ਮਜ਼ਦੂਰ ਜਮਾਤ ਦੇ ਗੀਤ

ਮਜ਼ਦੂਰ ਜਮਾਤ ਦੇ ਗੀਤ

ਸਾਧੂ ਬਿਨਿੰਗ

(ਪੰਜਾਬੀ ਕਵੀ ਸੁਖਪਾਲ ਵਲੋਂ ਅਨੁਵਾਦ ਕੀਤੇ ਮਜ਼ਦੂਰ ਜਮਾਤ ਦੇ ਗੀਤਾਂ ਦੀ ਕਿਤਾਬ – ਗੋਦ ਲਏ ਗੀਤ – ਲਈ ਲਿਖੇ ਮੁੱਢਲੇ ਸ਼ਬਦ)

ਪੰਜਾਬ ਦੀ ਅਗਾਂਹਵਧੂ ਲਹਿਰ, ਖਾਸ ਕਰ ਇਸ ਲਹਿਰ ਦੇ ਸਭਿਆਚਰਕ ਫਰੰਟ, ਨਾਲ ਗੂਹੜੇ ਸੰਬੰਧ ਰੱਖਣ ਵਾਲਾ ਪੰਜਾਬੀ ਕਵੀ ਸੁਖਪਾਲ, ਪਿਛਲੇ ਕੁਝ ਵਰਿਆਂ ਤੋਂ ਉਤਰੀ ਅਮਰੀਕਾ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਹੈ। ਯੂਨੀਵਰਸਿਟੀਆਂ ਦੇ ਵੱਖਰੇ ਮਾਹੌਲ ਵਿਚ ਰਹਿੰਦਿਆਂ, ਆਪਣੀ ਵਿਗਿਆਨਕ ਖੋਜ ਦੇ ਨਾਲ ਨਾਲ ਉਹ ਆਪਣੇ ਲੋਕਾਂ ਦੀਆਂ ਜੱਦੋ-ਜੱਹਿਦਾਂ ਬਾਰੇ ਵੀ ਚਿੰਤਾਤੁਰ ਰਹਿੰਦਾ ਹੈ। ਆਪਣੇ ਲੋਕਾਂ ਦੇ ਸੰਘਰਸ਼ਾਂ ਪ੍ਰਤੀ ਉਸਦੀ ਇਸ ਸੋਚ ਦਾ ਨਤੀਜਾ ਉਸ ਦੀ ਇਹ ਹੱਥਲੀ ਕਿਤਾਬ ਹੈ।
ਇਸ ਕਿਤਾਬ ਵਿਚ ਉਸ ਨੇ ਦੁਨੀਆਂ ਭਰ ਦੇ ਲੋਕਾਂ ਵਲੋਂ ਆਪਣੇ ਸੰਘਰਸ਼ਾਂ ਬਾਰੇ ਤੇ ਸੰਘਰਸ਼ਾਂ ਦੌਰਾਨ ਗਾਏ ਜਾਣ ਵਾਲੇ ਸਮੂਹ-ਗਾਨ ਇਕੱਠੇ ਕੀਤੇ ਹਨ। ਇਸ ਵਿਚ ਸ਼ਾਮਲ ਗੀਤ ਯੋਰਪ, ਉਤਰੀ ਅਮਰੀਕਾ, ਅਫਰੀਕਾ, ਪਾਕਿਸਤਾਨ ਤੇ ਭਾਰਤ ਵਿਚੋਂ ਲਏ ਗਏ ਹਨ। ਸੁਖਪਾਲ ਨੇ ਇਹ ਗੀਤ ਖੋਜ ਕਰਕੇ ਇਕੱਤਰ ਹੀ ਨਹੀਂ ਕੀਤੇ, ਇਹਨਾਂ ਨੂੰ ਪੰਜਾਬੀ ਬੋਲੀ ਵਿਚ ਇਸ ਅੰਦਾਜ਼ ਵਿਚ ਅਨੁਵਾਦਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਜ਼ਬਾਨ ਤੇ ਸਹਿਜਿਆਂ ਹੀ ਚੜ੍ਹ ਸਕਣ। ਆਪਣੀ ਇਸ ਨਵੇਕਲੀ ਕੋਸ਼ਿਸ਼ ਨੂੰ ਉਸਨੇ ‘ਗੋਦ ਲਏ ਗੀਤ’ ਆਖਿਆ ਹੈ।
ਦੁਨੀਆਂ ਦੇ ਹਰ ਸਭਿਆਚਾਰ ਵਿਚ ਲੋਕਾਂ ਦੇ ਸਮੂਹ-ਗਾਨ ਪ੍ਰਚਲਤ ਹਨ। ਇਹਨਾਂ ਸਾਂਝੇ ਗਾਏ ਜਾਣ ਵਾਲੇ ਗੀਤਾਂ ਵਿਚੋਂ ਬਹੁਤੇ ਲੋਕਾਂ ਦੇ ਜੀਵਨ ਵਿਚਲੇ ਸੰਘਰਸ਼ਾਂ ਦੀ ਉਪਜ ਹੁੰਦੇ ਹਨ। ਲੋਕ ਜਦ ਵੀ ਇਕੱਠੇ ਹੋ ਕੇ ਕੁਦਰਤ ਦੀਆਂ ਤਾਕਤਾਂ ਵਿਰੁੱਧ ਜਾਂ ਮਨੁੱਖਾਂ ਵਲੋਂ ਦੂਜੇ ਮਨੁੱਖਾਂ ਨੂੰ ਦਬਾਅ ਕੇ ਰੱਖਣ ਵਾਲੇ ਕਿਸੇ ਪ੍ਰਬੰਧ, ਸੋਚ ਜਾਂ ਨਿਜ਼ਾਮ ਵਿਰੁੱਧ ਜੂਝਦੇ ਹਨ, ਤਾਂ ਉਹਨਾਂ ਦੇ ਇਹਨਾਂ ਘੋਲਾਂ ਵਿਚੋਂ ਸਾਂਝੇ ਤੌਰ ਤੇ ਗਾਏ ਜਾਣ ਵਾਲੇ ਗੀਤ ਜਨਮ ਲੈਂਦੇ ਹਨ। ਇਹ ਗੀਤ ਲੋਕਾਂ ਨੂੰ ਸੰਘਰਸ਼ ਲਈ ਤਿਆਰ ਕਰਦੇ ਹਨ ਤੇ ਜੱਦੋ-ਜਹਿਦ ਦੌਰਾਨ ਉਹਨਾਂ ਨੂੰ ਡਟੇ ਰਹਿਣ ਦੀ ਸ਼ਕਤੀ ਦਿੰਦੇ ਹਨ। ਜਿੱਤ ਵੇਲੇ ਲੋਕ ਖੁਸ਼ੀ ਵਿਚ ਗਾਉਂਦੇ ਹਨ ਅਤੇ ਹਾਰਨ ਵੇਲੇ ਆਪਣੇ ਆਪ ਨੂੰ ਦੋਬਾਰਾ ਤਿਆਰ ਕਰਨ ਲਈ ਗਾਉਂਦੇ ਹਨ। ਇਹਨਾਂ ਗੀਤਾਂ ਵਿਚ ਲੋਕਾਂ ਦੀਆਂ ਖੁਸ਼ੀਆਂ, ਗਮੀਆਂ, ਬਹਾਦਰੀਆਂ ਤੇ ਕੀਤੇ ਸੰਘਰਸ਼ਾਂ ਦੇ ਵੇਰਵੇ ਹੁੰਦੇ ਹਨ।
ਪਹਿਲਾਂ ਕਿਉਂਕਿ ਬਹੁਤੀਆਂ ਲੋਕ ਲਹਿਰਾਂ ਦੀ ਵਿਚਾਰਧਾਰਾ ਧਾਰਮਿਕ ਹੁੰਦੀ ਸੀ ਇਸੇ ਕਰਕੇ ਉਹਨਾਂ ਲਹਿਰਾਂ ਦੇ ਬਹੁਤੇ ਸਮੂਹ-ਗਾਨ ਵੀ ਧਾਰਮਿਕ ਹੀ ਹੁੰਦੇ ਸਨ, ਜੋ ਅਜੇ ਵੀ ਪ੍ਰਚਲਤ ਹਨ। ਹਰ ਧਰਮ ਵਿਚ ਅਨੇਕਾਂ ਇਹੋ ਜਿਹੇ ਸ਼ਬਦ, ਕੀਰਤਨ ਹਨ ਜੋ ਲੋਕ ਇਕੱਠੇ ਹੋ ਕੇ ਗਾਉਂਦੇ ਹਨ। ਵੱਖਰੇ ਵੱਖਰੇ ਧਰਮਾਂ ਵਿਚਲੇ ਇਹਨਾਂ ਗੀਤਾਂ ਵਿਚ ਧਾਰਮਿਕ ਅੰਸ਼ ਦੇ ਨਾਲ ਨਾਲ ਜਿਹੜੀ ਚੀਜ਼ ਸਾਂਝੀ ਹੁੰਦੀ ਹੈ ਉਹ ਲੋਕਾਂ ਵਿਚ ਹਾਲਾਤ ਵਿਰੁੱਧ ਜੂਝਣ ਲਈ ਸ਼ਕਤੀ ਪ੍ਰਦਾਨ ਕਰਨੀ ਹੁੰਦੀ ਹੈ। ਅਮਰੀਕਾ ਦੇ ਕਾਲੇ ਗੁਲਾਮਾਂ ਦੇ ਅਨੇਕਾਂ ਧਾਰਮਿਕ ਗੀਤ ਇਸ ਗੱਲ ਦੀ ਉਦਾਹਰਣ ਹਨ।
ਅੱਜ ਦੇ ਸਨਅਤੀ ਸਮਾਜ ਵਿਚ ਲੋਕ ਜੋ ਸਾਂਝੇ ਗੀਤ ਚਿਤਵਦੇ ਹਨ ਉਹ ਧਾਰਮਿਕ ਨਹੀਂ ਹੁੰਦੇ। ਇਹਨਾਂ ਗੀਤਾਂ ਵਿਚ ਹਾਲਾਤ ਨੂੰ ਠੀਕ ਤਰ੍ਹਾਂ ਸਮਝਣ ਵਾਲੀ ਅਤੇ ਹਾਲਾਤ ਨਾਲ ਟੱਕਰ ਲੈਣ ਵਾਲੀ ਨਵੀਂ ਚੇਤਨਾ ਹੁੰਦੀ ਹੈ। ਕਿਸੇ ਗੈਬੀ ਤਾਕਤ ‘ਤੇ ਟੇਕ ਰੱਖਣ ਦੀ ਥਾਂ ਆਪਣੀ ਸ਼ਕਤੀ ਦੇ ਬਲਬੂਤੇ ਜੱਦੋ-ਜਹਿਦ ਕਰਨ ਦਾ ਸੰਦੇਸ਼ ਹੁੰਦਾ ਹੈ। ਇਹ ਗੀਤ ਲੋਕਾਂ ਨੂੰ ਸਾਂਝੇ ਤੌਰ ‘ਤੇ ਹੱਕਾਂ ਦੇ ਸੰਘਰਸ਼ ਵਿਚ ਯਕੀਨ ਬੰਨਣ ਲਈ ਸਹਾਈ ਹੁੰਦੇ ਹਨ ਅਤੇ ਸੰਘਰਸ਼ ਕਰਨ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਇਹਨਾਂ ਗੀਤਾਂ ਵਿਚ ਲੋਕ ਸ਼ਕਤੀ ਦਾ ਪ੍ਰਗਟਾ ਹੁੰਦਾ ਹੈ, ਮਨੁੱਖ ਦੀ ਦੂਜੇ ਮਨੁੱਖਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੂਝਣ ਦੀ ਖਾਹਿਸ਼ ਦਾ ਵਿਖਾਵਾ ਹੁੰਦਾ ਹੈ।
ਕਿਸੇ ਵੀ ਜੱਦੋ-ਜਹਿਦ ਦੀ ਕਾਮਯਾਬੀ ਲਈ ਲੋਕਾਂ ਦਾ ਜਜ਼ਬਾਤੀ ਤੌਰ ਤੇ ਉਸ ਲਹਿਰ ਨਾਲ ਜੁੜੇ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਗੀਤ ਇਸ ਕੰਮ ਲਈ ਸਹਾਈ ਹੁੰਦੇ ਹਨ, ਕਿਉਂਕਿ ਗੀਤ ਮਨੁੱਖ ਦੇ ਜਜ਼ਬਿਆਂ ਨੂੰ ਪ੍ਰਗਟਾਉਂਦੇ ਹਨ ਅਤੇ ਜਜ਼ਬਿਆਂ ਨੂੰ ਹੀ ਮੁਖਾਤਬ ਹੁੰਦੇ ਹਨ। ਲੋਕ ਇਕੱਠੇ ਹੋ ਕੇ ਜਲਸਿਆਂ ਵਿਚ ਸਾਂਝੇ ਗੀਤ ਗਾਉਂਦੇ ਹਨ, ਜਲੂਸਾਂ ਵਿਚ ਸਾਂਝੇ ਗੀਤਾਂ ਤੇ ਸਾਂਝੀਆਂ ਧੁੰਨਾਂ ਤੇ ਮਾਰਚ ਕਰਦੇ ਹਨ। ਇਹਦੇ ਨਾਲ ਉਹਨਾਂ ਵਿਚ ਲਹਿਰ ਪ੍ਰਤੀ ਹੀ ਨਹੀਂ ਸਗੋਂ ਇਕ ਦੂਜੇ ਪ੍ਰਤੀ ਮਨੁੱਖੀ ਏਕਤਾ ਹੋਰ ਵੀ ਗੂਹੜੀ ਹੁੰਦੀ ਹੈ ਜੋ ਉਹਨਾਂ ਦੇ ਹੱਕਾਂ ਦੀ ਲੜਾਈ ਲਈ ਅਤਿ ਲੋੜੀਂਦੀ ਹੁੰਦੀ ਹੈ।
ਦੁਨੀਆਂ ਦੇ ਹੋਰ ਲੋਕਾਂ ਵਾਂਗ ਪੰਜਾਬ ਦੇ ਲੋਕ ਵੀ ਆਪਣੇ ਹੱਕਾਂ ਲਈ ਜੂਝਣਾ ਜਾਣਦੇ ਹਨ ਅਤੇ ਆਪਣੇ ਹੱਕਾਂ ਦੀਆਂ ਇਹਨਾਂ ਜੱਦੋ-ਜਹਿਦਾਂ ਵਿਚ ਉਹ ਵੀ ਹੋਰ ਲੋਕਾਂ ਵਾਂਗ ਰਲ ਕੇ ਗੀਤ ਰਚਦੇ ਹਨ ਤੇ ਗਾਉਂਦੇ ਹਨ। ਇਸ ਹੱਥਲੀ ਪੁਸਤਕ ਵਿਚ ਸ਼ਾਮਲ ਪੰਜਾਬੀ ਗੀਤ ਇਸ ਗੱਲ ਦੀ ਗਵਾਹੀ ਹਨ।
ਪਰ ਕਿਉਂਕਿ ਪੰਜਾਬ ਵਿਚ ਸਨਅਤ ਅਜੇ ਉਸ ਹੱਦ ਤੱਕ ਸਥਾਪਤ ਨਹੀਂ ਹੋਈ ਜਿਸ ਹੱਦ ਤੱਕ ਯੂਰਪ ਜਾਂ ਖਾਸ ਕਰ ਉਤਰੀ ਅਮਰੀਕਾ ਵਿਚ ਹੋ ਚੁੱਕੀ ਹੈ, ਇਸ ਕਰਕੇ ਪੰਜਾਬ ਦੀਆਂ ਮਜ਼ਦੂਰ ਲਹਿਰਾਂ ਵਿਚ ਸਾਂਝੇ ਗੀਤ ਗਾਉਣ ਦੀ ਰਵਾਇਤ ਉਤਰੀ ਅਮਰੀਕਾ ਦੇ ਮਜ਼ਦੂਰਾਂ ਨਾਲੋਂ ਅਜੇ ਵੱਖਰੀ ਤਰ੍ਹਾਂ ਦੀ ਹੈ, ਸ਼ਾਇਦ ਵੱਖਰੇ ਪੜਾਅ ਤੇ ਹੈ। ਕੈਨੇਡਾ ਅਮਰੀਕਾ ਵਿਚ ਰਹਿ ਕੇ ਕੰਮ ਕਰਨ ਵਾਲੇ ਪੰਜਾਬੀ, ਜਿਹਨਾਂ ਦਾ ਮਜ਼ਦੂਰ ਯੂਨੀਅਨਾਂ ਨਾਲ ਨੇੜੇ ਦਾ ਨਾਤਾ ਹੈ, ਇਹ ਫਰਕ ਮਹਿਸੂਸ ਕਰ ਸਕਦੇ ਹਨ। ਇਹਨਾਂ ਗੀਤਾਂ, ਤੇ ਮਜ਼ਦੂਰਾਂ ਦੀ ਸਾਂਝੀ ਗੀਤ ਗਾਉਣ ਦੀ ਸ਼ਾਨਦਾਰ ਰਵਾਇਤ ਬਾਰੇ, ਪੰਜਾਬੀ ਪਾਥਕਾਂ ਨਾਲ ਕੁਝ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ।
ਕਿਤਾਬ ਦੇ ਪਹਿਲੇ ਹਿੱਸੇ ‘ਸਮੁੰਦਰੋਂ ਪਾਰ’ ਵਿਚ ਬਹੁ ਗਿਣਤੀ ਉਤਰੀ ਅਮਰੀਕਾ ਵਿਚੋਂ ਲਏ ਗਏ ਗੀਤਾਂ ਦੀ ਹੈ। ਅਮਰੀਕਾ ਕੈਨੇਡਾ ਦੇ ਮਜ਼ਦੂਰ ਘੋਲਾਂ ਵਿਚ ਗੀਤਾਂ ਦੀ ਬਹੁਤ ਮਹੱਤਤਾ ਰਹੀ ਹੈ ਅਤੇ ਹੈ। ਇੱਥੇ ਇਸ ਸਦੀ ਦੇ ਸ਼ੁਰੂ ਵਿਚ (1905 ਤੋਂ ਲੈ ਕੇ 1924-25 ਤੱਕ) ਕਮਿਊਨਿਸਟ ਇਨਕਲਾਬੀਆਂ ਦੀ ਅਗਵਾਈ ਥੱਲੇ ਚਲੀ ਇਕ ਮਜ਼ਦੂਰ ਲਹਿਰ – ‘ਇੰਡਸਟਰੀਅਲ ਵਰਕਰਜ਼ ਆਫ ਦਾ ਵਰਲਡ’ – ਜਿਹੜੀ ਕਿ ‘ਆਈ ਡਬਲਯੂ ਡਬਲਯੂ ਅਤੇ ‘ਵੌਬਲੀਜ਼’ ਦੇ ਨਾਂ ਨਾਲ ਜਾਣੀ ਜਾਂਦੀ ਹੈ, ਇਕ ਬਹੁਤ ਹੀ ਤਾਕਤਵਰ ਅਤੇ ਪ੍ਰਭਾਵਸ਼ਾਲੀ ਲਹਿਰ ਸੀ। ਮਜ਼ਦੂਰ ਜਮਾਤ ਦੀਆਂ ਮੌਜੂਦਾ ਜੱਦੋ-ਜੱਹਿਦਾਂ ਵਿਚ ਅੱਜ ਵੀ ਇਸ ਲਹਿਰ ਦਾ ਅਸਰ ਦੇਖਿਆ ਜਾ ਸਕਦਾ ਹੈ। ਹੋਰ ਪ੍ਰਾਪਤੀਆਂ ਦੇ ਨਾਲ ਨਾਲ ਇਸ ਲਹਿਰ ਦਾ ਮਜ਼ਦੂਰਾਂ ਦੇ ਸਮੂਹ-ਗਾਨ ਰਚਣ ਵਿਚ ਆਪਣਾ ਇਕ ਖਾਸ ਸਥਾਨ ਹੈ। ਇਸ ਲਹਿਰ ਦਾ ਨਾਅਰਾ ਸੀ ‘ਗਾਵੋ ਅਤੇ ਲੜੋ’ ਅਤੇ ਇਸ ਨੂੰ ‘ਗਾਉਂਦੀ ਮਜ਼ਦੂਰ ਲਹਿਰ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਇਕੱਲੀ ਇਸ ਲਹਿਰ ਨੇ ਲੋਕਾਂ ਵਿਚ ਹਰਮਨ ਪਿਆਰੇ ਹੋਣ ਵਾਲੇ ਦੋ ਸੌ ਤੋਂ ਉਪਰ ਮਜ਼ਦੂਰ ਯੂਨੀਅਨ ਦੇ ਗੀਤ ਪੈਦਾ ਕੀਤੇ।
ਇਸ ਲਹਿਰ ਦੇ ਕੁਝ ਗੀਤ ਬੜੇ ਪ੍ਰਸਿੱਧ ਕਵੀਆਂ ਦੀ ਕ੍ਰਿਤ ਹਨ ਪਰ ਬਹੁਤੇ ਗੀਤ ਆਮ ਅਨਪੜ ਖੇਤ ਮਜ਼ਦੂਰਾਂ, ਫੈਕਟਰੀਆਂ ਦੇ ਕਾਮਿਆਂ ਅਤੇ ਖਾਣਾਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਹਿਰਦਿਆਂ ‘ਚੋ ਉਪਜੇ ਹੋਏ ਹਨ। ਇਸ ਲਹਿਰ ਵਲੋਂ 1908-9 ਵਿਚ ਗੀਤਾਂ ਦੀ ਇਕ ਕਿਤਾਬ ਛਾਪੀ ਗਈ ਸੀ – ‘ਲਾਲ ਗੀਤਾਂ ਦੀ ਕਿਤਾਬੜੀ’ ਜਿਹਦੀਆਂ 1956 ਤੱਕ 29 ਐਡੀਸ਼ਨਾਂ ਛੱਪ ਚੁਕੀਆਂ ਸਨ। ਹੁਣ ਵੀ ਇਹ ਕਿਤਾਬ ਉਸ ਲਹਿਰ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਵਲੋਂ ਕਦੀ ਕਦੀ ਛਾਪੀ ਜਾਂਦੀ ਹੈ ਅਤੇ ਹੱਥੋ ਹੱਥ ਵਿਕ ਜਾਂਦੀ ਹੈ।
ਉੱਤਰੀ ਅਮਰੀਕਾ ਦੇ ਮਜ਼ਦੂਰਾਂ ਦਾ ਸੱਭ ਤੋਂ ਪਿਆਰਾ ਗੀਤ ‘ਸਦੀਵੀ ਏਕਤਾ’ (ਸੌਲਿਡੈਰਿਟੀ ਫਾਰਐਵੇਰ) ਅੱਜ ਵੀ ਮਜ਼ਦੂਰ ਯੂਨੀਅਨਾਂ ਦੀਆਂ ਮੀਟਿੰਗਾਂ, ਰੈਲੀਆਂ, ਜਲੂਸਾਂ, ਹੜਤਾਲਾਂ ਵੇਲੇ ਆਮ ਗਾਇਆ ਜਾਂਦਾ ਹੈ ਜੋ ਇਸੇ ਲਹਿਰ ਦੀ ਕ੍ਰਿਤ ਹੈ। ਹਰ ਮਜ਼ਦੂਰ ਨੂੰ ਇਹ ਗੀਤ ਜੇ ਪੂਰੇ ਦਾ ਪੂਰਾ ਨਹੀਂ ਤਾਂ ਇਸ ਦੇ ਕੁਝ ਹਿੱਸੇ ਜ਼ਰੂਰ ਯਾਦ ਹੁੰਦੇ ਹਨ, ਤੇ ਜਦੋਂ ਇਹ ਗੀਤ ਛੋਹਿਆ ਜਾਂਦਾ ਹੈ ਤਾਂ ਹਾਜ਼ਰ ਮਜ਼ਦੂਰ ਬਿਨ੍ਹਾਂ ਮਨ ਤੇ ਬੋਝ ਪਾਇਆਂ ਆਪਣੀ ਆਵਾਜ਼ ਨਾਲ ਰਲਾ ਦਿੰਦੇ ਹਨ। ਇਸ ਗੀਤ ਦੇ ਬੋਲ ਮਜ਼ਦੂਰਾਂ ਨੂੰ ਅੱਜ ਵੀ ਉਹਨਾਂ ਦੀ ਸਾਂਝੀ ਤਾਕਤ ਦਾ ਅਹਿਸਾਸ ਤੇ ਉਹਨਾਂ ਦੇ ਉਚੇ ਨਿਸ਼ਾਨੇ ਦੀ ਯਾਦ ਦਿਵਾਉਂਦੇ ਹਨ:
ਸਾਡੇ ਹੱਥਾਂ ਦੇ ਰੱਟਣਾਂ ਵਿਚ ਤਾਕਤ ਬੜੀ ਖਜ਼ਾਨੇ ਨਾਲੋਂ
ਰਾਜ ਦਾ ਕੋਈ ਨਾ ਗੁੰਬਦ ਉਚਾ ਸਾਡੇ ਠਣੇ ਨਿਸ਼ਾਨੇ ਨਾਲੋਂ।

ਮਜ਼ਦੂਰਾਂ ਦੇ ਇਸ ਹੀਰੇ ਗੀਤ ਦੀ ਰਚਨਾ ਰਾਲਫ ਚੈਪਲਿਨ, ਜੋ ਕਿ ਵੌਬਲੀਜ਼ ਦਾ ਇਕ ਸਰਗਰਮ ਕਾਮਾ ਸੀ, ਨੇ ਜਨਵਰੀ 17, 1915 ਨੂੰ ਕੀਤੀ ਸੀ। ਚੈਪਲਿਨ ਵਲੋਂ ਹੋਰ ਵੀ ਅਨੇਕਾਂ ਗੀਤਾਂ ਦੀ ਰਚਨਾ ਕੀਤੀ ਗਈ। ਇਹਨਾਂ ਗੋਦ ਲਏ ਗੀਤਾਂ ਵਿਚ ਸ਼ਾਮਲ “ਹੁਣ ਆਫਤ ਵੀ ਨਾ ਰੋਕ ਸਕੇ’ ਵੀ ਉਸੇ ਦੀ ਰਚਨਾ ਹੈ।
ਆਈ ਡਬਲਯੂ ਡਬਲਯੂ ਲਹਿਰ ਦੇ ਹੋਰ ਮਸ਼ਹੂਰ ਗੀਤਕਾਰ ਸਨ ਟੀ-ਬੋਨ ਸਲਿਮ, ਹੈਰੀ ਮਕਲਿਨਟੌਕ, ਰਿਚਰਡ ਬਰੇਜ਼ੀਅਰ ਤੇ ਜੋ ਹਿੱਲ। ਜੋ ਹਿੱਲ ਇਹਨਾਂ ਵਿਚੋਂ ਸੱਭ ਤੋਂ ਵੱਧ ਜਾਣਿਆ ਤੇ ਪਿਆਰਿਆ ਜਾਂਦਾ ਗੀਤਕਾਰ ਸੀ। ਇਥੇ ਸ਼ਾਮਲ ‘ਯੂਨੀਅਨ ਦਾ ਹੋਕਾ’, ‘ਕਾਮਿਆਂ ਨੂੰ ਸੱਦਾ’ ਤੇ ‘ਰੋਟੀ ਤੇ ਦਰਵੇਸ਼’ ਉਸ ਵਲੋਂ ਰਚੇ ਅਨੇਕਾਂ ਗੀਤਾਂ ਦਾ ਨਮੂਨਾ ਹਨ। ਮਜ਼ਦੂਰ ਜਮਾਤ ਦੇ ਇਸ ਮਹਿਬੂਬ ਗੀਤਕਾਰ ਬਾਰੇ ਜਾਣ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ, ਇਕ ਖੁਸ਼ੀ ਦਾ ਅਹਿਸਾਸ ਹੁੰਦਾ ਹੈ। ਉਹ ਆਈ ਡਬਲਯੂ ਡਬਲਯੂ ਦਾ ਹੀ ਨਹੀਂ ਸਾਰੇ ਉਤਰੀ ਅਮਰੀਕਾ ਦੀ ਮਜ਼ਦੂਰ ਯੂਨੀਅਨ ਦਾ ਮਹਿਬੂਬ ਗੀਤਕਾਰ ਹੈ। ਭਾਵੇਂ ਅੱਜ ਦੀ ਟਰੇਡ ਯੂਨੀਅਨ ਲਹਿਰ ਜ਼ਿਆਦਾ ਕਾਰੋਬਾਰੀ ਸੁਭਾਅ ਦੀ ਹੋ ਜਾਣ ਕਰਕੇ ਜੋ ਹਿੱਲ ਦਾ ਨਾਂ ਉਨਾਂ ਨਹੀਂ ਜਾਣਿਆਂ ਜਾਂਦਾ ਪਰ ਉਹ ਉਸੇ ਤਰ੍ਹਾਂ ਦਾ ਮਹਿਬੂਬ ਹੀਰੋ ਰਿਹਾ ਹੈ, ਕੁਝ ਲੋਕਾਂ ਲਈ ਅਜੇ ਵੀ ਹੈ, ਜਿਵੇਂ ਸਾਡੇ ਲਈ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ ਹਨ।
ਜੋ ਹਿੱਲ, ਜਿਸਦਾ ਪੂਰਾ ਨਾਂ ਜੋਇਲ ਇਮੈਨੁਅਲ ਹੈਗਲੁੰਡ ਸੀ, 1910 ‘ਚ ਉਨੀਆਂ ਸਾਲਾਂ ਦੀ ਉਮਰ ਵਿਚ ਆਪਣੀ ਜਨਮ ਭੂਮੀ ਸਵੀਡਨ ਛੱਡ ਕੇ ਅਮਰੀਕਾ ਵਿਚ ਆਵਾਸੀ ਦੇ ਤੌਰ ਤੇ ਆਇਆ ਸੀ। 1910 ਵਿਚ ਉਸਨੇ ਵੌਬਲੀਜ਼ ਨਾਲ ਕੰਮ ਕਰਨਾ ਸ਼ੁਰੂ ਕੀਤਾ। ਉਹਨੇ “ਕੇਸੀ ਜੋਨਜ਼’, ‘ਦਾ ਪਰੀਚਰ ਐਂਡ ਦਾ ਸਲੇਵ’ ਵਰਗੇ ਅਨੇਕਾਂ ਮਸ਼ਹੂਰ ਗੀਤਾਂ ਦੀ ਰਚਨਾ ਕੀਤੀ। 1913 ਵਿਚ ਛਪੀ ਲਾਲ ਗੀਤਾਂ ਦੀ ਕਿਤਾਬ ਵਿਚ ਉਸਦੇ ਤੇਰਾਂ ਗੀਤ ਸ਼ਾਮਲ ਸਨ।
ਕੁਝ ਹੀ ਸਾਲਾਂ ਵਿਚ ਉਸਦਾ ਪ੍ਰਭਾਵ ਏਨਾ ਵੱਧ ਗਿਆ ਸੀ ਕਿ ਮਾਲਕਾਂ ਲਈ ਉਹ ਇਕ ਹਊਆ ਬਣ ਗਿਆ ਤੇ ਜਿਵੇਂ ‘ਮਾਲਕਾਂ’ ਦਾ ਸੁਭਾਅ’ ਹੁੰਦਾ ਹੈ ਉਹ ਇਹ “ਕੰਡਾ’ ਕੱਢਣ ਲਈ ਕੁਛ ਵੀ ਕਰਨੇ ਨੂੰ ਤਿਆਰ ਸਨ। ਤੇ ਉਹਨਾਂ ਹਨ ਹਰ ਕਿਸਮ ਦੇ ਕਾਨੂੰਨਾਂ, ਰਸਮਾਂ ਰਵਾਇਤਾਂ ਨੂੰ ਛਿੱਕੇ ਟੰਗ ਕੇ ਜੋ ਹਿੱਲ ਨੂੰ ਇਕ ਝੂਠੇ ਕਤਲ ਦੇ ਮੁਕੱਦਮੇ ਵਿਚ ਫਸਾ ਕੇ ਜਨਵਰੀ 1914 ਵਿਚ ਗ੍ਰਿਫਤਾਰ ਕਰ ਲਿਆ। ਤਕਰੀਬਨ ਦੋ ਸਾਲ ਤੱਕ ਉਹਦਾ ਕੇਸ ਕਚਿਹਰੀ ‘ਚ ਫਸਾਈ ਰੱਖਿਆ। ਉਤਰੀ ਅਮਰੀਕਾ, ਯੂਰਪ ਤੇ ਅਸਟਰੇਲੀਆ ਤੱਕ ਲੋਕਾਂ ਵਲੋਂ ਉਹਦੇ ਹੱਕ ਵਿਚ ਆਵਾਜ਼ ਉਠਾਈ ਗਈ। ਸਵੀਡਨ ਦੀ ਸਰਕਾਰ ਤੇ ਅਮਰੀਕਾ ਦੇ ਉਸ ਸਮੇਂ ਦੇ ਪ੍ਰਧਾਨ ਵੁਡਰੋ ਵਿਲਸਨ ਨੇ ਵੀ ਲੋਕਾਂ ਦੀ ਮੰਗ ਤੇ ਕੇਸ ਵਿਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਜੋ ਹਿੱਲ ਅਮੀਰ ਮਾਲਕਾਂ ਲਈ ਬਹੁਤ ਖਤਰਨਾਕ ਬਣ ਚੁੱਕਾ ਸੀ। ਜੋ ਹਿੱਲ ਨੂੰ ਨਵੰਬਰ 19, 1915 ਦੇ ਦਿਨ ਪੰਜ ਬੰਦਿਆਂ ਦੇ ‘ਫਾਏਰਿੰਗ ਸੁਕਐਡ’ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਸ਼ਹੀਦ ਹੋਣ ਤੋਂ ਕੁਝ ਹੀ ਘੰਟੇ ਪਹਿਲਾਂ ਉਹਨੇ ਆਪਣੇ ਸਾਥੀਆਂ ਨੂੰ ਲਿਖਿਆ: ‘ਰੋਣਾ ਨਹੀਂ ਜਥੇਬੰਦ ਹੋਣਾ’ (“ਧੋਨḔਟ ੱਅਸਟe ਟਮਿe ਮੁਰਨਨਿਗ। ੌਰਗਅਨਡਿe”) ਉਸਦੇ ਇਹ ਸ਼ਬਦ ਅੱਜ ਵੀ ਹੜਤਾਲਾਂ ਵੇਲੇ, ਮਜ਼ਦੂਰ ਰੈਲੀਆਂ ਤੇ ਜਲੂਸਾਂ ਸਮੇਂ ਲੋਕਾਂ ਵਲੋਂ ਦੁਹਰਾਏ ਜਾਂਦੇ ਹਨ।
ਜੋ ਹਿੱਲ ਬਾਰੇ ਕਾਫੀ ਕੁਛ ਲਿਖਿਆ ਮਿਲਦਾ ਹੈ। ਉਸ ਬਾਰੇ ਦੋ ਤਿੰਨ ਨਾਵਲ ਲਿਖੇ ਜਾ ਚੁੱਕੇ ਹਨ। ਬੈਰੀ ਸਟੈਵਿਸ ਨੇ 1954 ਵਿਚ ਜੋ ਹਿੱਲ ਬਾਰੇ ਇਕ ਮਸ਼ਹੂਰ ਕਿਤਾਬ, ‘ਇਨਸਾਨ ਜੋ ਮਰਿਆ ਨਹੀਂ (ਠਹe ੰਅਨ ੱਹੋ ਂeਵeਰ ਧਇਦ)’ ਲਿਖੀ। ਸਵੀਡਨ ਵਿਚ ਉਸਦੇ ਜੀਵਨ ਤੇ ਅਧਾਰਤ ਬਣੀ ਫਿਲਮ ਹਨ ਅੰਤਰ ਰਾਸ਼ਟਰੀ ਪੱਧਰ ਤੇ ਕਈ ਇਨਾਮ ਹਾਸਲ ਕੀਤੇ ਸਨ।
‘ਗੋਦ ਲਏ ਗੀਤ’ ਪੁਸਤਕ ਵਿਚ ਸ਼ਾਮਲ ਹੋਰ ਗੀਤਾਂ ਵਿਚੋਂ ‘ਹੋਵਾਂਗੇ ਕਾਮਯਾਬ’ ਅਮਰੀਕਾ ਦੇ ਕਾਲੇ ਲੋਕਾਂ ਦੇ ਘੋਲਾਂ ਦੇ ਨੇਤਾ ਮਾਰਟਿਨ ਲੂਥਰ ਕਿੰਗ ਜੂਨੀਅਰ ਦਾ ਹੈ। ਕਿੰਗ ਦਾ ਨਾਂ ਦੁਨੀਆਂ ਦੇ ਉਹਨਾਂ ਮਸ਼ਹੂਰ ਲੋਕ ਨੇਤਾਵਾਂ ਵਿਚ ਆਉਂਦਾ ਹੈ ਜਿਹਨਾਂ ਹਨ ਆਪਣੇ ਲੋਕਾਂ ਦੇ ਸੁਨਹਿਰੇ ਭਵਿੱਖ ਦੇ ਸੁਪਨੇ ਲਈ ਆਪਣਾ ਸੱਭ ਕੁਝ ਨਿਸ਼ਾਵਰ ਕਰ ਦਿੱਤਾ।
‘ਆਦਿ ਵਾਸੀ’ ਦਾ ਰਚਣਹਾਰਾ ਚੀਫ ਡੈਨ ਜਾਰਜ ਕੈਨੇਡਾ ਦੇ ਆਦਿ ਵਾਸੀ (ਨੇਟਿਵ) ਲੋਕਾਂ ਦਾ ਆਗੂ ਸੀ। ਕੈਨੇਡਾ ਨੇ ਜਦ 1967 ਵਿਚ ਇਕ ਮੁਲਕ ਦੇ ਤੌਰ ਤੇ ਆਪਣੀ ਪਹਿਲੀ ਸੌਂਵੀ ਬਰਸੀ ਮਨਾਈ ਤਾਂ ਚੀਫ ਡੈਨ ਜਾਰਜ ਨੇ ਆਪਣੇ ਲੋਕਾਂ ਵਲੋਂ ਇਕ ਬਹੁਤ ਹੀ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ ਸੀ। ਆਦਿ ਵਾਸੀ ਲੋਕਾਂ ਨੂੰ, ਜਿਨ੍ਹਾਂ ਨੂੰ ਕੋਲੰਬਸ ਦੀ ਮੂਰਖਤਾ ਕਰਕੇ ਇੰਡੀਅਨ ਕਿਹਾ ਜਾਂਦਾ ਹੈ, ਹਾਰੀ ਹੋਈ ਮਾਨਸਕਤਾ ਤੇ ਨਸ਼ਿਆਂ ਦੇ ਹਨੇਰੇ ਚੋਂ ਕੱਢ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦੇ ਰਾਹ ਤੇ ਲਿਆਉਣ ਵਿਚ ਚੀਫ ਡੈਨ ਜਾਰਜ ਦਾ ਵੀ ਕਾਫੀ ਹੱਥ ਸੀ। ਉਹ ਲੋਕਾਂ ਦਾ ਆਗੂ ਹੋਣ ਦੇ ਨਾਲ ਨਾਲ ਇਕ ਵਧੀਆ ਐਕਟਰ ਤੇ ਕਵੀ ਵੀ ਸੀ। ਉਹਦੀਆਂ ਕਵਿਤਾਵਾਂ ਦੀ ਇਕ ਕਿਤਾਬ (ਉਕਾਬ ਦੀ ਉਡਾਣ – ਅਨੁਵਾਦ ਡਾ: ਦਰਸ਼ਨ ਗਿੱਲ) ਪੰਜਾਬੀ ਵਿਚ ਅਨੁਵਾਦ ਵੀ ਹੋ ਚੁੱਕੀ ਹੈ।
ਉੱਤਰੀ ਅਮਰੀਕਾ ਦੀ ਮਜ਼ਦੂਰ ਲਹਿਰ ਲਈ ਗੀਤ ਲਿਖਣ ਵਾਲਾ ਇਕ ਹੋਰ ਨਾਂ ਵੁਡੀ ਗੱਥਰੀ ਹੈ। ਇਸ ਸੰਗ੍ਰਿਹ ਵਿਚ ਸ਼ਾਮਲ ਗੀਤ “ਯੂਨੀਅਨ ਵਾਲੀ’ ਉਸਦੇ 1940 ਵਿਚ ਲਿਖੇ ਗੀਤ ‘ਯੂਨੀਅਨ ਮੇਡ’ (ਯੂਨੀਅਨ ਮੇਡ) ਦਾ ਪੰਜਾਬੀ ਰੂਪ ਹੈ। ਇਹ ਗੀਤ ਅੱਜ ਵੀ ਇਕ ਬਹੁਤ ਮਸ਼ਹੂਰ ਗੀਤ ਹੈ।
ਇਸ ਸੰਗ੍ਰਿਹ ਵਿਚ ਸ਼ਾਮਲ ਗੀਤ ‘ਵਰਤਿਆ ਹੋਇਆ’ ਦਾ ਲੇਖਕ ਯੂਟਾਹ ਫਿਲਿਪ ਮੌਜੂਦਾ ਮਜ਼ਦੂਰ ਯੂਨੀਅਨਾਂ ਦੇ ਗੀਤਕਾਰਾਂ ਵਿਚੋਂ ਇਕ ਜਾਣਿਆਂ ਜਾਂਦਾ ਨਾਂ ਹੈ। ਉਹ ਕੈਨੇਡਾ ਅਮਰੀਕਾ ਦੇ ਸਾਰੇ ਹਿਸਿਆਂ ਵਿਚ ਮਜ਼ਦੂਰ ਘੋਲਾਂ ਵਿਚ ਗਾਉਣ ਲਈ ਪਹੁੰਚਦਾ ਹੈ। ਬੀæ ਸੀæ ਦੇ ਖੇਤ ਮਜ਼ਦੂਰਾਂ ਵਲੋਂ, ਜਿਹਨਾਂ ਵਿਚ ਬਹੁ ਗਿਣਤੀ ਪੰਜਾਬੀਆਂ ਦੀ ਹੈ, ਆਪਣੇ ਹੱਕਾਂ ਲਈ ਜੱਦੋ-ਜਹਿਦ ਕਰਨ ਲਈ ਸਥਾਪਤ ਕੀਤੀ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੇ ਘੋਲਾਂ ਵਿਚ ਵੀ ਯੂਟਾਹ ਫਿਲਿਪ ਕਈ ਵਾਰ ਆ ਕੇ ਗਾ ਗਿਆ ਹੈ।
ਇਸ ਕਿਤਾਬ ਵਿਚਲੇ ਦੂਜੇ ਹਿੱਸੇ ‘ਸਰਹੱਦੋਂ ਪਾਰ’ ਵਿਚ ਸ਼ਾਮਲ ਕੀਤੇ ਗੀਤ ਪਾਕਿਸਤਾਨ ਤੋਂ ਲਏ ਗਏ ਹਨ। ਫ਼ੈਜ਼ ਅਹਿਮਦ ਫ਼ੈਜ਼ ਦੇ ਹਰਮਨ ਪਿਆਰੇ ਨਗਮੇ “ਹਮ ਮਿਹਨਤਕਸ਼ ਇਸ ਦੁਨੀਆਂ ਕੇ ਜਬ ਅਪਨਾ ਹੀਸਾ ਮਾਂਗੇਂਗੇæææ” ਦੇ ਆਧਾਰ ‘ਤੇ ਸੁਖਪਾਲ ਨੇ ਦੋ ਸ਼ਕਤੀਸ਼ਾਲੀ ਗੀਤਾਂ ਦੀ ਰਚਨਾ ਕੀਤੀ ਹੈ। ਇਹ ਗੀਤ ਮੌਜ਼ੂਦਾ ਸਮੇਂ ਵਿਚ ਲੋਕ ਘੋਲਾਂ ਦੀ ਸਹੀ ਤਰਜ਼ਮਾਨੀ ਕਰਦੇ ਹਨ:

ਇਹ ਉਪਜੀ ਨਹੀਂ ਸਰਮਾਏ ਚੋਂ, ਇਹ ਦੁਨੀਆਂ ਕਿਰਤ ਨੇ ਸਿਰਜੀ ਹੈ
ਕੋਈ ਰਹਿਮ ਨਹੀਂ ਕੋਈ ਭੀਖ ਨਹੀਂ, ਸਾਡਾ ਹੱਕ ਜੋ ਬਣਦਾ ਮੰਗਦੇ ਹਾਂæææ
ਸਾਨੂੰ ਪਾੜ ਕੇ ਮਜ੍ਹਬਾਂ ਨਸਲਾਂ ‘ਚ ਅੱਜ ਲੁੱਟਦੇ ਪਏ ਲੁਟੇਰੇ ਨੇ
ਹਰ ਲੁੱਟ ਵਿਰੁੱਧ ਮਜ਼ਦੂਰਾਂ ਦਾ ਅਸੀਂ ਭਾਈਚਾਰਾ ਮੰਗਦੇ ਹਾਂæææ

ਇਸ ਹਿੱਸੇ ਦੇ ਬਾਕੀ ਗੀਤ ਸੁਖਪਾਲ ਮੁਤਾਬਕ ਉਹਨੇ ਪਾਕਿਸਤਾਨ ਤੋਂ ਆਈ ਗੀਤਾਂ ਦੀ ਇਕ ਕੈਸਿਟ ਦੇ ਆਧਾਰ ਤੇ ਤਿਆਰ ਕੀਤੇ ਹਨ। ਇਹਨਾਂ ਗੀਤਾਂ ਨੂੰ ਪੰਜਾਬੀ ਲੋਕਾਂ ਲਈ ਉਹਨਾਂ ਦੀ ਬੋਲੀ ਤੇ ਮੁਹਾਵਰੇ ਵਿਚ ਪੇਸ਼ ਕਰਕੇ ਸੁਖਪਾਲ ਨੇ ਦੂਜੇ ਲੋਕਾਂ ਦੀਆਂ ਜਦੋ-ਜਹਿਦਾਂ ਨੂੰ ਇਕ ਦੂਜੇ ਦੇ ਨੇੜੇ ਲਿਆਉਣ ਦਾ ਇਕ ਬਹੁਤ ਵਧੀਆ ਤੇ ਸਫਲ ਯਤਨ ਕੀਤਾ ਹੈ। ਇਹ ਉਹਦੀ ਮਿਹਨਤ ਦਾ ਕਮਾਲ ਹੈ ਕਿ ਇਹ ਗੀਤ ਸਾਨੂੰ ਸਾਡੀਆਂ ਹੀ ਸਮੱਸਿਆਵਾਂ ਬਾਰੇ ਜਾਪਦੇ ਹਨ ਅਤੇ ਆਪਣੇ ਆਪਣੇ ਲੱਗਦੇ ਹਨ। ਇਸ ਹਿੱਸੇ ਵਿਚੋਂ ਨਮੂੰਨੇ ਲਈ ‘ਮਿਲ ਕੇ ਚਲੋ’ ਗੀਤ ਦੀਆਂ ਹੇਠਲੀਆਂ ਸਤਰਾਂ ਦੇਖ ਸਕਦੇ ਹਾਂ:

ਇਹ ਜ਼ਾਤ ਜ਼ਾਤ ਜ਼ਾਤ ਦਾ ਹੈ ਜ਼ੋਰ ਕਿਉਂ
ਇਹ ਧਰਮ ਧਰਮ ਧਰਮ ਦਾ ਹੈ ਸ਼ੋਰ ਕਿਉਂ
ਕਿਰਤੀਆਂ ਦਾ ਧਰਮ ਤਾਂ ਬੱਸ ਕਿਰਤ ਹੈ
ਕਿਰਤੀ ਸਾਰੇ ਬੰਨ੍ਹ ਕੇ ਆਓ ਜੋਟੀਆਂ।
ਮਿਲ ਕੇ ਚਲੋ ਮਿਲ ਕੇ ਚਲੋ ਮਿਲ ਕੇ ਚਲੋ।

ਹਿੰਦੋਸਤਾਨ ਦੀ ਜੰਗੇ-ਆਜ਼ਾਦੀ ਦੌਰਾਨ ਲੋਕਾਂ ਵਿਚ ਮਕਬੂਲ ਹੋਏ ਗੀਤਾਂ – ‘ਪੱਗੜੀ ਸੰਭਾਲ ਜੱਟਾ’, ‘ਸਰਫ਼ਰੋਸ਼ੀ ਕੀ ਤਮੰਨਾ’ – ਆਦਿ ਨੂੰ ਸੁਖਪਾਲ ਨੇ ਅੱਜ ਦੇ ਸੰਦਰਭ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਕਿਤਾਬ ਦੇ ਤੀਜੇ ਹਿੱਸੇ ‘ਆਰ ਪਾਰ’ ਵਿਚ ਸ਼ਾਮਲ ਕੀਤੇ ਹਨ। ਗੀਤ ‘ਪੱਗੜੀ ਸੰਭਾਲ ਜੱਟਾ -2’ ਇਸ ਹਿੱਸੇ ਦਾ ਇਕ ਵਧੀਆ ਨਮੂਨਾ ਹੈ:

ਤਿਪ ਤਿਪ ਜ਼ਿੰਦਗੀ ਨੂੰ ਖੇਤਾਂ ਵਿਚ ਬੋਇਆ ਤੂੰ
ਫਿਰ ਵੀ ਨਾ ਪੈਲੀਆਂ ਦੇ ਹਾਣ ਦਾ ਵੇ ਹੋਇਆ ਤੂੰ
ਘੁਣ ਵਾਂਗੂੰ ਲੱਗੇ ਤੈਨੂੰ ਤੇਰੇ ਹੀ ਸੁਆਲ ਉਏ।
ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਉਏ।

ਇਸੇ ਤਰ੍ਹਾਂ ‘ਸ਼ਹੀਦੋਂ ਕੀ ਚਿਤਾਉਂ ਪੇ’ ਵਿਚ ਇਕ ਨਵੀਂ ਰੂਹ ਪਾਈ ਹੈ:
ਮੜ੍ਹੀ ਸ਼ਹੀਦਾਂ ਦੀ ਤੇ ਮੇਲਾ ਲੱਗੇ ਨਾ ਲੱਗੇ
ਰਾਹ ਸ਼ਹੀਦਾਂ ਦਾ ਪਰ ਸੁੰਨਾ ਹੋਣ ਨਾ ਦੇਣਾ।
ਮੜ੍ਹੀ ਹੈ ਇਕ ਯਾਦ ਉਨ੍ਹਾਂ ਦੀ ਰਾਹ ਉਨ੍ਹਾਂ ਦੀ ਜ਼ਿੰਦਗੀ
ਨੀਂਦੇ ਮੌਤ ਮੰਜ਼ਲਾਂ ਨੂੰ ਸੌਂ ਨਾ ਦੇਣਾ।

ਇਹ ਢੁੱਕਦੀ ਗੱਲ ਹੈ ਕਿ ਕਿਤਾਬ ਦੇ ਆਖਰੀ ਹਿੱਸੇ ਵਿਚ ਸੁਖਪਾਲ ਦੀ ਆਪਣੀ ਕਿਰਤ ‘ਕਿੱਸਾ ਪੰਜਾਬ’ ਸ਼ਾਮਲ ਹੈ। ਇਸ ਵਿਚ ਉਹ ਹੁਣ ਦੇ ਪੰਜਾਬ ਦੇ ਦੁਖਾਂਤ ਦਾ ਕਿੱਸਾ ਸ਼ੋਂਹਦਾ ਹੈ:
ਭਾਈਚਾਰਾ ਹੈ ਸੰਗੀਨਾਂ ਉੱਤੇ ਤੁਲਿਆ,
ਮਨਾਂ ਵਿਚ ਮਜ੍ਹਬਾਂ ਦਾ ਜ਼ਹਿਰ ਘੁਲਿਆ।
ਹੇਰਾ ਫੇਰੀ ਵਾਲਾ ਹੈ ਹਿਸਾਬ ਹੋ ਗਿਆ,
ਜਲ੍ਹਿਆਂ ਦਾ ਬਾਗ ਹੈ ਪੰਜਾਬ ਹੋ ਗਿਆ।

ਤੇ ਪੰਜਾਬ ਦੇ ਮਹਾਨ ਲੋਕਾਂ ਵਾਂਗ ਜਿਹਨਾਂ ਨੇ ਵਰ੍ਹਿਆਂ ਤੋਂ ਵੱਗ ਰਹੀ ਇਸ ਕਾਲੀ ਬੋਲੀ ਹਨੇਰੀ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਸੁਖਪਾਲ ਵੀ ਨਿਰਾਸ਼ ਹੋਣ ਦੀ ਥਾਂ ਆਪਣੇ ਲੋਕਾਂ ਨੂੰ ਸਾਂਝ ਦਾ ਸੁਨੇਹਾ ਦਿੰਦਾ ਹੈ:
ਜਾਤ ਪਾਤ ਦੇ ਭੇਦ ਦਿਲੋਂ ਕੱਢ ਕੇ,
ਕਿਰਤਾਂ ਦੇ ਸਾਂਝੇ ਰਿਸ਼ਤੇ ‘ਚ ਬੱਝ ਕੇ।
ਵੰਝਲੀ ‘ਚ ਮਾਰੋ ਐਸੀ ਫੂਕ ਬੇਲੀਓ,
ਸਭਨਾਂ ਦਾ ਦੁੱਖ ਸਾਂਝੀ ਹੂਕ ਬੇਲੀਓ।

ਇਹਨਾਂ ਗੀਤਾਂ ਵਿਚਲੀ ਸੁੰਦਰਤਾ, ਸ਼ਕਤੀ ਤੇ ਕਲਾਤਮਕਤਾ ਦਾ ਸਹੀ ਅੰਦਾਜ਼ਾ ਇਹਨਾਂ ਨੂੰ ਸਿਰਫ ਪੜ੍ਹਨ ਨਾਲ ਨਹੀਂ ਲੱਗ ਸਕਦਾ। ਇਹਨਾਂ ਨੂੰ ਇਕੱਠਾਂ ਵਿਚ ਗਾਏ ਜਾਣ ਵੇਲੇ ਹੀ ਇਹਨਾਂ ਦੇ ਅਸਲੀ ਰੂਪ ਵਿਚ ਦੇਖਿਆ ਮਾਣਿਆ ਜਾ ਸਕਦਾ ਹੈ। ਹਰ ਸਭਿਆਚਾਰ ਵਿਚ ਮਿਲਦੇ ਹੋਰ ਲੋਕ ਗੀਤਾਂ ਵਾਂਗ ਹੀ ਮਜ਼ਦੂਰ ਲਹਿਰ ਨਾਲ ਸੰਬੰਧਤ ਗੀਤਾਂ ਵਿਚ ਬਹੁਤ ਸਰਲਤਾ ਹੁੰਦੀ ਹੈ। ਗੀਤਾਂ ਵਿਚਲੀ ਇਹ ਸਰਲਤਾ ਦਾ ਗੁਣ ਹੀ ਇਹਨਾਂ ਨੂੰ ਮਜ਼ਦੂਰਾਂ ਵਿਚ ਮਕਬੂਲ ਕਰਾਉਣ ਵਿਚ ਸਹਾਈ ਹੁੰਦਾ ਹੈ। ਬਹੁਤੀ ਵਾਰੀ ਇਹ ਗੀਤ ਲੋਕਾਂ ਦੀਆਂ ਜਾਣ ਪਛਾਣ ਵਾਲੀਆਂ ਲੋਕ ਗੀਤਾਂ ਦੀਆਂ, ਜਾਂ ਧਾਰਮਿਕ ਗੀਤਾਂ ਦੀਆਂ ਧੁਨਾਂ ਤੇ ਉਸਾਰੇ ਜਾਂਦੇ ਹਨ। ਪਰ ਇਸ ਗੱਲੋਂ ਬੜੀ ਚੇਤਨਤਾ ਵਰਤੀ ਜਾਂਦੀ ਹੈ ਕਿ ਲੋਕਾਂ ਦੇ ਅੰਧਵਿਸ਼ਵਾਸ ਜਾਂ ਧਾਰਮਿਕ ਕਿਸਮ ਦੀ ਸੂਝ ਇਹਨਾਂ ਗੀਤਾਂ ਵਿਚ ਨਾ ਸਮਾਈ ਹੋਵੇ। ਸਗੋਂ ਉਤਰੀ ਅਮਰੀਕਾ ਦੀ ਆਈ ਡਬਲਯੂ ਡਬਲਯੂ ਲਹਿਰ ਦੇ ਬਹੁਤ ਗੀਤਾਂ ਵਿਚ ਤਾਂ ਧਾਰਮਿਕ ਧੁਨਾਂ ਵਰਤ ਕੇ ਧਰਮ ਵਿਚਲੇ ਅੰਧਵਿਸ਼ਵਾਸਾਂ ਦਾ ਮਖੌਲ ਉਡਾਇਆ ਗਿਆ ਹੈ।
ਮਜ਼ਦੂਰ ਲਹਿਰ ਨਾਲ ਸਬੰਧਤ ਬਹੁਤੇ ਗੀਤਾਂ ਦਾ ਵਿਸ਼ਾ ਮਜ਼ਦੂਰਾਂ ਦੀ ਏਕਤਾ, ਉਹਨਾਂ ਦੇ ਘੋਲਾਂ ਦੀ ਮਹਾਨਤਾ ਆਦਿ ਹੁੰਦੇ ਹਨ ਅਤੇ ਇਹ ਗੀਤ ਮਜ਼ਦੂਰਾਂ ਨੂੰ ਇਕ ਦੂਜੇ ਨਾਲ ਅਤੇ ਆਪਣੇ ਨਿਸ਼ਾਨਿਆਂ ਨਾਲ ਪਿਆਰ ਕਰਨ ਲਈ ਪ੍ਰੇਰਦੇ ਹਨ। ਕਈਆਂ ਗੀਤਾਂ ਵਿਚ ਇਹ ਸੁਨੇਹਾ ਲੋਕਾਂ ਦੇ ਹੱਕਾਂ ਲਈ ਜੂਝਣ ਵਾਲੇ ਲੋਕਾਂ ਬਾਰੇ ਜ਼ਿਕਰ ਨਾਲ ਵੀ ਦਿੱਤਾ ਹੁੰਦਾ ਹੈ। ਉਦਾਰਹਨ ਵਜੋਂ, ਅਮਰੀਕਾ ਦੀ ਮਸ਼ਹੂਰ ਇਸਤਰੀ ਆਗੂ ਮੈਰੀ ਜੋਨਜ਼ ਜਿਸਨੂੰ ‘ਮਦਰ ਜੋਨਜ਼’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ, ਬਾਰੇ ਕਈ ਗੀਤ ਮਿਲਦੇ ਹਨ। ਮਦਰ ਜੋਨਜ਼ 1830 ਵਿਚ ਪੈਦਾ ਹੋਈ ਸੀ ਤੇ ਆਪਣੀ ਪੂਰੇ ਸੌ ਸਾਲ ਦੀ ਜ਼ਿੰਦਗੀ ਉਹਨੇ ਖਾਣਾਂ ਵਿਚ ਕੰਮ ਕਰਨ ਵਾਲੇ ਤੇ ਬਾਕੀ ਮਜ਼ਦੂਰ ਜਮਾਤ ਦੇ ਹੱਕਾਂ ਲਈ ਲਾ ਦਿੱਤੀ। ਇਸ ਤੋਂ ਉਲਟ ਕਈ ਗੀਤਾਂ ਵਿਚ ਮਾਲਕਾਂ ਪ੍ਰਤੀ, ਜਾਂ ਗਦਾਰੀ ਕਰਨ ਵਾਲੇ ਮਜ਼ਦੂਰਾਂ ਪ੍ਰਤੀ ਨਫਰਤ ਦਾ ਪ੍ਰਗਟਾਵਾ ਹੁੰਦਾ ਹੈ। ਮਾਲਕਾਂ ਨਾਲੋਂ ਵੀ ਵੱਧ ਨਫਰਤ ਵਾਲੇ ਗੀਤ ਉਹਨਾਂ ਮਜ਼ਦੂਰਾਂ ਖਿਲਾਫ ਮਿਲਦੇ ਹਨ ਜੋ ਮਜ਼ਦੂਰ ਜਮਾਤ ਨਾਲ ਦਗਾ ਕਮਾਉਂਦੇ ਹਨ। ਹੜਤਾਲ ਵੇਲੇ ਪਿਕਟ ਲਾਈਨ ਟੱਪ ਜਾਣ ਵਾਲੇ ਨੂੰ ‘ਸਕੈਬ’ ਕਿਹਾ ਜਾਂਦਾ ਹੈ। ਮਜ਼ਦੂਰਾਂ ਦੀ ਗੱਲ ਬਾਤ ਵਿਚ ਸਕੈਬ ਸੱਭ ਤੋਂ ਵੱਧ ਗੰਦੀ ਗਾਲ ਹੈ। ਸਕੈਬਾਂ ਪ੍ਰਤੀ ਨਫਰਤ ਪ੍ਰਗਟਾਉਂਦੇ ਕਿੰਨੇ ਹੀ ਗੀਤ ਮਜ਼ਦੂਰ ਜਮਾਤ ਦੇ ਗੀਤਾਂ ਦਾ ਹਿੱਸਾ ਹਨ। ਜੋ ਹਿੱਲ ਦਾ ਗੀਤ ‘ਕੇਸੀ ਜੋਨਜ਼’ ਜੋ ਅੱਜ ਵੀ ਬਹੁਤ ਮਸ਼ਹੂਰ ਹੈ, ਇਕ ਸਕੈਬ ਬਾਰੇ ਹੈ। ਪਰ ਬਹੁਤੇ ਹਰਮਨ ਪਿਆਰੇ ਗੀਤ ਲੋਕਾਂ ਵਿਚ ਹਾਂ-ਪੱਖੀ ਭਾਵਨਾ ਪੈਦਾ ਕਰਨ ਵਾਲੇ ਹੀ ਹੁੰਦੇ ਹਨ।
ਜਿਵੇਂ ਪਹਿਲਾਂ ਦਿੱਤੀਆਂ ਉਦਾਹਰਣਾਂ ਤੋਂ ਜ਼ਾਹਰ ਹੈ ਕਿ ਸੁਖਪਾਲ ਖ਼ੁਦ ਇਕ ਲੋਕ ਕਵੀ ਹੋਣ ਕਰਕੇ ਇਹਨਾਂ ਗੀਤਾਂ ਦੀ ਚੋਂ ਕਰਨ ਵਿਚ ਵੀ ਤੇ ਉਹਨਾਂ ਨੂੰ ਪੰਜਾਬੀ ਵਿਚ ਪੇਸ਼ ਕਰਨ ਵਿਚ ਵੀ ਕਾਮਯਾਬ ਰਿਹਾ ਹੈ। ਖਾਸ ਕਰ ਉਤਰੀ ਅਮਰੀਕਾ ਦੀ ਮਜ਼ਦੂਰ ਲਹਿਰ ਦੇ ਗੀਤਾਂ ਦੀ ਚੋਣ ਕਰਨ ਵਿਚ ਉਹਨੇ ਆਪਣੇ ਇਕ ਵਧੀਆ ਖੋਜੀ ਹੋਣ ਦਾ ਵੀ ਸਬੂਤ ਦਿੱਤਾ ਹੈ। ਉਸਦੀ ਗੀਤ ਕਲਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੂੰ ਪੜ੍ਹਦਿਆਂ ਜਾਂ ਗੁਣਗੁਣਾਉਂਦਿਆਂ ਇਹ ਰਤਾ ਵੀ ਓਪਰੇ ਨਹੀਂ ਲੱਗਦੇ। ਪਰਾਏ ਵਿਹੜਿਆਂ ਵਿਚ ਜੰਮੇ ਪਲੇ ਇਹ ਗੀਤ ਸਾਨੂੰ ਆਪਣੇ ਆਪਣੇ ਲੱਗਣ ਲੱਗੇ ਹਨ। ਇਹ ਗੀਤ ਮਜ਼ਦੂਰ ਜਮਾਤ ਦੇ ਅਤੇ ਲੋਕਾਂ ਦੀਆਂ ਹੋਰ ਜੱਦੋ-ਜਹਿਦਾਂ ਦੇ ਗੀਤ ਹਨ। ਇਹਨਾਂ ਦਾ ਪੰਜਾਬੀਆਂ ਤੱਕ ਪਹੁੰਚਣਾ ਇਕ ਸ਼ੁੱਭ ਸਗਨ ਹੈ। ਇਸ ਪੁਸਤਕ ਵਿਚ ਜਿਸ ਤਰ੍ਹਾਂ ਇਹਨਾਂ ਗੀਤਾਂ ਨੂੰ ਪੰਜਾਬ, ਭਾਰਤ ਤੇ ਪਾਕਿਸਤਾਨ ਦੇ ਹੋਰ ਗੀਤਾਂ ਦੇ ਨਾਲ ਰੱਖ ਕੇ ਪੇਸ਼ ਕੀਤਾ ਗਿਆ ਹੈ ਇਹ ਹੋਰ ਵੀ ਬਹੁਤ ਵਧੀਆ ਹੈ। ਜਿਵੇਂ ਭਰਾ ਭਰਾਵਾਂ ਨੂੰ ਮਿਲਦੇ ਹਨ ਕੁਝ ਇਸ ਤਰ੍ਹਾਂ ਹੀ ਇਸ ਸੰਗ੍ਰਿਹ ਦੇ ਇਹ ਗੀਤ ਇਕ ਦੂਜੇ ਨੂੰ ਮਿਲਦੇ ਪ੍ਰਤੀਤ ਹੁੰਦੇ ਹਨ। ਆਸ ਹੈ ਕਿ ਪੰਜਾਬੀ ਮਜ਼ਦੂਰ ਜਮਾਤ ਤੇ ਆਪਣੇ ਹੱਕਾਂ ਲਈ ਜੂਝਦੇ ਲੋਕ ਇਹਨਾਂ ਗੀਤਾਂ ਨੂੰ ਆਪਣੇ ਸਮਝ ਕੇ ਗਲ ਲਾਉਣਗੇ।
ਜਨਵਰੀ, 1991

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s