ਕਵਿਤਾ – ਮਦਰ ਟੈਰਿਸਾ ਦੇ ਨਾਂ / To Mother Teresa

ਮਦਰ ਟੈਰੀਸਾ ਦੇ ਨਾਂ

ਸਾਧੂ ਬਿਨਿੰਗ

ਸਾਦੀ ਸਾੜੀ ‘ਚ ਜਾਪੇਂ ਦੇਵੀ
ਤੈਨੂੰ ਮਾਂ ਕਹਿਣ ‘ਚ ਨਹੀਂ ਕੋਈ ਬੁਰਾਈ
ਮੰਨਿਆ ਕਿ ਤੇਰੇ ਅੰਦਰ ਹਮਦਰਦੀ ਦਾ ਸਮੁੰਦਰ ਹੋਵੇਗਾ
ਵਿਸ਼ਵ ਨੂੰ ਸਮੋਣ ਜੋਗਾ ਪਿਆਰ ਵੀ
ਤੇਰਾ ਕਰਾਈਸਟ ‘ਤੇ ਭਰੋਸਾ ਅਟੱਲ
ਪਰ ਭਰੋਸਿਆਂ ਤੇ ਪਿਆਰਾਂ ਨਾਲ ਵੀ ਕਦੀ ਭੁੱਖ ਮਰੀ ਹੈ
ਕੀ ਉਹ ਪਿਆਰ ਤੇ ਭਰੋਸੇ ਥੁੜੋਂ ਮਰਦੇ ਹਨ
ਜਿਹੜ੍ਹੇ ਹੌਲੀ ਹੌਲੀ ਭੁੱਖ ਅੱਗੇ ਦਮ ਤੋੜ ਜਾਂਦੇ ਹਨ?

ਭੁੱਖ ਨਾਲ ਵਿਲਕਦੇ ਬੱਚੇ ਦੇ ਮੂੰਹ ਬੁਰਕੀ ਪਾਉਣ ਲਈ
ਕੁਝ ਲੋਕ ਲੁਟੇਰਿਆਂ ਦੇ ਗੁਦਾਮਾਂ ਚੋਂ ਦਾਣੇ ਚੁਰਾਉਂਦੇ ਨੇ
ਤਾਂ ਉਹਨਾਂ ਨੂੰ ਮੌਤ ਮਿਲਦੀ ਹੈ ਇਨਾਮ
ਉਸੇ ਲੁਟੇਰੇ ਤੋਂ ਮੰਗ
ਜਦੋਂ ਬੱਚੇ ਦੇ ਮੂੰਹ ਨੂੰ ਲਾਉਂਦੀ ਏਂ ਬੁਰਕੀ
ਤੈਨੂੰ ਮਿਲੇ ਨੋਬਲ ਇਨਾਮ

ਪਿਆਰ ਦੀ ਡੂੰਘਾਈ ਕਰਕੇ ਜਾਂ
ਇਹ ਲੋਕਾਂ ਦੀ ਸੇਵਾ ਬਦਲੇ ਹੀ ਹੁੰਦੇ
ਤਾਂ ਉਹ ਟੂਟੂ ਤੋਂ ਪਹਿਲਾਂ ਮੰਡੇਲਾ ਨੂੰ ਚੁਣਦੇ
ਤੇ ਪੋਲੈਂਡ ਦਾ ਉਹ ਭਾਈ
ਅਜੇ ਕਈ ਦਹਾਕੇ ਕਰਦਾ ਉਡੀਕ

ਇਕ ਖਾਸ ਸੇਵਾ ਬਦਲੇ ਮਿਲਦੇ ਇਹ ਇਨਾਮ
ਜੋ ਤੂੰ ਸ਼ਾਇਦ ਅਣਜਾਣੇ ਹੀ ਅੱਜ ਦੇ ਰਾਜਿਆਂ ਦੀ ਕਰਦੀ

ਇਹ ਰਾਜੇ ਤੇਰਾ ਹਮੇਸ਼ਾਂ ਪੁੱਜ ਕੇ ਕਰਦੇ ਸਤਿਕਾਰ
ਉਹਨਾਂ ਹੱਥ ਆਈ ਤੂੰ ਇਕ ਗੈਬੀ ਢਾਲ
ਜਾਦੂ ਦਾ ਸ਼ੀਸ਼ਾ
ਤੇਰੇ ਪਿਛੇ ਖੜ੍ਹੇ ਉਹ ਦੇਖਣ ਸੱਭ ਕੁਝ
ਪਰ ਉਹਨਾਂ ਨੂੰ ਦੇਖ ਸਕੇ ਅੱਖ ਕੋਈ ਕੋਈ
ਤੈਨੂੰ ਇਸ਼ਤਿਹਾਰ ਦੀ ਤਰਾਂ ਵਰਤ
ਉਹਨੀਂ ਦੁਨੀਆਂ ਦੇ ਕੋਨੇ ਕੋਨੇ
ਪਹੁੰਚਾਈ ਹੈ ਬਾਈਬਲ
ਹੁਣ ਲੋਕਾਂ ਕੋਲ ਬਾਈਬਲ ਹੈ
ਪਰ ਘਰ ਤੇ ਜ਼ਮੀਨ ਨਹੀਂ ਹੈ
ਤੇ ਨਾ ਇਨਸਾਨ ਕਹਾਉਣ ਦਾ ਹੱਕ
ਤੇਰੇ ਚੰਗੇ ਇਰਾਦਿਆਂ ਦੇ ਬਾਵਜੂਦ
ਤੂੰ ਰਾਜਿਆਂ ਲਈ ਸਿਰਫ ਇਕ ਹਥਿਆਰ

ਤੈਨੂੰ ਨੋਬਲ ਇਨਾਮ ਮਿਲਣ ਦਾ ਮਤਲਬ
ਉਹਨਾਂ ਹੱਥ ਹੋਰ ਵੀ ਤਿੱਖਾ ਹਥਿਆਰ

ਅਜੋਕੇ ਰਾਜਿਆਂ ਦਾ ਰਾਜ
ਅਸ਼ੋਕ ਦੇ ਰਾਜ ਵਾਂਗ
ਦੇਸ ਦੇ ਇਕ ਸਿਰੇ ਤੋਂ ਦੂਜੇ ਤੱਕ ਨਾ ਜਾਵੇ
ਇਹ ਤਾਂ ਨਿਊਯਾਰਕ ਦੀ ਕਿਸੇ ਤੀਹਵੀਂ ਮੰਜ਼ਲ ਤੋਂ
ਸੈਂਕੜ੍ਹੇ ਮੁਲਕਾਂ ਦੇ ਸੀਨੇ ਚੀਰਦਾ
ਬਿਜਲੀ ਦੇ ਕਰੰਟ ਵਾਂਗ ਵਾਪਿਸ ਉੱਥੇ ਮੁੜ ਆਵੇ
ਨਿਊਯਾਰਕ ਦੀਆਂ ਇਹਨਾਂ ਉੱਚੀਆਂ ਇਮਾਰਤਾਂ ‘ਚੋਂ
ਰਾਜੇ ਅਣਗਿਣਤ ਦੇਸਾਂ ਤੇ ਕਰਦੇ ਰਾਜ
ਤੇ ਤੂੰ ਪਿਆਰੀ ਮਦਰ ਟੈਰੀਸਾ
ਉਹਨਾਂ ਰਾਜਿਆਂ ਦਾ ਜੀਵਨ-ਬੀਮਾ
ਜਿੰਨਾ ਚਿਰ ਤੂੰ ਪਿਆਰ, ਸ਼ਾਂਤੀ, ਵਿਸ਼ਵਾਸ ਕੂਕਦੀ ਰਹੀ
ਛੁਪੀ ਰਹੇਗੀ ਅਸਲੀਅਤ ਉਨਾਂ ਦੀ
ਭੁੱਖੇ ਭੁੱਖ ਨਾਲ ਮਰਦੇ ਰਹਿਣਗੇ
ਭਰਦੀ ਰਹੇਗੀ ਤਿਜੌਰੀ ਉਹਨਾਂ ਦੀ

ਇਹ ਬੱਚੇ ਜਿਨ੍ਹਾਂ ਦੇ ਬੁੱਲੀਂ ਤੂੰ ਬੁਰਕੀ ਲਾਵੇਂ
ਜਿਨ੍ਹਾਂ ਦੀਆਂ ਅੱਖਾਂ ‘ਚ ਤੂੰ ਆਸ ਦੀ ਜੋਤ ਜਗਾਵੇਂ
ਆਪਣੀ ਕਿਸਮਤ ਦੇ ਖੁੱਦ ਮਾਲਕ ਬਣਨ ਦੀ
ਜਿੰਨਾ ਚਿਰ ਇਹ ਨਹੀਂ ਸਿੱਖਦੇ ਜਾਚ
ਭੁੱਖ ਇਹਨਾਂ ਤੋਂ ਸਦਾ ਲਈ ਹਰਾਈ ਨਾ ਜਾਣੀ

ਜੇ ਤੂੰ ਸੱਚ-ਮੁੱਚ ਚਾਹਵੇਂ
ਇਹ ਜੀਣ ਇਨਸਾਨਾਂ ਵਾਲਾ ਜੀਵਨ
ਇਹਨਾਂ ਨੂੰ ਆਪਣੇ ਹੱਕਾਂ ਦੇ
ਸੰਘਰਸ਼ ‘ਚ ਜ਼ਕੀਨ ਕਰਨਾ ਦੱਸ
ਇਹਨਾਂ ਨੂੰ ਭਗਤ ਸਿੰਘ ਬਾਰੇ ਦੱਸ
ਚੀ ਗਵੇਰਾ ਤੇ ਸਟੀਵ ਬੀਕੋ ਬਾਰੇ ਦੱਸ
ਲੱਗ ਜਾਵੇਗਾ ਛੇਤੀ ਹੀ ਪਤਾ
ਤੈਨੂੰ ਏਸ ਸਬਕ ਦੇ ਅਸਰ ਦਾ
ਤੇਰੇ ਰਾਜੇ ਤੈਨੂੰ ਨੋਬਲ ਇਨਾਮ ਨਹੀਂ
ਨਿਊਯਾਰਕ ਦੀ ਉੱਚੀ ਤਾਕੀ ‘ਚੋਂ
ਚਲਾਈ ਇਕ ਗੋਲੀ ਬਖਸ਼ਣਗੇ
ਤੇ ਐਲਸਲਵਾਡੋਰ ਵਿਚ ਕਿਤੇ
ਕਿਸੇ ਗੁਮਨਾਮ ਕਬਰ ਵਿਚ ਸੁੱਟ ਦੇਣਗੇ

TO MOTHER TERESA

Sadhu Binning

wrapped in a simple saree you resemble a goddess
to call you mother is really not a bad thing
you may have unshakable belief in Christ
you may have oceans of sympathy
love that can embrace the universe
but do love and belief alone ever satisfy a hungry body?
do they die due to lack of love and belief
those who slowly starve to death?

to feed a starving, suffering child
some would snatch food from the hoarding robbers
they are given death in reward
when by begging from the same robbers
you place a small bite in that child’s mouth
you are given a Nobel prize

for the child you’re no less than a Devi
these prizes are not given for the depth of love
nor for saving a starving child
had these prizes were given for serving one’s people
they would have chosen Mandellas before Tutu
that somebody from Poland
probably had to wait many more decades
they are given for the service you perhaps unknowingly
provide to the modern kings

these kings have always honored you
you’re a shield of magic in their hands
a magical mirror
standing behind you they watch everything
yet themselves are seen only by rare eyes
using you as a commercial poster
they have handed out the bible
in all corners of the earth

people have bibles but lost their lands
and their right to be humans
regardless of all your noble intentions
you become a tool in the hands of these kings

a noble prize for you
simply means a sharper tool for them

the empires of these modern kings
do not run from one end of a country to the other
like that of great Ashok
instead they start from the thirtieth floor in New York
passing through numerous countries
like electric current comes back to the starting point
from their high-rises and electric windows
they rule their empires
and you are dear mother Teresa their life insurance
as long as you keep on crying love, peace, belief
their reality will remain hidden
the starving will keep on starving
the rich will keep on getting rich

these children that you feed
and in whose eyes the light of hope you lit
until these children learn
to become masters of their own fate
they can never defeat hunger

if you really want them to live
like dignified human beings
teach them to believe in struggling for their rights
teach them about Bhagat Singh
about Che Guevera and Steve Biko

you will soon see the effect of this lesson
you won’t be given a Nobel prize
but a bullet triggered from a New York window
and thrown in an unmarked grave
some where in El Salvador

Posted in ਮਦਰ ਟੈਰਿਸਾ ਦੇ ਨਾਂ / To Mother Teresa, Poetry/ਕਵਿਤਾ | Tagged , , , , , , | Leave a comment

ਬਾਬਾ ਤਾਣਾ

ਬਾਬਾ ਤਾਣਾ

ਸਾਧੂ ਬਿਨਿੰਗ

Image


ਦੁਪਹਿਰ ਦੇ ਇਕ ਵਜੇ ਨਾਲ ਮੈਂ ਆਪਣੇ ਪਿੰਡ ਪਹੁੰਚ ਗਿਆ।  ਵੈਨ ਵਿਚ ਏ ਸੀ ਹੋਣ ਕਰਕੇ ਪਤਾ
ਨਹੀਂ ਸੀ ਲੱਗਾ ਪਰ ਬਾਹਰ ਪੈਰ ਰੱਖਦਿਆਂ ਹੀ ਮੇਰੇ ਨਾਲ ਉਹੀ ਹੋਇਆ ਜੋ ਪੰਜਾਬ ‘ਚ ਜੂਨ ਦੇ ਆਖਰੀ
ਹਫਤੇ ਦੀ ਗਰਮੀ ਵਿਚ ਬਾਹਰੋਂ ਗਏ ਬੰਦੇ ਨਾਲ ਹੁੰਦਾ ਹੈ।  ਮਨ ‘ਚ ਮੂਰਖ ਹੋਣ ਦਾ ਅਹਿਸਾਸ ਫੇਰ
ਜਾਗਿਆ ਤੇ ਘਰਦਿਆਂ ਦੀ ਤੇ ਦੋਸਤਾਂ ਦੀ ਰਾਏ ਨਾ ਮੰਨਣ ‘ਤੇ ਆਪਣੇ ਆਪ ਉੱਪਰ ਖਿੱਝ ਆਈ।  ਪਿੰਡ
ਅੰਦਰਲੇ ਖਾਲੀ ਪਏ ਘਰ ਜਾਣ ਦੀ ਬਜਾਏ ਮੈਂ ਆਪਣੇ ਨੇੜੇ ਦੇ ਪਰਿਵਾਰ ਦੇ ਚਾਰ ਕੁ ਸਾਲ ਪਹਿਲਾਂ ਬਣੇ
ਘਰ ਰਹਿਣ ਦਾ ਪਹਿਲਾਂ ਹੀ ਮਨ ਬਣਾ ਲਿਆ ਸੀ।  ਪਿੰਡ ਦੀ ਫਿਰਨੀ ਦੇ ਬਾਹਰਲੇ ਪਾਸੇ ਖੇਤਾਂ ਨਾਲ
ਲਗਦੀਆਂ ਨਵੀਂਆਂ ਬਣੀਆਂ ਕੋਠੀਆਂ ਦੀ ਹੁਣ ਲੰਮੀ ਕਤਾਰ ਸੀ।  ਪੰਜ ਕੁ ਵਰ੍ਹੇ ਪਹਿਲਾਂ ਅਜੇ ਸਿਰਫ ਇਕ
ਦੋ ਹੀ ਸਨ।  ਇਸ ਕੋਠੀ ਵਾਲੇ ਵੱਡੇ ਟੱਬਰ ਦੇ ਕੁਝ ਲੋਕ ਕੈਨੇਡਾ ਰਹਿੰਦੇ ਹਨ ਤੇ ਕੁਝ ਇੰਗਲੈਂਡ।  ਸੁਹਾਵਣੇ
ਮੌਸਮ ਵਿਚ ਇਨ੍ਹਾਂ ਵਿਚੋਂ ਕੋਈ ਨਾ ਕੋਈ ਪਿੰਡ ਆਇਆ ਹੀ ਰਹਿੰਦਾ ਹੈ ਪਰ ਗਰਮੀਆਂ ਵਿਚ ਘੱਟ ਹੀ
ਇੱਥੇ ਪੈਰ ਪਾਉਂਦੇ ਹਨ।  ਘਰ ਦੀ ਦੇਖ ਭਾਲ ਦੇਵ ਕਰਦਾ ਹੈ।  ਦੇਵ ਬਿਹਾਰ ਤੋਂ ਹੈ ਤੇ ਪਿਛਲੇ ਵੀਹਾਂ ਬਾਈਆਂ
ਸਾਲਾਂ ਤੋਂ ਇਸੇ ਪਰਿਵਾਰ ਨਾਲ ਰਹਿ ਰਿਹਾ ਹੈ।  ਉਹ ਨੌਂ ਕੁ ਸਾਲ ਦਾ ਸੀ ਜਦੋਂ ਆਪਣੇ ਤਾਏ ਦੇ ਮੁੰਡੇ ਨਾਲ
ਬਿਹਾਰ ਤੋਂ ਪੰਜਾਬ ਆ ਗਿਆ।  ਇਸ ਟੱਬਰ ਵਿਚ ਉਹ ਟੱਬਰ ਦੇ ਜੀਆਂ ਵਾਂਗ ਹੀ ਪਲ਼ਿਆ ਹੈ ਤੇ ਹੁਣ ਉਸ
ਨੂੰ ਸਾਰੇ ਆਪਣੇ ਟੱਬਰ ਦਾ ਜੀਅ ਹੀ ਸਮਝਦੇ ਹਨ।  ਦੇਵ ਨੂੰ ਰਾਹ ਵਿਚੋਂ ਫੋਨ ‘ਤੇ ਦੱਸ ਦਿੱਤਾ ਸੀ ਕਿ ਮੈਂ
ਇਕ ਦੋ ਵਜੇ ਪਹੁੰਚਾਂਗਾ।  ਮੇਰੇ ਆਉਣ ਬਾਰੇ ਉਹਨੂੰ ਕਨੇਡਾ ਤੋਂ ਵੀ ਫੋਨ ਆ ਚੁੱਕਾ ਸੀ।  ਵੈਨ ਦਾ ਖੜਾਕ
ਸੁਣ ਕੇ ਉਹ ਪੱਲ ਵਿਚ ਬਾਹਰ ਆ ਗਿਆ।  ਉਹਨੇ ਬਹੁਤ ਹੀ ਅਪਣੱਤ ਨਾਲ ਸਾਸਰੀ ਕਾਲ ਬੁਲਾਈ।  ਫੇਰ
ਵੈਨ ਵਿਚ ਬੈਠੇ ਦੋ ਹੋਰ ਮੁਸਾਫਰਾਂ ਤੇ ਡਰਾਈਵਰ ਨੂੰ ਵੀ ਸਤਿਕਾਰ ਨਾਲ ਫਤੇ ਬੁਲਾਈ ਤੇ ਚਾਹ ਤੇ ਠੰਡੇ ਦੀ
ਪੇਸ਼ਕਸ਼ ਕੀਤੀ ਪਰ ਉਹ ਜਾਣ ਦੀ ਕਾਹਲ ਵਿਚ ਸਨ।  ਦੇਵ ਦੀ ਬੋਲੀ ਵਿਚ ਕਿਤੇ ਕਿਤੇ ਹੀ ਬਿਹਾਰੀ ਰੰਗ
ਦਾ ਝੌਲਾ ਪੈਂਦਾ ਸੀ।

         ਦੇਵ ਨੇ ਵਰਾਂਡੇ ਵਿਚ ਹੁਣੇ ਪਾਣੀ ਛਿੜਕਿਆ ਸੀ ਤੇ ਪੂਰੀ ਸਪੀਡ ‘ਤੇ ਛੱਡੇ ਦੋ ਪੱਖਿਆਂ ਦੇ ਬਾਵਜੂਦ
ਵੈਨ ਵਿਚਲੀ ਏ ਸੀ ਚੇਤੇ ਆ ਰਹੀ ਸੀ।  ਫਰਿੱਜ ਵਿਚਲੇ ਪਾਣੀ ਨਾਲ ਬਣਾਈ ਸ਼ਿਕੰਜਵੀ ਪਿਲਾਉਣ ਬਾਅਦ
ਉਹਨੇ ਰੋਟੀ ਬਾਰੇ ਪੁੱਛਿਆ।  ਰੋਟੀ ਤਾਂ ਅਸੀਂ ਆਉਂਦੇ ਹੋਏ ਇਕ ਢਾਬੇ ‘ਤੇ ਖਾ ਆਏ ਸਾਂ।  ਪਿਛਲੇ ਤੀਹਾਂ
ਪੈਂਤੀਆਂ ਘੰਟਿਆਂ ਦੌਰਾਨ ਚੰਗੀ ਤਰ੍ਹਾਂ ਸੁੱਤਾ ਨਾ ਹੋਣ ਕਾਰਨ ਥਕਾਵਟ ਤਾਂ ਹੋਣੀ ਹੀ ਸੀ।  ਦੇਵ ਨੇ ਇਕ
ਕਮਰੇ ਵਿਚ ਕੂਲਰ ਲਾ ਦਿੱਤਾ।  ਉਹਦੇ ਵਿਚ ਏ ਸੀ ਵਾਲੀ ਗੱਲ ਤਾਂ ਨਹੀਂ ਸੀ ਪਰ ਫੇਰ ਵੀ ਸੌਂਇਆਂ ਜਾ
ਸਕਦਾ ਸੀ।  ਵਿਹੜੇ ਵਿਚ ਲੱਗੇ ਡੂੰਘੇ ਬੋਰ ਵਾਲੇ ਨਲਕੇ ਦਾ ਬਟਣ ਦਬਾਉਂਦਿਆਂ ਦੇਵ ਨੇ ਕਿਹਾ, “ਭਾ ਜੀ
ਇਸ ਨਲਕੇ ਥੱਲੇ ਖੜ੍ਹੇ ਹੋਵੋ ਤੁਹਾਡੀ ਸਾਰੀ ਗਰਮੀ ਮਿੰਟਾਂ ਵਿਚ ਜਾਂਦੀ ਰਹੇਗੀ। ” ਉਸ ਨਲਕੇ ਦਾ ਪਾਣੀ
ਸੱਚ ਮੁੱਚ ਏਨਾ ਠੰਡਾ ਸੀ ਕਿ ਮੈਨੂੰ ਕੁਝ ਮਿੰਟਾਂ ਵਿਚ ਹੀ ਕਾਂਬਾ ਛਿੜਨ ਵਾਲਾ ਹੋ ਗਿਆ।  ਪਰ ਜਦ ਨਲਕੇ
ਤੋਂ ਪਰ੍ਹੇ ਹੋਇਆ ਤਾਂ ਮੁੜ ਗਰਮੀ ਨਾਲ ਭਿੱਜਣ ਨੂੰ ਵੀ ਕੁਝ ਮਿੰਟ ਹੀ ਲੱਗੇ।

         ਸੌਣ ਦੀ ਕੋਸ਼ਸ਼ ਵਿਚ ਮੈਂ ਅੰਦਰ ਕੂਲਰ ਅੱਗੇ ਜਾ ਪਿਆ।  ਦੇਵ ਦੀ ਲੋਹੜਿਆਂ ਦੀ ਅਪਣੱਤ ਦੇ
ਬਾਵਜੂਦ ਸਭ ਕੁਝ ਬਹੁਤ ਹੀ ਓਪਰਾ ਓਪਰਾ ਲੱਗ ਰਿਹਾ ਸੀ।  ਪਿਛਲੇ ਅਠੱਤੀਆਂ ਸਾਲਾਂ ਦੌਰਾਨ ਮੈਂ ਚਾਰ
ਕੁ ਵਾਰ ਹੀ ਪਿੰਡ ਆਇਆ ਸਾਂ।  ਇਕ ਤਾਂ ਮੇਰੀ ਮਾਂ ਹਰ ਵਾਰੀ ਸਾਡੇ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਪਿੰਡ
ਪਹੁੰਚ ਜਾਂਦੀ ਹੁੰਦੀ ਸੀ ਤੇ ਘਰ ਦੀ ਮੁਰੰਮਤ ਵਗੈਰਾ ਕਰਾ ਰੱਖਦੀ ਸੀ।  ਪਰ ਪਿਛਲੀ ਵਾਰੀ ਆਈ ਹੋਈ
ਉਹ ਏਥੇ ਕਾਫੀ ਬੀਮਾਰ ਰਹੀ ਤੇ ਹੁਣ ਪਿੰਡ ਆ ਕੇ ਰਹਿਣ ਜੋਗੀ ਨਹੀਂ ਸੀ।  ਦੂਜਾ ਮੈਂ ਆਇਆ ਵੀ ਹਰ
ਵਾਰੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਹੀ ਸਾਂ।  ਮਾਂ ਦੇ ਏਥੇ ਹੁੰਦਿਆਂ ਪਿੰਡ ਤੇ ਆਲਾ ਦੁਆਲਾ ਕਦੇ ਵੀ
ਏਨਾ ਓਪਰਾ ਨਹੀਂ ਸੀ ਲੱਗਾ।  ਮੈਂ ਪਿਆ ਪਿਆ ਸੋਚ ਰਿਹਾ ਸੀ ਕਿ ਇਹ ਪਿੰਡ ਇਹ ਧਰਤੀ ਹੁਣ ਸੱਚ
ਮੁੱਚ ਹੀ ਮੇਰੇ ਲਈ ਪਰਦੇਸ ਹੋ ਗਈ ਹੈ।  ਮੇਰਾ ਘਰ ਤਾਂ ਹੁਣ ਬਰਨਬੀ ਹੈ ਤੇ ਘਰੋਂ ਦਿਸਦਾ ਫਰੇਜ਼ਰ
ਦਰਿਆ ਹੀ ਮੇਰਾ ਆਪਣਾ ਹੈ।  ਪਿੰਡ ਕੋਲ ਵਗਦੀ ਵੇਂਈ ਜਿਸ ਨਾਲ ਬਚਪਨ ਦੀਆਂ ਅਣਗਿਣਤ ਯਾਦਾਂ
ਜੁੜੀਆਂ ਹੋਈਆਂ ਸਨ, ਹੁਣ ਸੁੱਕ ਚੁੱਕੀ ਹੈ ਤੇ ਜਦ ਕਦੇ ਉਸ ਵਿਚ ਥੋੜ੍ਹਾ ਬਹੁਤਾ ਪਾਣੀ ਆਉਂਦਾ ਵੀ ਹੈ
ਉਹ ਵੀ ਕਿਸੇ ਪਲਪ ਮਿੱਲ ਦਾ ਗੰਦ ਹੁੰਦਾ ਹੈ।  ਮੈਨੂੰ ‘ਰਿਸ਼ਤੇ ਦਰਿਆਵਾਂ ਦੇ’ ਤੇ ‘ਵਤਨੋਂ ਦੂਰ ਨਹੀਂ’
ਵਰਗੀਆਂ ਆਪਣੀਆਂ ਕਵਿਤਾਵਾਂ ਵਿਚਲੀ ਸਚਾਈ ‘ਤੇ ਜਿਹੜਾ ਕਦੇ ਮਾੜਾ ਮੋਟਾ ਸ਼ੱਕ ਹੁੰਦਾ ਸੀ ਉਹ ਵੀ
ਦੂਰ ਹੁੰਦਾ ਲੱਗਾ।  ਥਕਾਵਟ ਕਰਕੇ ਤੇ ਕੂਲਰ ਦੀ ਕੁਝ ਕੁਝ ਠੰਡੀ ਹਵਾ ਵਿਚ ਮੈਂ ਆਲੇ ਦੁਆਲੇ ਨੂੰ
ਓਪਰੀਆਂ ਨਜ਼ਰਾਂ ਨਾਲ ਦੇਖਦਾ ਸੌਂ ਗਿਆ ਜਿਵੇਂ ਕਦੇ ਮੈਕਸੀਕੋ, ਡੁਮੀਨੀਕਨ ਰੀਪਬਲਿਕ ਜਾਂ ਕਿਊਬਾ
ਛੁੱਟੀਆਂ ਕੱਟਣ ਗਏ ਹੋਟਲ ਵਿਚ ਸੌਂ ਜਾਈਦਾ ਹੈ।

         ਸਾਢੇ ਕੁ ਪੰਜ ਵਜੇ ਵਿਹੜੇ ਵਿਚ ਕੁਝ ਆਵਾਜ਼ਾਂ ਸੁਣੀਆਂ ਤਾਂ ਮੈਂ ਉੱਠ ਕੇ ਬਾਹਰ ਆ ਗਿਆ।  ਫੇਰ
ਮਿਲਣ ਗਿਲਣ ਆਉਣ ਵਾਲਿਆਂ ਦਾ ਚੱਕਰ ਚਲਦਾ ਰਿਹਾ।  ਹੁਣ ਬਹੁਤ ਬਿਰਧ ਹੋ ਗਈ ਭੂਆ ਰੱਜੀ ਤੋਂ ਲੈ
ਕੇ ਕਿੰਨੀਆਂ ਹੀ ਚਾਚੀਆਂ ਤਾਈਆਂ ਆ ਕੇ ਸਿਰ ਪਲੋਸ ਗਈਆਂ ਤੇ ਮੇਰੀ ਮਾਂ ਦੀ ਰਾਜੀ ਖੁਸ਼ੀ ਪੁੱਛ
ਗਈਆਂ।  ਘਰਾਂ ਚੋਂ ਲਗਦਾ ਚਾਚੇ ਦਾ ਪੁੱਤ ਸੰਤੋਖ ਜਿਹਨੂੰ ਸਾਰੇ ਫੌਜੀ ਕਰਕੇ ਹੀ ਸੱਦਦੇ ਤੇ ਜਾਣਦੇ ਹਨ,
ਰੇਸ਼ਮ, ਬਿੱਲਾ, ਭਜੀ ਸਾਰੇ ਪਿਛਲੀਆਂ ਗੱਲਾਂ ਕਰਦੇ ਰਹੇ।  ਦੇਵ ਨੇ ਖਾਣ ਪੀਣ ਦਾ ਪ੍ਰਬੰਧ ਕਰਨ ਵਿਚ ਕੋਈ
ਕਸਰ ਨਾ ਛੱਡੀ।  ਦਸ ਸਾਢੇ ਦਸ ਕੁ ਵਜੇ ਤੱਕ ਖੂਬ ਮਹਿਫਲ ਚਲਦੀ ਰਹੀ।  ਉਨ੍ਹਾਂ ਸਾਰਿਆਂ ਨਾਲ ਗੱਲਾਂ
ਕਰਦਿਆਂ ਵੀ ਮੇਰਾ ਮਨ ਉਚਾਟ ਹੀ ਰਿਹਾ।

         ਗਰਮੀ ਰਾਤ ਨੂੰ ਵੀ ਜਾਨ ਕੱਢ ਰਹੀ ਸੀ।  ਪਤਾ ਨਹੀਂ ਮੇਰੇ ਨਾਲ ਹਮਦਰਦੀ ਕਰਕੇ ਜਾਂ ਸੱਚਮੁੱਚ ਹੀ,
ਪਿੰਡ ਦੇ ਮਿਲਣ ਗਿਲਣ ਆਏ ਕਹਿ ਰਹੇ ਸਨ ਕਿ ਅੱਜ ਗਰਮੀ ਸਾਰਿਆਂ ਦਿਨੋਂ ਨਾਲੋਂ ਵੱਧ ਹੈ।  ਹੁਣ ਤਾਂ
ਬਸ ਮੀਂਹ ਵਰ੍ਹੇ ਤੇ ਹੀ ਕੁਝ ਫਰਕ ਪਵੇਗਾ।  ਦੇਵ ਨੇ ਮੇਰਾ ਮੰਜਾ ਵੀ ਆਪਣੇ ਨਾਲ ਹੀ ਬਾਹਰ ਡਾਹ ਦਿੱਤਾ ਸੀ
ਤੇ ਇਕ ਕਾਫੀ ਸ਼ੋਰ ਪਾਉਣ ਵਾਲਾ ਪਰ ਨ੍ਹੇਰੀ ਵਾਂਗ ਹਵਾ ਦੇ ਫਰਾਟੇ ਮਾਰਨ ਵਾਲਾ ਪੱਖਾ ਬਿਲਕੁਲ ਮੇਰੇ ਮੰਜੇ
ਦੇ ਲਾਗੇ ਰੱਖ ਦਿੱਤਾ।  ਬਿਜਲੀ ਪਿੰਡ ਵਿਚ ਕੁਝ ਘੰਟੇ ਆਉਂਦੀ ਹੈ ਤੇ ਫੇਰ ਬੰਦ ਹੋ ਜਾਂਦੀ ਹੈ।  ਪਰ ਹੁਣ ਬਹੁਤੇ
ਘਰਾਂ ‘ਚ ਲੋਕਾਂ ਨੇ ਬਿਜਲੀ ਸਟੋਰ ਕਰਨ ਦਾ ਇੰਤਜ਼ਾਮ ਕੀਤਾ ਹੋਇਆ ਹੈ ਤੇ ਲਾਈਟ ਗਈ ਤੇ ਵੀ ਘਰ
ਵਿਚ ਲੋੜ ਜੋਗੀ ਰੌਸ਼ਨੀ ਤੇ ਇਕ ਅੱਧ ਪੱਖਾ ਚਲਦਾ ਰਹਿੰਦਾ ਹੈ।  ਸ਼ਰਾਬ ਤੇ ਥਕਾਵਟ ਦੇ ਬਾਵਜੂਦ ਮੈਨੂੰ
ਛੇਤੀ ਨੀਂਦ ਨਾ ਆਈ।  ਮੈਂ ਛੇ ਕੁ ਹਫਤੇ ਚੰਡੀਗੜ੍ਹ ਰਹਿਣਾ ਸੀ ਤੇ ਪਹਿਲਾ ਪੂਰਾ ਹਫਤਾ ਪਿੰਡ ਰਹਿਣ ਦੀ
ਸੋਚ ਕੇ ਆਇਆ ਸੀ।  ਪਰ ਹੁਣ ਮੇਰੇ ਮਨ ਵਿਚ ਆ ਰਿਹਾ ਸੀ ਕਿ ਮੈਂ ਸਵੇਰੇ ਹੀ ਚੰਡੀਗੜ ਨੂੰ ਚਲੇ ਜਾਵਾਂ।
ਉੱਥੇ ਮੇਰੇ ਵਰਗੀਆਂ ਗੱਲਾਂ ਕਰਨ ਵਾਲੇ ਦੋਸਤ ਹਨ ਤੇ ਨਾਲੇ ਉਸ ਓਪਰੇ ਥਾਂ ਮੈਨੂੰ ਇਹ ਪਿੰਡ ਜਿਸ ਨਾਲ
ਮੈਂ ਮੁੜ ਜੁੜਨ ਦੀ ਕੋਸ਼ਸ਼ ਕਰਨ ਆਇਆ ਸੀ, ਵਰਗਾ ਓਪਰਾਪਨ ਨਹੀਂ ਮਹਿਸੂਸ ਹੋਣ ਲੱਗਾ।

         ਤੜਕੇ ਸਾਢੇ ਕੁ ਚਾਰ ਵਜੇ ਬਦਲ਼ਾਂ ਦੀ ਗਰਜ ਜਿਹੀ ਸੁਣੀ ਤੇ ਪਲਾਂ ਵਿਚ ਹੀ ਥੋੜ੍ਹਾ ਥੋੜ੍ਹਾ ਮੀਂਹ
ਉੱਤਰ ਆਇਆ।  ਦੇਵ ਮੇਰੇ ਨਾਲੋਂ ਵੀ ਜ਼ਿਆਦਾ ਹੈਰਾਨੀ ਦਿਖਾ ਰਿਹਾ ਸੀ।  ਅਸੀਂ ਮੰਜੇ ਖਿੱਚ ਕੇ ਵਰਾਂਡੇ
ਥੱਲੇ ਕਰ ਲਏ।  ਦੇਵ ਹੋਰ ਨਿਕ ਸੁਕ ਚੁੱਕਣ ਲੱਗ ਪਿਆ।  ਮੈਂ ਕੁਝ ਦੇਰ ਵਰਾਂਡੇ ਥੱਲੇ ਮੰਜੇ ‘ਤੇ ਬੈਠਾ ਰਿਹਾ।
ਫੇਰ ਪਤਾ ਨਹੀਂ ਮੇਰੇ ਮਨ ਵਿਚ ਕੀ ਆਈ, ਮੈਂ ਉੱਠ ਕੇ ਬਾਹਰਲੇ ਦਰਵਾਜ਼ੇ ਰਾਹੀਂ ਖੇਤਾਂ ਵੱਲ ਨੂੰ ਨਿਕਲ
ਗਿਆ।  ਤੇੜ ਮੇਰੇ ਬੀਚ ‘ਤੇ ਪਾਉਣ ਵਾਲਾ ਕੱਛਾ ਸੀ।  ਨੰਗੇ ਪਿੰਡੇ ‘ਤੇ ਮੀਂਹ ਦੀਆਂ ਕਣੀਆਂ ਕਿਸੇ
ਤਜਰਬੇਕਾਰ ਮਾਲਸ਼ ਕਰਨ ਵਾਲੇ ਦੀਆਂ ਜਾਦੂਮਈ ਉਂਗਲੀਆਂ ਵਾਂਗ ਲੱਗੀਆਂ।  ਇਨ੍ਹਾਂ ਕਣੀਆਂ ਦੀ ਛੋਹ
ਨੇ ਤੜਕੇ ਦੀ ਚੁੱਪ ਤੇ ਹਨੇਰੇ ‘ਚ ਮੇਰੇ ਮਨ ‘ਤੇ ਅਜੀਬ ਜਿਹਾ ਅਸਰ ਕਰਨਾ ਸ਼ੁਰੂ ਕਰ ਦਿੱਤਾ।  ਪਿੰਡੇ ‘ਤੇ
ਪੈਂਦੀ ਹਰ ਕਣੀ ਨਾਲ ਮੈਨੂੰ ਮਹਿਸੂਸ ਹੋਣ ਲੱਗਾ ਜਿਵੇਂ ਮੇਰਾ ਸਰੀਰ ਤੇ ਮਨ ਦੋਵੇਂ ਧੋਤੇ ਜਾ ਰਹੇ ਹੋਣ।  ਮੈਂ
ਬਾਹਰ ਨਿਕਲ ਕੇ ਨਾਲ ਲਗਦੇ ਆਪਣੇ ਖੇਤ ਵੱਲ ਨੂੰ ਚਲੇ ਗਿਆ।  ਇਸ ਖੇਤ ਦੇ ਪਿੰਡ ਵਾਲੇ ਪਾਸੇ ਸਾਡਾ
ਤਿੰਨ ਕੁ ਕਮਰਿਆ ਵਾਲਾ ਬਾਹਰਲਾ ਘਰ ਤੇ ਵਗਲ਼ ਹੈ ਜਿਸ ਨੂੰ ਅਸੀਂ ਹਵੇਲੀ ਕਹਿੰਦੇ ਹਾਂ।  ਉਸਦਾ
ਦਰਵਾਜ਼ਾ ਇਸ ਖੇਤ ਵੱਲ ਨੂੰ ਵੀ ਖੁੱਲਦਾ ਹੈ।  ਇਸ ਦੇ ਦੂਜੇ ਪਾਸੇ ਬਹੁਤ ਪੁਰਾਣਾ ਤੇ ਫੈਲਰਿਆ ਹੋਇਆ
ਬੋਹੜ ਹੈ।  ਬੋਹੜ ਦੇ ਪੈਰਾਂ ਵਿਚ ਛੱਪੜ ਹੈ ਤੇ ਛੱਪੜ ਦੇ ਦੂਜੇ ਸਿਰੇ ਉੱਚੇ ਜਿਹੇ ਥਾਂ ਬਣੇ ਪਿੰਡ ਦੇ ਜਠੇਰੇ ਹਨ।
ਜਿੱਥੇ ਪਹਿਲਾਂ ਇਕ ਛੋਟੀ ਜਿਹੀ ਮਟੀ ਹੁੰਦੀ ਸੀ ਹੁਣ ਦੋ ਤਿੰਨ ਕਮਰਿਆਂ ਦੀ ਵੱਡੀ ਜਗ੍ਹਾ ਬਣ ਚੁੱਕੀ ਹੈ।
ਇਸ ਬੋਹੜ, ਛੱਪੜ ਤੇ ਜਗ੍ਹਾ ਨੂੰ ਪਿੰਡ ਵਾਲੇ ਬਾਬਾ ਤਾਣਾ ਕਹਿੰਦੇ ਹਨ।  ਮੈਂ ਆਪਣੀ ਹਵੇਲੀ ਦੇ ਖੇਤ ਵੱਲ ਨੂੰ
ਖੁੱਲਣ ਵਾਲੇ ਗੇਟ ਕੋਲ ਗਿਆ।  ਉੱਥੋਂ ਮੈਂ ਬੋਹੜ ਵੱਲ ਨੂੰ ਮੂੰਹ ਕਰਕੇ ਹੌਲੀ ਹੌਲੀ ਤੁਰਦਾ ਛੱਪੜ ਵੱਲ ਨੂੰ ਜਾਣ
ਲੱਗਾ ਜਿੱਦਾਂ ਮੈਂ ਬਚਪਨ ਵਿਚ ਪਤਾ ਨਹੀਂ ਕਿੰਨੀ ਵਾਰੀ ਤੁਰਿਆ ਹੋਵਾਂਗਾ।  ਇਸ ਖੇਤ ਦੀ ਮਿੱਟੀ ਵਿਚ ਮੇਰੇ
ਜੀਵਨ ਦੇ ਪਹਿਲੇ ਵੀਹ ਸਾਲ ਬੀਤੇ ਸਨ।  ਝੋਨਾ ਬੀਜਣ ਲਈ ਵਾਹੇ ਹੋਏ ਖੇਤ ਦੀ ਮਿੱਟੀ ਨੰਗੇ ਪੈਰਾਂ ਨੂੰ ਲੱਗਣ
ਨਾਲ ਮੈਨੂੰ ਲੱਗਾ ਜਿਵੇਂ ਕੋਈ ਬਹੁਤ ਪਿਆਰੀ ਪਰ ਭੁੱਲ ਚੁੱਕੀ ਯਾਦ ਚੇਤੇ ਵਿਚ ਉੱਘੜ ਰਹੀ ਹੋਵੇ।  ਚਿਰਾਂ
ਪਿੱਛੋਂ ਪਏ ਪਹਿਲੇ ਮੀਂਹ ਨਾਲ ਮਿੱਟੀ ਵਿਚੋਂ ਆ ਰਹੀ ਜਾਣੀ ਪਛਾਣੀ ਮਹਿਕ ਨੇ ਮੈਨੂੰ ਬੇਹੋਸ਼ ਜਿਹਾ ਕਰ
ਦਿੱਤਾ।  ਪੈਰਾਂ ਥੱਲੇ ਆ ਰਹੀ ਇਸ ਮਿੱਟੀ ਤੇ ਪਿੰਡੇ ‘ਤੇ ਪੈ ਰਹੀਆਂ ਕਣੀਆਂ ਨੇ ਕੁਝ ਇਸ ਤਰ੍ਹਾਂ ਦਾ ਅਸਰ
ਕੀਤਾ ਕਿ ਮੇਰੇ ਆਪੇ ਤੋਂ ਬਾਹਰੀ ਹੋ ਮੇਰੇ ਅੰਦਰੋਂ ਇਕ ਭੁੱਬ ਨਿਕਲੀ।  ਮੈਂ ਖੇਤ ਦੇ ਵਿਚਾਲੇ ਖੜ੍ਹ ਕੇ ਕੁਝ
ਪੱਲ ਖੁੱਲ ਕੇ ਰੋਇਆ।  ਮੀਂਹ ਦੀਆਂ ਕਣੀਆਂ ਵਿਚ ਮੇਰੇ ਹੰਝੂ ਵੀ ਰਲ਼ ਕੇ ਮੇਰੇ ਸਰੀਰ ‘ਤੇ ਵਗ ਰਹੇ ਸਨ।
ਭਾਵੇਂ ਮੈਂ ਕਦੇ ਇਸ ਮਿੱਟੀ ਨੂੰ ਭੁੱਲਿਆ ਨਹੀਂ ਸੀ ਪਰ ਮੇਰੇ ਪੈਰਾਂ ਨੂੰ ਇਸ ਮਿੱਟੀ ਨਾਲ ਜਿਹੜਾ ਮੋਹ ਸੀ
ਉਹ ਮੈਨੂੰ ਪੂਰਾ ਯਾਦ ਨਹੀਂ ਸੀ।  ਮੇਰੇ ਪੈਰਾਂ ਨੇ ਜਿਸ ਤਰ੍ਹਾਂ ਮੈਨੂੰ ਇਸ ਮਿੱਟੀ ਦੀ ਯਾਦ ਦੁਆਈ ਉਸੇ ਨੇ ਹੀ
ਮੈਨੂੰ ਪਿਆਰ ਵਿਚ ਗੜੁੱਚੇ ਨੂੰ ਰੋਣ ਲਈ ਮਜ਼ਬੂਰ ਕੀਤਾ।  ਮੈਂ ਬਰਨਬੀ ਨੂੰ ਤੇ ਆਪਣੇ ਫਰੇਜ਼ਰ ਦਰਿਆ ਨੂੰ
ਹੁਣ ਲੋਹੜੇ ਦੀ ਮੁਹਬੱਤ ਕਰਦਾ ਹਾਂ।  ਪਰ ਇਸ ਖੇਤ, ਛੱਪੜ ਤੇ ਬੋਹੜ ਨਾਲ ਵੀ ਮੇਰੀ ਮੁਹੱਬਤ ਵਿਚ ਕੋਈ
ਫਰਕ ਨਹੀਂ ਪਿਆ।  ਇਸ ਅਹਿਸਾਸ ਨਾਲ ਮੈਂ ਤਸੱਲੀ ਮਹਿਸੂਸ ਕੀਤੀ।  ਇਕ ਖਾਸ ਰਾਹਤ ਤੇ ਖੁਸ਼ੀ ਹੋਈ
ਮਨ ਨੂੰ।  ਬੋਹੜ ਕੋਲ ਪਹੁੰਚ ਮੇਰਾ ਜੀਅ ਕੀਤਾ ਕਿ ਮੈਂ ਆਪਣੇ ਇਸ ਬਜ਼ੁਰਗ ਨੂੰ ਜਿਹਦੇ ਟਾਹਣਿਆਂ ‘ਤੇ
ਖੇਡਦਾ ਮੈਂ ਵੱਡਾ ਹੋਇਆ ਸਾਂ, ਸਤਿਕਾਰ ਨਾਲ ਮੱਥਾ ਟੇਕਾਂ।  ਮੈਂ ਕੱਟੜਪੁਣੇ ਦੀ ਹੱਦ ਤੱਕ ਕਿਸੇ ਵਿਅਕਤੀ
ਜਾਂ ਥਾਂ ਨੂੰ ਮੱਥਾ ਟੇਕਣ ਦੇ ਵਿਰੁੱਧ ਹਾਂ, ਪਰ ਮੇਰੇ ਇਸ ਬਜ਼ੁਰਗ ਬੋਹੜ ਨੇ ਤੜਕੇ ਦੇ ਹਨੇਰੇ ਵਿਚ ਮੈਨੂੰ ਇਸ
ਤਰ੍ਹਾਂ ਮਹਿਸੂਸ ਕਰਾ ਦਿੱਤਾ।  ਮੈਂ ਬੋਹੜ ਦੇ ਪੱਤਿਆਂ ਨੂੰ ਸਤਿਕਾਰ ਤੇ ਪਿਆਰ ਨਾਲ ਛੁਹਿਆ।  ਮੈਨੂੰ ਲੱਗਾ
ਬਾਬੇ ਤਾਣੇ ਨੇ ਮੈਨੂੰ ਪਹਿਚਾਣ ਲਿਆ ਸੀ ਤੇ ਮੈਨੂੰ ਕਲਾਵੇ ਵਿਚ ਭਰ ਲਿਆ ਸੀ।  ਮਨ ਬਾਗ ਬਾਗ ਹੋ ਗਿਆ।

         ਮੈਂ ਪੂਰਾ ਹਫਤਾ ਆਪਣੇ ਪਿੰਡ ਰਿਹਾ ਤੇ ਇਕ ਪੱਲ ਲਈ ਵੀ ਓਪਰੇਪਨ ਦਾ ਅਹਿਸਾਸ ਮੁੜ ਕੇ ਮੇਰੇ
ਨੇੜੇ ਨਾ ਆਇਆ।

Posted in Uncategorized | 1 Comment