ਬਾਬਾ ਤਾਣਾ

ਬਾਬਾ ਤਾਣਾ

ਸਾਧੂ ਬਿਨਿੰਗ

Image


ਦੁਪਹਿਰ ਦੇ ਇਕ ਵਜੇ ਨਾਲ ਮੈਂ ਆਪਣੇ ਪਿੰਡ ਪਹੁੰਚ ਗਿਆ।  ਵੈਨ ਵਿਚ ਏ ਸੀ ਹੋਣ ਕਰਕੇ ਪਤਾ
ਨਹੀਂ ਸੀ ਲੱਗਾ ਪਰ ਬਾਹਰ ਪੈਰ ਰੱਖਦਿਆਂ ਹੀ ਮੇਰੇ ਨਾਲ ਉਹੀ ਹੋਇਆ ਜੋ ਪੰਜਾਬ ‘ਚ ਜੂਨ ਦੇ ਆਖਰੀ
ਹਫਤੇ ਦੀ ਗਰਮੀ ਵਿਚ ਬਾਹਰੋਂ ਗਏ ਬੰਦੇ ਨਾਲ ਹੁੰਦਾ ਹੈ।  ਮਨ ‘ਚ ਮੂਰਖ ਹੋਣ ਦਾ ਅਹਿਸਾਸ ਫੇਰ
ਜਾਗਿਆ ਤੇ ਘਰਦਿਆਂ ਦੀ ਤੇ ਦੋਸਤਾਂ ਦੀ ਰਾਏ ਨਾ ਮੰਨਣ ‘ਤੇ ਆਪਣੇ ਆਪ ਉੱਪਰ ਖਿੱਝ ਆਈ।  ਪਿੰਡ
ਅੰਦਰਲੇ ਖਾਲੀ ਪਏ ਘਰ ਜਾਣ ਦੀ ਬਜਾਏ ਮੈਂ ਆਪਣੇ ਨੇੜੇ ਦੇ ਪਰਿਵਾਰ ਦੇ ਚਾਰ ਕੁ ਸਾਲ ਪਹਿਲਾਂ ਬਣੇ
ਘਰ ਰਹਿਣ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ।  ਪਿੰਡ ਦੀ ਫਿਰਨੀ ਦੇ ਬਾਹਰਲੇ ਪਾਸੇ ਖੇਤਾਂ ਨਾਲ
ਲਗਦੀਆਂ ਨਵੀਂਆਂ ਬਣੀਆਂ ਕੋਠੀਆਂ ਦੀ ਹੁਣ ਲੰਮੀ ਕਤਾਰ ਸੀ।  ਪੰਜ ਕੁ ਵਰ੍ਹੇ ਪਹਿਲਾਂ ਅਜੇ ਸਿਰਫ ਇਕ
ਦੋ ਹੀ ਸਨ।  ਇਸ ਕੋਠੀ ਵਾਲੇ ਵੱਡੇ ਟੱਬਰ ਦੇ ਕੁਝ ਲੋਕ ਕੈਨੇਡਾ ਰਹਿੰਦੇ ਹਨ ਤੇ ਕੁਝ ਇੰਗਲੈਂਡ।  ਸੁਹਾਵਣੇ
ਮੌਸਮ ਵਿਚ ਇਨ੍ਹਾਂ ਵਿਚੋਂ ਕੋਈ ਨਾ ਕੋਈ ਪਿੰਡ ਆਇਆ ਹੀ ਰਹਿੰਦਾ ਹੈ ਪਰ ਗਰਮੀਆਂ ਵਿਚ ਘੱਟ ਹੀ
ਇੱਥੇ ਪੈਰ ਪਾਉਂਦੇ ਹਨ।  ਘਰ ਦੀ ਦੇਖ ਭਾਲ ਦੇਵ ਕਰਦਾ ਹੈ।  ਦੇਵ ਬਿਹਾਰ ਤੋਂ ਹੈ ਤੇ ਪਿਛਲੇ ਵੀਹਾਂ ਬਾਈਆਂ
ਸਾਲਾਂ ਤੋਂ ਇਸੇ ਪਰਿਵਾਰ ਨਾਲ ਰਹਿ ਰਿਹਾ ਹੈ।  ਉਹ ਨੌਂ ਕੁ ਸਾਲ ਦਾ ਸੀ ਜਦੋਂ ਆਪਣੇ ਤਾਏ ਦੇ ਮੁੰਡੇ ਨਾਲ
ਬਿਹਾਰ ਤੋਂ ਪੰਜਾਬ ਆ ਗਿਆ।  ਇਸ ਟੱਬਰ ਵਿਚ ਉਹ ਟੱਬਰ ਦੇ ਜੀਆਂ ਵਾਂਗ ਹੀ ਪਲ਼ਿਆ ਹੈ ਤੇ ਹੁਣ ਉਸ
ਨੂੰ ਸਾਰੇ ਆਪਣੇ ਟੱਬਰ ਦਾ ਜੀਅ ਹੀ ਸਮਝਦੇ ਹਨ।  ਦੇਵ ਨੂੰ ਰਾਹ ਵਿਚੋਂ ਫੋਨ ‘ਤੇ ਦੱਸ ਦਿੱਤਾ ਸੀ ਕਿ ਮੈਂ
ਇਕ ਦੋ ਵਜੇ ਪਹੁੰਚਾਂਗਾ।  ਮੇਰੇ ਆਉਣ ਬਾਰੇ ਉਹਨੂੰ ਕਨੇਡਾ ਤੋਂ ਵੀ ਫੋਨ ਆ ਚੁੱਕਾ ਸੀ।  ਵੈਨ ਦਾ ਖੜਾਕ
ਸੁਣ ਕੇ ਉਹ ਪੱਲ ਵਿਚ ਬਾਹਰ ਆ ਗਿਆ।  ਉਹਨੇ ਬਹੁਤ ਹੀ ਅਪਣੱਤ ਨਾਲ ਸਾਸਰੀ ਕਾਲ ਬੁਲਾਈ।  ਫੇਰ
ਵੈਨ ਵਿਚ ਬੈਠੇ ਦੋ ਹੋਰ ਮੁਸਾਫਰਾਂ ਤੇ ਡਰਾਈਵਰ ਨੂੰ ਵੀ ਸਤਿਕਾਰ ਨਾਲ ਫਤੇ ਬੁਲਾਈ ਤੇ ਚਾਹ ਤੇ ਠੰਡੇ ਦੀ
ਪੇਸ਼ਕਸ਼ ਕੀਤੀ ਪਰ ਉਹ ਜਾਣ ਦੀ ਕਾਹਲ ਵਿਚ ਸਨ।  ਦੇਵ ਦੀ ਬੋਲੀ ਵਿਚ ਕਿਤੇ ਕਿਤੇ ਹੀ ਬਿਹਾਰੀ ਰੰਗ
ਦਾ ਝੌਲਾ ਪੈਂਦਾ ਸੀ।

         ਦੇਵ ਨੇ ਵਰਾਂਡੇ ਵਿਚ ਹੁਣੇ ਪਾਣੀ ਛਿੜਕਿਆ ਸੀ ਤੇ ਪੂਰੀ ਸਪੀਡ ‘ਤੇ ਛੱਡੇ ਦੋ ਪੱਖਿਆਂ ਦੇ ਬਾਵਜੂਦ
ਵੈਨ ਵਿਚਲੀ ਏ ਸੀ ਚੇਤੇ ਆ ਰਹੀ ਸੀ।  ਫਰਿੱਜ ਵਿਚਲੇ ਪਾਣੀ ਨਾਲ ਬਣਾਈ ਸ਼ਿਕੰਜਵੀ ਪਿਲਾਉਣ ਬਾਅਦ
ਉਹਨੇ ਰੋਟੀ ਬਾਰੇ ਪੁੱਛਿਆ।  ਰੋਟੀ ਤਾਂ ਅਸੀਂ ਆਉਂਦੇ ਹੋਏ ਇਕ ਢਾਬੇ ‘ਤੇ ਖਾ ਆਏ ਸਾਂ।  ਪਿਛਲੇ ਤੀਹਾਂ
ਪੈਂਤੀਆਂ ਘੰਟਿਆਂ ਦੌਰਾਨ ਚੰਗੀ ਤਰ੍ਹਾਂ ਸੁੱਤਾ ਨਾ ਹੋਣ ਕਾਰਨ ਥਕਾਵਟ ਤਾਂ ਹੋਣੀ ਹੀ ਸੀ।  ਦੇਵ ਨੇ ਇਕ
ਕਮਰੇ ਵਿਚ ਕੂਲਰ ਲਾ ਦਿੱਤਾ।  ਉਹਦੇ ਵਿਚ ਏ ਸੀ ਵਾਲੀ ਗੱਲ ਤਾਂ ਨਹੀਂ ਸੀ ਪਰ ਫੇਰ ਵੀ ਸੌਂਇਆਂ ਜਾ
ਸਕਦਾ ਸੀ।  ਵਿਹੜੇ ਵਿਚ ਲੱਗੇ ਡੂੰਘੇ ਬੋਰ ਵਾਲੇ ਨਲਕੇ ਦਾ ਬਟਣ ਦਬਾਉਂਦਿਆਂ ਦੇਵ ਨੇ ਕਿਹਾ, “ਭਾ ਜੀ
ਇਸ ਨਲਕੇ ਥੱਲੇ ਖੜ੍ਹੇ ਹੋਵੋ ਤੁਹਾਡੀ ਸਾਰੀ ਗਰਮੀ ਮਿੰਟਾਂ ਵਿਚ ਜਾਂਦੀ ਰਹੇਗੀ। ” ਉਸ ਨਲਕੇ ਦਾ ਪਾਣੀ
ਸੱਚ ਮੁੱਚ ਏਨਾ ਠੰਡਾ ਸੀ ਕਿ ਮੈਨੂੰ ਕੁਝ ਮਿੰਟਾਂ ਵਿਚ ਹੀ ਕਾਂਬਾ ਛਿੜਨ ਵਾਲਾ ਹੋ ਗਿਆ।  ਪਰ ਜਦ ਨਲਕੇ
ਤੋਂ ਪਰ੍ਹੇ ਹੋਇਆ ਤਾਂ ਮੁੜ ਗਰਮੀ ਨਾਲ ਭਿੱਜਣ ਨੂੰ ਵੀ ਕੁਝ ਮਿੰਟ ਹੀ ਲੱਗੇ।

         ਸੌਣ ਦੀ ਕੋਸ਼ਸ਼ ਵਿਚ ਮੈਂ ਅੰਦਰ ਕੂਲਰ ਅੱਗੇ ਜਾ ਪਿਆ।  ਦੇਵ ਦੀ ਲੋਹੜਿਆਂ ਦੀ ਅਪਣੱਤ ਦੇ
ਬਾਵਜੂਦ ਸਭ ਕੁਝ ਬਹੁਤ ਹੀ ਓਪਰਾ ਓਪਰਾ ਲੱਗ ਰਿਹਾ ਸੀ।  ਪਿਛਲੇ ਅਠੱਤੀਆਂ ਸਾਲਾਂ ਦੌਰਾਨ ਮੈਂ ਚਾਰ
ਕੁ ਵਾਰ ਹੀ ਪਿੰਡ ਆਇਆ ਸਾਂ।  ਇਕ ਤਾਂ ਮੇਰੀ ਮਾਂ ਹਰ ਵਾਰੀ ਸਾਡੇ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਪਿੰਡ
ਪਹੁੰਚ ਜਾਂਦੀ ਹੁੰਦੀ ਸੀ ਤੇ ਘਰ ਦੀ ਮੁਰੰਮਤ ਵਗੈਰਾ ਕਰਾ ਰੱਖਦੀ ਸੀ।  ਪਰ ਪਿਛਲੀ ਵਾਰੀ ਆਈ ਹੋਈ
ਉਹ ਏਥੇ ਕਾਫੀ ਬੀਮਾਰ ਰਹੀ ਤੇ ਹੁਣ ਪਿੰਡ ਆ ਕੇ ਰਹਿਣ ਜੋਗੀ ਨਹੀਂ ਸੀ।  ਦੂਜਾ ਮੈਂ ਆਇਆ ਵੀ ਹਰ
ਵਾਰੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਹੀ ਸਾਂ।  ਮਾਂ ਦੇ ਏਥੇ ਹੁੰਦਿਆਂ ਪਿੰਡ ਤੇ ਆਲਾ ਦੁਆਲਾ ਕਦੇ ਵੀ
ਏਨਾ ਓਪਰਾ ਨਹੀਂ ਸੀ ਲੱਗਾ।  ਮੈਂ ਪਿਆ ਪਿਆ ਸੋਚ ਰਿਹਾ ਸੀ ਕਿ ਇਹ ਪਿੰਡ ਇਹ ਧਰਤੀ ਹੁਣ ਸੱਚ
ਮੁੱਚ ਹੀ ਮੇਰੇ ਲਈ ਪਰਦੇਸ ਹੋ ਗਈ ਹੈ।  ਮੇਰਾ ਘਰ ਤਾਂ ਹੁਣ ਬਰਨਬੀ ਹੈ ਤੇ ਘਰੋਂ ਦਿਸਦਾ ਫਰੇਜ਼ਰ
ਦਰਿਆ ਹੀ ਮੇਰਾ ਆਪਣਾ ਹੈ।  ਪਿੰਡ ਕੋਲ ਵਗਦੀ ਵੇਂਈ ਜਿਸ ਨਾਲ ਬਚਪਨ ਦੀਆਂ ਅਣਗਿਣਤ ਯਾਦਾਂ
ਜੁੜੀਆਂ ਹੋਈਆਂ ਸਨ, ਹੁਣ ਸੁੱਕ ਚੁੱਕੀ ਹੈ ਤੇ ਜਦ ਕਦੇ ਉਸ ਵਿਚ ਥੋੜ੍ਹਾ ਬਹੁਤਾ ਪਾਣੀ ਆਉਂਦਾ ਵੀ ਹੈ
ਉਹ ਵੀ ਕਿਸੇ ਪਲਪ ਮਿੱਲ ਦਾ ਗੰਦ ਹੁੰਦਾ ਹੈ।  ਮੈਨੂੰ ‘ਰਿਸ਼ਤੇ ਦਰਿਆਵਾਂ ਦੇ’ ਤੇ ‘ਵਤਨੋਂ ਦੂਰ ਨਹੀਂ’
ਵਰਗੀਆਂ ਆਪਣੀਆਂ ਕਵਿਤਾਵਾਂ ਵਿਚਲੀ ਸਚਾਈ ‘ਤੇ ਜਿਹੜਾ ਕਦੇ ਮਾੜਾ ਮੋਟਾ ਸ਼ੱਕ ਹੁੰਦਾ ਸੀ ਉਹ ਵੀ
ਦੂਰ ਹੁੰਦਾ ਲੱਗਾ।  ਥਕਾਵਟ ਕਰਕੇ ਤੇ ਕੂਲਰ ਦੀ ਕੁਝ ਕੁਝ ਠੰਡੀ ਹਵਾ ਵਿਚ ਮੈਂ ਆਲੇ ਦੁਆਲੇ ਨੂੰ
ਓਪਰੀਆਂ ਨਜ਼ਰਾਂ ਨਾਲ ਦੇਖਦਾ ਸੌਂ ਗਿਆ ਜਿਵੇਂ ਕਦੇ ਮੈਕਸੀਕੋ, ਡੁਮੀਨੀਕਨ ਰੀਪਬਲਿਕ ਜਾਂ ਕਿਊਬਾ
ਛੁੱਟੀਆਂ ਕੱਟਣ ਗਏ ਹੋਟਲ ਵਿਚ ਸੌਂ ਜਾਈਦਾ ਹੈ।

         ਸਾਢੇ ਕੁ ਪੰਜ ਵਜੇ ਵਿਹੜੇ ਵਿਚ ਕੁਝ ਆਵਾਜ਼ਾਂ ਸੁਣੀਆਂ ਤਾਂ ਮੈਂ ਉੱਠ ਕੇ ਬਾਹਰ ਆ ਗਿਆ।  ਫੇਰ
ਮਿਲਣ ਗਿਲਣ ਆਉਣ ਵਾਲਿਆਂ ਦਾ ਚੱਕਰ ਚਲਦਾ ਰਿਹਾ।  ਹੁਣ ਬਹੁਤ ਬਿਰਧ ਹੋ ਗਈ ਭੂਆ ਰੱਜੀ ਤੋਂ ਲੈ
ਕੇ ਕਿੰਨੀਆਂ ਹੀ ਚਾਚੀਆਂ ਤਾਈਆਂ ਆ ਕੇ ਸਿਰ ਪਲੋਸ ਗਈਆਂ ਤੇ ਮੇਰੀ ਮਾਂ ਦੀ ਰਾਜੀ ਖੁਸ਼ੀ ਪੁੱਛ
ਗਈਆਂ।  ਘਰਾਂ ਚੋਂ ਲਗਦਾ ਚਾਚੇ ਦਾ ਪੁੱਤ ਸੰਤੋਖ ਜਿਹਨੂੰ ਸਾਰੇ ਫੌਜੀ ਕਰਕੇ ਹੀ ਸੱਦਦੇ ਤੇ ਜਾਣਦੇ ਹਨ,
ਰੇਸ਼ਮ, ਬਿੱਲਾ, ਭਜੀ ਸਾਰੇ ਪਿਛਲੀਆਂ ਗੱਲਾਂ ਕਰਦੇ ਰਹੇ।  ਦੇਵ ਨੇ ਖਾਣ ਪੀਣ ਦਾ ਪ੍ਰਬੰਧ ਕਰਨ ਵਿਚ ਕੋਈ
ਕਸਰ ਨਾ ਛੱਡੀ।  ਦਸ ਸਾਢੇ ਦਸ ਕੁ ਵਜੇ ਤੱਕ ਖੂਬ ਮਹਿਫਲ ਚਲਦੀ ਰਹੀ।  ਉਨ੍ਹਾਂ ਸਾਰਿਆਂ ਨਾਲ ਗੱਲਾਂ
ਕਰਦਿਆਂ ਵੀ ਮੇਰਾ ਮਨ ਉਚਾਟ ਹੀ ਰਿਹਾ।

         ਗਰਮੀ ਰਾਤ ਨੂੰ ਵੀ ਜਾਨ ਕੱਢ ਰਹੀ ਸੀ।  ਪਤਾ ਨਹੀਂ ਮੇਰੇ ਨਾਲ ਹਮਦਰਦੀ ਕਰਕੇ ਜਾਂ ਸੱਚਮੁੱਚ ਹੀ,
ਪਿੰਡ ਦੇ ਮਿਲਣ ਗਿਲਣ ਆਏ ਕਹਿ ਰਹੇ ਸਨ ਕਿ ਅੱਜ ਗਰਮੀ ਸਾਰਿਆਂ ਦਿਨੋਂ ਨਾਲੋਂ ਵੱਧ ਹੈ।  ਹੁਣ ਤਾਂ
ਬਸ ਮੀਂਹ ਵਰ੍ਹੇ ਤੇ ਹੀ ਕੁਝ ਫਰਕ ਪਵੇਗਾ।  ਦੇਵ ਨੇ ਮੇਰਾ ਮੰਜਾ ਵੀ ਆਪਣੇ ਨਾਲ ਹੀ ਬਾਹਰ ਡਾਹ ਦਿੱਤਾ ਸੀ
ਤੇ ਇਕ ਕਾਫੀ ਸ਼ੋਰ ਪਾਉਣ ਵਾਲਾ ਪਰ ਨ੍ਹੇਰੀ ਵਾਂਗ ਹਵਾ ਦੇ ਫਰਾਟੇ ਮਾਰਨ ਵਾਲਾ ਪੱਖਾ ਬਿਲਕੁਲ ਮੇਰੇ ਮੰਜੇ
ਦੇ ਲਾਗੇ ਰੱਖ ਦਿੱਤਾ।  ਬਿਜਲੀ ਪਿੰਡ ਵਿਚ ਕੁਝ ਘੰਟੇ ਆਉਂਦੀ ਹੈ ਤੇ ਫੇਰ ਬੰਦ ਹੋ ਜਾਂਦੀ ਹੈ।  ਪਰ ਹੁਣ ਬਹੁਤੇ
ਘਰਾਂ ‘ਚ ਲੋਕਾਂ ਨੇ ਬਿਜਲੀ ਸਟੋਰ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਲਾਈਟ ਗਈ ਤੇ ਵੀ ਘਰ
ਵਿਚ ਲੋੜ ਜੋਗੀ ਰੌਸ਼ਨੀ ਤੇ ਇਕ ਅੱਧ ਪੱਖਾ ਚਲਦਾ ਰਹਿੰਦਾ ਹੈ।  ਸ਼ਰਾਬ ਤੇ ਥਕਾਵਟ ਦੇ ਬਾਵਜੂਦ ਮੈਨੂੰ
ਛੇਤੀ ਨੀਂਦ ਨਾ ਆਈ।  ਮੈਂ ਛੇ ਕੁ ਹਫਤੇ ਚੰਡੀਗੜ੍ਹ ਰਹਿਣਾ ਸੀ ਤੇ ਪਹਿਲਾ ਪੂਰਾ ਹਫਤਾ ਪਿੰਡ ਰਹਿਣ ਦੀ
ਸੋਚ ਕੇ ਆਇਆ ਸੀ।  ਪਰ ਹੁਣ ਮੇਰੇ ਮਨ ਵਿਚ ਆ ਰਿਹਾ ਸੀ ਕਿ ਮੈਂ ਸਵੇਰੇ ਹੀ ਚੰਡੀਗੜ ਨੂੰ ਚਲੇ ਜਾਵਾਂ।
ਉੱਥੇ ਮੇਰੇ ਵਰਗੀਆਂ ਗੱਲਾਂ ਕਰਨ ਵਾਲੇ ਦੋਸਤ ਹਨ ਤੇ ਨਾਲੇ ਉਸ ਓਪਰੇ ਥਾਂ ਮੈਨੂੰ ਇਹ ਪਿੰਡ ਜਿਸ ਨਾਲ
ਮੈਂ ਮੁੜ ਜੁੜਨ ਦੀ ਕੋਸ਼ਸ਼ ਕਰਨ ਆਇਆ ਸੀ, ਵਰਗਾ ਓਪਰਾਪਨ ਨਹੀਂ ਮਹਿਸੂਸ ਹੋਣ ਲੱਗਾ।

         ਤੜਕੇ ਸਾਢੇ ਕੁ ਚਾਰ ਵਜੇ ਬਦਲ਼ਾਂ ਦੀ ਗਰਜ ਜਿਹੀ ਸੁਣੀ ਤੇ ਪਲਾਂ ਵਿਚ ਹੀ ਥੋੜ੍ਹਾ ਥੋੜ੍ਹਾ ਮੀਂਹ
ਉੱਤਰ ਆਇਆ।  ਦੇਵ ਮੇਰੇ ਨਾਲੋਂ ਵੀ ਜ਼ਿਆਦਾ ਹੈਰਾਨੀ ਦਿਖਾ ਰਿਹਾ ਸੀ।  ਅਸੀਂ ਮੰਜੇ ਖਿੱਚ ਕੇ ਵਰਾਂਡੇ
ਥੱਲੇ ਕਰ ਲਏ।  ਦੇਵ ਹੋਰ ਨਿਕ ਸੁਕ ਚੁੱਕਣ ਲੱਗ ਪਿਆ।  ਮੈਂ ਕੁਝ ਦੇਰ ਵਰਾਂਡੇ ਥੱਲੇ ਮੰਜੇ ‘ਤੇ ਬੈਠਾ ਰਿਹਾ।
ਫੇਰ ਪਤਾ ਨਹੀਂ ਮੇਰੇ ਮਨ ਵਿਚ ਕੀ ਆਈ, ਮੈਂ ਉੱਠ ਕੇ ਬਾਹਰਲੇ ਦਰਵਾਜ਼ੇ ਰਾਹੀਂ ਖੇਤਾਂ ਵੱਲ ਨੂੰ ਨਿਕਲ
ਗਿਆ।  ਤੇੜ ਮੇਰੇ ਬੀਚ ‘ਤੇ ਪਾਉਣ ਵਾਲਾ ਕੱਛਾ ਸੀ।  ਨੰਗੇ ਪਿੰਡੇ ‘ਤੇ ਮੀਂਹ ਦੀਆਂ ਕਣੀਆਂ ਕਿਸੇ
ਤਜਰਬੇਕਾਰ ਮਾਲਸ਼ ਕਰਨ ਵਾਲੇ ਦੀਆਂ ਜਾਦੂਮਈ ਉਂਗਲੀਆਂ ਵਾਂਗ ਲੱਗੀਆਂ।  ਇਨ੍ਹਾਂ ਕਣੀਆਂ ਦੀ ਛੋਹ
ਨੇ ਤੜਕੇ ਦੀ ਚੁੱਪ ਤੇ ਹਨੇਰੇ ‘ਚ ਮੇਰੇ ਮਨ ‘ਤੇ ਅਜੀਬ ਜਿਹਾ ਅਸਰ ਕਰਨਾ ਸ਼ੁਰੂ ਕਰ ਦਿੱਤਾ।  ਪਿੰਡੇ ‘ਤੇ
ਪੈਂਦੀ ਹਰ ਕਣੀ ਨਾਲ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਮੇਰਾ ਸਰੀਰ ਤੇ ਮਨ ਦੋਵੇਂ ਧੋਤੇ ਜਾ ਰਹੇ ਹੋਣ।  ਮੈਂ
ਬਾਹਰ ਨਿਕਲ ਕੇ ਨਾਲ ਲਗਦੇ ਆਪਣੇ ਖੇਤ ਵੱਲ ਨੂੰ ਚਲੇ ਗਿਆ।  ਇਸ ਖੇਤ ਦੇ ਪਿੰਡ ਵਾਲੇ ਪਾਸੇ ਸਾਡਾ
ਤਿੰਨ ਕੁ ਕਮਰਿਆ ਵਾਲਾ ਬਾਹਰਲਾ ਘਰ ਤੇ ਵਗਲ਼ ਹੈ ਜਿਸ ਨੂੰ ਅਸੀਂ ਹਵੇਲੀ ਕਹਿੰਦੇ ਹਾਂ।  ਉਸਦਾ
ਦਰਵਾਜ਼ਾ ਇਸ ਖੇਤ ਵੱਲ ਨੂੰ ਵੀ ਖੁੱਲਦਾ ਹੈ।  ਇਸ ਦੇ ਦੂਜੇ ਪਾਸੇ ਬਹੁਤ ਪੁਰਾਣਾ ਤੇ ਫੈਲਰਿਆ ਹੋਇਆ
ਬੋਹੜ ਹੈ।  ਬੋਹੜ ਦੇ ਪੈਰਾਂ ਵਿਚ ਛੱਪੜ ਹੈ ਤੇ ਛੱਪੜ ਦੇ ਦੂਜੇ ਸਿਰੇ ਉੱਚੇ ਜਿਹੇ ਥਾਂ ਬਣੇ ਪਿੰਡ ਦੇ ਜਠੇਰੇ ਹਨ।
ਜਿੱਥੇ ਪਹਿਲਾਂ ਇਕ ਛੋਟੀ ਜਿਹੀ ਮਟੀ ਹੁੰਦੀ ਸੀ ਹੁਣ ਦੋ ਤਿੰਨ ਕਮਰਿਆਂ ਦੀ ਵੱਡੀ ਜਗ੍ਹਾ ਬਣ ਚੁੱਕੀ ਹੈ।
ਇਸ ਬੋਹੜ, ਛੱਪੜ ਤੇ ਜਗ੍ਹਾ ਨੂੰ ਪਿੰਡ ਵਾਲੇ ਬਾਬਾ ਤਾਣਾ ਕਹਿੰਦੇ ਹਨ।  ਮੈਂ ਆਪਣੀ ਹਵੇਲੀ ਦੇ ਖੇਤ ਵੱਲ ਨੂੰ
ਖੁੱਲਣ ਵਾਲੇ ਗੇਟ ਕੋਲ ਗਿਆ।  ਉੱਥੋਂ ਮੈਂ ਬੋਹੜ ਵੱਲ ਨੂੰ ਮੂੰਹ ਕਰਕੇ ਹੌਲੀ ਹੌਲੀ ਤੁਰਦਾ ਛੱਪੜ ਵੱਲ ਨੂੰ ਜਾਣ
ਲੱਗਾ ਜਿੱਦਾਂ ਮੈਂ ਬਚਪਨ ਵਿਚ ਪਤਾ ਨਹੀਂ ਕਿੰਨੀ ਵਾਰੀ ਤੁਰਿਆ ਹੋਵਾਂਗਾ।  ਇਸ ਖੇਤ ਦੀ ਮਿੱਟੀ ਵਿਚ ਮੇਰੇ
ਜੀਵਨ ਦੇ ਪਹਿਲੇ ਵੀਹ ਸਾਲ ਬੀਤੇ ਸਨ।  ਝੋਨਾ ਬੀਜਣ ਲਈ ਵਾਹੇ ਹੋਏ ਖੇਤ ਦੀ ਮਿੱਟੀ ਨੰਗੇ ਪੈਰਾਂ ਨੂੰ ਲੱਗਣ
ਨਾਲ ਮੈਨੂੰ ਲੱਗਾ ਜਿਵੇਂ ਕੋਈ ਬਹੁਤ ਪਿਆਰੀ ਪਰ ਭੁੱਲ ਚੁੱਕੀ ਯਾਦ ਚੇਤੇ ਵਿਚ ਉੱਘੜ ਰਹੀ ਹੋਵੇ।  ਚਿਰਾਂ
ਪਿੱਛੋਂ ਪਏ ਪਹਿਲੇ ਮੀਂਹ ਨਾਲ ਮਿੱਟੀ ਵਿਚੋਂ ਆ ਰਹੀ ਜਾਣੀ ਪਛਾਣੀ ਮਹਿਕ ਨੇ ਮੈਨੂੰ ਬੇਹੋਸ਼ ਜਿਹਾ ਕਰ
ਦਿੱਤਾ।  ਪੈਰਾਂ ਥੱਲੇ ਆ ਰਹੀ ਇਸ ਮਿੱਟੀ ਤੇ ਪਿੰਡੇ ‘ਤੇ ਪੈ ਰਹੀਆਂ ਕਣੀਆਂ ਨੇ ਕੁਝ ਇਸ ਤਰ੍ਹਾਂ ਦਾ ਅਸਰ
ਕੀਤਾ ਕਿ ਮੇਰੇ ਆਪੇ ਤੋਂ ਬਾਹਰੀ ਹੋ ਮੇਰੇ ਅੰਦਰੋਂ ਇਕ ਭੁੱਬ ਨਿਕਲੀ।  ਮੈਂ ਖੇਤ ਦੇ ਵਿਚਾਲੇ ਖੜ੍ਹ ਕੇ ਕੁਝ
ਪੱਲ ਖੁੱਲ ਕੇ ਰੋਇਆ।  ਮੀਂਹ ਦੀਆਂ ਕਣੀਆਂ ਵਿਚ ਮੇਰੇ ਹੰਝੂ ਵੀ ਰਲ਼ ਕੇ ਮੇਰੇ ਸਰੀਰ ‘ਤੇ ਵਗ ਰਹੇ ਸਨ।
ਭਾਵੇਂ ਮੈਂ ਕਦੇ ਇਸ ਮਿੱਟੀ ਨੂੰ ਭੁੱਲਿਆ ਨਹੀਂ ਸੀ ਪਰ ਮੇਰੇ ਪੈਰਾਂ ਨੂੰ ਇਸ ਮਿੱਟੀ ਨਾਲ ਜਿਹੜਾ ਮੋਹ ਸੀ
ਉਹ ਮੈਨੂੰ ਪੂਰਾ ਯਾਦ ਨਹੀਂ ਸੀ।  ਮੇਰੇ ਪੈਰਾਂ ਨੇ ਜਿਸ ਤਰ੍ਹਾਂ ਮੈਨੂੰ ਇਸ ਮਿੱਟੀ ਦੀ ਯਾਦ ਦੁਆਈ ਉਸੇ ਨੇ ਹੀ
ਮੈਨੂੰ ਪਿਆਰ ਵਿਚ ਗੜੁੱਚੇ ਨੂੰ ਰੋਣ ਲਈ ਮਜ਼ਬੂਰ ਕੀਤਾ।  ਮੈਂ ਬਰਨਬੀ ਨੂੰ ਤੇ ਆਪਣੇ ਫਰੇਜ਼ਰ ਦਰਿਆ ਨੂੰ
ਹੁਣ ਲੋਹੜੇ ਦੀ ਮੁਹਬੱਤ ਕਰਦਾ ਹਾਂ।  ਪਰ ਇਸ ਖੇਤ, ਛੱਪੜ ਤੇ ਬੋਹੜ ਨਾਲ ਵੀ ਮੇਰੀ ਮੁਹੱਬਤ ਵਿਚ ਕੋਈ
ਫਰਕ ਨਹੀਂ ਪਿਆ।  ਇਸ ਅਹਿਸਾਸ ਨਾਲ ਮੈਂ ਤਸੱਲੀ ਮਹਿਸੂਸ ਕੀਤੀ।  ਇਕ ਖਾਸ ਰਾਹਤ ਤੇ ਖੁਸ਼ੀ ਹੋਈ
ਮਨ ਨੂੰ।  ਬੋਹੜ ਕੋਲ ਪਹੁੰਚ ਮੇਰਾ ਜੀਅ ਕੀਤਾ ਕਿ ਮੈਂ ਆਪਣੇ ਇਸ ਬਜ਼ੁਰਗ ਨੂੰ ਜਿਹਦੇ ਟਾਹਣਿਆਂ ‘ਤੇ
ਖੇਡਦਾ ਮੈਂ ਵੱਡਾ ਹੋਇਆ ਸਾਂ, ਸਤਿਕਾਰ ਨਾਲ ਮੱਥਾ ਟੇਕਾਂ।  ਮੈਂ ਕੱਟੜਪੁਣੇ ਦੀ ਹੱਦ ਤੱਕ ਕਿਸੇ ਵਿਅਕਤੀ
ਜਾਂ ਥਾਂ ਨੂੰ ਮੱਥਾ ਟੇਕਣ ਦੇ ਵਿਰੁੱਧ ਹਾਂ, ਪਰ ਮੇਰੇ ਇਸ ਬਜ਼ੁਰਗ ਬੋਹੜ ਨੇ ਤੜਕੇ ਦੇ ਹਨੇਰੇ ਵਿਚ ਮੈਨੂੰ ਇਸ
ਤਰ੍ਹਾਂ ਮਹਿਸੂਸ ਕਰਾ ਦਿੱਤਾ।  ਮੈਂ ਬੋਹੜ ਦੇ ਪੱਤਿਆਂ ਨੂੰ ਸਤਿਕਾਰ ਤੇ ਪਿਆਰ ਨਾਲ ਛੁਹਿਆ।  ਮੈਨੂੰ ਲੱਗਾ
ਬਾਬੇ ਤਾਣੇ ਨੇ ਮੈਨੂੰ ਪਹਿਚਾਣ ਲਿਆ ਸੀ ਤੇ ਮੈਨੂੰ ਕਲਾਵੇ ਵਿਚ ਭਰ ਲਿਆ ਸੀ।  ਮਨ ਬਾਗ ਬਾਗ ਹੋ ਗਿਆ।

         ਮੈਂ ਪੂਰਾ ਹਫਤਾ ਆਪਣੇ ਪਿੰਡ ਰਿਹਾ ਤੇ ਇਕ ਪੱਲ ਲਈ ਵੀ ਓਪਰੇਪਨ ਦਾ ਅਹਿਸਾਸ ਮੁੜ ਕੇ ਮੇਰੇ
ਨੇੜੇ ਨਾ ਆਇਆ।

Advertisements
This entry was posted in Uncategorized. Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s