇ ਮੌਕੇ ਪੈਦਾ ਕਰਦੀਆਂ ਰਹਿਣਗੀਆਂ। ਪਰ ਨਾਲ ਹੀ ਹੋਰ ਸਾਂਝੇ ਥਾਂ ਜਿਵੇਂ ਸਾਂਝੇ ਕਮਿਉਨਿਟੀ ਸੈਂਟਰ ਉਸਾਰਨ ਦੀ ਲੋੜ ਹੈ ਜਿਥੇ ਸਾਰੇ ਪੰਜਾਬੀ ਸਾਂਝੀਆਂ ਸਰਗਰਮੀਆਂ ਕਰ ਸਕਣ।

ਸੱਭਿਆਚਾਰਕ ਸਰਗਰਮੀਆਂ (ਰੰਗ ਮੰਚ, ਲੋਕ ਨਾਚ, ਗੀਤ ਸੰਗੀਤ, ਸਾਹਿਤ) ਤੇ ਖੇਡਾਂ ਇਸ ਕੰਮ ਵਿਚ ਕਾਫੀ ਸਹਾਈ ਹੋ ਸਕਦੀਆਂ ਹਨ। ਇਹਨਾਂ ਵੱਲ ਪਹਿਲਾਂ ਵੀ ਕਾਫੀ ਜਤਨ ਹੋ ਰਹੇ ਹਨ ਪਰ ਸਮੁੱਚੇ ਪੰਜਾਬੀ ਭਾਈਚਾਰੇ ਵਲੋਂ ਇਹਨਾਂ ਜਤਨਾਂ ਲਈ ਲੋੜੀਂਦੇ ਉਤਸ਼ਾਹ ਦੀ ਘਾਟ ਮਹਿਸੂਸ ਹੁੰਦੀ ਹੈ। ਖੇਡਾਂ ਦਾ ਵੀ ਹਾਲ ਕੋਈ ਇੰਨਾ ਵਧੀਆ ਨਹੀਂ ਕਿਹਾ ਜਾ ਸਕਦਾ। ਕੈਨੇਡਾ ਰਹਿੰਦੇ ਪੰਜਾਬੀਆਂ ਨੂੰ ਘੋਲਾਂ ਤੇ ਕਬੱਡੀ ਨੂੰ ਖਾਸ ਮਹੱਤਤਾ ਦੇਣੀ ਚਾਹੀਦੀ ਹੈ। ਜੇ ਇਥੇ ਵਸਦੇ ਪੰਜਾਬੀ ਕਬੱਡੀ ਦੀ ਖੇਡ ਨੂੰ ਵੱਡੇ ਪੱਧਰ ਤੇ ਹਰਮਨ ਪਿਆਰੀ ਬਣਾਉਣ ਵਿਚ ਕਾਮਯਾਬ ਹੋ ਜਾਣ ਤਾਂ ਪੰਜਾਬੀ ਸੱਭਿਆਚਾਰ ਦਾ ਇਕ ਬਹੁਤ ਹੀ ਮਹੱਤਵਪੂਰਣ ਅੰਗ ਕੈਨੇਡਾ ਦੀ ਆਮ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ।

ਦੂਜੀ ਸੱਭ ਤੋਂ ਜ਼ਰੂਰੀ ਗੱਲ ਪੰਜਾਬੀ ਬੋਲੀ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨਵੀਂਆਂ ਪੀੜ੍ਹੀਆਂ ਵਿਚ ਇਹ ਪੂਰੀ ਤਰ੍ਹਾਂ ਖਤਮ ਨਾ ਹੋਵੇ। ਇਥੋਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਨ ਲਈ ਸਖਤੀ ਨਾਲ ਮਜ਼ਬੂਰ ਨਹੀਂ ਕਰਨਾ ਚਾਹੀਦਾ ਇਹਦੇ ਨਾਲ ਉਲਟਾ ਪ੍ਰਤੀਕਰਮ ਹੋਣ ਦਾ ਡਰ ਹੈ। ਇਹੋ ਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਨਾਂ ਨੂੰ ਚੰਗੇ ਕੈਨੇਡੀਅਨ ਸ਼ਹਿਰੀ ਬਣਨ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਉੱਪਰ ਮਾਣ ਹੋਵੇ ਤੇ ਪੰਜਾਬੀ ਬੋਲੀ ਦੀ ਲੋੜ ਮਹਿਸੂਸ ਹੋਵੇ। ਇਸ ਕੰਮ ਲਈ ਬੱਚਿਆਂ ਨਾਲੋਂ ਪਹਿਲੀ ਪੀੜ੍ਹੀ ਦੇ ਪੰਜਾਬੀਆਂ ਨੂੰ ਖੁਦ ਪੰਜਾਬੀ ਬੋਲੀ ਤੇ ਇਹਦੇ ਸਾਹਿਤ ਵੱਲ ਸਿਹਤਮੰਦ ਨਜ਼ਰੀਆ ਅਪਣਾਉਣਾ ਹੋਵੇਗਾ। ਘਰਾਂ ਵਿਚ ਵੀਡੀਓ ਟੇਪਾਂ ਦੇ ਨਾਲ ਇਕ ਅੱਧ ‘ਸ਼ੈਲਫ’ ਕਿਤਾਬਾਂ ਲਈ ਵੀ ਹੋਣੀ ਜ਼ਰੂਰੀ ਹੈ।

ਜਿਵੇਂ ਉੱਪਰ ਕਿਹਾ ਹੈ, ਇਹ ਸੱਚ ਹੈ ਕਿ ਪੰਜਾਬੀਆਂ ਨਾਲ ਨਸਲੀ ਵਿਤਕਰਾ ਤੇ ਬੇਇੰਨਸਾਫੀਆਂ ਹੋਣ ਕਰਕੇ ਉਹ ਇਸ ਸਮਾਜ ਦਾ ਸੁਖਾਲਿਆਂ ਹਿੱਸਾ ਨਹੀਂ ਬਣ ਸਕਦੇ। ਪਰ ਇਸਦੇ ਨਾਲ ਹੀ ਇਹ ਸਚਾਈ ਵੀ ਮੰਨ ਲੈਣੀ ਚਾਹੀਦੀ ਹੈ ਕਿ ਅਜੇ ਤੱਕ ਪੰਜਾਬੀਆਂ ਨੇ ਪੂਰੀ ਲਗਨ ਤੇ ਹਿੰਮਤ ਨਾਲ ਕੈਨੇਡੀਅਨ ਬਣਨ ਦਾ ਉਪਰਾਲਾ ਸ਼ੁਰੂ ਨਹੀਂ ਕੀਤਾ। ਭਾਂਵੇਂ ਹੁਣ ‘ਸਫਰ’ ਲਾਉਣ ਕੋਈ ਸਿਆਣੀ ਉਮਰ ਦਾ ਬਜ਼ੁਰਗ ਤਾਂ ਆਉਂਦਾ ਹੋਵੇਗਾ ਪਰ ਕੋਈ ਨੌਜਵਾਨ ਨਹੀਂ। ਜਿਹੜੇ ਕੁਝ ਲੋਕ ਵਾਪਿਸ ਜਾਣ ਦੀ ਸੋਚ ਕੇ ਆਏ ਸਨ ਉਹਨਾਂ ਨੇ ਪਿਛਲੇ ਕੁਝ ਵਰਿਆਂ ਵਿਚ ਵਾਪਿਸ ਜਾ ਕੇ ਉੱਥੇ ਰਹਿਣ ਦਾ ‘ਤਜ਼ਰਬਾ’ ਕਰ ਕੇ ਦੇਖ ਲਿਆ ਹੈ। ਭਾਵੇਂ ਹੁਣ ਸੱਭ ਨੇ ਚਾਹੁੰਦਿਆਂ ਨਾ ਚਾਹੁੰਦਿਆਂ ਇਥੇ ਹੀ ਰਹਿਣਾ ਹੈ ਪਰ ਅਜੇ ਕੈਨੇਡੀਅਨ ਬਣਨ ਦੇ ਬਹੁਤੇ ਉਪਰਾਲੇ ਸ਼ੁਰੂ ਨਹੀਂ ਹੋਏ। ਜਾਂ ਇਹ ਕਹਿ ਲਵੋ ਕਿ ਅਜੇ ਤੱਕ ਆਪਣੇ ਆਪ ਨੂੰ ਕੈਨੇਡੀਅਨ ਬਣਾਉਣ ਦਾ ‘ਜਨੂੰਨ’ ਪੰਜਾਬੀਆਂ ਉੱਪਰ ਭਾਰੂ ਨਹੀਂ ਹੋਇਆ। ਅਜੇ ਤੱਕ ਬਹੁ-ਗਿਣਤੀ ਲੋਕਾਂ ਦਾ ਸਮਾਂ ਤੇ ਸ਼ਕਤੀ ਨਵੇਂ ਅਵਾਸੀ ਹੋਣ ਕਰਕੇ ਜਾਤੀ ਪੱਧਰ ਤੇ ਆਪਣੇ ਆਪ ਨੂੰ ਸਥਾਪਤ ਕਰਨ ਦੇ ਯਤਨਾਂ ਵਿਚ ਹੀ ਲਗਦਾ ਹੈ।

ਸਮੇਂ ਦੀ ਮੰਗ ਹੈ ਕਿ ਆਪਣੀ ਪੰਜਾਬੀਅਤ ਕਾਇਮ ਰੱਖਦੇ ਹੋਏ ਕੈਨੇਡੀਅਨ ਸਮਾਜ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਆਸ ਨਾ ਰੱਖੀ ਜਾਵੇ ਕਿ ਕੈਨੇਡੀਅਨ ਸਮਾਜ ਸਾਨੂੰ ਨਾਲ ਰਲਾਵੇਗਾ। ਇਸ ਸਮਾਜ ਦੀ ਵਾਗ ਡੋਰ ਜਿਸ ਜਮਾਤ ਦੇ ਹੱਥ ਹੈ ਉਹਨਾਂ ਦੇ ਹਿੱਤ ਤਾਂ ਪੰਜਾਬੀਆਂ ਨੂੰ ਵੱਡੇ ਸਮਾਜ ਨਾਲੋਂ ਨਿਖੇੜ ਕੇ ਵੱਖ ਰੱਖਣ ਨਾਲ ਹੀ ਪਲਦੇ ਹਨ। ਉਂਝ ਵੀ ਹੁਣ ਅਸੀਂ ਇਥੋਂ ਦੇ ‘ਪ੍ਰਾਉਹਣੇ’ ਨਹੀਂ, ਵਾਸੀ ਹਾਂ। ਇਥੇ ਰਹਿਣਾ ਸਾਡਾ ਉਨਾਂ ਹੀ ਹੱਕ ਹੈ ਜਿੰਨਾ ਕਿਸੇ ਹੋਰ ਦਾ। ਇਸ ਹੱਕ ਨੂੰ ਸਮਝਦਿਆਂ ਹੋਇਆਂ ਇਥੋਂ ਦਾ ਹੋ ਕੇ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਇਹ ਕਤਈ ਨਹੀਂ ਕਿ ਪੰਜਾਬੀਆਂ ਨੂੰ ਪੰਜਾਬ ਬਾਰੇ, ਭਾਰਤ ਬਾਰੇ ਭੁੱਲ ਜਾਣਾ ਚਾਹੀਦਾ ਹੈ ਜਾਂ ਉੱਥੇ ਵਾਪਰਦੀਆਂ ਸਿਆਸੀ ਜਾਂ ਸਮਾਜਕ ਘਟਨਾਵਾਂ ਬਾਰੇ ਪ੍ਰਤੀਕਰਮ ਨਹੀਂ ਕਰਨੇ ਚਾਹੀਦੇ। ਇਹ ਵੀ ਉਹਨਾਂ ਦਾ ਹੱਕ ਹੈ ਅਤੇ ਕਿਸੇ ਨੂੰ ਵੀ ਇਹ ਹੱਕ ਨਹੀਂ ਕਿ ਉਹਨਾਂ ਅਜਿਹਾ ਕਰਨ ਤੋਂ ਰੋਕ ਸਕੇ। ਜੇ ਤਿੰਨ ਚਾਰ ਸੌ ਸਾਲ ਪਹਿਲਾਂ ਇੰਗਲੈਂਡ ਤੋਂ ਆਏ ਕੈਨੇਡੀਅਨ ਮਾਰਗਰੈਟ ਥੈਚਰ ਦੇ ਤੀਜੀ ਵਾਰ ਚੋਣਾਂ ਜਿੱਤਣ ਤੇ ਬੀ ਸੀ ਦੀ ਲੈਜਿਸਲੇਟਿਵ ਬਿਲਡੰਗ ਸਾਹਮਣੇ ਇਕੱਠੇ ਹੋ ਕੇ ਖੁਸ਼ੀ ਮਨਾਉਣ ਨੂੰ ਆਪਣਾ ਹੱਕ ਸਮਝਦੇ ਹਨ ਤਾਂ ਪੰਜਾਬ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਪੰਜਾਬੀਆਂ ਦਾ ਪ੍ਰਤੀਕਰਮ ਕਰਨ ਦਾ ਵੀ ਇਹ ਉਨਾ ਹੀ ਹੱਕ ਹੈ। ਹਾਂ ਇਹ ਪ੍ਰਤੀਕਰਮ ਜ਼ਾਹਿਰ ਕਿਵੇਂ ਕਰਨਾ ਹੈ ਇਹ ਸੋਚਣ ਸਮਝਣ ਵਾਲੀ ਗੱਲ ਹੈ।

ਕੈਨੇਡਾ ਵਿਚ ਪੰਜਾਬੀਆਂ ਦਾ ਆਪਣਾ ਇਤਹਾਸ ਵੀ ਹੈ ਜਿਸਦੀ ਖੋਜ ਕਰਨਾ ਤੇ ਆਉਣ ਵਾਲੀਆਂ ਪੁਸ਼ਤਾਂ ਨੂੰ ਦੱਸਣਾ ਉਹਨਾਂ ਦਾ ਹੀ ਫਰਜ ਹੈ। ਇਸ ਇਤਿਹਾਸ ਵਿਚ ਗਦਰ ਪਾਰਟੀ ਦੀਆਂ ਸਰਗਰਮੀਆਂ ਹਨ। ਕਾਮਾਗਾਟਾ ਮਾਰੂ ਦਾ ਘੋਲ ਹੈ। ਸ਼ਹੀਦ ਮੇਵਾ ਸਿੰਘ ਹੈ। ਨਸਲੀ ਇੰਮੀਗਰੇਸ਼ਨ ਕਾਨੂੰਨਾਂ ਵਿਰੁੱਧ ਨਿਰੰਤਰ ਜਦੋ ਜਹਿਦ ਕਰਨ ਦਾ ਇਤਿਹਾਸ ਹੈ। ਜਿਹਨਾਂ ਮਿੱਲਾਂ ਵਿਚ ਪੰਜਾਬੀ ਕੰਮ ਕਰਦੇ ਹਨ ਉਹਨਾਂ ਵਿਚ ਮਜ਼ਦੂਰਾਂ ਦੀਆਂ ਯੂਨੀਅਨਾਂ ਸਥਾਪਤ ਕਰਨ ਲਈ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਘੁਲਾਟੀਏ ਇਸ ਇਤਿਹਾਸ ਦਾ ਹਿੱਸਾ ਹਨ। ਪਹਿਲੀਆਂ ਵਿਚ ਆਏ ਬਜ਼ੁਰਗਾਂ ਦੀਆਂ ਜਾਤੀ ਪੱਧਰ ਤੇ ਕੀਤੀਆਂ ਅਥਾਹ ਕੁਰਬਾਨੀਆਂ (ਕਹਿਰਾਂ ਦੀ ਠੰਡ ਵਿਚ ਪੱਧਰੇ ਜਾਂ ਘੋੜਿਆਂ ਦੇ ਤਬੇਲਿਆਂ ‘ਚ ਪਰਨਾਲੀ ਤੇ ਸੌਣਾ ਕੀ ਕੁਰਬਾਨੀ ਨਹੀਂ?) ਇਸ ਸੁਨਹਿਰੀ ਇਤਿਹਾਸ ਦਾ ਹਿੱਸਾ ਹਨ।

ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਇਸ ਇਤਹਾਸਕ ਵਿਰਸੇ ਨੂੰ ਕੈਨੇਡੀਅਨ ਇਤਹਾਸ ਦਾ ਹਿੱਸਾ ਬਣਵਾਇਆ ਜਾਵੇ। ਸਕੂਲਾਂ ਵਿਚ ਪੜ੍ਹਦੇ ਬੱਚੇ ਸਿਰਫ ਮਕੈਂਜੀ ਕਿੰਗ ਬਾਰੇ ਹੀ ਨਾ ਪੜ੍ਹਨ ਉਹਨਾਂ ਨੂੰ ਬਲਵੰਤ ਸਿੰਘ ਦਾ, ਹਸਨ ਰਹੀਮ ਦਾ ਤੇ ਮੇਵਾ ਸਿੰਘ ਦਾ ਵੀ ਪਤਾ ਹੋਣਾ ਚਾਹੀਦਾ ਹੈ। ਕੈਨੇਡੀਅਨ ਪੰਜਾਬੀਆਂ ਲਈ ਇਹ ਵੰਗਾਰ ਹੈ ਕਿ ਉਹ ਸ਼ਹੀਦ ਮੇਵਾ ਸਿੰਘ ਨੂੰ ਕੈਨੇਡੀਅਨ ਸ਼ਹੀਦ ਕਰਾਰ ਦੁਆਉਣ। ਮੇਵਾ ਸਿੰਘ ਨੂੰ ਸ਼ਹੀਦ ਮੰਨਿਆ ਜਾਂਦਾ ਹੈ, ਹਰ ਵਰ੍ਹੇ ਉਹਦੀ ਯਾਦ ਮੰਨਾਈ ਜਾਂਦੀ ਹੈ। ਸਾਫ ਹੈ ਕਿ ਉਹਦੇ ਕਮਿਉਨਿਟੀ ਲਈ ਕੀਤੇ ਕੰਮ ਦੀ ਪੰਜਾਬੀਆਂ ਵਿਚ ਕਦਰ ਹੈ। ਜੇ ਇਹ ਸੱਚ ਹੈ ਤਾਂ ਇਹ ਗੱਲ ਕੈਨੇਡਾ ਦੀ ਸਰਕਾਰ ਨੂੰ ਕਹਿਣ ਤੋਂ ਕਿਸੇ ਤਰ੍ਹਾਂ ਡਰਨਾ ਨਹੀਂ ਚਾਹੀਦਾ।[19] ਨਾਲ ਹੀ ਜਿਵੇਂ ਜਪਾਨੀ ਕੈਨੇਡੀਅਨ ਦੂਜੀ ਲੜਾਈ ਦੌਰਾਨ ਉਹਨਾਂ ਨਾਲ ਹੋਈਆਂ ਵਧੀਕੀਆਂ ਦਾ ਸਰਕਾਰ ਕੋਲੋਂ ਮੁਆਵਜ਼ਾ ਮੰਗ ਰਹੇ ਹਨ ਪੰਜਾਬੀਆਂ ਨੂੰ ਵੀ ਮੰਗ ਕਰਨੀ ਚਾਹੀਦੀ ਹੈ ਕਿ ਪਿਛਲੇ ਅਸੀਆਂ ਨੱਬਿਆਂ ਸਾਲਾਂ ਵਿਚ ਜੋ ਮਾੜੇ ਸਲੂਕ ਹੋਏ ਹਨ ਉਹਨਾਂ ਬਾਰੇ ਸਰਕਾਰ ਜੇ ਕੁਝ ਹੋਰ ਨਹੀਂ ਤਾਂ ਘੱਟੋ ਘੱਟ ਮੁਆਫੀ ਜ਼ਰੂਰ ਮੇਗੇ। ਮੇਰਾ ਪੱਕਾ ਵਿਸ਼ਵਾਸ ਹੈ ਕਿ ਇਹੋ ਜਿਹੇ ਮਸਲੇ ਉਠਾ ਕੇ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸਾਂਭ ਰਹੇ ਹੋਵਾਂਗੇ ਅਤੇ ਨਾਲ ਹੀ ਆਪਣੇ ਆਪ ਨੂੰ ਕੈਨੇਡੀਅਨ ਸ਼ਹਿਰੀ ਸਾਬਤ ਕਰ ਰਹੇ ਹੋਵਾਂਗੇ।

ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਬਾਰੇ ਵਿਚਾਰ ਵਟਾਂਦਰਾ

ਮਹਿੰਦਰ ਸੂਮਲ:

ਸਾਧੂ ਹੋਰਾਂ ਨੇ ਵੀ ਰਾਮਪੁਰੀ ਹੋਰਾਂ ਵਾਂਗ ਭੰਗੜੇ ਦੇ ਰੋਲ ਨੂੰ ਸਿਰਫ ਵਿਆਹ ਵਿਚ ਮਾਹਾਂ ਦੀ ਦਾਲ ਵਾਲਾ ਹੀ ਰੱਖਿਆ ਹੈ। ਉਸਨੇ ਇਸਨੂੰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ। ਜਦੋਂ ਕਿ ਸਾਧੂ ਸਾਡੀ ਐਸੋਸੀਏਸ਼ਨ ਦਾ ਪ੍ਰਧਾਨ ਰਿਹਾ ਹੈ। ਉਸ ਵੇਲੇ (1971-72) ਇਥੇ ਨਸਲਵਾਦ ਬਹੁਤ ਸੀ। ਜਿਹੜੇ ਲੋਕ ਛੋਟੇ ਸ਼ਹਿਰਾਂ ‘ਚ ਰਹਿੰਦੇ ਸੀ ਉਹ ਕਹਿੰਦੇ ਸੀ ਕਿ ਸਾਨੂੰ ਗੋਰੇ ਪੁੱਛਦੇ ਹਨ ਪਈ ਤੁਹਾਡਾ ਕਲਚਰ ਕੀ ਹੈ? ਜਾਂ ਤੁਹਾਡਾ ਲੋਕ ਨਾਚ ਕੀ ਹੈ? ਤੇ ਅਸੀਂ ਕੋਲੋਂ ਪੈਸੇ ਖਰਚ ਕੇ ਭੰਗੜਾ ਪੇਸ਼ ਕਰਨ ਬਾਹਰਲੇ ਛੋਟੇ ਟਾਊਨਾਂ ਵਿਚ ਜਾਂਦੇ ਰਹੇ ਹਾਂ। ਮੇਰਾ ਖਿਆਲ ਹੈ ਕਿ ਸਾਧੂ ਨੂੰ ਇਹਨਾਂ ਗੱਲਾਂ ਦਾ ਜ਼ਿਕਰ ਜ਼ਰੂਰ ਕਰ ਦੇਣਾ ਚਾਹੀਦਾ ਸੀ।

ਸਾਧੂ ਜਿਹੜੀ ਸਾਡੇ ਲੋਕਾਂ ਦੀ ਸਾਡੇ ਹੀ ਲੋਕਾਂ ਵਲੋਂ ਲੁੱਟ ਦਾ ਜ਼ਿਕਰ ਕਰਦਾ ਹੈ, ਖਾਸ ਕਰ ਫਾਰਮਵਰਕਰਾਂ ਦੀ, ਉਹ ਪੂਰੀ ਤਰ੍ਹਾਂ ਸਪਸ਼ਟ ਨਹੀਂ ਕਰਦਾ ਕਿ ਉਹ ਲੁੱਟ ਕਿਸ ਤਰੀਕੇ ਨਾਲ ਹੋ ਰਹੀ ਹੈ। ਮੇਰੇ ਖਿਆਲ ਵਿਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਫਾਰਮਾਂ ਵਿਚ,ਸਫਾਈ ਦੇ ਕੰਮਾਂ ਵਿਚ, ਭਾਂਡੇ ਧੋਣ ਦੇ ਕੰਮਾਂ ਵਿਚ ਜਾਂ ਜਿਥੇ ਵੀ ਸਾਡੀਆਂ ਔਰਤਾਂ ਕੰਮ ਕਰਦੀਆਂ ਉੱਥੇ ਇਹ ਗੱਲ ਕਿਵੇਂ ਵਾਪਰਦੀ ਹੈ।

ਜਿਥੇ ਇਹ ਸਿਆਸਤ ਦੀ ਗੱਲ ਕਰਦੇ ਹਨ, ਉੱਥੇ ਕਿਉਂਕਿ ਪਰਚਾ ਵੀ ਬਹੁਤਾ ਵੈਨਕੂਵਰ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਇਸ ਕਰਕੇ ਇਹ ਜ਼ਿਕਰ ਹੋਣਾ ਜ਼ਰੂਰੀ ਹੈ ਕਿ ਜਿੰਨਾ ਚਿਰ ਵੈਨਕੂਵਰ ਦੇ ਵਿਚ ਖੱਬੀ-ਪੱਖੀ ਸਿਆਸਤ ਰਹੀ ਹੈ, ਉਹਦੇ ਵਿਚ ਸਾਡੇ ਲੋਕਾਂ ਨੇ ਕੀ ਪ੍ਰਾਪਤੀਆਂ ਕੀਤੀਆਂ ਜਾਂ ਉਹਨਾਂ ਨੂੰ ਕੀ ਲਾਭ ਹੋਇਆ? ਅੱਗੇ ਉਹ ਗੁਰਦੁਆਰੇ ਦੀ ਗੱਲ ਕਰਦੇ ਹਨ ਕਿ ਉੱਥੇ ਦੋ ਧੜੇ ਬਣ ਗਏ। ਇਕ ਧੜਾ ਤਾਂ ਸਿਰ ਉੱਤੇ ਰੁਮਾਲ ਬੰਨਣ ਵਾਲਿਆਂ ਦਾ ਤੇ ਇਕ ਦੂਸਰਾ। ਉਹਦੇ ਵਿਚ ਜਿਹੜੀ ਮੌਜੂਦਾ ਕਮੇਟੀ ਹੈ ਉਹਨੂੰ ਇਹਦੇ ਨਾਲ ਕਰੈਡਿਟ ਮਿਲਦਾ, ਕਿਉਂਕਿ ਇਸ ਨਾਲ ਲੋਕ ਸਮਝਣਗੇ ਕਿ ਦੂਜਿਆਂ ਨੂੰ ਉਹਨੀ ਤਾਂ ਕੱਢਿਆ ਪਈ ਉਹ ਨੰਗੇ ਸਿਰ ਜਾਣਾ ਚਾਹੁੰਦੇ ਸੀ। ਪਰ ਇਥੇ ਇਹੀ ਗੱਲ ਨਹੀਂ। ਉਹ ਕਮੇਟੀ, ਚਾਹੁੰ ਚੰਗੀ ਸੀ ਚਾਹੁੰ ਮਾੜੀ, ਉਹਦਾ ਇੱਕ ਪੁਆਇੰਟ ਹੋਰ ਸੀ, ਕਿ ਉਹ ਸਿੱਖਾਂ ਨੂੰ ਇੱਕ ਕੌਮ ਮੰਨਣ ਦੇ ਲਈ ਤਿਆਰ ਨਹੀਂ ਸੀ ਅਤੇ ਇਸ ਉੱਪਰ ਕਾਫੀ ਬਹਿਸ ਵੀ ਹੋਈ ਹੈ।

ਜਿਥੇ ਅਸੀਂ ਇਹ ਕਹਿੰਨੇ ਆਂ ਕਿ ਸਾਡੇ ਕਈ ਲੋਕ ਵਹਿਮਾਂ ਭਰਮਾਂ ਵਿਚ ਯਕੀਨ ਕਰਦੇ ਹਨ ਅਤੇ ਅਜੇ ਵੀ ਜੋਤਸ਼ੀਆਂ ਕੋਲ ਜਾਂਦੇ ਹਨ। ਉਹਦੇ ਨਾਲੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਕਈ ਇਸਤਰੀਆਂ ਮਰਦ ਸੰਤ ਮੀਹਾਂ ਸਿੰਘ ਦੇ ਗੁਰਦੁਆਰੇ ਵਿਚ ਅਜੇ ਵੀ ਯਕੀਨ ਰੱਖਦੇ ਹਨ। ਅਤੇ ਇਸ ਕਿਸਮ ਦੀਆਂ ਹੋਰ ਗੱਲਾਂ ਜਿਵੇਂ ਕੀਤੇ ਕਰਾਏ ਅਖੰਠਪਾਠ, ਜਾਂ ਪਾਠ ਕਰ ਕੇ ਉਹਨਾਂ ਦੀ ਗਿਣਤੀ ਉੱਥੇ ਜਾ ਕੇ ਜਮਾਂ ਕਰਾਉਣੀ ਆਦਿ। ਇਹਨਾਂ ਗੱਲਾਂ ਦਾ ਵੀ ਜ਼ਿਕਰ ਹੋਣਾ ਚਾਹੀਦਾ ਸੀ।

ਅਮਰਜੀਤ ਸੂਫੀ:

ਜਿਥੋਂ ਤੱਕ ਸੱਭਿਆਚਾਰ ਬਾਰੇ ਸਾਧੂ ਦੇ ਪਰਚੇ ਦਾ ਸਵਾਲ ਹੈ ਮੈਂ ਇਹਨਾਂ ਨੂੰ ਸਮੁੱਚੇ ਤੌਰ ‘ਤੇ ਵਧਾਈ ਦਿੰਨਾਂ ਕਿ ਇਹਨਾਂ ਨੇ ਬਹੁਤ ਮਿਹਨਤ ਦੇ ਨਾਲ ਸਾਰੇ ਪੱਖਾਂ ਨੂੰ ਪਰਚੇ ਵਿਚ ਸਮਾਉਣ ਦੀ ਕੋਸ਼ਿਸ਼ ਕੀਤੀ ਤੇ ਸੱਭਿਆਚਾਰ ਦੀ ਵਿਆਖਿਆ ਕਰਨ ਦਾ ਵੀ ਯਤਨ ਕੀਤਾ। ਤੇ ਇਥੇ ਸਾਡੇ ਵੱਖੋ ਵੱਖ ਥਾਵਾਂ ਤੋਂ ਆਏ ਪੰਜਾਬੀ ਲੋਕਾਂ ਬਾਰੇ ਕਿ ਇਹ ਕਿਸ ਤਰ੍ਹਾਂ ਅੱਡੋ ਅੱਡੀ ਥਾਵਾਂ ਤੋਂ ਆ ਕੇ ਕਮਿਉਨਿਟੀ ਦੇ ਵਿਚ ਕੱਠੇ ਹੋਏ ਆਂ ਉਸ ਦਾ ਵੀ ਜ਼ਿਕਰ ਕੀਤਾ।

ਤੇ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਮੈਂ ਤਾਂ ਨਿੱਕੀ ਜਿਹੀ ਗੱਲ ਇਹ ਕਹਿਣੀ ਚਾਹੁੰਨਾ ਕਿ ਇਹਨਾਂ ਨੂੰ ਪਰਚੇ ਦੇ ਸ਼ੁਰੂ ਵਿਚ ਇਹ ਗੱਲ ਲਿਖੀ ਹੈ ਕਿ ਇਸ ਸਵਾਲ ਦਾ ਜਵਾਬ ਖੋਜਣ ਲਈ ਸਾਨੂੰ ਮਾਰਕਸਵਾਦੀ ਦਿ੍ਸ਼ਟੀਕੋਣ ਦਾ ਸਹਾਰਾ ਲੈਣਾ ਪਵੇਗਾ। ਜਿਵੇਂ ਸ਼ਾਇਦ ਚਲੋ ਇਹਦਾ ਈ ਸਹਾਰਾ ਲੈ ਲਈਏ। ਵੈਸੇ ਇਹਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨੂੰ ਕੋਈ ਅਧਾਰ ਨਹੀਂ ਬਣਾਇਆ। ਮੈਨੂੰ ਇਹ ਗੱਲ ਅਸਪੱਸ਼ਟ ਲੱਗੀ ਹੈ। ਪਰ ਜੇ ਇਹ ਮੰਨ ਲਈਏ ਕਿ ਇਹਨਾਂ ਨੂੰ ਇਸ ਵਿਚਾਰਧਾਰਾ ਦਾ ਸਹਾਰਾ ਲਿਆ ਤਾਂ ਏਸ ਦੇ ਸਬੰਧ ਵਿਚ ਲੇਖ ਦੇ ਅਖੀਰ ਉਤੇ ਇਹਨਾਂ ਨੂੰ ਦੋ ਚਾਰ ਗੱਲਾਂ ਕੀਤੀਆਂ ਹਨ ਸੱਭਿਆਚਾਰ ਬਾਰੇ। ਜਿਵੇਂ ਕਿ ਲਿਖਿਆ ਹੈ ਕਿ ਉਹਨਾਂ ਨੂੰ ਚੰਗੇ ਕੈਨੇਡੀਅਨ ਸ਼ਹਿਰੀ ਬਣਨ ਦੇ ਨਾਲ ਨਾਲ ਪੰਜਾਬੀ ਸੱਭਿਆਚਾਰ ਉੱਪਰ ਮਾਣ ਹੋਵੇ ਤੇ ਉਹਨਾਂ ਨੂੰ ਕੁਝ ਇਹੋ ਜਿਹਾ ਕਰਨਾ ਚਾਹੀਦਾ ਹੈ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਪੰਜਾਬੀ ਬੋਲੀ ਦੀ ਲੋੜ ਮਹਿਸੂਸ ਹੋਵੇ। ਪਰ ਨਾਲ ਹੀ ਉਹੋ ਕਹਿੰਦੇ ਹਨ ਕਿ ਪੰਜਾਬੀਆਂ ਨਾਲ ਨਸਲੀ ਵਿਤਕਰਾ ਤੇ ਬੇਇਨਸਾਫੀ ਹੋਣ ਕਰਕੇ ਉਹ ਇਸ ਸਮਾਜ ਦਾ ਸੌਖਿਆਂ ਹਿੱਸਾ ਨਹੀਂ ਬਣ ਸਕਦੇ। ਅੱਗੇ ਕਹਿੰਦੇ ਹਨ ਕਿ ਪੰਜਾਬੀਆਂ ਨੂੰ ਪੂਰੀ ਲਗਨ ਤੇ ਹਿੰਮਤ ਨਾਲ ਕੈਨੇਡੀਅਨ ਬਣਨ ਦਾ ਉਪਰਾਲਾ ਸ਼ੁਰੂ ਨਹੀਂ ਕੀਤਾ। ਜਾਂ ਇਹ ਕਹਿ ਲਵੋ ਕਿ ਅਜੇ ਤੱਕ ਆਪਣੇ ਆਪ ਨੂੰ ਕੈਨੇਡੀਅਨ ਬਨਾਉਣ ਦਾ ਜ਼ਨੂੰਨ ਪੰਜਾਬੀਆਂ ਉਤੇ ਭਾਰੂ ਨਹੀਂ ਹੋਇਆ। ਗਾਂਹ ਕਹਿੰਦੇ ਹਨ ਕਿ ਸਮੇਂ ਦੀ ਮੰਗ ਹੈ ਕਿ ਆਪਣੀ ਪੰਜਾਬੀਅਤ ਨੂੰ ਕਾਇਮ ਰੱਖਦੇ ਹੋਏ ਕੈਨੇਡੀਅਨ ਸਮਾਜ ਦਾ ਹਿੱਸਾ ਬਣਨ ਦੀ ਕੋਸ਼ਿਸ਼ ਕੀਤੀ ਜਾਵੇ। ਇਕ ਪਾਸੇ ਅਸੀਂ ਉਸ ਕਲਚਰ ਨੂੰ ਬਚਾ ਕੇ ਰੱਖਣਾ, ਇਕ ਪਾਸੇ ਕੈਨੇਡੀਅਨ ਬਣਨ ਦੇ ਉਪਰਾਲੇ ਦੀ ਗੱਲ ਆ।

ਮੈਨੂੰ ਇਹ ਸਾਰੀਆਂ ਗੱਲਾਂ ਇਕ ਦੂਜੇ ਦੀਆਂ ਸਵੈ-ਵਿਰੋਧੀ ਲੱਗੀਆਂ ਹਨ। ਪਰ ਇਹਦੇ ਬਾਵਜੂਦ ਵੀ ਮੈਂ ਇਹ ਗੱਲ ਕਹਿਣੀ ਚਾਹੁੰਨਾਂ ਕਿ ਮਾਰਕਸੀ ਵਿਚਾਰਧਾਰਾ ਨੂੰ ਜੇ ਇਹਦਾ ਅਧਾਰ ਮੰਨਿਆਂ ਤਾਂ ਅਸੀਂ ਏਸ ਗੱਲ ਤੋਂ ਬੱਚ ਨਹੀਂ ਸਕਦੇ ਕਿ ਅਸੀਂ ਆਲੇ ਦੁਆਲੇ ਦੇ ਅਸਰਾਂ ਤੋਂ ਮੁਕਤ ਰਹਿ ਸਕਦੇ ਆਂ। ਉਸ ਦਾ ਅਸਰ ਸਹਿਜੇ ਸਹਿਜੇ ਲੰਮੇ ਸਮੇਂ ਤੱਕ ਹੋਰ ਵੀ ਜ਼ਿਆਦੇ ਪੈਣਾ ਹੈ। ਜਿਵੇਂ ਕਿ ਇਕ ਦੋ ਪੀੜ੍ਹੀਆਂ ਦੀ ਗੱਲ ਹੈ ਕਿ ਕਿਸ ਤਰ੍ਹਾਂ ਉਹ ਬਦਲ ਗਏ ,ਉਹਨਾਂ ਦੀ ਪੰਜਾਬੀ ਬਦਲ ਗਈ, ਕਿਸ ਤਰ੍ਹਾਂ ਉਹਨਾਂ ਦੇ ਸੱਭਿਆਚਾਰ ਉਹਨਾਂ ਦੇ ਰਸਮਾਂ ਰੀਤਾਂ ਉਹ ਸਾਰੀਆਂ ਬਦਲ ਗਈਆਂ ਹਨ। ਪਰ ਜੇ ਅਸੀਂ, ਜਿੰਨੇ ਵੀ ਸਾਡੇ ਸੱਭਿਆਚਾਰ ਦੇ ਚੰਗੇ ਗੁਣ ਹਨ, ਉਹਨਾਂ ਨੂੰ ਕਾਇਮ ਰੱਖਣਾ ਤਾਂ ਉਹ ਅਸੀਂ ਕਿਸ ਤਰ੍ਹਾਂ ਰੱਖ ਸਕਦੇ ਹਾਂ? ਉਹਦੇ ਲਈ ਸਾਨੂੰ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਪਉਗਾ। ਉਹਦੇ ਵਿਚ ਜਿਸ ਤਰ੍ਹਾਂ ਕਿ ਇਹਨਾਂ ਨੂੰ ਅਖੀਰ ‘ਚ ਲਿਖਿਆ ਕਿ ਅੱਸੀਆਂ ਨੱਬਿਆਂ ਸਾਲਾਂ ਵਿਚ ਜੋ ਮਾੜੇ ਸਲੂਕ ਹੋਏ ਆ ਉਹਨਾਂ ਬਾਰੇ ਸਰਕਾਰ ਹੋਰ ਨਹੀਂ ਤਾਂ ਘੱਟੋ ਘੱਟ ਮਾਫੀ ਮੰਗੇ। ਜਾਂ ਇਹਨਾਂ ਨੂੰ ਇਸ ਤੋਂ ਪਹਿਲਾਂ ਇਕ ਥਾਂ ਹੋਰ ਕਿਹਾ ਕਿ -ਆਸ ਨਾ ਰੱਖੀ ਜਾਵੇ ਕਿ ਕੈਨੇਡੀਅਨ ਸਮਾਜ ਸਾਨੂੰ ਨਾਲ ਰਲਾ ਲਵੇਗਾ। ਤੇ ਇਹ ਜਿਹੜੀਆਂ ਗੱਲਾਂ ਇਹਦੇ ਪ੍ਰਤੀਕਰਮ ਦੇ ਵਿਚ ਹੀ ਇਹ ਦੇਖੀਏ ਕਿ ਕੈਨੇਡੀਅਨ ਪੰਜਾਬੀਆਂ ਲਈ ਇਹ ਵੰਗਾਰ ਆ ਕਿ ਉਹ ਸ਼ਹੀਦ ਮੇਵਾ ਸਿੰਘ ਨੂੰ ਕੈਨੇਡੀਅਨ ਸ਼ਹੀਦ ਕਰਾਰ ਦੁਆਣ। ਕਿਉਂਕਿ ਇਹ ਜਿਹੜੀ ਸਰਕਾਰ ਹੈ, ਇਹਨਾਂ ਦੇ ਉੱਪਰ ਲਿਖੇ ਮੁਤਾਬਕ ਕਿ ਇਹ ਜਮਾਤੀ ਸਰਕਾਰ ਹੈ ਇਹਦੇ ਲਈ ਸਾਨੂੰ ਸੰਘਰਸ਼ ਈ ਕਰਨਾ ਪਉਗਾ। ਆਪਣੇ ਹੱਕਾਂ ਲਈ ਖਲੋਣਾ ਪਉਗਾ ਤੇ ਜਾਂ ਸਾਨੂੰ ਅਜਿਹੇਪ੍ਰ ਬੰਧ ਦਾ ਇੰਤਜਾਮ ਕਰਨ ਲਈ ਜਿਹਦੇ ‘ਚ ਸਾਨੂੰ ਇਨਸਾਫ ਮਿਲ ਸਕੇ, ਜਦੋਜਹਿਦ ਕਰਨ ਲਈ ਇੱਕ ਮੁੱਠ ਹੋਣਾ ਪਉਗਾ ਅਤੇ ਸਾਨੂੰ ਉਹੋ ਜਿਹੀਆਂ ਹੋਰ ਸ਼ਕਤੀਆਂ ਨਾਲ ਆਪਣੇ ਆਪ ਨੂੰ ਜੋੜਨਾ ਪਉਗਾ।

ਸੋਹਣ ਪੂੰਨੀ:

ਮੇਰੇ ਖਿਆਲ ਵਿਚ ਜੋ ਵੈਨਕੂਵਰ ਦੇ ਵਿਚ ਖਾਲਸਾ ਸਕੂਲ ਬਣਿਆਂ ਤੇ ਦੂਸਰੀ ਯੂ ਬੀ ਸੀ ਦੇ ਵਿਚ ਸਿੱਖ ਸਟੱਡੀ ਦੀ ਚੇਅਰ ਸਥਾਪਤ ਹੋਈ ਹੈ, ਉਹ ਪੰਜਾਬੀ ਕਮਿਉਨਿਟੀ ਦੇ ਵਿਚ, ਚੰਗੇ ਜਾਂ ਮਾੜੇ ਦੀ ਗੱਲ ਨਹੀਂ, ਇਕ ਨਵੇਂ ਪਾਸੇ ਕਦਮ ਹੈ। ਉਸਦਾ ਜ਼ਿਕਰ ਇਸ ਪੇਪਰ ਵਿਚ ਆਉਣਾ ਚਾਹੀਦਾ ਹੈ। ਭਾਵੇਂ ਅਜੇ ਉਹਨਾਂ ਕੋਈ ਪ੍ਰਾਪਤੀ ਨਹੀਂ ਕੀਤੀ ਪਰ ਉਹ ਮੁੱਢ ਹੈ ਕਿਸੇ ਪਾਸੇ ਸ਼ੁਰੂ ਹੋਣ ਦਾ, ਉਹਦਾ ਇਸ਼ਾਰਾ ਹੋਣਾ ਚਾਹੀਦਾ ਇਹਦੇ ਵਿਚ।

ਮੇਰਾ ਦੂਸਰਾ ਨੁਕਤਾ ਹੈ ਸਿਆਸਤ ਬਾਰੇ। ਮੈਂ ਮਹਿਸੂਸ ਕਰਦਾਂ ਕਿ ਪਿਛਲੇ ਛੇ ਸੱਤ ਸਾਲ ਤੋਂ ਪੰਜਾਬੀ ਕਮਿਉਨਿਟੀ ਦੀ ਸਾਰੀ ਦੀ ਸਾਰੀ ਸਿਆਸਤ ਖਾਲਸਤਾਨ ਦੇ ਮਸਲੇ ਦੁਆਲੇ ਘੁੰਮਦੀ ਰਹੀ ਹੈ। ਚਾਹੇ ਖੱਬੀ ਰਾਜਨੀਤੀ ਵੀ ਇਥੇ ਹੈ ਪਰ ਵਿੰਗੇ ਟੇਢੇ ਢੰਗ ਨਾਲ ਪਿਛਲੇ ਛੇ ਸੱਤ ਸਾਲ ਤੋਂ ਉਹ ਵੀ ਖਾਲਿਸਤਾਨ ਦੇ ਮਸਲੇ ਨਾਲ ਹੀ ਸਬੰਧਤ ਰਹੀ ਹੈ। ਪਿਛਲੇ ਛੇ ਸੱਤ ਸਾਲ ਤੋਂ ਜੋ ਖੱਬੇ ਪੱਖੀ ਮੂਵਮੈਂਟਸ ਸਨ ਉਹ ਤਕਰੀਬਨ ਤਕਰੀਬਨ ਮੱਧਮ ਪੈ ਗਈਆਂ ਹਨ। ਉਹਨਾਂ ਦਾ ਜੋ ਵਾਹਲਾ ਸਮਾਂ ਹੈ ਉਹ ਖਾਲਿਸਤਾਨ ਦੇ ਮਸਲੇ ਨਾਲ ਸਬੰਧਤ ਰਿਹਾ ਹੈ। ਔਰ ਮੈਂ ਸਮਝਦਾਂ ਕਿ ਕੈਨੇਡਾ ਭਰ ਦੀ ਪੰਜਾਬੀ ਕਮਿਉਨਿਟੀ ਵਿਚ ਪਿਛਲੇ ਛੇ ਸੱਤ ਸਾਲ ਤੋਂ ਖਾਲਿਸਤਾਨ ਦੇ ਨਾਲ ਸਬੰਧਤ ਇੰਨਾ ਕੁਝ ਵਾਪਰਿਆ ਹੈ ਉਹਦਾ ਜ਼ਿਕਰ ਹੋਣਾ ਜ਼ਰੂਰੀ ਹੈ।

ਦਰਸ਼ਨ ਗਿੱਲ:

ਸਾਧੂ ਹੋਰਾਂ ਨੇ ਪਰਚੇ ਦੇ ਸਿਆਸਤ ਵਾਲੇ ਹਿੱਸੇ ਵਿਚ ਮੋਅ ਸਹੋਤਾ ਐਮ ਐਲ ਏ ਦਾ ਜ਼ਿਕਰ ਕੀਤਾ ਹੈ। ਪਰ ਇੰਡੋ ਕੈਨੇਡੀਅਨ ਕਮਿਉਨਿਟੀ ਵਿਚ ਹੋਰ ਵੀ ਲੋਕ ਸਿਆਸੀ ਤੌਰ ਦੇ ਉਤੇ ਸਰਗਰਮ ਰਹੇ ਹਨ। ਜਿਸ ਤਰ੍ਹਾਂ ਇਥੇ ਵੈਨਕੂਵਰ ਵਿਚ ਪੁਰਾਣੇ ਐਲਡਰਮੈਨ ਸੈਟੀ ਪਾਂਡੇਕਰ। ਜਾਂ ਵੱਖ ਵੱਖ ਥਾਵਾਂ ਤੇ, ਵਿਲੀਅਮਜ਼ ਲੇਕ ਵਿਚ ਗੁਰਬਖਸ਼ ਸੈਣੀ ਦਾ ਡਿਪਟੀ ਮੇਅਰ ਹੋਣਾ, ਤੇ ਟੈਰਿਸ, ਟੈਹਸਿਸ, ਲਿਲੁਅੱਟ ਅਦਿ ਵਿਚ ਵੀ ਆਪਣੇ ਲੋਕ ਸਿਆਸਤ ਦੇ ਵਿਚ ਰਹੇ ਹਨ। ਮੇਰੇ ਖਿਆਲ ਵਿਚ ਇਹਨਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸਾਡੀ ਸਿਆਸਤ ਕੱਲੇ ਖਾਲਿਸਤਾਨ ਦੇ ਆਲੇ ਦੁਆਲੇ ਨਹੀਂ ਘੁੰਮਦੀ ਜਿਸ ਤਰ੍ਹਾਂ ਪੂੰਨੀ ਹੋਰੀਂ ਕਿਹਾ ਹੈ। ਸਗੋਂ ਇਥੋਂ ਦੀ ਲੋਕਲ ਕਮਿਉਨਿਟੀ ਵਿਚ ਵੀ ਲੋਕ ਐਕਟਿਵ ਰਹੇ ਹਨ ਜਿਵੇਂ ਉਜਲ ਦੋਸਾਂਝ ਨੇ ਇਲੈਕਸ਼ਨ ਲੜੀ। ਮਤਲਬ ਇਥੋਂ ਦੀ ਕਮਿਉਨਿਟੀ ਵਿਚ ਲੋਕ ਹਿਸਾ ਲੈਂਦੇ ਰਹੇ ਹਨ। ਤੇ ਉਹਨਾਂ ਦਾ ਜ਼ਿਕਰ ਕਰਨਾ ਪਰਚੇ ਵਿਚ ਜ਼ਰੂਰੀ ਹੈ।

ਦੂਜੀ ਗੱਲ ਉਹ ਜ਼ਿਕਰ ਕਰਦੇ ਹਨ ਕਿ ਵਤਨੋਂ ਦੂਰ ਦੇ ਸ਼ੁਰੂ ਹੋਣ ਕਰਕੇ ਪੰਜਾਬੀ ਸਹਿਤ ਪ੍ਰਫੁਲਤ ਹੋਣਾ ਸ਼ੁਰੂ ਹੋਇਆ। ਕਿਉਂਕਿ ਇਹ ਵਤਨੋਂ ਦੂਰ ਦੇ ਸੰਪਾਦਕ ਰਹੇ ਹਨ ਮੈਂ ਇਹਨਾਂ ਨੂੰ ਇੱਕ ਗੱਲ ਪੁੱਛਣੀ ਜ਼ਰੂਰ ਚਾਹਾਂਗਾ ਕਿ ਵਤਨੋਂ ਦੂਰ ਨੂੰ ਸ਼ੁਰੂ ਕਰਨ ਪਿਛੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਦਾ ਕਾਰਨ ਸੀ ਜਾਂ ਉਹਦੇ ਪਿੱਛੇ ਕੋਈ ਹੋਰ ਕਾਰਨ ਵੀ ਸੀ? ਮੇਰੇ ਤਾਂ ਸਿਰਫ ਇਹ ਦੋ ਹੀ ਸਵਾਲ ਹਨ।

ਕੁਲਵੰਤ ਢੱਲਾ:

ਮੈਂ ਸਾਧੂ ਜੀ ਨੂੰ ਚੰਗਾ ਪੇਪਰ ਲਿਖਣ ਦੀ ਵਧਾਈ ਦਿੰਦਾ ਹਾਂ। ਪਰ ਜਿਥੋਂ ਤੱਕ ਇਹਨਾਂ ਦੇ ਆਪਣੇ ਨਾਂ ਦਾ ਸਬੰਧ ਹੈ ਸਾਧੂ ਤੇ ਧਰਮ ਨਾਲ ਇਹਨਾਂ ਨੂੰ ਥੋੜੀ ਜਿਹੀ ਬੇਇਨਸਾਫੀ ਕੀਤੀ ਹੈ। ਕਿਉਂਕਿ ਇਹਨਾਂ ਦੇ ਨਾਂ ਦੀ ਉਤਪਤੀ ਧਰਮ ਤੋਂ ਹੋਈ ਹੈ ਘੱਟੋ ਘੱਟ ਉਹਦੇ ਨਾਲ ਤਾਂ ਇਨਸਾਫ ਕਰ ਜਾਂਦੇ। ਸਾਧੂ ਹੁੰਦਿਆਂ ਵੀ ਇਹਨਾਂ ਨੂੰ ਧਰਮ ਇਕ ਬੜਾ ਹੀ ਕੌੜਾ ਬੇਰ ਦਿਖਾਈ ਦੇ ਰਿਹਾ ਹੈ, ਜਦੋਂ ਕਿ ਐਸੀ ਕੋਈ ਗੱਲ ਨਹੀਂ ਹੈ। ਕਿਉਂਕਿ ਧਰਮ ਝਗੜੇ ਦੀ ਜੜ੍ਹ ਨਹੀਂ ਹੈ। ਧਰਮ ਦੇ ਸੰਚਾਲਕ ਝਗੜੇ ਦੀ ਜੜ੍ਹ ਹੋ ਸਕਦੇ ਹਨ। ਮੈਨੂੰ ਯਾਦ ਆਉਂਦਾ ਹੈ ਕਿ ‘ਮਜਹਬ ਨਹੀਂ ਸਿਖਾਤਾ ਆਪਿਸ ਮੇ ਵੈਰ ਰੱਖਣਾ’। ਜੇ ਇਹੋ ਜਿਹੀਆਂ ਪੁਰਾਣੀਆਂ ਚੀਜ਼ਾਂ ਲੈ ਲਈਏ ਤਾਂ ਆਪਣੇ ਧਰਮ ਦੀ, ਸਿੱਖ ਧਰਮ ਦੀ ਸਟੱਡੀ ਕਰਕੇ ਦੇਖੀਏ – ‘ਸਗਲ ਸੰਗ ਹਮ ਕੋ ਬਣ ਆਈ’- ਜਿਹੜਾ ਧਰਮ ਇਹੋ ਜਿਹਾ ਸੰਨੇਹ ਦਿੰਦਾ ਹੈ ਉਸ ਨੂੰ ਕਿਵੇਂ ਕਹਿ ਸਕਦੇ ਹੋ ਕਿ ਝਗੜੇ ਦੀ ਜੜ੍ਹ ਹੈ। ਇਹ ਜ਼ਰੂਰ ਹੈ ਕਿ ਧਰਮ ਦਾ ਸਾਡੇ ਸੱਭਿਆਚਾਰ ਉਤੇ ਬਹੁਤ ਕੰਟਰੋਲ ਹੈ ਜਿਵੇਂ ਸਾਡੇ ਵਿਆਹ ਸ਼ਾਦੀਆਂ, ਸਾਡੇ ਮੇਲੇ ਤਿਓਹਾਰ, ਸਾਡੀ ਨਿੱਤ ਦੀ ਜ਼ਿੰਦਗੀ ਵਿਚ ਧਰਮ ਭਾਰੂ ਹੈ। ਧਰਮ ਨੂੰ ਜੇਕਰ ਅਸੀਂ ਪਿਛੇ ਲੈ ਜਾਈਏ ਤਾਂ ਬਾਕੀ ਜ਼ਿੰਦਗੀ ਬਹੁਤ ਸਾਰੀ ਪੰਜਾਬੀ ਹੋਣ ਦੇ ਨਾਤੇ ਮੈਂ ਸਮਝਦਾ ਹਾਂ ਡਾਵਾਂ ਡੋਲ ਹੋ ਜਾਂਦੀ ਹੈ। ਬਹੁਤ ਥੋੜੇ ਜਿਹੇ ਲੋਕੀਂ ਬਚਣਗੇ ਜਿਹੜੇ ਧਰਮ ਤੋਂ ਬਗੈਰ ਜ਼ਿੰਦਗੀ ਜੀਉਂਦੇ ਹਨ। ਸੋ ਅਸੀਂ ਗੱਲ ਬਹੁਤਿਆਂ ਦੀ ਕਰਨੀ ਹੈ ਕਿ ਬਹੁਤ ਕੀ ਕਰਦੇ ਹਨ। ਇਸ ਕਰਕੇ ਮੈਂ ਕਹੁੰਗਾ ਕਿ ਆਪਣੇ ਪਰਚੇ ਵਿਚ ਇਹ ਧਰਮ ਨੂੰ ਥੋੜਾ ਜਿਹਾ ਹੋਰ ਵਿਸਥਾਰ ਨਾਲ ਲਿਖਣ। ਜਿਹੜੀਆਂ ਉਹਦੇ ‘ਚ ਚੰਗੀਆਂ ਚੀਜ਼ਾਂ ਹਨ ਉਹਨਾਂ ਨੂੰ ਪਰਚੇ ਵਿਚ ਐਡ ਕਰਨਾ ਕੋਈ ਮਾੜੀ ਗੱਲ ਨਹੀਂ ਹੈ।

ਨਵਤੇਜ:

ਸਾਧੂ ਨੂੰ ਪ੍ਰੀਭਾਸ਼ਾ ਦੀ ਸਮੱਸਿਆ ਵੱਲ ਸੰਕੇਤ ਕੀਤਾ ਹੈ ਕਿ ਸੱਭਿਆਚਾਰ ਨੂੰ ਪਰੀਭਾਸ਼ਤ ਕਰਨਾ ਮੁਸ਼ਕਲ ਹੈ। ਇਹਨਾਂ ਸੱਭਿਆਚਾਰ ਦੀ ਪ੍ਰੀਭਾਸ਼ਾ ਵੀ ਦਿੱਤੀ ਹੈ। ਪਰ ਮੇਰਾ ਖਿਆਲ ਹੈ ਕਿ ਸ਼ਾਇਦ ਇਸੇ ਮੁਸ਼ਕਲ ਵਿਚ ਇਸ ਪੇਪਰ ਵਿਚ ਕਾਫੀ ਗੜਬੜ ਹੋ ਗਈ ਹੈ। ਪੰਜਾਬੀ ਸੱਭਿਆਚਾਰ ਬਾਰੇ ਸਾਧੂ ਸਪੱਸ਼ਟ ਨਹੀਂ ਕਿ ਉਹ ਹੈ ਕੀ ਚੀਜ਼ ਉਹ ਕਿਸ ਜਾਨਵਰ ਦਾ ਨਾਂ ਹੈ।

ਮੈਂ ਇਥੇ ਕੁਝ ਮਿਸਾਲਾਂ ਦਿੰਨਾਂ ਜਿਹਦੇ ਵਿਚੋਂ ਇਸ ਤਰ੍ਹਾਂ ਲਗਦਾ ਹੈ ਕਿ ਇਹ ਸੱਭਿਆਚਾਰ ਦੇ ਮੁੱਖ ਅੰਗ ਹਨ ਜਿਵੇਂ ਸਾਧੂ ਨੇ ਵੱਖੋਲਿਤਰੇ ਪੰਨਿਆਂ ਉਤੇ ਦਿੱਤੇ ਹਨ। ਮਿਸਾਲ ਦੇ ਤੌਰ ‘ਤੇ ਕੁਝ ਇਹਨਾਂ ਚੋਂ ‘ਸਟੀਰਿਓ ਟਾਇਪਸ’ ਵੀ ਲਗਦੇ ਹਨ। ਇੱਕ ਥਾਂ ਤੇ ਲਿਖਿਆ ਹੈ ਕਿ ਤਰ੍ਹਾਂ ਤਰ੍ਹਾਂ ਦੇ ਏਜੰਟਾਂ ਦਾ ਅਧਾਰ ਵੀ ਅਕਸਰ ਪੰਜਾਬੀ ਹੀ ਹਨ। ਇਹ ਪੰਜਾਬੀਆਂ ਨਾਲ ਵਪਾਰ ਵੀ ਕਈ ਵਾਰ ਪੰਜਾਬੀ ਤਰੀਕੇ ਨਾਲ ਹੀ ਕਰਦੇ ਹਨ। ਇਸ ਤੋਂ ਅੱਗੇ ਜਾ ਕੇ ਪੰਜਾਬੀਆਂ ਹੱਥੋਂ ਲੁੱਟ ਖਸੁੱਟ ਕੈਨੇਡਾ ਵਿਚਲੇ ਪੰਜਾਬੀ ਸੱਭਿਆਚਾਰ ਦਾ ਇਕ ਅੰਗ ਹੈ। ਪੰਜਾਬੀ ਕਾਮਿਆਂ ਕੋਲੋਂ ਹੜਤਾਲਾਂ ਤੁੜਵਾਣੀਆਂ, ਜਾਂ ਪੰਜਾਬੀ ਕਾਮਿਆਂ ਨੂੰ ਸਕੈਬ ਦੇ ਤੌਰ ‘ਤੇ ਵਰਤਣਾ ਵੀ ਸਾਡੇ ਸੱਭਿਆਚਾਰ ਦਾ ਇੱਕ ਅੰਗ ਹੈ। ਇਸੇ ਤਰ੍ਹਾਂ ਇਕ ਇਹਨਾਂ ਦਾ ਵਾਕ ਹੈ – ਪੰਜਾਬੀ ਮਾਪੇ ਆਪਣੇ ਬੱਚਿਆਂ ਨੂੰ ਗੈਰਾਂ ਕੋਲ ਅਤੇ ਖਾਸ ਕਰ ਗੋਰੇ ਲੋਕਾਂ ਕੋਲ ਛੱਡਣ ਨੂੰ ਠੀਕ ਨਹੀਂ ਸਮਝਦੇ। ਇਹ ਵੀ ਮੈਂ ਸਮਝਦਾ ਕਿ ਜੈਨਰਲਾਈਜ਼ੇਸ਼ਨ ਹੈ ਜਿਹਨੂੰ ਅਸੀਂ ਸੱਭਿਆਚਾਰ ਵਿਚ ਮੰਨ ਸਕਦੇ ਹਾਂ।

ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਂ ਨਾਲ ਨਾਲ ਨੋਟ ਕਰਦਾਂ ਰਿਹਾਂ। ਇਕ ਧਰਮ ਦਾ ਮਸਲਾ ਮੈਂ ਛੱਡ ਦਿੰਦਾ ਹਾਂ। ਜਾਤ ਪਾਤ – ਇਥੇ ਵਸਦੇ ਪੰਜਾਬੀਆਂ ਦੇ ਜੀਵਨ ਦਾ ਅਜੇ ਅਨਿੱਖੜਵਾਂ ਅੰਗ ਹੈ। ਇਥੋਂ ਦੇ ਸੱਭਿਆਚਾਰ ਵਿਚ ਨਸਲੀ ਵਿਤਕਰਾ ਸਾਡੇ ਜੀਵਨ ਦਾ ਹਿੱਸਾ ਹੈ ਜਿਹਨੂੰ ਖਤਮ ਕਰਾਉਣ ਲਈ ਕਈ ਲੋਕ ਅਜੇ ਵੀ ਜਦੋਜਹਿਦ ਕਰਨ ਤੋਂ ਕੰਨੀ ਕਤਰਾਉਂਦੇ ਹਨ। ਕਿ ਨਸਲੀ ਵਿਤਕਰਾ ਹੋ ਰਿਹਾ ਹੈ ਪਰ ਬਹੁਤੇ ਲੋਕ ਜਿਹੜੇ ਪੰਜਾਬੀ ਹਨ ਉਹ ਇਹਦੇ ਪ੍ਰਤੀਰੋਧ ਵਿਚ ਬੋਲ ਨਹੀਂ ਰਹੇ। ਇਹ ਵੀ ਸਾਡੇ ਸੱਭਿਆਚਾਰ ਦਾ ਹਿੱਸਾ ਆ।

ਮੈਂ ਸੱਭਿਆਚਾਰ ਨੂੰ ਉਸੇ ਰੂਪ ਵਿਚ ਲੈ ਰਿਹਾਂ ਜਿਸ ਰੂਪ ਵਿਚ, ਜਿਸ ਵਿਸ਼ਾਲ ਪ੍ਰੀਭਾਸ਼ਾ ਵਿਚ ਸਾਧੂ ਨੇ ਪੇਸ਼ ਕੀਤਾ ਹੈ। ਔਰਤ ਨੂੰ ਮਲਕੀਅਤ ਦਾ ਹਿੱਸਾ ਸਮਝਣਾ, ਵੇਚਿਆ ਖ੍ਰੀਦਿਆ ਜਾਣਾ ਵੀ ਸਾਡੇ ਸੱਭਿਆਚਾਰ ਦਾ ਮੁੱਖ ਹਿੱਸਾ ਹੈ। ਜਾਤ ਪਾਤ ਕਰਕੇ ਕੁਝ ਲੋਕਾਂ ਦੀ ਦੂਜਿਆਂ ਉੱਪਰ ਸਰਦਾਰੀ ਕਾਇਮ ਕਰਨੀ ਵੀ ਸਾਡੇ ਸੱਭਿਆਚਾਰ ਦਾ ਇਕ ਹਿੱਸਾ ਹੈ। ਕੁਝ ਧਾਰਮਿਕ ਰਸਮਾਂ ਰੀਤਾਂ ਬਾਰੇ ਵੀ ਕੁਛ ਇਸ ਤਰ੍ਹਾਂ ਦੇ ਵਾਕ ਮਿਲ ਜਾਂਦੇ ਹਨ।

ਅਖੀਰ ਤੇ ਸਾਧੂ ਕਹਿ ਰਿਹਾ ਹੈ ਕਿ ਮੈਨੂੰ ਤੌਖਲਾ ਹੈ ਕਿ ਸਾਡਾ ਸੱਭਿਆਚਾਰ ਇਥੋਂ ਖਤਮ ਹੋ ਜਾਵੇਗਾ। ਕੀ ਏਸ ਸੱਭਿਆਚਾਰ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ? ਜੇ ਸਾਡੇ ਸੱਭਿਆਚਾਰ ਦੇ ਇਹ ਅੰਗ ਹਨ ਤਾਂ ਕੀ ਇਸ ਗੱਲ ਤੋਂ ਤੁਹਾਨੂੰ ਤੌਖਲਾ ਹੈ ਕਿ ਇਹ ਕਿਤੇ ਖਤਮ ਨਾ ਹੋ ਜਾਏ? ਉਹ ਕਹਿੰਦੇ ਹਨ ਕਿ ਜਦੋਂ ਬੱਚੇ ਮੈਕਡਾਨਲਡ ਦੇ ਹੈਮਬਰਗਰਾਂ ਦੀ ਜਿਦ ਕਰਦੇ ਹਨ ਤਾਂ ਮਨ ਨੂੰ ਇਕ ਡਰ ਜਿਹਾ ਜ਼ਰੂਰ ਲਗਦਾ ਹੈ। ਅੱਗੇ ਲਿਖਦੇ ਹਨ ਕਿ ਪੰਜਾਬੀ ਸੱਭਿਆਚਾਰ ਦੀ ਹੋਰ ਕੋਈ ਚੀਜ਼ ਇਥੇ ਬਹੁਤੀ ਦੇਰ ਕੱਢੇ ਨਾ ਕੱਢੇ ਇਹਦੇ ਬਾਰੇ ਨਿਰਨਾ ਕਰਨਾ ਮੁਸ਼ਕਲ ਹੈ ਪਰ ਪੰਜਾਬੀ ਖਾਣਿਆਂ ਨੂੰ ਕੋਈ ਨਹੀਂ ਮਨ ਚੋਂ ਕੱਢ ਸਕਦਾ। ਭਾਵ ਮੈਂ ਇਹ ਲੈ ਰਿਹਾ ਹਾਂ ਕਿ ਬਾਕੀ ਚੀਜ਼ਾਂ ਨੂੰ ਵੀ ਸਾਧੂ ਚਾਹੁੰਦਾ ਕਿ ਨਾ ਨਿਕਲਣ। ਅੱਗੇ ਲਿਖਿਆ ਹੈ ਕਿ ਇਹਨਾਂ ਤੇ ਹੋਰ ਅਜੇਹੇ ਕਾਰਨਾਂ ਕਰਕੇ ਪੰਜਾਬੀਆਂ ਵਲੋਂ ਅਕਸਰ ਆਪਣੇ ਸੱਭਿਆਚਾਰ ਨੂੰ ਸਾਂਭਣ ਦੀ ਗੱਲ ਕੀਤੀ ਜਾਂਦੀ ਹੈ। ਉਹਨਾਂ ਨੂੰ ਡਰ ਲੱਗਦਾ ਹੈ ਕਿ ਸਾਡਾ ਸੱਭਿਆਚਾਰ ਖਤਮ ਨਾ ਹੋ ਜਾਏ। ਅਖੀਰ ਤੇ ਇਕ ਵਾਕ ਲਿਖਿਆ ਹੈ, ਸ਼ਾਇਦ ਸਾਧੂ ਨੂੰ ਇਸ ਗੱਲ ਦਾ ਅਹਿਸਾਸ ਹੈ, ਕੀ ਸਾਡੇ ਸੱਭਿਆਚਾਰ ਵਿਚ ਸੱਭ ਕੁਝ ਬਚਾ ਕੇ ਰੱਖਣ ਯੋਗ ਹੈ? ਪਰ ਮੈਨੂੰ ਇਸ ਸਾਰੇ ਲੇਖ ਵਿਚ ਕੋਈ ਐਸੀ ਚੀਜ਼ ਨਹੀਂ ਮਿਲੀ ਜਿਹੜੀ ਰੱਖਣ ਯੋਗ ਸਾਧੂ ਨੂੰ ਦਰਜ ਕੀਤੀ ਹੋਵੇ। ਨਾਲੇ ਮੇਰਾ ਖਿਆਲ ਆ ਸੱਭਿਆਚਾਰ ਵੀ ‘ਕਲਾਸ ਓਰੀਐਇੰਟਡ ਹੁੰਦਾ ਹੈ, ਪੰਜਾਬ ‘ਚ ਜੱਟਾਂ ਦਾ ਸੱਭਿਆਚਾਰ ਹੋਰ ਆ ਮਜਹਬੀਆਂ ਦਾ ਸੱਭਿਆਚਾਰ ਹੋਰ ਆ। ਸੋ ਮੇਰਾ ਇਕ ਇਹੀ ਸਵਾਲ ਹੈ, ਹੋ ਸਕਦਾ ਹੈ ਮੈਂ ਕਾਹਲੀ ‘ਚ ਗਲਤ ਕਹਿ ਰਿਹਾ ਹੋਵਾਂ,ਅਸੀਂ ਕਿਹੜੇ ਸੱਭਿਆਚਾਰ ਦੀ ਗੱਲ ਕਰਦੇ ਹਾਂ? ਉਹਦੇ ਬਾਰੇ ਸਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ।

ਅਜਮੇਰ ਰੋਡੇ:

ਮੇਰਾ ਖਿਆਲ ਹੈ ਕਿ ਨਵਤੇਜ ਦੇ ਵਿਸ਼ਲੇਸ਼ਣ ਦੇ ਬਾਵਜੂਦ ਪਰਚੇ ਬਾਰੇ ਮੇਰੀ ਕਾਫੀ ਹਾਂ ਪੱਖੀ ਰਾਏ ਹੈ। ਸਾਧੂ ਨੇ ਵਿਸ਼ਲੇਸ਼ਣ ਵਿਚ ਸ਼ਾਇਦ ਉਨੀ ਮਿਹਨਤ ਨਹੀਂ ਕੀਤੀ ਪਰ ਫੇਰ ਵੀ ਜਿਹੜਾ ਵਿਸਥਾਰ ਦਿੱਤਾ ਹੈ ਉਹਦੇ ਚੋਂ ਵਾਕਿਆ ਹੀ ਆਪਣੇ ਸੱਭਿਆਚਾਰ ਦੀਆਂ ਝਲਕੀਆਂ ਜ਼ਰੂਰ ਦਿਸਦੀਆਂ ਹਨ। ਇੰਨੇ ਵਿਸਥਾਰ ਵਿਚ ਮਿਹਨਤ ਕਰਕੇ ਜੋ ਕੁਛ ਲਿਖਿਆ ਹੈ ਮੇਰੇ ਖਿਆਲ ਵਿਚ ਬਹੁਤ ਕੀਮਤੀ ਹੈ। ਇਹਦੇ ਨਾਲ ਹੀ ਇਕ ਜਿਹੜੀ ਇਹਨਾਂ ਨੂੰ ਖੋਜ ਪੱਤਰ ਲਿਖਣ ਦੀ ਸਟਰਕਚਰ ਬਣਾਈ ਹੈ ਉਹ ਵੀ ਇਹਨਾਂ ਦੀ ਥੋੜੀ ਜਿਹੀ ਵਿਲੱਖਣ ਹੈ। ਯੂਨੀਵਰਸਿਟੀ ਸਟਾਈਲ ਦੀ। ਇਹੋ ਜਿਹੇ ਵਿਸ਼ਿਆਂ ‘ਤੇ ਸ਼ਾਇਦ ਇਸੇ ਤਰ੍ਹਾਂ ਹੀ ਲਿਖਿਆ ਜਾਣਾ ਚਾਹੀਦਾ ਹੈ। ਜਿਥੋਂ ਵੀ ਕੋਈ ਸੋਰਸ ਮਟੀਰੀਅਲ ਲਿਆ ਹੋਵੇ ਅਖੀਰ ‘ਤੇ ਜ਼ਰੂਰ ਉਹਦਾ ਹਵਾਲਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਜੇ ਤੁਸੀਂ ਅਗਾਂਹ ਪੜਨਾ ਹੋਵੇ ਤਾਂ ਪੜ ਸਕੋ।

ਨਾਲ ਹੀ ਥੋੜਾ ਜਿਹਾ ਦੂਸਰਾ ਪੱਖ ਵੀ ਹੈ ਵੈਸੇ ਮੇਰੇ ਕੋਲ ਵੀ। ਮੈਂ ਇੰਨਾ ਕੋਈ ਸਖਤ ਨਹੀਂ। ਮੈਨੂੰ ਲੱਗਾ ਕਿ ਪਰਚਾ ਬਹੁਤਾ ਬੈਲੈਂਸਡ ਹੈ। ਐਨ ਗਿਣਿਆਂ ਮਿਥਿਆ ਹੈ ਕਿ ਪਹਿਲਾਂ ਆਹ ਵਿਸ਼ਾ ਆ ਗਿਆ ਫਿਰ ਆ ਆ ਗਿਆ। ਇਹਦੇ ਨਾਲੋਂ ਜੇ ਥੋੜਾ ਜਿਹਾ ਵਿਸ਼ਾ ਭਾਵੇਂ ਅਨਬੈਲੈਂਸਡ ਹੋ ਜਾਂਦਾ ਪਰ ਕਿਸੇ ਖਾਸ ਚੀਜ਼ ‘ਤੇ ਵਾਧੂ ਜੋਰ ਦਿੱਤਾ ਹੁੰਦਾ, ਐਮਫੈਸਾਈਜ਼ਡ ਹੁੰਦਾ ਤਾਂ ਸ਼ਾਇਦ ਵਧੀਆ ਰਹਿੰਦਾ। ਮੇਰੇ ਖਿਆਲ ਨਾਲ ਜਿਹੜਾ ਆਪਣੇ ਇਥੇ ਦੇ ਸੱਭਿਆਚਾਰ ਦਾ ਇਕ ਭਾਰੂ ਪੱਖ ਸਾਡੇ ਵਿਚ ਹੀਣ ਭਾਵ ਦਾ ਹੈ, ਜੋ ਸਾਡੇ ਵਿਚ ਜਦੋਂ ਅਸੀਂ ਪੰਜਾਬ ਤੋਂ ਨਵੇਂ ਨਵੇਂ ਆਉਂਦੇ ਹਾਂ ਤਾਂ ਕਾਫੀ ਹੁੰਦਾ ਹੈ, ਹੁਣ ਭਾਂਵੇ ਇਹ ਘੱਟ ਰਿਹਾ ਹੈ। ਆਪਣਾ ਮੁਲਕ ਅੰਗਰੇਜ਼ਾਂ ਦੇ ਥੱਲੇ ਰਿਹਾ ਹੋਣ ਕਰਕੇ ਇਹ ਅਹਿਸਾਸ ਜਾਣ ‘ਚ ਬਹੁਤ ਦੇਰ ਲਗਦੀ ਹੈ। ਕਿਸੇ ਵੀ ਗੋਰੇ ਬੰਦੇ ਅੱਗੇ, ਜੇ ਉਹ ਬਾਸ ਹੋਵੇ ਫੇਰ ਤਾਂ ਕਮਾਲ ਈ ਆ, ਉਹਦੇ ਅੱਗੇ ਲੋਕ ਗੱਲ ਕਰਨ ਲੱਗੇ ਝਕਦੇ ਆ। ਔਰ ਹਰ ਬੰਦੇ ‘ਚ ਹੀ ਇਹ ਗੱਲ ਮੌਜੂਦ ਹੁੰਦੀ ਹੈ। ਇਹਨੂੰ ਤੁਸੀਂ ਸੱਭਿਆਚਾਰ ਦਾ ਹਿੱਸਾ ਕਹਿ ਸਕਦੇ ਜਾਂ ਨਹੀਂ? ਪਰ ਜੇ ਧਰਮ ਹਿੱਸਾ ਹੈ ਤਾਂ ਇਹ ਵੀ ਹੈ। ਮੈਂ ਤਾਂ ਕਹਿੰਨਾ ਕਿ ਅਸਲ ‘ਚ ਸਾਡੇ ਕੈਨੇਡੀਅਨ ਸਮਾਜ ਵਿਚ ਇਹ ਇਕ ਖਾਸ ਸਾਡੀ ਸ਼ਖਸੀਅਤ ਦਾ ਹਿੱਸਾ ਹੈ ਜਿਹੜਾ ਕਿ ਇਹਦੇ ਵਿਚ ਹੋਣਾ ਚਾਹੀਦਾ ਸੀ। ਇਹ ਪਹਿਲੂ ਸਾਡੀ ਜਿੰਦਗੀ ‘ਤੇ ਬਹੁਤ ਅਸਰ ਪਾਉਂਦਾ ਹੈ ਅਤੇ ਜਿਹਦੇ ‘ਚ ਸਾਡਾ ਕੋਈ ਕਸੂਰ ਨਹੀਂ। ਇਹ ਸਿਰਫ ਇਤਿਹਾਸਕ ਸਚਾਈ ਹੈ ਕਿ ਅਸੀਂ ਉਹਨਾਂ ਦੇ ਗੁਲਾਮ ਰਹੇ ਹਾਂ। ਉਂਝ ਹੀ ਮੰਨ ਲੈਂਦੇ ਹਨ ਕਿ ਦੂਜੇ ਲੋਕ ਸਾਥੋਂ ਸੁਪੀਰੀਅਰ ਹਨ। ਉਤੋਂ ਭਾਂਵੇ ਗਾਲਾਂ ਕੱਢੀ ਜਾਣ ਪਰ ਅੰਦਰੋਂ ਜਬਾਨ ਥਿੜਕਦੀ ਹੁੰਦੀ ਆ। ਉਹਦੇ ‘ਚ ਬੋਲੀ ਦਾ ਵੀ ਹਿੱਸਾ ਆ। ਕਿਉਂਕਿ ਜੇ ਅਸੀਂ ਵਧੀਆ ਬੋਲੀ ਨਹੀਂ ਬੋਲ ਸਕਦੇ ਜਾਂ ਅੰਗਰੇਜ਼ੀ ‘ਚ ਗੱਲ ਕਰਨੀ ਪੈਂਦੀ ਹੈ ਤਾਂ ਸਾਡੀ ਹਾਲਤ ਉਦੋ ਵੀ ਥੱਲੇ ਹੁੰਦੀ ਹੈ। ਬੰਦੇ ਦੀ ਸ਼ਖਸੀਅਤ ਹੀ ਡਿਸਟੋਰਟ ਹੋ ਜਾਂਦੀ ਹੈ। ਇਕ ਬੰਦਾ ਭਾਵੇਂ ਫਰਾਡ ਹੀ ਹੋਵੇ, ਬੋਗਸ ਹੋਵੇ ਜੇ ਉਹ ਬਹੁਤ ਖੁਬਸੂਰਤ ਅੰਗਰੇਜ਼ੀ ਬੋਲਦਾ ਹੈ ਤਾਂ ਉਹ ਪਾਸ ਔਨ ਹੋ ਜਾਂਦਾ ਹੈ, ਆਪਣੀ ਚਲਾ ਜਾਂਦਾ ਹੈ। ਮੇਰਾ ਮਤਲਬ ਹੈ ਕਿ ਭਾਵੇਂ ਅਖੀਰ ਵਿਚ ਉਹਦਾ ਪਾਜ ਖੁੱਲ ਜਾਏ ਪਰ ਇਹ ਜ਼ਰੂਰੀ ਨਹੀਂ। ਕਿਉਂਕਿ ਤੁਸੀਂ ਹਰ ਬੰਦੇ ਨਾਲ ਲੰਮੇ ਸਮੇਂ ਲਈ ਨਹੀਂ ਵਰਤਣਾ ਹੁੰਦਾ। ਹੋ ਸਕਦਾ ਹੈ ਕਿ ਤੁਸੀਂ ਮੁੜ ਕੇ ਉਸ ਬੰਦੇ ਨਾਲ ਗੱਲ ਈ ਨਾ ਕਰਨੀ ਹੋਵੇ। ਇਸ ਕਰਕੇ ਮੇਰੇ ਖਿਆਲ ‘ਚ ਹੀਣਭਾਵਤਾ ਸਾਡੇ ਵਿਚ ਅਜੇ ਵੀ ਰਚੀ ਹੋਈ ਹੈ। ਜਦ ਨਵੇਂ ਲੋਕ ਆਉਂਦੇ ਹਨ ਉਹਨਾਂ ਦੇ ਇਧਰਲੀ ਸੁਸਾਈਟੀ ਨਾਲ ਵਰਤਾਰੇ ‘ਚ ਇਹ ਇਕ ਕਾਫੀ ਮਹੱਤਵਪੂਰਣ ਪੱਖ ਹੁੰਦਾ ਹੈ ਜੋ ਕਿ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ। ਅਖੀਰ ਵਿਚ ਜਿਹੜਾ ਪੰਜਾਬੀ ਸੱਭਿਆਚਾਰ ਪੰਜਾਬ ਵਿਚ ਹੈ ਕੀ ਅਸੀਂ ਉਹ ਹੀ ਸਾਂਭਣਾ ਹੈ ਕਿ ਐਨ ਜੋ ਕੁਝ ਉੱਥੇ ਸੀ ਉਹੋ ਕੁਝ ਇਥੇ ਵੀ ਰਵੇ ਕਿ ਉਹਦੇ ‘ਚ ਕੁਝ ਗਲਤ ਗੱਲਾਂ ਹਨ ਉਹਨਾਂ ਨੂੰ ਹਟਾ ਕੇ ਕੋਈ ਹੋਰ ਰੂਪ ਬਣੇ, ਇਹਦੇ ਬਾਰੇ ਵੀ ਸਪੱਸ਼ਟੀ ਕਰਨੀ ਚਾਹੀਦੀ ਆ।

ਰਾਜ ਚੋਹਾਨ:

ਇਹਦੇ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਸਾਧੂ ਦਾ ਪੇਪਰ ਉਹ ਵਾਕਿਆ ਹੀ ਬਹੁਤ ਖੋਜ ਭਰਪੂਰ ਅਤੇ ਬੈਲੈਂਸਡ ਹੈ। ਮੇਰਾ ਖਿਆਲ ਹੈ ਕਿ ਇਹਨੂੰ ਅਨਬੈਲੈਂਸਡ ਕਰਨ ਦੀ ਜ਼ਰੂਰਤ ਨਹੀਂ। ਇਹਦੇ ਵਿਚ ਜਿਥੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ ਉਹਦੇ ਵਿਚ ਔਰਤ ਬਾਰੇ ਕਾਫੀ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਕਿਨ ਇਕ ਚੀਜ ਮੈਨੂੰ ਵਿਚੋਂ ਕਾਫੀ ਰੜਕਦੀ ਨਜ਼ਰ ਆਈ ਹੈ। ਉਹ ਹੈ ਕਿ ਸਾਡੇ ਸੱਭਿਆਚਾਰ ਵਿਚ ਹੋਰ ਵੱਡੀ ਬੀਮਾਰੀ ਫੈਲ ਰਹੀ ਹੈ ਅੱਜ ਕੱਲ ਆਹ ਜਿਹੜੀਆਂ ਅਰੇਂਜਡ ਵਿਆਹ ਹੋ ਰਹੇ ਹਨ ਅਤੇ ਨਾਲ ਨਾਲ ਦਾਜ ਦੀ ਪ੍ਰਥਾ ਨੂੰ ਵੀ ਕਾਫੀ ਉਭਾਰਿਆ ਜਾ ਰਿਹਾ ਹੈ। ਬਹੁਤ ਸਾਰੀਆਂ ਫੈਮਲੀ ਵਿਚ ਜਦੋਂ ਵਿਆਹ ਹੁੰਦੇ ਹਨ ਖਾਸ ਕਰਕੇ ਇਥੇ ਵੈਨਕੂਵਰ ਵਿਚ ਉਹਨਾਂ ਵਿਚ ਦਾਜ ਨੂੰ ਮੰਗਣੇ ਵੇਲੇ ਵੀ ਤੇ ਵਿਆਹ ਵੇਲੇ ਵੀ ਕਾਫੀ ਮਹੱਤਤਾ ਦਿੱਤੀ ਜਾਂਦੀ ਹੈ। ਮੇਰਾ ਖਿਆਲ ਹੈ ਆਪਾਂ ਨੂੰ ਜ਼ਰੂਰ ਇਹਦੇ ਬਾਰੇ ਕੁਝ ਲਿਖਣਾ ਚਾਹੀਦਾ ਪੇਪਰ ਵਿਚ।

ਜਿਹੜਾ ਨੁਕਤਾ ਕੁਲਵੰਤ ਹੋਰਾਂ ਨੇ ਕਿਹਾ ਸੀ ਕਿ ਧਰਮ ਨਹੀਂ ਸਿਖਾਉਂਦਾ ਇੱਕ ਦੂਜੇ ਨਾਲ ਵੈਰ ਕਰਨਾ ਜੇ ਸਾਧੂ ਹੋਰਾਂ ਨੇ ਲਿਖਿਆ ਕਿ ਧਰਮ ਵਾਕਿਆ ਈ ਵੈਰ ਕਰਨਾ ਸਿਖਾਉਂਦਾ ਤਾਂ ਮੈਂ ਸਾਧੂ ਨਾਲ ਸਹਿਮਤ ਹਾਂ। ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਕਮਿਉਨਿਟੀ ਦੇ ਵਿਚ, ਜਿਹਦੇ ਸੱਭਿਆਚਾਰ ਦੀ ਅਸੀਂ ਗੱਲ ਕਰਦੇ ਹਾਂ, ਜਿਹੜਾ ਗੰਦ ਧਰਮ ਨੇ ਪਾਇਆ ਮੇਰਾ ਖਿਆਲ ਹੋਰ ਕਿਸੇ ਨੇ ਨਹੀਂ ਪਾਇਆ ਹੋਣਾ। ਜਦੋਂ ਪਿਛਲੇ ਛੇ ਸੱਤ ਸਾਲਾਂ ਦੀ ਸਿਆਸਤ ਦੀ ਗੱਲ ਕਰਦੇ ਹਾਂ, ਜਿਵੇਂ ਸੋਹਣ ਨੇ ਗੱਲ ਕੀਤੀ ਹੈ, ਪੰਜਾਬ ਤੋਂ ਲੈ ਕੇ ਇਥੇ ਤੱਕ ਜਿਹੜੀਆਂ ਹਾਲਤਾਂ ਦੇ ਵਿਚ ਦੀ ਅਸੀਂ ਲੰਘ ਰਹੇ ਹਾਂ, ਜਿਹਦੇ ਵਿਚ ਖੱਬੇ ਪੱਖੀ ਗਰੁੱਪ ਵੀ ਉਸੇ ਪਾਸੇ ਹੀ ਕੇਂਦਰਿਤ ਹੋ ਗਏ ਹਨ ਉਹ ਧਰਮ ਦੀ ਹੀ ਮੇਹਰਬਾਨੀ ਹੈ। ਤੇ ਅਖੀਰ ਵਿਚ ਮੈਂ ਨਵਤੇਜ ਹੋਰਾਂ ਨਾਲ ਸਹਿਮਤ ਹਾਂ ਕਿ ਸੱਭਿਆਚਾਰ ਦੀਆਂ ਜਿਹੜੀਆਂ ਚੀਜ਼ਾਂ ਆਪਾਂ ਬਚਾਉਣੀਆਂ ਚਾਹੁੰਦੇ ਹਾਂ ਉਹਨਾਂ ਨੂੰ ਸਾਹਮਣੇ ਲਿਆਉਣਾ ਵੀ ਬਹੁਤ ਜ਼ਰੂਰੀ ਹੈ।

ਹਰੀ ਸ਼ਰਮਾ:

ਮੈਂ ਨਵਤੇਜ ਜੀ ਹੋਰਾਂ ਨਾਲ ਸਹਿਮਤ ਹਾਂ ਕਿ ਸੱਭਿਆਚਾਰ, ਜੇ ਸੱਭਿਆਚਾਰ ਦਾ ਮਤਲਬ ਸੰਸਕਿ੍ਤੀ, ਹੈ ਕਲਚਰ ਹੈ, ਕਿ ਉਸ ਦਾ ਵੀ ਇਕ ਜਮਾਤੀ ਅਧਾਰ ਹੁੰਦਾ ਹੈ। ਮੈਂ ਉਸ ਤੋਂ ਅੱਗੇ ਗੱਲ ਕਰਨੀ ਚਾਹੁੰਦਾ ਹਾਂ ਕਿ ਇਕ ਯੁੱਗ ਦਾ ਵੀ ਉਹਦੇ ਨਾਲ ਸਬੰਧ ਹੁੰਦਾ ਹੈ। ਹਰ ਯੁੱਗ ਦਾ ਆਪਣਾ ਇਕ ਸੱਭਿਆਚਾਰ ਹੁੰਦਾ ਹੈ। ਜਗੀਰੂ ਕਦਰਾਂ ਕੀਮਤਾਂ ਜਗੀਰੂ ਪੈਦਾ ਵਾਰੀ ਢਾਂਚੇ ਨਾਲ ਪੈਦਾ ਹੋਈਆਂ ਤੇ ਜਦੋਂ ਬੂਰਜਵਾ ਸਮਾਜ ਆਇਆ ਤਾਂ ਪਹਿਲੀਆਂ ਕੀਮਤਾਂ ਨੂੰ ਕਾਫੀ ਖਤਮ ਵੀ ਕੀਤਾ। ਅਜ ਜੇ ਅਸੀਂ ਕੈਨੇਡਾ ਵਿਚਲੇ ਭਾਰਤੀ ਲੋਕਾਂ ਦੇ ਜਾਂ ਪੰਜਾਬੀ ਲੋਕਾਂ ਦੇ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ ਤਾਂ ਇਹ ਗੱਲ ਉਸ ਪੱਖ ਤੋਂ ਹੱਟ ਕੇ ਨਹੀਂ ਕਰ ਸਕਦੇ।

ਮੈਂ ਦੋ ਤਿੰਨ ਮਿਸਾਲਾਂ ਦਿੰਦਾਂ ਹਾਂ। ਅਤੇ ਇਸ ਗੱਲ ਵਿਚ ਫਰਕ ਵੀ ਕਰਨਾ ਪਵੇਗਾ। ਮੈਂ ਇਕ ਬਹੁਤ ਹੀ ਵਿਅਕਤੀਗਤ ਤਰੀਕੇ ਨਾਲ ਦੱਸ ਰਿਹਾ ਹਾਂ ਕਿ ਮੈਨੂੰ ਕਦੋ ਖੁਸ਼ੀ ਅਤੇ ਕਦੋਂ ਦੁੱਖ ਹੁੰਦਾ ਹੈ। ਜਦ ਮੈਨੂੰ ਪਤਾ ਲੱਗਾ ਕਿ ਇਥੇ ਭੰਗੜੇ ਦੀ ਟੀਮ ਬਣੀ ਹੈ, ਭੰਗੜਾ ਪੈਂਦਾ ਹੈ ਤਾਂ ਮੈਨੂੰ ਇਕ ਬਹੁਤ ਹੀ ਦਿਲੀ ਖੁਸ਼ੀ ਹੋਈ ਕਿ ਅੱਜ ਅਸੀਂ ਆਪਣੇ ਸੱਭਿਆਚਾਰ ਦੇ ਇਕ ਪਹਿਲੂ ਨੂੰ, ਇਕ ਲੋਕ ਨਾਚ ਨੂੰ ਲੋਕਾਂ ਦੇ ਸਾਹਮਣੇ ਲਿਆ ਰਹੇ ਹਾਂ। ਪੰਜਾਬੀ ਵਿਚ ਵਤਨੋਂ ਦੂਰ ਪੇਪਰ ਛਪਦਾ ਹੈ ਉਸ ਵਿਚ ਕਹਾਣੀਆਂ ਛਪਦੀਆਂ ਨੂੰ ਅਤੇ ਉਸਨੂੰ ਦੇਖ ਕੇ, ਭਾਵੇਂ ਮੈਂ ਪੜ੍ਹ ਨਹੀਂ ਸਕਦਾ, ਪਰ ਦਿਲ ‘ਚ ਹਮੇਸ਼ਾਂ ਇਹ ਅਹਿਸਾਸ ਰਿਹਾ ਹੈ ਕਿ ਇਹ ਇਕ ਬਹੁਤ ਹੀ ਹਾਂ ਪੱਖੀ ਪਹਿਲੂ ਹੈ ਜੋ ਕਾਇਮ ਰੱਖਣਾ ਚਾਹੀਦਾ ਹੈ। ਬੇਸ਼ੱਕ ਗੁਰਦੁਆਰੇ ਹੀ ਕਰਨ ਪਰ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਈ ਜਾਵੇ। ਇਥੇ ਬੰਗਾਲੀ ਸੁਸਾਈਟੀ ਹੈ ਉਹ ਬੱਚਿਆਂ ਨੂੰ ਬੰਗਾਲੀ ਭਾਸ਼ਾ ਸਿਖਾਲਦੇ ਹਨ। ਇਹ ਗੱਲਾਂ ਸੁਣ ਕੇ ਮੈਨੂੰ ਹੱਦ ਤੋਂ ਵੱਧ ਖੁਸ਼ੀ ਹੁੰਦੀ ਹੈ। ਇਹ ਸੰਮੇਲਨ ਹੋ ਰਿਹਾ ਹੈ ਇਹ ਵੀ ਇਕ ਖੁਸ਼ੀ ਦੀ ਗੱਲ ਹੈ ਸੱਭਿਆਚਾਰ ਨੂੰ ਕਾਇਮ ਰੱਖਣ ਦਾ ਯਤਨ ਹੈ। ਸੋ ਮੇਰੇ ਖਿਆਲ ਵਿਚ ਸਾਧੂ ਨੂੰ ਜੇ ਇਹ ਨਹੀਂ ਕੀਤਾ ਤਾਂ ਉਹਨੂੰ ਕਰਨਾ ਚਾਹੀਦਾ ਹੈ। ਇਸ ਗੱਲ ਦਾ ਫੈਸਲਾ ਕਰਨਾ ਹੋਵੇਗਾ ਕਿ ਹਾਂ ਪੱਖੀ ਕੀ ਹੈ।

ਇਹ ਸਚਾਈ ਹੈ ਕਿ ਵੀਹ ਸਾਲ ਪਹਿਲਾਂ ਹਿੰਦੁਸਤਾਨ ਜਾਂ ਪੰਜਾਬ ਦੀਆਂ ਔਰਤਾਂ ਇਥੇ ਸੜਕਾਂ ‘ਤੇ ਸੂਟ ਸਲਵਾਰ ਪਹਿਨ ਕੇ ਨਹੀਂ ਸੀ ਤੁਰ ਸਕਦੀਆਂ। ਅਸੀਂ ਪੁਰਾਣੇ ਲੋਕਾਂ ਨਾਲ ਇੰਟਰਵੀਊ ਕਰ ਰਹੇ ਹਾਂ, ਸਾਧੂ ਵੀ ਉਸ ਵਿਚ ਸ਼ਾਮਲ ਹੈ, ਉਹਨਾਂ ਮੁਤਾਬਕ ਔਰਤਾਂ ਇਥੇ ਪਹੁੰਚ ਕੇ ਪਹਿਲਾ ਕੰਮ ਸਕੱਰਟ ਪਾਉਣ ਦਾ ਕਰਦੀਆਂ ਸਨ। ਇਥੇ ਦੀਆਂ ਜੁੱਤੀਆਂ ਪਾਉਣੀਆਂ ਸ਼ੁਰੂ ਕਰਦੀਆਂ ਸਨ। ਹੁਣ ਇਹ ਹਾਲ ਹੈ ਕਿ ਤੁਸੀਂ ਜਿਥੇ ਵੀ ਜਾਓ ਤੁਹਾਨੂੰ ਸਲਵਾਰ ਦਿਸੇਗੀ, ਦੁਪੱਟਾ ਦਿਸੇਗਾ, ਸਾੜੀ ਦਿਸੇਗੀ। ਮੈਨੂੰ ਇਹ ਲਗਦਾ ਹੈ ਕਿ ਇਹ ਇਕ ਚੰਗੀ ਚੀਜ਼ ਹੈ ਇਕ ਹਾਂ ਪੱਖੀ ਚੀਜ਼ ਹੈ।
ਲੇਕਿਨ ਇਸ ਤੋ ਇਲਾਵਾ ਹੋਰ ਵੀ ਪੱਖ ਹਨ। ਇਕ ਉਦਾਹਰਣ ਦਿੰਦਾ ਹਾਂ। ਯੂਨੀਵਰਸਿਟੀ ਵਿਚ ਮੇਰੀ ਇਕ ਵਿਦਿਆਰਥਣ ਪੰਜਾਬ ਦੀ ਜੰਮੀ ਹੋਈ ਹੈ। ਉਹ ਮੈਨੂੰ ਦੱਸ ਰਹੀ ਸੀ ਕਿ ਉਹ ਇਕ ਕੈਨੇਡੀਅਨ ਗੋਰੇ ਨਾਲ ਵਿਆਹ ਕਰਾਉਣ ਬਾਰੇ ਸੋਚ ਰਹੀ ਸੀ। ਪਰ ਉਸਦੇ ਮਾਂ ਬਾਪ ਨੇ ਉਸਨੂੰ ਮਨਾ ਕਰ ਦਿੱਤਾ। ਉਹ ਕਹਿਣ ਲੱਗੇ ਕਿ ਸ਼ਾਦੀ ਤਾਂ ਇਕ ਪੰਜਾਬੀ ਨਾਲ ਹੀ ਕਰਨੀ ਪਵੇਗੀ। ਕੁੜੀ ਨੂੰ ਇਸ ਗੱਲ ‘ਤੇ ਬੜਾ ਦੁੱਖ ਹੋਇਆ, ਨਿਰਾਸ਼ਾ ਹੋਈ। ਬਾਅਦ ਵਿਚ ਉਸਨੇ ਸੋਚਿਆ ਕਿ ਚਲੋ ਕਿਸੇ ਪੰਜਾਬੀ ਨਾਲ ਹੀ ਵਿਆਹ ਕਰਾ ਲਵੇਗੀ। ਉਹਨੇ ਇਕ ਪੰਜਾਬੀ ਲੜਕਾ ਪਸੰਦ ਕਰ ਲਿਆ। ਤਾਂ ਉਸਦੇ ਮਾਂ ਬਾਪ ਨੇ ਉਸ ਬਾਰੇ ਵੀ ਨਾਂਹ ਕਰ ਦਿੱਤੀ ਕਿ ਉਹ ਮੁੰਡਾ ਦੁਆਬੇ ਦਾ ਨਹੀਂ। ਪੰਜਾਬ ਦਾ ਇਹ ਸੱਭਿਆਚਾਰ ਕਿਥੋਂ ਆ ਰਿਹਾ ਹੈ ਕਿਥੇ ਪਹੁੰਚ ਰਿਹਾ ਹੈ। ਹੁਣ ਇਕ ਦੋ ਮਹੀਨੇ ਪਹਿਲਾਂ ਦੀ ਇਕ ਹੋਰ ਮਿਸਾਲ ਹੈ। ਪੰਜਾਬ ਦੇ ਕੁਛ ਜੱਟ ਸਿੱਖਾਂ ਨੇ ਇਕ ਲੜਕੇ ਦਾ ਪਿੱਛਾ ਕੀਤਾ ਫੜ ਕੇ ਉਹਨੂੰ ਕੁੱਟਿਆ,ਅਤੇ ਲੱਗ ਭੱਗ ਜਾਨੋ ਮਾਰ ਮੁਕਾਇਆ। ਮਰਿਆ ਨਹੀਂ ਪਰ ਮਾਰਨੇ ਦੀ ਕੋਸ਼ਿਸ਼ ਕੀਤੀ। ਇਹ ਸਿਰਫ ਇਸ ਲਈ ਕੀਤਾ ਕਿ ਉਹ ਮੁਸਲਮਾਨ ਸੀ ਅਤੇ ਉਸਦਾ ਇਸ਼ਕ ਉਹਨਾਂ ਦੀ ਲੜਕੀ ਦੇ ਨਾਲ ਚੱਲ ਰਿਹਾ ਸੀ। ਇਸ ਸ਼ਹਿਰ ਵਿਚ ਇਹ ਕੁਛ ਹੋਇਆ ਹੈ। ਹੁਣ ਇਹ ਵੀ ਪੰਜਾਬੀ ਸੱਭਿਆਚਾਰ ਹੈ ਸੰਸਕਿ੍ਤੀ ਹੈ। ਪੰਜਾਬ ਦਾ ਸੱਭਿਆਚਾਰ ਇਸ ਕਾਂਨਫਰੰਸ ਵਿਚ ਵੀ ਹੋ ਰਿਹਾ ਹੈ। ਮੈਂ ਜਦ ਵੀ ਕਿਚਨ ਵਿਚ ਜਾਂਦਾ ਹਾਂ ਉੱਥੇ ਮੈਨੂੰ ਕੋਈ ਆਦਮੀ ਕੰਮ ਕਰਦਾ ਨਜ਼ਰ ਨਹੀਂ ਆਉਂਦਾ ਔਰਤਾਂ ਹੀ ਕੰਮ ਕਰ ਰਹੀਆਂ ਹਨ। ਜਿਦਾਂ ਕਿ ਕਲਚਰ, ਸਾਹਿਤ, ਸੱਭਿਆਚਾਰ ਦੇ ਬਾਰੇ ਸਿਰਫ ਆਦਮੀ ਹੀ ਬੋਲ ਸਕਦੇ ਹਨ ਅਤੇ ਔਰਤਾਂ ਦਾ ਕੰਮ ਤਾਂ ਸਿਰਫ ਉੱਥੇ ਕਿਚਨ ਵਿਚ ਹੀ ਹੈ। ਬਾਵਜੂਦ ਇਸ ਦੇ ਕਿ ਇਥੇ ਸੁਰਜੀਤ ਕਲਸੀ ਹੈ ਹੋਰ ਵੀ ਔਰਤਾਂ ਹਨ। ਸੋ ਇਹ ਜਿਹੜੇ ਸੱਭਿਆਚਾਰ ਦੇ ਪਹਿਲੂ ਹਨ, ਕੀ ਉਹਨਾਂ ਵਿਚ ਹਾਂ ਪੱਖੀ ਹੈ? ਕੀ ਨਾਂਹ ਪੱਖੀ ਹੈ? ਕਿਸ ਚੀਜ਼ ਕੋ ਸੰਭਾਲ ਕੇ ਰੱਖਣਾ ਹੈ ਅਤੇ ਕਿਹੜੀਆਂ ਚੀਜ਼ਾਂ ਦੀਆਂ ਚੇਤਨ ਤਰੀਕੇ ਨਾਲ ਖੁੱਲੇ ਤੌਰ ‘ਤੇ ਅਲੋਚਨਾ ਕਰਨੀ ਹੈ ਅਤੇ ਕੰਡਮ ਕਰਨਾ ਹੈ। ਉਸ ਦੇ ਖਿਲਾਫ ਸੰਘਰਸ਼ ਵੀ ਕਰਨਾ ਪੜੇਗਾ। ਇਹ ਸਾਰੀਆਂ ਚੀਜ਼ਾਂ ਜੇ ਇਸ ਪੇਪਰ ਵਿਚ ਨਹੀਂ ਹਨ ਤਾਂ ਹੋਣੀਆਂ ਚਾਹੀਦੀਆਂ ਹਨ। ਧੰਨਵਾਦ।

ਸਾਧੂ ਵਲੋਂ ਸਵਾਲਾਂ ਦੇ ਜੁਆਬ:

ਮੇਰਾ ਖਿਆਲ ਆ ਟਾਈਮ ਬਹੁਤ ਥੋੜਾ ਹੈ ਇਸ ਕਰਕੇ ਮੈਂ ਬਹੁਤਾ ਕੁਝ ਨਹੀਂ ਕਹੂੰਗਾ।

ਮਹਿੰਦਰ ਸੂਮਲ ਹੋਰਾਂ ਨੇ ਜਿਹੜੀ ਭੰਗੜੇ ਦੇ ਰੋਲ ਦੀ ਮਹੱਤਤਾ ਦੀ ਗੱਲ ਕੀਤੀ ਹੈ ਮੈਂ ਉਹਨਾਂ ਨਾਲ ਸਹਿਮਤ ਹਾਂ। ਪਰ ਇਹ ਪਰਚਾ ਮੁੱਖ ਤੌਰ ‘ਤੇ ਸੱਭਿਆਚਾਰ ਦੇ ਕਿਸੇ ਇਕ ਪਹਿਲੂ ਬਾਰੇ ਨਹੀਂ ਸੀ ਸਾਰਿਆਂ ਬਾਰੇ ਸੀ। ਇਸਦਾ ਮਤਲਬ ਇਹ ਨਹੀਂ ਕਿ ਮੈਂ ਭੰਗੜੇ ਦੇ ਰੋਲ ਨੂੰ ਕਿਸੇ ਤਰ੍ਹਾਂ ਘਟਾਉਂਦਾ ਹਾਂ ਜਾਂ ਜਿਹੜੇ ਦੂਜੇ ਵੀ ਸਾਡੇ ਪਰਫਾਰਮਿੰਗ ਆਰਟਸ ਹਨ ਉਹਨਾਂ ਦੀ ਕਿਸੇ ਤਰ੍ਹਾਂ ਵੀ ਮਹੱਤਤਾ ਘੱਟ ਨਹੀਂ ਮਹਿਸੂਸ ਕਰਦਾ। ਮੈਂ ਕਰ ਹੀ ਨਹੀਂ ਸਕਦਾ। ਇਹ ਕਹਿਕੇ ਮੈਂ ਫੇਰ ਹੋਰ ਜਾਉਂਗਾ ਵੀ ਕਿੱਥੇ। ਜਿਹੜੀ ਉਹਨਾਂ ਨੇ ਲੋਕਾਂ ਦੀ ਵੱਖਰੇ ਵੱਖਰੇ ਥਾਹਾਂ ‘ਤੇ ਲੁੱਟ-ਖਸੁੱਟ ਦੀ ਗੱਲ ਕੀਤੀ ਹੈ, ਉਹ ਵੀ ਉਹਨਾਂ ਦੀ ਠੀਕ ਹੈ। ਇਹਨਾਂ ਬਾਰੇ ਹੋਰ ਵਿਸਥਾਰ ਵਿਚ ਚਰਚਾ ਹੋਣੀ ਚਾਹੀਦੀ ਹੈ। ਇਸ ਬਾਰੇ ਹੋਰ ਪਰਚੇ ਲਿਖੇ ਜਾਣੇ ਚਾਹੀਦੇ ਹਨ। ਪਰ ਇਸ ਪਰਚੇ ਵਿਚ ਮੈਂ ਇਹ ਮਹਿਸੂਸ ਕੀਤਾ ਕਿ ਕਿਸੇ ਇਕ ਪਹਿਲੂ ‘ਤੇ ਇੰਨੇ ਜ਼ਿਆਦਾ ਵਿਸਥਾਰ ਵਿਚ ਸ਼ਾਇਦ ਜਾਣਾ ਠੀਕ ਨਹੀਂ ਸੀ। ਅਸਲ ਵਿਚ ਤਾਂ ਇਸ ਤਰ੍ਹਾਂ ਹੋਈ ਕਿ ਜਦ ਮੈਂ ਪਰਚਾ ਸ਼ੁਰੂ ਕੀਤਾ ਤਾਂ ਚਾਰ ਸਫੇ ਦਾ ਸੀ ਅਤੇ ਹੌਲੀ ਹੌਲੀ ਇਸੇ ਤਰ੍ਹਾਂ ਕਿ ਆਹ ਚੀਜ਼ ਵੀ ਹੋਣੀ ਚਾਹੀਦੀ ਹੈ ਆਹ ਵੀ ਅਤੇ ਪਰਚਾ ਕਾਫੀ ਲੰਮਾ ਹੋ ਗਿਆ। ਪਰ ਫੇਰ ਵੀ ਕਿੰਨਾ ਕੁਝ ਰਹਿ ਗਿਆ ਜੋ ਆਉਣਾ ਚਾਹੀਦਾ ਸੀ ਜਿਵੇਂ ਕਿ ਤੁਸੀਂ, ਮਹਿਸੂਸ ਕੀਤਾ ਹੈ।

ਸੂਮਲ ਦੀ ਇਹ ਗੱਲ ਵੀ ਕਾਫੀ ਹੱਦ ਤੱਕ ਠੀਕ ਹੈ ਕਿ ਜਿਹੜੀ ਬੀ ਸੀ ਜਾਂ ਕੈਨੇਡਾ ਵਿਚ ਖੱਬੇ ਪੱਖੀ ਸਿਆਸਤ ਹੈ ਉਹਨਾਂ ਦੀਆਂ ਪ੍ਰਾਪਤੀਆਂ ਦਾ ਹੋਰ ਜ਼ਿਕਰ ਹੋਣਾ ਚਾਹੀਦਾ ਸੀ। ਮੈਂ ਖੁੱਦ ਵੀ ਇਹ ਮਹਿਸੂਸ ਕਰਦਾ ਹਾਂ ਕਿ ਜੋ ਕੋਈ ਸਾਡੇ ਲੋਕ ਵਧੀਆ ਕੰਮ ਕਰ ਰਹੇ ਹਨ ਤਾਂ ਉਹ ਖੱਬੀ ਧਿਰ ਦੇ ਲੋਕ ਹੀ ਹਨ। ਇਸ ਵਿਚ ਕੋਈ ਸ਼ੱਕ ਨਹੀਂ ਹੈ। ਮੈਂ ਇਹਦੇ ਵਿਚ ਵਾਧਾ ਕਰਨ ਦੀ ਕੋਸ਼ਿਸ਼ ਕਰੂੰਗਾ। ਇਸੇ ਤਰ੍ਹਾਂ ਉਹਨਾਂ ਦੀ ਵਹਿਮਾਂ ਭਰਮਾਂ ਬਾਰੇ ਗੱਲ ਬਾਰੇ ਹੋਰ ਕਰਨਾ ਚਾਹੀਦਾ ਹੈ।

ਅਮਰਜੀਤ ਸੂਫੀ ਹੋਰਾਂ ਦਾ ਇਹ ਕਿੰਤੂ ਮੈਂਨੂੰ ਵਾਹਲਾ ਠੀਕ ਨਹੀਂ ਲਗਦਾ ਜਿਹੜਾ ਉਹਨੀ ਕਿਹਾ ਕਿ ਮੈਂ ਮਾਰਕਸਵਾਦ ਕੇਵਲ ਸਹਾਰਾ ਹੀ ਲਿਆ ਹੈ ਉਹਨੂੰ ਪੂਰੀ ਤਰ੍ਹਾਂ ਆਧਾਰ ਨਹੀਂ ਬਣਾਇਆ। ਮੈਂ ਪਰਚੇ ਦੇ ਸ਼ੁਰੂ ਵਿਚ ਪਹਿਲੀ ਗੱਲਬਾਤ ਵਿਚ ਇਹ ਕੋਸ਼ਿਸ਼ ਕੀਤੀ ਹੈ ਕਿ ਪਰਚੇ ਦਾ ਆਧਾਰ ਮਾਰਕਸਵਾਦ ਹੀ ਬਣਾਇਆ ਹੈ। ਪਰ ਮੈਂ ਇਸ ਤਰੀਕੇ ਨਾਲ ਸ਼ੁਰੂ ਨਹੀਂ ਕੀਤਾ ਕਿ ਪਹਿਲਾਂ ਮਾਰਕਸਿਜ਼ਮ ਦੀ ਮਹਿਮਾਂ ਜਾਂ ਵਡਿਆਈ ਕੀਤੀ ਜਾਵੇ। ਪਹਿਲਾਂ ਮੈਂ ਬਾਕੀ ਪਹੁੰਚਾਂ ਨਾਲ ਸੱਭਿਆਚਾਰ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸੇ ਕਰਕੇ ਮੈਂ ਬਾਅਦ ਵਿਚ ਗੱਲ ਕੀਤੀ ਹੈ ਕਿ ਮਾਰਕਸਵਾਦ ਬਿਨ੍ਹਾਂ ਅਸੀਂ ਇਹਦੇ ਬਾਰੇ ਗੱਲਬਾਤ ਠੀਕ ਤਰੀਕੇ ਨਾਲ ਕਰ ਹੀ ਨਹੀਂ ਸਕਦੇ। ਇਹ ਗੱਲ ਵੱਖਰੀ ਹੈ ਕਿ ਪਰਚੇ ਵਿਚ ਮੈਂ ਕਿੰਨਾ ਕੁ ਕਾਮਯਾਬ ਰਿਹਾ ਹਾਂ। ਜਿਹੜੀ ਤੁਸੀਂ ਸਵੈ-ਵਿਰੋਧਾਂ ਦੀ ਗੱਲ ਕੀਤੀ ਹੈ। ਇਹਦੇ ਬਾਰੇ ਹੁਣ ਇੰਨਾ ਹੀ ਕਹਿ ਸਕਦਾ ਹਾਂ ਕਿ ਮੈਂ ਇਹਨੂੰ ਦੋਬਾਰਾ ਧਿਆਨ ਨਾਲ ਦੇਖਾਂਗਾ। ਪਰ ਜਿਹੜਾ ਤੁਹਾਡਾ ਇਹ ਨੁਕਤਾ ਸੀ ਕਿ ਆਪਾਂ ਨੂੰ ਸੰਘਰਸ਼ ਕਰਨਾ ਪੈਣਾ ਹੈ, ਉਸ ਨਾਲ ਮੈਂ ਵੀ ਪੂਰੀ ਤਰ੍ਹਾਂ ਸਹਿਮਤ ਹਾਂ। ਸੰਘਰਸ਼ ਬਿਨ੍ਹਾਂ ਕੁਛ ਵੀ ਸੰਭਵ ਨਹੀਂ ਹੈ। ਹੋਰ ਕੋਈ ਰਾਹ ਹੀ ਨਹੀਂ ਹੈ। ਪਰ ਸੰਘਰਸ਼ ਕਿਸ ਕਿਸਮ ਦਾ ਹੋਵੇ? ਕਿਹੜੀ ਚੀਜ਼ ‘ਤੇ ਕਰਨਾ ਹੈ? ਆਪਾਂ ਆਪਣੇ ਬੰਦਿਆਂ ਦੇ ਖਿਲਾਫ ਵੀ ਕਰਨਾ ਹੈ। ਜਿਵੇਂ ਆਪਣੇ ਪਹਿਲਾਂ ਇਥੇ ਸਮੱਸਿਆਂਵਾਂ ਆਉਂਦੀਆਂ ਰਹੀਆਂ ਹਨ ਬੀ ਸੀ ਓ ਐਫ ਆਰ ਦੀ ਜਾਂ ਸੀ ਐਫ ਯੂ ਦੀ ਕੁਝ ਇਕ ਚੀਜ਼ਾਂ ਜਿਹਨਾਂ ਵਿਚ ਮੈਂ ਵੀ ਹਿੱਸਾ ਲੈਂਦਾ ਰਿਹਾ ਹਾਂ। ਉਹਨਾਂ ਵਿਚ ਮੁਸ਼ਕਲਾਂ ਆਉਂਦੀਆਂ ਹਨ ਜਿਵੇਂ ਜੇ ਤੁਸੀਂ ਨਸਲਾਵਾਦ ਦੇ ਖਿਲਾਫ ਲੜਨਾ ਹੈ ਤਾਂ ਤੁਹਾਨੂੰ ਫਾਰਮਰਾਂ ਦੇ ਨਾਲ ਵੀ ਕਈ ਵਾਰੀ ਸਮਝੌਤਾ ਕਰਨਾ ਪੈਂਦਾ ਹੈ ਕਿਉਂਕਿ ਉਹ ਵੀ ਨਸਲਵਾਦ ਦੇ ਸ਼ਿਕਾਰ ਹਨ। ਪਰ ਜਦ ਤੁਸੀਂ ਖੇਤ ਮਜ਼ਦੂਰਾਂ ਦੀ ਗੱਲ ਕਰਦੇ ਹੋ ਤਾਂ ਉਹ ਹੀ ਫਾਰਮਰ ਤੁਹਾਡੇ ਦੁਸ਼ਮਣ ਹਨ। ਇਸ ਕਰਕੇ ਇਹ ਸਾਰੀਆਂ ਬਹੁਤ ਗੁੰਝਲਦਾਰ ਗੱਲਾਂ ਹਨ। ਮੋਟੇ ਤੌਰ ‘ਤੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਸੰਘਰਸ਼ ਬਿਨ੍ਹਾਂ ਕੁਛ ਵੀ ਸੰਭਵ ਨਹੀਂ।

ਸੋਹਣ ਪੂੰਨੀ ਹੋਰੀ ਜੋ ਕਿਹਾ ਹੈ ਕਿ ਖਾਲਸਾ ਸਕੂਲ ਤੇ ਯੂ ਬੀ ਸੀ ਵਾਲੀ ਚੇਅਰ ਦਾ ਇਸ ਵਿਚ ਜ਼ਿਕਰ ਨਹੀਂ ਆਇਆ। ਇਹ ਉਹਨਾਂ ਦੀ ਗੱਲ ਠੀਕ ਹੈ। ਦੂਜੀ ਜਿਹੜੀ ਉਹਨਾਂ ਦੀ ਸਿਆਸਤ ਬਾਰੇ ਗੱਲ ਸੀ ਉਹ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਉਸਦੀ ਘਾਟ ਹੈ।

ਦਰਸ਼ਨ ਗਿੱਲ ਹੋਰੀਂ ਜਿਹੜੀ ਪਹਿਲੀ ਗੱਲ ਕਹੀ ਹੈ ਕਿ ਮੈਂ ਪਰਚੇ ਵਿਚ ਮੋਅ ਸਹੋਤਾ ਤੋਂ ਬਿਨ੍ਹਾਂ ਹੋਰ ਕਿਸੇ ਦਾ ਨਾਂ ਨਹੀਂ ਲਿਆ। ਤੁਹਾਡਾ ਇਹ ਇਤਰਾਜ ਜਾਇਜ਼ ਹੈ। ਪਰ ਮੈਂ ਕਿਉਂਕਿ ਸਿਰਫ ਸਿਆਸਤ ਦੀ ਗਲ ਨਹੀਂ ਸੀ ਕਰ ਰਿਹਾ। ਮੈਂ ਤਾਂ ਇਹ ਗੱਲ ਇਕ ਖਾਸ ਘਟਨਾ ਦੇ ਤੌਰ ‘ਤੇ ਵਰਨਣ ਕੀਤੀ ਹੈ। ਬਾਕੀ ਮੈਂ ਸ਼ਾਇਦ ਇੰਨਾ ਜ਼ਰੂਰ ਕਿਹਾ ਹੋਵੇਗਾ ਕਿ ਦੂਜੇ ਲੋਕ ਵੀ ਸਰਗਰਮ ਰਹੇ ਹਨ। ਜੇ ਨਹੀਂ ਕਿਹਾ ਤਾਂ ਮੈਨੂੰ ਕਹਿਣਾ ਚਾਹੀਦਾ ਹੈ। ਇਹ ਤੁਹਾਡੀ ਗੱਲ ਠੀਕ ਹੈ।

ਦੂਜੀ ਗੱਲ ਜਿਹੜੀ ਤੁਸੀਂ ਵਤਨੋਂ ਦੂਰ ਦੇ ਸਬੰਧ ਵਿਚ ਕੀਤੀ ਹੈ ਉਹ ਮੈਨੂੰ ਕੋਈ ਇੰਨੀ ਵਧੀਆ ਨਹੀਂ ਲੱਗੀ। ਇਹ ਠੀਕ ਹੈ ਕਿ ਵਤਨੋਂ ਦੂਰ ਸ਼ਾਇਦ ਕਿਸੇ ਬੰਦੇ ਨੂੰ ਫਰੀ ਕਰਾਉਣ ਲਈ – ਸੁਰਿੰਦਰ ਧੰਜਲ ਨੂੰ – ਇਹ ਸੰਭਵ ਹੈ। ਮੈਂਨੂੰ ਇਹਦਾ ਗਿਆਨ ਨਹੀਂ ਕਿਉਂਕਿ ਉਸ ਵੇਲੇ ਮੈਂ ਵਤਨੋਂ ਦੂਰ ਨਾਲ ਪੂਰੀ ਤਰ੍ਹਾਂ ਨਾਲ ਨਹੀਂ ਸੀ। ਪਰ ਮੈਂ ਤਾਂ ਸਿਰਫ ਇਹ ਕਿਹਾ ਹੈ ਕਿ ,”ਪੰਜਾਬੀ ਸਾਹਿਤ ਸਭਾ ਅਤੇ ਉਸੇ ਸਾਲ ਇਥੋਂ ਸ਼ੁਰੂ ਹੋਏ ਵਤਨੋਂ ਦੂਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਪ੍ਰਫੁਲਤ ਕਰਨ ਵਿਚ ਮੁੱਢਲਾ ਯੋਗਦਾਨ ਪਾਇਆ ਹੈ।” ਸ਼ੁਰੂ ਸ਼ਾਇਦ ਇਸ ਕਰਕੇ ਨਹੀਂ ਸੀ ਕੀਤਾ ਗਿਆ ਕਿ ਯੋਗਦਾਨ ਪਾਵੇ ਪਰ ਪਾਇਆ ਤਾਂ ਹੈ ਨਾ? ਮੈਂ ਸਿਰਫ ਇਹੀ ਕਿਹਾ ਹੈ।

ਅੱਗਲੇ ਸੱਜਣ ਕੁਲਵੰਤ ਢੱਲਾ ਨੇ ਜਿਹੜੀ ਧਰਮ ਬਾਰੇ ਗੱਲ ਕੀਤੀ ਹੈ, ਮੇਰੇ ਖਿਆਲ ਵਿਚ ਮੈਂ ਧਰਮ ਨੂੰ ਕੋਈ ਇਸ ਤਰ੍ਹਾਂ ਨਹੀਂ ਕਿਹਾ ਕਿ ਉਹ ਲੋਕਾਂ ਨੂੰ ਪਾੜਨ ਦੀ ਜੜ੍ਹ ਹੈ ਜਾਂ ਸਾਰੀਆਂ ਮੁਸ਼ਕਲਾਂ ਦੀ ਜੜ੍ਹ ਹੈ। ਮੈਂ ਤਾਂ ਸਗੋਂ ਹੋਰ ਕਿਸੇ ਚੀਜ਼ ਨੂੰ ਧਰਮ ਦੀ ਜੜ੍ਹ ਕਿਹਾ ਹੈ ਕਿ ਧਰਮ ਕਿਉਂ ਜਿੰਦਾ ਹੈ। ਪਰ ਜੇ ਮੈਂ ਨਹੀਂ ਕਿਹਾ ਤਾਂ ਮੈਂ ਕਹਿਣਾਂ ਜ਼ਰੂਰ ਚਾਹੂੰਗਾ ਜਿਵੇਂ ਰਾਜ ਚੋਹਾਨ ਹੋਰੀਂ ਕਹਿ ਕੇ ਗਏ ਹਨ ਕਿ ਜੋ ਕੁਝ ਹੁਣ ਹੋ ਰਿਹਾ ਹੈ ਉਹ ਧਰਮ ਹੀ ਕਰ ਰਿਹਾ ਹੈ। ਸ਼ਾਇਦ ਜੇ ਮੈਂ ਪਹਿਲਾਂ ਨਾ ਕਿਹਾ ਹੋਵੇ ਤਾਂ ਹੁਣ ਮੈਂ ਇਹ ਕਹਿਣਾ ਚਾਹਾਂਗਾ। ਦੂਜੀ ਜਿਹੜੀ ਤੁਸੀਂ ਦਲੀਲ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਬਿਲਕੁਲ ਠੀਕ ਹੈ। ਮੈਂ ਵੀ ਮੰਨਦਾ ਹਾਂ ਕਿ ਧਰਮ ਦੀ ਮਹੱਤਤਾ ਘੱਟ ਨਹੀਂ ਹੋਈ। ਸ਼ਾਇਦ ਅੱਗੇ ਨਾਲੋਂ ਵੀ ਜ਼ਿਆਦਾ ਹੈ। ਹੈ ਹੀ ਜ਼ਿਆਦਾ ਇਹਦੇ ਵਿਚ ਕੋਈ ਸ਼ੱਕ ਨਹੀਂ। ਪਰ ਇਹ ਮੇਰਾ ਨਜ਼ਰੀਆ ਹੈ ਧਰਮ ਬਾਰੇ ਅਤੇ ਮੈਂ ਇਹ ਜ਼ਰੂਰ ਰੱਖਣਾ ਚਾਹਾਂਗਾਂ।

ਮੈਂ   ਨਵਤੇਜ ਹੋਰਾਂ ਦੇ ਵਿਚਾਰ ਖਾਸ ਕਰ ਪ੍ਰੀਭਾਸ਼ਾ ਬਾਰੇ ਅਸਪੱਸ਼ਟਾ ਨਾਲ ਸਹਿਮਤ ਹਾਂ। ਅਸਲ ਵਿਚ ਇਹ ਪੇਪਰ ਲਿਖਣਾ ਵੀ ਇਕ ਕੋਸ਼ਿਸ਼ ਹੀ ਸੀ ਕਿ ਮੈਂ ਇਹਦੇ ਬਾਰੇ ਹੋਰ ਸਪੱਸ਼ਟ ਹੋ ਸਕਾਂ। ਅਸੀਂ – ਮੈਂ ਤੇ ਦੋਸਤ ਸੁਖਵੰਤ- ਨੇ ਕੁਝ ਦੇਰ ਪਹਿਲਾਂ ਸੱਭਿਆਚਾਰ ਉੱਪਰ ਪੇਪਰ ਲਿਖਣ ਦੀ ਕੋਸ਼ਿਸ਼ ਕੀਤੀ ਸੀ। ਪਰ ਅਸੀਂ ਦੋਵੇਂ ਕਾਫੀ ਉਲਝ ਗਏ ਅਤੇ ਲਿਖ ਨਹੀਂ ਸਕੇ। ਉਹਦੇ ਬਾਰੇ ਕਾਫੀ ਵਿਚਾਰ ਵਿਟਾਂਦਰਾ ਕਰਕੇ ਉਹਨੂੰ ਛੱਡ ਦਿੱਤਾ। ਅਤੇ ਫੇਰ ਕਾਨਫਰੰਸ ਲਈ ਦੋਬਾਰਾ ਮੌਕਾ ਮਿਲਿਆ ਤਾਂ ਮੈਂ ਕੋਸ਼ਿਸ਼ ਕੀਤੀ। ਮੇਰਾ ਖਿਆਲ ਹੈ ਕਿ ਮੈਂ ਹੁਣ ਪਹਿਲਾਂ ਨਾਲੋਂ ਕਾਫੀ ਸਪੱਸ਼ਟ ਹਾਂ।

ਜਿਹੜੀਆਂ ਤੁਹਾਡੀਆਂ ਹੋਰ ਗੱਲਾਂ ਹਨ ਜਿਵੇਂ ਪੰਜਾਬੀ ਅੱਖਰ ਨੂੰ ਕਾਮਿਆਂ ਵਿਚ ਪਾਉਣਾ ਉਹ ਮੈਂ ਜ਼ਰੂਰ ਮਹਿਸੂਸ ਕਰਦਾਂ ਕਿ ਅਜਿਹਾ ਨਹੀਂ ਸੀ ਹੋਣਾ ਚਾਹੀਦਾ। ਮੈਨੂੰ ਆਪਣੇ ਸੱਭਿਆਚਾਰ ਦਾ ਖੁੱਦ ਇਸ ਤਰੀਕੇ ਨਾਲ ਮਖੌਲ ਨਹੀਂ ਉਡਾਉਣਾ ਚਾਹੀਦਾ। ਬਾਕੀ ਜਿਹੜੀਆਂ ਤੁਸੀਂ ਪੇਪਰ ਵਿਚੋਂ ਆਪਣੇ ਸੱਭਿਆਚਾਰ ਦੀਆਂ ਮਾੜੀਆਂ ਗੱਲਾਂ ਲਿਸਟ ਕੀਤੀਆਂ ਹਨ ਅਤੇ ਤੁਸੀਂ ਬਾਅਦ ਵਿਚ ਸੁਆਲ ਕੀਤਾ ਹੈ ਕਿ ਕੀ ਸਾਧੂ ਨੂੰ ਇਹਨਾਂ ਗੱਲਾਂ ਦੇ ਗੁਆਚਣ ਦਾ ਤੌਖਲਾ ਹੈ? ਮੈਂ ਵੀ ਤੁਹਾਡੇ ਵਾਂਗ ਹੀ ਮਹਿਸੂਸ ਕਰਦਾ ਹਾਂ। ਅਖੀਰ ਵਿਚ ਮੈਂ ਇਹ ਸਵਾਲ ਵੀ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਅਸੀਂ ਇਹ ਸੱਭ ਕੁਝ ਬਚਾ ਕੇ ਰੱਖਣਾ ਹੈ? ਮੈਂਨੂੰ ਹੁਣ ਪੂਰੀ ਤਰ੍ਹਾਂ ਯਾਦ ਨਹੀਂ ਕਿ ਮੈਂ ਇਹਦੇ ਵਿਚ ਕੀ ਕਿਹਾ ਹੈ ਪਰ ਮੈਂ ਦੋਬਾਰਾ ਇਹਨੂੰ ਦੇਖਾਂਗਾਂ ਅਤੇ ਤੁਹਾਡੇ ਸਵਾਲ ਬਾਰੇ ਸੋਚਾਂਗਾ। ਤੁਹਾਡੀ ਕਲਾਸ-ਬੇਸ ਬਾਰੇ ਗੱਲ ਵੀ ਮੈਂ ਦੋਬਾਰਾ ਧਿਆਨ ਨਾਲ ਦੇਖਾਂਗਾ। ਮੈਨੂੰ ਵੀ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਪੰਜਾਬੀ ਕਲਚਰ ਵਿਚ ਬਹੁਤਾ ਕੁਝ ਬਚਾ ਕੇ ਰੱਖਣ ਵਾਲਾ ਨਹੀਂ। ਪਰ ਫੇਰ ਵੀ ਚੇਤਨ ਅਚੇਤਨ ਪੰਜਾਬੀ ਹੋਣ ਦੇ ਨਾਤੇ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਸਾਡਾ ਕੁਝ ਨਾ ਕੁਝ ਬਚੇ। ਮੈਨੂੰ ਵੀ ਡਰ ਲੱਗਦਾ ਹੈ ਜਦੋਂ ਮੈਂ ਆਪਣੇ ਬੱਚਿਆਂ ਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਬੋਲਦੇ ਦੇਖਦਾ ਹਾਂ। ਜਦੋਂ ਉਹਨਾਂ ਦੀਆਂ ਆਦਤਾਂ ਖਾਣ ਦੀਆਂ, ਪਹਿਨਣ ਦੀਆਂ, ਉਹਨਾਂ ਦਾ ਸੰਗੀਤ ਆਦਿ ਦੇਖਦਾ ਹਾਂ ਤਾਂ ਮੈਨੂੰ ਡਰ ਲੱਗਦਾ ਹੈ। ਜੇ ਰੈਸ਼ਨਲੀ ਇਹਦੇ ਬਾਰੇ ਸੋਚਾਂ ਤਾਂ ਮੈਨੂੰ ਆਪਣੇ ਡਰ ਦਾ ਕੋਈ ਅਧਾਰ ਨਜ਼ਰ ਨਹੀਂ ਆਉਂਦਾ। ਕਿਉਂਕਿ ਅਸੀਂ ਇਥੇ ਆਏ ਹਾਂ ਅਸੀਂ ਜਿੰਨਾ ਮਰਜੀ ਜੋਰ ਲਾ ਲਈਏ, ਜੇ ਆਪਣੇ ਮੁੰਡੇ ਨੂੰ ਜਿਹੜਾ ਹੁਣ ਗਿਆਰਾਂ ਬਾਰਾਂ ਸਾਲ ਦਾ ਹੈ, ਕੁੱਟ ਮਾਰ ਕੇ ਥੋੜਾ ਬਹੁਤਾ ਪੰਜਾਬੀ ਬਣਾ ਵੀ ਲਵਾਂ ਤਾਂ ਉਹਦੇ ਬੱਚਿਆਂ ਨੇ ਨਹੀਂ ਬਣਨਾ ਹੈ। ਇਸ ਕਰਕੇ ਮੈਂ ਇਹ ਗੱਲ ਅਜੇ ਪੂਰੀ ਤਰ੍ਹਾਂ ਆਪਣੇ ਮਨ ਵਿਚ ਸੁਲਝਾ ਨਹੀਂ ਸਕਿਆ ਕਿ ਇਸ ਵਿਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ। ਜਾਂ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ? ਅਸੀਂ ਕਿਹੋ ਜਿਹਾ ਪੰਜਾਬੀ ਕਲਚਰ ਇਥੇ ਬਚਾਉਣਾ ਚਾਹੁੰਦੇ ਹਾਂ। ਪਰ ਜਿਹੜੇ ਨੁਕਤੇ ਤੁਸੀਂ ਉਠਾਏ ਹਨ ਉਹ ਬਹੁਤ ਵਧੀਆ ਹਨ। ਮੇਰਾ ਖਿਆਲ ਹੈ ਕਿ ਉਹਨਾਂ ਉੱਪਰ ਵੱਧ ਤੋਂ ਵੱਧ ਚਰਚਾ ਹੋਣੀ ਚਾਹੀਦਾ ਹੈ। ਮੈਂ ਵੀ ਕੋਸ਼ਿਸ਼ ਕਰਾਂਗਾ ਅਤੇ ਬਾਕੀ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਬਾਰੇ ਅਸੀਂ ਗੱਲਬਾਤ ਜ਼ਾਰੀ ਰੱਖੀਏ।

ਅਜਮੇਰ ਹੋਰੀਂ ਸਟਰਕਚਰ ਦੀ ਗੱਲ ਕੀਤੀ ਹੈ। ਉਹਨਾਂ ਨੂੰ ਵਧੀਆ ਲੱਗਾ ਹੈ। ਧੰਨਵਾਦ। ਜਿਹੜੀ ਤੁਸੀਂ ਉਹ ਹੀਣ-ਭਾਵ ਬਾਰੇ ਕਿਹਾ ਹੈ ਉਹ ਮੇਰਾ ਖਿਆਲ ਹੈ ਕਿ ਕਾਫੀ ਹੱਦ ਤੱਕ ਨਸਲਵਾਦ ਵਾਲੀ ਗੱਲਬਾਤ ਵਿਚ ਸ਼ਾਮਲ ਕੀਤੀ ਗਈ ਹੈ। ਦੂਜਾ ਤੁਸੀਂ ਸਵਾਲ ਕੀਤਾ ਹੈ ਕਿ ਕੀ ਇਹ ਉਹ ਹੀ ਸਭਿਅਚਾਰ ਹੈ ਜੋ ਪਹਿਲਾਂ ਸੀ? ਮੇਰਾ ਖਿਆਲ ਹੈ ਕਿ ਸੱਭਿਆਚਾਰ ਹਮੇਸ਼ਾਂ ਬਦਲਦਾ ਰਹਿੰਦਾ ਹੈ। ਜੋ ਸੱਭਿਆਚਾਰ ਅੱਜ ਤੋਂ ਪੰਜਾਹ ਸਾਲ ਪਹਿਲਾਂ ਸੀ ਜਾਂ ਵੀਹ ਸਾਲ ਪਹਿਲਾਂ ਸੀ ਉਹ ਹੁਣ ਨਹੀਂ ਹੈ, ਉਹ ਬਦਲ ਗਿਆ ਹੈ। ਸੱਭਿਆਚਾਰ ਬਾਰੇ ਅਜਿਹਾ ਕੋਈ ਨਿਰਣਾ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਅੱਜ ਸੱਭਿਆਚਾਰ ਉਹ ਹੀ ਅਸਲੀ ਸੱਭਿਆਚਾਰ ਹੈ। ਕੱਲ ਨੂੰ ਜਦੋਂ ਅਸੀਂ ਸੁੱਤੇ ਉਠਾਂਗੇ ਤਾਂ ਇਹਦੇ ਵਿਚ ਜ਼ਰੂਰ ਥੋੜਾ ਜਿਹਾ ਫਰਕ ਹੋਵੇਗਾ।

ਰਾਜ ਚੋਹਾਨ ਹੋਰੀਂ ਵੀ ਤਕਰੀਬਨ ਇਹ ਹੀ ਕਿਹਾ ਹੈ। ਲਗਦਾ ਹੈ ਕਿ ਉਹਨੀ ਪੇਪਰ ਪੜ੍ਹਿਆ ਨਹੀਂ। ਜੇ ਪੜ੍ਹਿਆ ਹੁੰਦਾ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਮੈਂ ਦਾਜ ਦੀ ਕਿਸੇ ਹੋਰ ਥਾਂ ਗੱਲ ਕੀਤੀ ਹੈ। ਡਾਕਟਰ ਹਰੀ ਸ਼ਰਮਾ ਹੋਰੀਂ ਵੀ ਇਹ ਹੀ ਕਿਹਾ ਕਿ ਆਪਾਂ ਨੂੰ ਜਮਾਤੀ ਨਜ਼ਰੀਆ ਧਿਆਨ ਵਿਚ ਰੱਖਣਾ ਪਵੇਗਾ, ਮਾਰਕਸਿਜ਼ਮ ਆਪਾਂ ਨੂੰ ਧਿਆਨ ‘ਚ ਰੱਖਣਾ ਪਵੇਗਾ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਮੈਂ ਕੋਸ਼ਿਸ਼ ਕੀਤੀ ਹੈ ਇਸ ਗੱਲ ਨੂੰ ਪਿੱਠਭੂਮੀ ‘ਚ ਰੱਖ ਕੇ ਗੱਲ ਕਰਨ ਦੀ। ਮੇਰਾ ਖਿਆਲ ਹੈ ਕਿ ਸ਼ਾਇਦ ਮੈਂ ਪੂਰੀ ਤਰ੍ਹਾਂ ਕਾਮਯਾਬ ਨਾ ਹੋ ਸਕਿਆ ਹੋਵਾਂ।

ਅਖੀਰ ਵਿਚ ਮੈਂ ਉਹਨਾਂ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜਿਹਨੀ ਮੇਰਾ ਪੇਪਰ ਪੜ੍ਹਿਆ ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਹਵਾਲੇ


[1] ਯੂਰਪੀਅਨਾਂ ਵਿਚ ਉਸ ਸਮੇਂ ਸੱਭਿਆਚਾਰਕ ਮਾਨਵ ਵਿਗਿਆਨ (Cultural Anthropology) ਦੀ ਘਾਟ ਹੋਣ ਕਰਕੇ ਉਹ ‘ਐਥਨੋਸੈਂਟਰੀਸਿਟੀ’ ਦੇ ਸ਼ਿਕਾਰ ਸਨ। ਪਰ ਉਹਨਾਂ ਨੇ ਆਪਣੀ ਇਸ ਅਗਿਆਨਤਾ ਨਾਲ ਦੂਜੇ ਲੋਕਾਂ ਨੂੰ ਨੀਵਾਂ ਦਿਖਾਉਣ ਲਈ ਵਰਤਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਉੱਪਰ ਕਾਬੂ ਪਾਉਣਾ ਸੁਖਾਲਾ ਸੀ। ਇਸ ਮਕਸਦ ਲਈ ਉਹਨਾਂ ਨੇ ਚਿੱਟੀ ਨਸਲ ਦੇ ਦੂਜੀਆਂ ਨਸਲਾਂ ਨਾਲੋਂ ਉਚਾ ਹੋਣ ਦਾ ਸਿਧਾਂਤ ਘੜ੍ਹਿਆ ਅਤੇ ਦੂਜਿਆਂ ਉੱਪਰ ਠੋਸਿਆ। ਜਿਸ ਦੇ ਅਸਰ ਵਜੋਂ ਚਿੱਟਾ ਨਸਲਵਾਦ ਅਜੇ ਵੀ ਦੁਨੀਆਂ ਦੇ ਕਈ ਹਿੱਸਿਆਂ ਵਿਚ ਆਮ ਪਰਚਾਰਿਆ ਅਤੇ ਲਾਗੂ ਕੀਤਾ ਜਾਂਦਾ ਹੈ।

[2] Raymond Williams, Culture and Society: 1780-1950. (Penguin Books, 1961) p.273

[3] ਡਾਕਟਰ ਗੁਰਬਖਸ਼ ਸਿੰਘ ਫਰੈਂਕ, ਸੱਭਿਆਚਾਰ: ਮੁੱਢਲੀ ਜਾਣ-ਪਛਾਣ (ਲੁਧਿਆਣਾ: ਪੰਜਾਬੀ ਰਾਈਟਰਸ ਕੋਔਪਰੇਟਿਵ ਸੁਸਾਇਟੀ, 1984) ਸਫਾ 25

[4] ਪੈਦਾਵਾਰੀ ਸਾਧਨਾਂ ਤੋਂ ਇਥੇ ਭਾਵ ਹੈ ਉਹ ਸਾਧਨ ਜਿਹਨਾਂ ਦੀ ਵਰਤੋਂ ਰਾਹੀਂ ਮਨੁੱਖ ਸਮਾਜ ਦੇ ਕਿਸੇ ਇਕ ਇਤਿਹਾਸਕ ਪੜ੍ਹਾਅ ‘ਤੇ ਕੁਦਰਤੀ ਵਸਤਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਆਪਣੀ ਲੋੜ ਦੀਆਂ ਵਸਤਾਂ ਵਿਚ ਢਾਲਦਾ ਹੈ। ਪੈਦਾਵਾਰੀ ਸਾਧਨਾਂ ਵਿਚ ਮਨੁੱਖ ਵਲੋਂ ਵਰਤੇ ਜਾਂਦੇ ਇਕੱਲੇ ਸੰਦ ਹੀ ਨਹੀਂ ਆਉਂਦੇ ਬਲਕਿ ਇਹਨਾਂ ਪੈਦਾਵਾਰੀ ਸਾਧਨਾਂ ਤੇ ਉਸਰੇ ਪੈਦਾਵਾਰੀ ਰਿਸ਼ਤੇ ਵੀ ਸ਼ਾਮਲ ਹੁੰਦੇ ਹਨ, ਜਿਵੇਂ ਮਾਲਕ ਤੇ ਗੁਲਾਮ, ਜ਼ਿਮੀਦਾਰ ਤੇ ਕਿਸਾਨ, ਮਿੱਲ ਮਾਲਕ ਤੇ ਮਜ਼ਦੂਰ ਦੇ ਰਿਸ਼ਤੇ।

[5] ਜਿਵੇਂ ਕਾਰਲ ਮਾਰਕਸ ਨੇ ਲਿਖਿਆ ਹੈ: “The mode of production of material life conditions the general process of social, political and intellectual life”. Karl Marx, A Critiqueof Political Economy (Moscow: Progress Publishers, 1970). P.20.

[6] ਡਾਕਟਰ ਰਵਿੰਦਰ ਸਿੰਘ ਰਵੀ, ਪੰਜਾਬੀ ਸੱਭਿਆਚਾਰ ਅਤੇ ਭਾਰਤੀ ਸੱਭਿਆਚਾਰ, ਸਰਦਲ, ਅੰਕ 3 ਅਤੇ 4, ਸਫਾ 24 (3)

[7] ਉਹੀ, ਸਫਾ 24 (4)

[8] ਦੇਖੋ Norman Buchignani and Doreen M. Indra with Ram Srivastava, Continous Journey: A social History of Soth Asians in Canada. Toronto: McCelland and Stewart Ltd. p.11.

[9] ਉਹੀ ਸਫਾ 73

[10] Community Relations Commission, Between Two Cultures: A study of Relationships between Generations in the Asian Community in Britain. London, 1976.

[11] ਅਤਰ ਸਿੰਘ ਦੇ ਸਿਰਜਣਾ ਵਿਚ ਛਪੇ ਦੋ ਲੇਖ: ‘ਪੰਜਾਬੀ ਸੱਭਿਆਚਾਰ ਦੇ ਪ੍ਸੰਗ’ ਅਤੇ ‘ਪੰਜਾਬੀਅਤ ਦੀ ਪੀ੍ਭਾਸ਼ਾ’, ਅੰਕ 39 ਅਤੇ 40 (1980)

[12] ਮੁਣਸ਼ੀ ਪੇ੍ਮ ਚੰਦ, “ਫਿਰਕਾਪ੍ਸਤੀ ਅਤੇ ਸੱਭਿਆਚਾਰ”, ਸੁਰਖ ਰੇਖਾ, ਮਈ 1987, ਸਫਾ 12

[13] ਦੇਖੋ Sadhu Singh Dhami, Maluka, (NewDelhi: Arnold-Heinenmann Publishers, 1978). pp.12-13

[14] ਇਸ ਨੁਕਤੇ ਬਾਰੇ ਹੋਰ ਜਾਣਕਾਰੀ ਲਈ ਦੇਖੋ ਵੈਨਕੂਵਰ ਸੱਥ ਦਾ ਲੇਖ, ਪੰਜਾਬੀ ਆਵਾਸੀ ਤੇ ਉਹਨਾਂ ਨੂੰ ਮਿਲਦੇ ਕੰਮ, ਵਤਨੋਂ ਦੂਰ, ਸਤੰਬਰ/ਦਸੰਬਰ, 1983, ਸਫਾ 9-17

[15] Ann Petrie, ‘A Guide to Ethnic Vancouver’, (Surrey BC, Mancock House Publishers, 1982. pp. 85-116.

[16] ਦੇਖੋ ਕਰਨੈਲ ਸਿੰਘ ਸੰਧੂ ਦਾ ਲੇਖ: Indian Immigration and Racial Prejudice in British Columbia: Some Preliminary Observations. In Julian V. Manghi ed. People of the Living Land: Geography of Cultural Diversity in BC. Vancouver, Tantalus Research Ltd. 1972. p.34

[17] ਸੱਭਿਆਚਾਰ ਦੇ ਇਹਨਾਂ ਪਹਿਲੂਆਂ ਬਾਰੇ ਇਸ ਕਾਨਫਰੰਸ ਵਿਚ ਹੋਰ ਲੋਕ ਖੋਜ ਪੱਤਰ ਪੇਸ਼ ਕਰ ਰਹੇ ਹਨ। ਇਸ ਕਰਕੇ ਇਹਨਾਂ ਦੇ ਵਿਸਥਾਰ ਵਿਚ ਜਾਣਾ ਜ਼ਰੂਰੀ ਨਹੀਂ ਸਮਝਿਆ ਗਿਆ।

[18] ਲੇਖਕ ਦੀ ਇਕ ਪੰਜਾਬੀ ਬਜ਼ੁਰਗ ਨਾਲ ਹੋਈ ਗਲਬਾਤ ਦੇ ਅਧਾਰ ਤੇ

[19] ਮੇਵਾ ਸਿੰਘ ਦਾ ਕੇਸ ਮੇਟੀਸ (ਉੱਤਰੀ ਅਮਰੀਕਾ ਵਿਚ ਆਏ ਪਹਿਲੇ ਯੂਰਪੀਅਨ ਮਰਦਾਂ ਅਤੇ ਆਦਿ ਵਾਸੀ ਅੌਰਤਾਂ ਦੇ ਜੋੜ ਤੋਂ ਪੈਦਾ ਹੋਈ ਕੌਮ) ਲੋਕਾਂ ਦੇ ਆਗੂ ਲੂਈਸ ਰੀਐਲ ਵਰਗਾ ਹੈ ਜਿਹਨੂੰ 1885 ਵਿਚ ਕੈਨੇਡੀਅਨ ਸਰਕਾਰ ਵਿਰੁੱਧ ਵਿਧਰੋਹ ਕਰਨ ਕਰਕੇ ਫਾਂਸੀ ਦੇ ਦਿੱਤੀ ਗਈ ਸੀ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s